Share on Facebook

Main News Page

💥 ਭਾਈ ਗੁਰਦਾਸ ਜੀ ਦੀ "ਵਾਹਿਗੁਰੂ" ਵਾਲੀ ਵਾਰ ਗੁਰਮਤਿ ਅਨੁਸਾਰੀ ਨਹੀਂ*** ਵਾਰ ੧ ਪਉੜੀ ੪੯
-: ਸੰਪਾਦਕ ਖ਼ਾਲਸਾ ਨਿਊਜ਼
03.04.2023
#KhalsaNews #BhaiGurdas #Waheguru #Wah_Guru

🙏 ਨੋਟ: ਲੇਖ ਪੂਰਾ ਲੇਖ ਪੜ੍ਹਨ ਸਮਝਣ ਤੋਂ ਬਾਅਦ ਹੀ ਆਪਣੇ ਵੀਚਾਰ / ਕੁਮੈਂਟ ਦਿੱਤੇ ਜਾਣ।

⛔ ਭਾਜਪਾ ਦਾ ਇੱਕ ਕਰਿੰਦਾ ਭਾਈ ਗੁਰਦਾਸ ਜੀ ਦੀ ਇੱਕ ਪਉੜੀ ਦੇ ਅਧਾਰ 'ਤੇ "ਵਾਹਿਗੁਰੂ" ਸ਼ਬਦ ਦੀ ਵਰਤੋਂ ਦੇਵੀ ਦੇਵਤਿਆਂ ਲਈ ਕਰਦਾ ਹੈ ਹੈ... ਜੋ ਬਿਲਕੁਲ ਗਲਤ ਹੈ। ਸ਼੍ਰੋਮਣੀ ਕਮੇਟੀ ਇਤਰਾਜ ਕਰਦੀ ਹੈ ਤੇ ਇੱਕ ਚਿੱਠੀ ਲਿਖਦੀ ਹੈ ਘੱਟ ਗਿਣਤੀ ਕਮਿਸ਼ਨ ਨੂੰ। ਸ਼੍ਰੋਮਣੀ ਕਮੇਟੀ ਇਸ ਪਉੜੀ ਦੇ ਅਰਥ ਤਾਂ ਸ਼ਪਸ਼ਟ ਕਰੇ। ਜੋ ਸਟੇਜਾਂ ਤੋਂ ਅੱਜ ਤੱਕ ਬੋਲਿਆ ਗਿਆ ਜਾਂ ਬੋਲਿਆ ਜਾ ਰਿਹਾ ਹੈ, ਉਹ ਤਾਂ ਤਜਿੰਦਰ ਬੱਗੇ ਵਾਲਾ ਹੀ ਹੈ। ਕਿਉਂ ਨਹੀਂ?❓ ਹੁਣ ਕਿਉਂ ਚੀਕਦੇ ਹੋ?❓

ਇਹ ਸਭ ਸਿੱਖਾਂ ਦੀਆਂ ਆਪਣੀਆਂ ਗ਼ਲਤੀਆਂ ਹਨ, ਜੋ ਸਮੇਂ ਰਹਿੰਦੇ ਇਨ੍ਹਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ, ਤੇ ਹੁਣ ਸਾਡੇ ਹੀ ਗਲ਼ੇ ਦੀ ਹੱਡੀ ਬਣ ਚੁਕੀਆਂ ਹਨ। ਜਿਵੇਂ "ਦੇਹ ਸਿਵਾ ਬਰ ਮੋਹਿ..." ਨੂੰ ਪ੍ਰਚਾਰਕ ਸੰਘ ਪਾੜ ਪਾੜ ਕਹਿਣਗੇ ਕਿ ਇਹ ਸਿੱਖਾਂ ਦਾ ਕੌਮੀ ਤਰਾਨਾ ਹੈ, ਤੇ ਜਦੋਂ ਇਹੀ ਗੱਲ ਆਰ.ਐਸ.ਐਸ. ਵਾਲੇ ਕਹਿੰਦੇ ਹਨ ਕਿ "ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਮਾਤਾ ਸੇ ਆਸ਼ਿਰਵਾਦ ਮਾਂਗਾ ਥਾ", ਫਿਰ ਸਿੱਖ ਚੀਕਦੇ!!! ਨਹੀਂ?❓

