ਨਿਊਯਾਰਕ, 27ਮਾਰਚ (ਮਨਜੀਤ ਸਿੰਘ ) ਭਾਰਤ ਸਰਕਾਰ,
ਪੰਜਾਬ ਸਰਕਾਰ ਅਤੇ ਉਸ ਦੀ ਪੁਲੀਸ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਨੂੰ
ਅਧਾਰ ਬਣਾ ਕੇ ਖ਼ਾਲਿਸਤਾਨ ਦਾ ਹਊਆ ਖੜਾ ਕਰ ਰਹੀ ਹੈ, ਤਾ ਕਿ ਇੰਦਰਾ ਗਾਂਧੀ ਦੀ
ਸੰਨ 1984 ਵਾਲੀ ਰਣਨੀਤੀ ਤਹਿਤ ਸੰਨ 2024 ਵਾਲੀ ਪਾਰਲੀਮੈਂਟ ਵਾਸਤੇ ਬਹੁਗਿਣਤੀ
ਵੋਟਾਂ ਬਟੋਰੀਆਂ ਜਾ ਸਕਣ। ਮੋਦੀ ਤੇ ਕੇਜਰੀਵਾਲ ਦੋਵਾਂ ਦਾ ਹੀ ਇਹੀ ਨਿਸ਼ਾਨਾ
ਹੈ।
⛔ ਝੂਠ ਦੀ ਹੱਦ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ
ਰਾਜ ਦਾ ਬਸੰਤੀ ਨਿਸ਼ਾਨ, ਜਿਹੜਾ ਲਹੌਰ ਦੇ ਕਿਲੇ ਉੱਤੇ 19ਵੀਂ ਸਦੀ ਦੇ ਮੱਧ ਤਕ
50 ਸਾਲ ਝੂਲਦਾ ਰਿਹਾ, ਜਿਸ ਉੱਤੇ ਫ਼ਾਰਸੀ ਵਿੱਚ ਅਕਾਲ ਸਹਾਇ ਅਤੇ
ਸਰਕਾਰ-ਇ-ਖ਼ਾਲਸਾ ਲਿਖਿਆ ਹੋਇਆ ਹੈ, ਉਸ ਨੂੰ ਖ਼ਾਲਿਸਤਾਨ ਦਾ ਝੰਡਾ ਦੱਸਿਆ ਜਾ
ਰਿਹਾ ਹੈ।
👳 ਪੰਜਾਬ ਅੰਦਰਲੇ 19ਵੀਂ ਸਦੀ ਦੇ ਰਿਆਸਤੀ ਸਿੱਖ ਝੰਡਿਆਂ
ਨੂੰ ਵੀ ਖ਼ਾਲਿਸਤਾਨੀ ਸਟੇਟਾਂ ਦੇ ਝੰਡੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਇਸ
ਲਈ ਜੇਕਰ ਸਰਕਾਰ ਨੇ ਆਪ ਹੀ ਝੂਠੀਆਂ ਅਫਵਾਹਾਂ ਫੈਲਾਉਣੀਆਂ ਹਨ, ਤਾਂ ਗੁਰਸਿੱਖਾਂ
ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪਣੇ ਘਰਾਂ ਉੱਤੇ ਸਰਕਾਰ-ਇ-ਖ਼ਾਲਸਾ (ਖ਼ਾਲਸਾ ਰਾਜ)
ਦਾ ਝੰਡਾ ਝਲਾਉਣ, ਜਿਵੇਂ ਮਹਾਰਾਜਾ ਪਟਿਆਲਾ ਦੇ ਸ਼ਾਹੀ ਮਹੱਲ ਉੱਤੇ ਪਟਿਆਲਾ ਦੀ
ਸਿੱਖ ਸਟੇਟ ਦਾ ਝੰਡਾ ਝੂਲਦਾ ਹੈ, ਤਾਂ ਕਿ ਉਨ੍ਹਾਂ ਨੂੰ ਅਹਿਸਾਸ ਬਣਿਆ ਰਹੇ ਕਿ
