Share on Facebook

Main News Page

💥 ਭੰਬਲਭੂਸਾ 💥
-: ਸੰਪਾਦਕ ਖ਼ਾਲਸਾ ਨਿਊਜ਼
23.03.2023
#KhalsaNews #Chaos #AmritpalSingh #BhagwantMann #PunjabPolice #NSA #UAPA #Mehatpur #Haryana #dibrugarh

🔥 ਜਦੋਂ ਵੀ ਕਿਸੀ ਲਹਿਰ ਜਾਂ ਬਗਾਵਤ ਨੂੰ ਦੱਬਣਾ ਹੁੰਦਾ ਹੈ ਤਾਂ ਸਰਕਾਰਾਂ ਹਮੇਸ਼ਾਂ ਭੰਬਲਭੂਸਾ, ਦੁਬਿਧਾ ਪੈਦਾ ਕਰਦੀਆਂ ਹਨ, ਜਿਸ ਨਾਲ ਸਮਾਂ ਟਪਾਇਆ ਜਾਂਦਾ ਹੈ, ਜਿਸ ਨਾਲ ਲੋਕ ਉਸ ਗੱਲ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਹਨ, ਤੇ ਬਗਾਵਤ ਦੀ ਅੱਗ ਮੱਠੀ ਪੈਣੀ ਸ਼ੁਰੂ ਹੋ ਜਾਂਦੀ ਹੈ।

🙏ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤਿ ਸਮਾਉਣ ਨੂੰ ਇੱਕ ਸਾਖੀ ਰਾਹੀਂ ਕਿ ਗੁਰੂ ਸਾਹਿਬ ਘੋੜੇ ਸਮੇਤ ਚਿਖਾ ਤੇ ਚੜੇ, ਤੇ ਚਾਰੇ ਪਾਸੇ ਕਨਾਤਾਂ ਲਾਈਆਂ ਗਈਆਂ, ਤੇ ਗੁਰੂ ਸਾਹਿਬ ਪਿਛਲੇ ਪਾਸਿਓਂ ਕਨਾਤ ਪਾੜ ਕੇ ਉੱਡ ਗਏ, ਤੇ ਬਾਅਦ ਵਿੱਚ ਜਾ ਕੇ ਬਾਲਕ ਸਿੰਘ ਨੂੰ ਮਿਲੇ ਜਿਸ ਜਿਸ ਭੰਬਲਭੂਸੇ 'ਚੋਂ ਨਾਮਧਾਰੀ ਪੈਦਾ ਹੋਏ। ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਨੱਥੀ ਫਰਜ਼ੀ ਰਚਨਾ ਗੁਰਿੰਡਨਾਮਹ ਵਿੱਚ ਲਿਖਿਆ ਹੈ ਕਿ "ਜਾਮੈ ਧਾਰੇ ਦਸ ਗੁਰੂ ਨਵਸਤ ਕਲਾ ਸੁਧਾਰ। ਗੁਪਤ ਗਿਆਰ੍ਹਵਾਂ ਖੋਲਸੀ ਕੋਇਕ ਪਾਵੈ ਪਾਰ॥"