🙏 ਭਾਈ ਗੁਰਦਾਸ ਜੀ ਮਹਾਨ ਸਿੱਖ ਸਨ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਵੱਲੋਂ ਉਚਾਰੀ ਤੇ ਇਕੱਤਰ ਕੀਤੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇਂ ਹੱਥੀਂ ਲਿਖੀ, ਬਹੁਤ ਵੱਡੀ ਸੇਵਾ ਹੈ। ਪਰ ਯਾਦ ਰੱਖੋ ਭਾਈ ਗੁਰਦਾਸ ਜੀ ਸਾਡੇ ਗੁਰੂ ਨਹੀਂ, ਨਾ ਹੀ ਪ੍ਰਚਾਰੀ ਜਾਦੀ ਇਹ ਗੱਲ ਕਿ ❌ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰਬਾਣੀ ਦੀ ਕੁੰਜੀ ਹੈ, ਜੋ ਕਿ ਸਰਾਸਰ ਝੂਠ ਹੈ। ❌ ਗੁਰਬਾਣੀ ਦੀ ਕੂੰਜੀ ਗੁਰਬਾਣੀ ਆਪ ਹੈ,✅ ਗੁਰੂ ਸਾਹਿਬ ਨੇ ਤਾਂ ਆਪ ਕਿਤੇ ਨਹੀਂ ਇਹ ਆਖਿਆ!

📍 ਭਾਈ ਗੁਰਦਾਸ ਜੀ ਨੇ ਬ੍ਰਾਹਮਣਾਂ ਕੋਲੋਂ ਕਾਂਸ਼ੀ ਵਿੱਚ ਵਿਦਿਆ ਪ੍ਰਾਪਤ ਕੀਤੀ, ਇਸ ਕਰਕੇ ਉਨ੍ਹਾਂ ਉੱਤੇ ਬ੍ਰਾਹਮਣੀ ਸੰਸਕਾਰਾਂ ਦਾ ਅਸਰ ਹੈ ਸੀ, ਫਿਰ ਗੁਰੂ ਸਾਹਿਬ ਨਾਲ ਰਹਿ ਕੇ ਸਿੱਖ ਬਣੇ, ਪਰ ਉਨ੍ਹਾਂ ਦੀਆਂ ਕੁੱਝ ਕੁ ਵਾਰਾਂ ਵਿੱਚ ਬ੍ਰਹਮਣੀ ਮਤਿ ਦਾ ਪ੍ਰਗਟਾਵਾ ਹੁੰਦਾ ਹੈ। ਜੇ ਗੁਰੂ ਸਾਹਿਬ ਹੋਰਨਾਂ ਭਗਤਾਂ, ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਸਕਦੇ ਸੀ, ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਤਾਂ ਕਰ ਸਕਦੇ ਸੀ, ਪਰ ਜੇ ਗੁਰੂ ਸਾਹਿਬ ਨੇ ਨਹੀਂ ਭਾਈ ਗੁੇਰਦਾਸ ਜੀ ਦੀਆਂ ਰਚਨਾਵਾਂ ਸ਼ਾਮਲ ਨਹੀਂ ਕੀਤੀਆਂ ਤਾਂ ਕਾਰਣ ਤਾਂ ਹੋਵੇਗਾ ਹੀ।

️🎯ਖ਼ਾਲਸਾ ਨਿਊਜ਼ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਨਕਾਰ ਨਹੀਂ ਰਹੀ, ਪਰ ਸਾਡਾ ਦ੍ਰਿੜ ਵਿਸ਼ਵਾਸ ਸਿਰਫ ਗੁਰੂ ਗ੍ਰੰਥ ਸਾਹਿਬ ਦੇ 1429 ਸਫਿਆਂ ੴ ਤੋਂ ਲੈ ਕੇ ਸਲੋਕ ਮਹਲਾ 5 ॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥.... ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥1॥ ਵਿੱਚ ਦਰਜ ਗੁਰਬਾਣੀ 'ਤੇ ਹੀ ਹੈ।