ਕਦੇ ਉਹ ਵੀ ਰਾਜਭਾਗ ਦੇ ਮਾਲਕ ਸਨ। ਇਹ ਇਤਿਹਾਸਕ ਵਿਚਾਰ ਹਨ ਅੰਤਰਾਸ਼ਟਰੀ ਸਿੱਖ
ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਈਮੇਲ ਸੰਦੇਸ਼ ਰਾਹੀਂ
ਪ੍ਰੈਸ ਨਨਾਲ ਸਾਂਝੇ ਕੀਤੇ ਹਨ।
👉ਉਨ੍ਹਾਂ ਆਖਿਆ ਕਿ ਖੰਨੇ ਦੀ ਐਸ.ਪੀ. ਨੇ ਜਿਹੜੇ ਤੱਥਾਂ
ਬਾਰੇ ਝੂਠੀ ਅਫ਼ਵਾਹ ਫੈਲਾਂਦਿਆਂ ਬੇਸ਼ਰਮੀ ਦੀਆਂ ਹੱਦਾਂ ਟੱਪੀਆਂ ਹਨ ਕਿ ਇਹ ਸਭ
ਕੁਝ ਭਾਈ ਅੰਮ੍ਰਿਤਪਾਲ ਸਿੰਘ ਦੇ ਗ੍ਰਿਫ਼ਤਾਰ ਸਾਥੀ ਦੇ ਫੋਨ ਵਿਚੋਂ ਮਿਲਿਆ ਹੈ,
ਉਹ ਸਾਰੇ ਦੇ ਸਾਰੇ ਹਰੇਕ ਉਸ ਫੋਨ ਵਿਚੋਂ ਲੱਭੇ ਜਾ ਸਕਦੇ ਹਨ, ਜਿਹੜੇ ਵੀ
ਇੰਟਰਨੈਟ ਨਾਲ ਜੁੜੇ ਹੋਏ ਹਨ, ਕਿਉਂਕਿ ਪੰਜਾਬ ਪੁਲੀਸ ਦੁਆਰਾ ਪੇਸ਼ ਕੀਤੇ
ਖ਼ਾਲਸਤਾਨੀ ਝੰਡਿਆਂ, ਡਾਲਰਾਂ ਤੇ ਹੱਦਬੰਦੀ ਦੇ ਨਿਸ਼ਾਨਾਂ ਵਾਲੇ ਸਾਰੇ ਚਿਤ੍ਰ
ਗੂਗਲ 'ਤੇ ਉਪਲਬਧ ਹਨ।
☝️ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ
ਹੈ ਕਿ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਤੇ ਝੂਠੀ ਅਫ਼ਵਾਹ ਫੈਲਾਉਣ ਅਤੇ
ਸਿੱਖ ਇਤਿਹਾਸ ਨੂੰ ਵਗਾੜਣ ਦਾ ਦੋਸ਼ ਲਾ ਕੇ ਅਦਾਲਤੀ ਕੇਸ ਕਰੇ । ਬਾਕੀ ਰਹੀ ਗੱਲ
ਅੰਮ੍ਰਿਤਪਾਲ ਸਿੰਘ ਵਾਲੀ 'ਅਨੰਦਪੁਰ ਖ਼ਾਲਸਾ ਫੌਜ' ਦੀ, ਉਹ ਚਰਚਾ ਵੀ ਮੈਂ ਪਹਿਲੀ
ਵਾਰ ਹੀ ਸੁਣੀ ਹੈ, ਪਰ ਜੇਕਰ ਸੱਚ ਵੀ ਹੋਵੇ ਤਾਂ ਕਿਹੜੀ ਵੱਡੀ ਗੱਲ ਹੈ, ਕਿਉਂਕਿ
ਜੇਕਰ ਸ਼ਿਵ ਸੈਨਾ, ਹਿੰਦੂ ਸੈਨਾ ਤੇ ਅਕਾਲ ਪੁਰਖ ਕੀ ਫੌਜ ਨੂੰ ਕਾਨੂੰਨੀ ਮਾਨਤਾ
ਮਿਲ ਸਕਦੀ ਹੈ, ਤਾਂ ਫਿਰ "ਅਨੰਦਪੁਰ ਖ਼ਾਲਸਾ ਫੌਜ" ਨੂੰ ਕਿਉਂ ਨਹੀਂ? ਸੈਨਾ ਤੇ
ਫੌਜ ਸਮਾਨਰਥਕ ਲਫ਼ਜ਼ ਹਨ, ਕੇਵਲ ਭਾਸ਼ਾਈ ਅੰਤਰ ਹੈ।