👉ਕਿਸੇ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਸ਼ਖਸ਼ ਜਾਂ ਵਿਅਕਤੀ ਨੂੰ ਗੁਰਿਆਈ ਦੇ ਕੇ ਅੱਗੇ ਗਿਆਰ੍ਹਵੀਂ, ਬਾਰ੍ਹਵੀਂ ਸ਼ਖਸ਼ੀ ਗੱਦੀ ਚਲਾਈ ਹੈ। ਪਰ ਦਸਮ ਪਿਤਾ ਤੋਂ ਬਹੁਤ ਲੰਮਾ ਸਮਾਂ ਬਾਅਦ ਚੱਲੀ ਨਾਮਧਾਰੀ ਜਾਂ ਕੂਕਾ ਸੰਪਰਦਾਇ ਦੇ ਲਿਖਾਰੀਆਂ ਨਿਧਾਨ ਸਿੰਘ ਅਤੇ ਇੰਦਰ ਸਿੰਘ ਚੱਕਰਵਤੀ ਨੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਬਾਬਾ ਬਾਲਕ ਸਿੰਘ ਤੇ ਬਾਬਾ ਰਾਮ ਸਿੰਘ ਨੂੰ ਗੁਰੂ ਬਣਾ ਕੇ ਕੂਕਾ ਗੁਰੂ ਡੰਮ੍ਹ ਦੀ ਡੁੱਗੀ ਪਿੱਟਣ ਲਈ ਇੱਕ ਝੂਠੀ ਤੇ ਬਿਨਾਂ ਸਿਰ ਪੈਰ ਕਹਾਣੀ ਘੜ ਮਾਰੀ ਕਿ ਦਸ਼ਮੇਸ਼ ਜੀ ਹਜ਼ੂਰ ਸਾਹਿਬ ਜੋਤੀ ਜੋਤ ਨਹੀਂ ਸਮਾਏ ਸਗੋਂ ਬਾਬਾ ਅਜਾਪਾਲ ਸਿੰਘ ਦੇ ਰੂਪ ਵਿੱਚ ਨਾਭੇ ਦੀ ਇੱਕ ਝਿੜੀ ਵਿੱਚ ਛਿਪੇ ਰਹੇ।

ਇਸ ਗੁਰੂ ਡੰਮ੍ਹ ਨੂੰ ਕਾਮਯਾਬ ਕਰਨ ਲਈ ਕੂਕਿਆਂ ਨੇ ਮਨੋਕਲਪਿਤ ਤੇ ਝੂਠੀਆਂ ਤਸਵੀਰਾਂ ਵੀ ਛਪਵਾਈਆਂ ਹਨ, ਜਿਨ੍ਹਾਂ ਵਿੱਚ ਪ੍ਰਗਟ ਕੀਤਾ ਗਿਆ ਹੈ ਕਿ ਦਸ਼ਮੇਸ਼ ਜੀ ਨੇ ਹਜ਼ਰੋ ਜ਼ਿਲ੍ਹਾ ਕੈਂਥਲਪੁਰ, ਵਿੱਚ ਜਾ ਕੇ ਬਾਬਾ ਬਾਲਕ ਸਿੰਘ ਨੂੰ ਗੱਦੀ ਦਿੱਤੀ।

☝️ ਫਿਰ ਅੱਗੋਂ "ਬਾਬਾ ਰਾਮ ਸਿੰਘ ਨਾਮਧਾਰੀ" ਨੂੰ ਜਦੋਂ ਅੰਗ੍ਰੇਜ 18 ਜਨਵਰੀ 1872 ਨੂੰ ਰੰਗੂਨ ਲੈ ਗਏ, ਉਸ ਤੋਂ ਬਾਅਦ ਕੂਕਾ ਲਹਿਰ ਲਗਭਗ ਸਮਾਪਤ ਹੋ ਗਈ, ਕਿਉਂਕਿ ਬਾਬਾ ਰਾਮ ਸਿੰਘ ਦੀ ਮੌਤ ਦਾ ਭੰਬਲਭੂਸਾ ਪਾਇਆ ਗਿਆ, ਤੇ ਹਾਲੇ ਤੱਕ ਬਹੁਤਾਤ ਨਾਮਧਾਰੀ ਇਹ ਮੰਨੀ ਬੈਠੇ ਹਨ ਕਿ ਉਹ ਵਾਪਸ ਪਰਤ ਆਉਣਗੇ।

🇮🇳 ਭਾਰਤ ਦੀ ਆਜ਼ਾਦੀ ਸੰਘਰਸ਼ ਵਿੱਚ 👮ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੌਤ ਦਾ ਵੀ ਭੰਬਲਭੂਸਾ ਪਾਇਆ ਗਿਆ, ਜੋ ਹਾਲੇ ਤੱਕ ਜਾਰੀ ਹੈ, ਜਦਕਿ ਚੀਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਮੌਤ 20 ਅਗਸਤ 1945 ਨੂੰ ਹਵਾਈ ਹਾਦਸੇ 'ਚ ਮੌਤ ਹੋਈ ਸੀ।