👉ਹੁਣ ਆਓ ਦੇਖਦੇ ਹਾਂ ਕਿ ਗੁਰਬਾਣੀ ਅਨੁਸਾਰ ਵਾਹਿ ਗੁਰੂ ਸ਼ਬਦ ਕੀ ਹੈ।

💢 ਕੀ ‘ਵਾਹਿਗੁਰੂ’ ਸ਼ਬਦ-ਜੋੜ ਜਾਂ ਪਦ-ਛੇਦ ਠੀਕ ਹਨ? ਬਿਲਕੁਲ ਨਹੀਂ। ਸਹੀ ਸ਼ਬਦ ਜੋੜ ਜਾਂ ਪਦ-ਛੇਦ ‘ਵਾਹਿ’ ‘ਗੁਰੂ’ ਜਾਂ ‘ਵਾਹ’ ‘ਗੁਰੂ’ ਹਨ। {ਦੇਖੋ ਮਹਾਨ ਕੋਸ਼ ਵਿੱਚ ‘ਵਾਹਿ’ ਸ਼ਬਦ ਦੇ ਫ਼ਾਰਸੀ ਵਿੱਚੋਂ ਆਏ ਸ਼ਬਦ ਦੇ ਅਰਥ ਅਤੇ ਭੱਟਾਂ ਦੇ ਸਵੱਯਾਂ ਦਾ ਟੀਕਾ ਕ੍ਰਿਤ ਪ੍ਰੋ. ਸਾਹਿਬ ਸਿੰਘ।} ਵਾਹ ਸ਼ਬਦ ਫ਼ਾਰਸੀ ਭਾਸ਼ਾ ਵਿੱਚੋਂ ਹੈ ਤੇ ਅਰਥ ਹਨ- ਧੰਨੁ! ਧੰਨੁ! ਬਲਿਹਾਰੇ! ਸਦਕੇ! ਕਿਸੇ ਕੁਦਰਤੀ ਸੁੰਦਰ ਦ੍ਰਿਸ਼ ਨੂੰ ਦੇਖ ਕੇ ਕਹਿ ਦੇਈਦਾ ਹੈ ਬਈ ਵਾਹ! ਸੁਆਦੀ ਖਾਣਾ ਹੋਵੇ ਤਾਂ ਕਹੀਦਾ ਹੈ ਵਾਹ ! ਬਈ ਵਾਹ! ਵਿਆਕਰਣ ਅਨੁਸਾਰ ਇਹ ਵਿਸਮਿਕ ਸ਼ਬਦ ਹੈ। {ਸ਼ਬਦ ਦੀਆਂ ਅੱਠ ਕਿਸਮਾਂ ਹਨ- ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਵਿਸਮਿਕ ਅਤੇ ਯੋਜਕ- noun, pronoun, adjective, verb, adverb, preposition, interjection, conjunction}।

✔️ ਇਹ ਸ਼ਬਦ ‘ਵਾਹਿ/ ਵਾਹੁ/ ਵਾਹ’ਪ੍ਰਾਣੀ ਨੂੰ ਵਿਸਮਾਦ ਵਿੱਚ ਲੈ ਆਉਂਦਾ ਹੈ। ਗਯੰਦ ਭੱਟ ਨੇ ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਗੁਣਾਂ ਦੀ ਖ਼ੁਸ਼ਬੂ ਨੂੰ ਮਾਣਦਿਆਂ ਕਿਹਾ ਸੀ ‘ਵਾਹਿ’ ਅਤੇ ‘ਵਾਹ’ । ‘ਗੁਰੂ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ ਵਾਲ਼ਾ। ਸੋ ‘ਵਾਹਿ’ ਅਤੇ ‘ਗੁਰੂ’ ਦੋ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਹਨ ਤੇ ਅਰਥ ਹਨ- ਹੇ ਗੁਰੂ ਜੀ! ਤੁਸੀਂ ਧੰਨ ਹੋ! ਤੁਸਾਂ ਤੋਂ ਬਲਿਹਾਰੇ! ਗੁਰ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਗਯੰਦ ਭੱਟ ਨੇ ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤਿ ਵਿੱਚ ਪ੍ਰਯੋਗ ਕੀਤਾ ਹੈ।ਧੰਨੁ ਅਤੇ ਵਾਹਿ/ਵਾਹ ਸ਼ਬਦ ਇੱਕੋ ਅਰਥਾਂ ਵਿੱਚ ਹਨ। ਵੱਖਰੇ ਤੌਰ 'ਤੇ ਵੀ ਵਾਹਿ ਜਾਂ ਵਾਹ ਸ਼ਬਦ ਗਯੰਦ ਭੱਟ ਨੇ ਵਰਤੇ ਹਨ। ਗਯੰਦ ਭੱਟ ਨੇ ‘ਵਾਹਿ’ ਅਤੇ ‘ਗੁਰੂ’ ਸ਼ਬਦਾਂ ਰਾਹੀ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤਿ ਹੀ ਕੀਤੀ ਹੈ। ਬਲ੍ਹ ਭੱਟ ਨੇ ਵਾਹਿ ਸ਼ਬਦ ਲਈ ‘ਧੰਨਿ’ ਸ਼ਬਦ ਵੀ ਵਰਤਿਆ ਹੈ ਤੇ ਕਿਹ ਹੈ ਕਿ ਗੁਰੂ ਰਾਮਦਾਸ ਸਾਹਿਬ ਪਾਤਿਸ਼ਾਹ ਨੂੰ ਸੰਗਤਿ ਵਿੱਚ ‘ਧੰਨਿ’ ਕਰਹੁ, ਜਿਵੇਂ- ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨੁ ਧੰਨੁ ਕਰਹੁ॥ (ਗਗਸ 1405)

🔹ਕੀ ‘ਵਾਹਿਗੁਰੂ’ ਰੱਬ ਦਾ ਸਿਮਰਨ ਹੈ? ਕਦਾਚਿੱਤ ਨਹੀਂ।
🔹ਕੀ ‘ਵਾਹਿਗੁਰੂ’ ਦਾ ਅਰਥ ਅਕਾਲ ਪੁਰਖ ਹੈ ? ਬਿਲਕੁਲ ਨਹੀਂ।
🔹ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਐਸੀ ਤੁਕ ਹੈ ਜਿਸ ਵਿੱਚ ਲਿਖਿਆ ਹੋਵੇ- ਵਾਹਿਗੁਰੂ ਜਪੋ, ਵਾਹਿਗੁਰੂ ਬੋਲੋ, ਬੋਲੋ ਜੀ ਵਾਹਿਗੁਰੂ, ਕਹੁ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ? ਸਪੱਸ਼ਟ ਉੱਤਰ ਹੈ ਨਹੀਂ, ਨਹੀਂ, ਨਹੀਂ, ਨਹੀਂ।

✍️(ਪ੍ਰੋ. ਕਸ਼ਮੀਰਾ ਸਿੰਘ ਦਾ ਪੂਰਾ ਲੇਖ ਇਸ ਵਿੱਸ਼ੇ 'ਤੇ ਖ਼ਾਲਸਾ ਨਿਊਜ਼ 'ਤੇ ਪਿਆ ਹੈ ਜੋ 27 ਮਈ 2016 ਨੂੰ ਪੋਸਟ ਕੀਤਾ ਸੀ।)

☝️ ਇਸੇ ਤਰ੍ਹਾਂ ਡਾ. ਗੁਰਮੁੱਖ ਸਿੰਘ ਲਿਖਦੇ ਹਨ... ਗਿਆਨੀ ਗੁਰਦਿਤ ਸਿੰਘ ਨੇ ਸਨ ੧੮੫੦ ਵਿੱਚ ਵਿਦਿਆ ਪ੍ਰਾਪਤੀ ਦੇ ਢੰਗਾਂ ਦਾ ਵਰਣਨ ਕੀਤਾ ਹੈ। ੧੮੫੦ ਵਿੱਚ ਵਿਦਿਆ ਦੇ ਕੇਂਦਰ ਸਾਧੂਆਂ ਦੇ ਡੇਰੇ ਹੁੰਦੇ ਸਨ, ਜਿਥੇ ਪੁਰਾਤਨ ਗ੍ਰੰਥਾਂ ਦਾ ਪਠਨ ਪਾਠਨ ਕੀਤਾ ਜਾਂਦਾ ਸੀ। ਪ੍ਰਾਚੀਨ ਗ੍ਰੰਥਾਂ ਦੇ ਅਧਿਆਤਮਕ ਗਿਆਨ ਦੇ ਨਾਲ ਸ਼ਾਸਤ੍ਰ ਤੇ ਵੇਦਾਂ, ਉਪਨਿਸ਼ਦਾਂ ਤੇ ਵਿਦਿਆ ਦੇ ਦੂਜੇ ਅੰਗਾਂ ਨੂੰ ਪੜਾਇਆ ਜਾਂਦਾ ਸੀ। ਵਿਦਵਾਨ ਉਸਨੂੰ ਸਮਝਿਆ ਜਾਂਦਾ ਸੀ ਜਿਸ ਨੇ ਵੇਦ ਵਿਆਕਰਨ ਵਿਚਾਰਿਆ ਹੋਵੇ। ਅਣਜਾਣ ਗੁਰਸਿਖਾਂ ਉਤੇ ਸਭ ਤੋਂ ਵਧ ਪ੍ਰਭਾਵ ਹਿੰਦੂਆਂ ਦੀ ਦੇਵੀ ਪੂਜਾ ਦਾ ਸੀ।

💠 ਪ੍ਰਿੰਸੀਪਲ ਹਰਿਭਜਨ ਸਿੰਘ ਨੇ ਕਿਹਾ ਹੈ ਕਿ ਸਿੱਖ ਇਤਹਾਸ ਜੋ ਸਿੱਖ ਲਿਖਾਰੀਆਂ ਦਾ ਲਿਖਿਆ ਮੰਨਿਆ ਜਾਂਦਾ ਹੈ ਉਸ ਵਿਚੋਂ ਬਹੁਤ ਅਜਿਹਾ ਹੈ ਜਿਸ ਉਤੇ ਬ੍ਰਾਹਮਣੀ ਵਿਚਾਰਾਂ ਦੀ ਪੁੱਠ ਚੜੀ ਹੋਈ ਹੈ। ਜਨਮ ਸਾਖੀਆਂ, ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਗ੍ਰੰਥ ਸਭ ਦਾ ਇਹੀ ਹਾਲ ਹੈ। ਅਫਸੋਸ ਦੀ ਗਲ ਹੈ ਕਿ ਇਸ ਜਾਣਕਾਰੀ ਦੇ ਹੁੰਦਿਆਂ ਵੀ ਸਾਡੇ ਸਾਰੇ ਇਤਹਿਾਸਕਾਰ, ਸਿੱਖ ਸਿਧਾਂਤ ਦੀਆਂ ਪੁਸਤਕਾਂ ਲਿਖਣ ਵਾਲੇ ਵਿਦਵਾਨ ਤੇ ਪਰਚਾਰਕ ਇਹਨਾਂ ਸਿੱਖ ਮਤ ਵਿੱਰੁਧ ਪੁਸਤਕਾਂ ਨੂੰ ਗੁਰਮਤਿ ਸਿਖਿਆ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ।

📛 ਦਾਸ ਨੂੰ ਇਹ ਕਹਿਣ ਵਿੱਚ ਸੰਕੋਚ ਨਹੀਂ ਕਿ ਭਾਈ ਗੁਰਦਾਸ ਦੀਆਂ ਕੁੱਝ ਵਾਰਾਂ ਵੀ ਸਿੱਖ ਮਤ ਵਿਰੋਧੀ ਹਨ। ਮਿਸਾਲ ਦੇ ਤੌਰ 'ਤੇ ਭਾਈ ਗੁਰਦਾਸ ਨੇ ਵਾਹਿ ਗੁਰੂ ਗੁਰਮੰਤ੍ਰ ਦੀ ਵਿਆਖਿਆਂ ਵਾਰ ਪਹਿਲੀ (੪੯) ਵਿੱਚ ਕੀਤੀ ਹੈ। ਭਾਈ ਸਾਹਿਬ ਕਹਿੰਦੇ ਹਨ ਵਾਹਿ ਗੁਰੂ ਅਖਰ ਬੇਦ ਬਾਣੀ ਵਿੱਚ ਦਰਸਾਏ ਪਿਛਲੇ ਜੁਗਾਂ ਦੇ ਦੇਵੀ ਦੇਵਤਿਆਂ ਦੇ ਅਵਤਾਰਾਂ ਨੂੰ ਜਪਣ ਵਾਲੇ ਨਾਮਾਂ ਤੋਂ ਲਿਆ ਗਿਆ। ਪਿਛਲੇ ਜੁਗਾਂ ਦੇ ਸਤਿਗੁਰਾਂ ਦੀ ਗਿਣਤੀ ਇਸ ਵਾਰ ਵਿੱਚ ਹੈ। ਭਾਈ ਗੁਰਦਾਸ ਦੀਆਂ ਵਾਰਾਂ ਨੇ ਬੇਦ ਮਤ ਦੇ ਪਿਛਲੇ ਜੁਗਾਂ ਦੇ ਵਿਸ਼ਨੂੰ ਦੇ ਅਵਤਾਰਾਂ ਨੂੰ ਭਾਈ ਗੁਰਦਾਸ ਨੇ ਸਤਿਗੁਰੂ ਬਣਾ ਦਿਤਾ। ਕੀ ਕੋਈ ਗੁਰਸਿਖ ਲਿਖਾਰੀ ਬੇਦ ਬਾਣੀ ਦੇ ਅਵਤਾਰਾਂ ਨੂੰ ਸਤਿਗੁਰੂ ਕਹਿ ਕੇ ਪੁਕਾਰੇਗਾ? ਅਸੀਂ ਜਾਣਦੇ ਹਾਂ ਕਿ ਅਵਤਾਰਾਂ ਦੇ ਗੁਰੂ ਬ੍ਰਾਹਮਣ ਸਨ।

ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ।
ਦੁਆਪਰਿ ਸਤਿਗੁਰ ਹਰਿਕ੍ਰਿਸਨ ਹਾਹਾ ਹਰਿ ਹਰਿ ਨਾਮ ਜਪਾਵੈ।
ਤ੍ਰਤੈ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੇ ਪਾਵੈ।
ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ।
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ।
ਚਾਰੇ ਅਛਰ ਇੱਕ ਕਰ ਵਾਹਿਗੁਰੂ ਜਪੁ ਮੰਤ੍ਰ ਜਪਾਵੈ।

ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧

️🎯 ਭਾਈ ਗੁਰਦਾਸ ਨੇ ਪਿਛਲੇ ਜੁਗਾਂ ਵਿੱਚ ਮਿਥਿਹਾਸਕ ਵਿਸ਼ਨੂੰ ਦੇ ਅਵਤਾਰਾਂ ਦੀ ਗਣਿਤੀ ਕੀਤੀ ਤੇ ਕਲਜੁਗ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਨਾਤਨ ਧਰਮ ਵਿੱਚ ਰਲ਼ਾ ਦਿੱਤਾ। ਇਥੇ ਹੀ ਬਸ ਨਹੀਂ ਗੁਰੂ ਨਾਨਕ ਸਾਹਿਬ ਨੇ ਵਾਹਗੁਰੂ ਗੁਰ ਮੰਤ੍ਰ ਪਿਛਲੇ ਜੁਗਾਂ ਦੇ ਮੰਤ੍ਰਾਂ ਦੇ ਪਹਿਲੇ ਅਖਰਾਂ ਨੂੰ ਜੋੜ ਕੇ ਬਨਾਇਆ। ਭਾਈ ਗੁਰਦਾਸ ਨੇ ਰਾਮ ਕ੍ਰਿਸ਼ਨ ਆਦਿ ਅਵਤਾਰਾਂ ਨੂੰ ਗੁਰੂ ਪਾਤਸ਼ਾਹੀਆਂ ਨੂੰ ਬਰਾਬਰੀ ਦਰਜਾ ਦੇ ਦਿਤਾ। ਜ਼ਾਹਰ ਹੈ ਭਾਈ ਗੁਰਦਾਸ ਦੀਆ ਵਾਰਾਂ ਬੇਦ ਮਤ ਨੂੰ ਉਚਾ ਤੇ ਗੁਰਮਤਿ ਨੂੰ ਨੀਚਾ ਦਿਖਾਓਨ ਲਈ ਲਿਖੀਆਂ ਗਈਆਂ।

👳 ਸਿੱਖ ਕਦੋਂ ਜਾਗਣਗੇ ਤੇ ਗੁਰਮਤਿ ਦੀ ਸਾਰੀ ਸਿਖਿਆ ਗੁਰਬਾਣੀ ਤੋਂ ਲੈਣਗੇ? ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਅਸੀਂ ਗੁਰਬਾਣੀ ਦੇ ਕਿਸੇ ਅਖਰ/ਸਬਦ ਦੇ ਅਰਥ ਬੇਦ ਬਾਣੀ ਵਿੱਚ ਵਰਤੇ ਉਸੇ ਅਖਰ ਤੋਂ ਨਹੀਂ ਲੈ ਸਕਦੇ। ਜਿਸ ਤਰ੍ਹਾਂ ਗੁਰਬਾਣੀ ਦਾ ਅੱਖਰ, ਗੁਰੂ ਆਪ ਅਕਾਲ ਪੁਰਖ ਹੈ। ਬੇਦ ਬਾਣੀ ਦਾ ਗੁਰੂ ਬ੍ਰਾਹਮਨ ਹੈ। ਭਗਤ ਕਬੀਰ ਜੀ ਨੇ ਫੈਸਲਾ ਕੀਤਾ ਹੈ...

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥
ਆਪ ਡੁਬੇ ਚਹੁਬੇਦ ਮਹਿ ਚੇਲੇ ਦੀਏ ਬਹਾਇ॥
ਪੰਨਾ ੧੩੬੯

ਕਬੀਰ ਬਾਹਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥
ਅਰਝ ਉਰਝ ਕੇ ਪਚਿ ਮੂਆ ਚਾਰਉ ਬੇਦਹੁ ਮਾਹਿ॥
ਪੰਨਾ ੧੩੭੭

📌 ਜੇ ਸਾਨੂੰ ਆਪ ਗੁਰਬਾਣੀ ਦੀ ਸਮਝ ਹੋਵੇਗੀ ਤਾਂ ਤਜਿੰਦਰ ਪਾਲ ਸਿੰਘ ਬੱਗਾ ਵਰਗੇ ਫਰਜ਼ੀ ਸਿੱਖ ਕਦੇ ਵੀ ਸਿੱਖਾਂ ਨੂੰ ਵਰਗਲਾ ਨਹੀਂ ਸਕਣਗੇ, ਪਰ ਸਿੱਖਾਂ ਦਾ ਹਾਲ ਬੁਰਾ ਇਸ ਲਈ ਹੈ ਕਿਉਂਕਿ ਉਹ ਆਪ ਗੁਰਬਾਣੀ ਨਹੀਂ ਪੜ੍ਹਦੇ, ਜੇ ਪੜ੍ਹਦੇ ਹਨ ਤਾਂ ਸਮਝਦੇ ਨਹੀਂ, ਨਾ ਹੀ ਸ਼੍ਰੋਮਣੀ ਕਮੇਟੀ ਕੋਲ਼ ਐਸੇ ਕੋਈ ਵਿਦਵਾਨ ਹਨ, ਜਾਂ ਕਥਿਤ ਜੱਥੇਦਾਰ ਹਨ ਜੋ ਸਿੱਖਾਂ ਦਾੰ ਕੋਈ ਸਹੀ ਮਰਗ ਦਰਸ਼ਨ ਕਰ ਸਕਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top