👳 ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੂਨ 1984 'ਚ ਅਕਾਲ ਤਖ਼ਤ 'ਤੇ ਸ਼ਹੀਦ ਹੋਏ, ਪਰ ਬਹੁਤਾਤ ਟਕਸਾਲੀ ਇਸ ਗੱਲ ਨੂੰ ਸਹੀ ਨਹੀਂ ਮੰਨਦੇ, ਤੇ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ 'ਚ ਬੈਠੇ ਹਨ। ਭਰਮਗਿਆਨੀ ❌ ਬਾਬਾ ਠਾਕੁਰ ਸਿੰਘ ਨੇ ਕੌਮ ਨਾਲ 21 ਸਾਲ ਝੂਠ ਬੋਲਿਆ ਕਿ ਸੰਤ ਜੀ ਜ਼ਿੰਦਾ ਹਨ, ਜਿਸ ਨਾਲ ਸਿੱਖ ਸੰਘਰਸ ਨੂੰ ਸਰਕਾਰ ਦੀ ਮਦਦ ਨਾਲ ਤਾਰਪੀਡੋ ਕੀਤਾ ਗਿਆ।

⚠️ ਅੰਮ੍ਰਿਤਪਾਲ ਸਿੰਘ ਦਾ ਪੱਧਰ ਭਾਵੇਂ ਉੱਤੇ ਲਿੱਖੇ ਕਿਸੇ ਨਾਲ ਨਾ ਹੀ ਮੇਲ ਖਾਂਦਾ ਨਾ ਮੇਚ, ਪਰ ਕੌਮ 'ਚ ਆਏ ਖਲਾਅ ਕਰਕੇ ਨੌਜਵਾਨਾਂ 'ਚ ਮਕਬੂਲ ਹੋਣਾ ਸ਼ੁਰੂ ਹੋਇਆ ਸੀ। ਉਸਦੀਆਂ ਆਪਹੁਦਰੀ ਤੇ ਫੁਕਰਪੁਣੇ ਵਿੱਚ ਕੀਤੀਆਂ ਕਾਰਵਾਈਆਂ ਨੇ ਉਸਦੀ ਰੇਲ ਪੱਟੜੀ 'ਤੇ ਚੜ੍ਹਨ ਤੋਂ ਪਹਿਲਾਂ ਹੀ ਲੱਥ ਗਈ। ਕੌਮ ਦੇ ਅਖਵਾਏ ਜਾਂਦੇ ਕਿਸੇ ਬੁੱਧੀਜਿਵੀ, ਜਥੇਦਾਰ ਜਾਂ ਕਿਸੇ ਸਿਆਣੇ ਨੇ ਕੋਸ਼ਿਸ਼ ਨਾ ਕੀਤੀ ਕਿ ਨੌਜਵਾਨਾਂ ਦੇ ਜੋਸ਼ ਨੂੰ ਸਹੀ ਸੇਧ ਦਿੱਤੀ ਜਾਵੇ।

❎ 23 ਫਰਵਰੀ 2023 ਨੂੰ ਅਜਨਾਲੇ ਥਾਣੇ ਵਿੱਚ ਆਪਣੇ ਸਾਥੀ ਲਵਦੀਪ ਸਿੰਘ ਉਰਫ ਤੂਫਾਨ ਸਿੰਘ ਨੂੰ ਛੁੜਾਉਣ ਲਈ ਜੋ ਉਸਨੇ ਵੱਡੀ ਗਿਣਤੀ 'ਚ ਕੱਠੀ ਕੀਤੀ ਮੰਢ੍ਹੀਰ ਨਾਲ ਹੱਲਾ ਬੋਲਿਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਆੜ ਲੈਕੇ, ਉਸਨੇ ਅੰਮ੍ਰਿਤਪਾਲ ਦੀ ਕਿਰਕਿਰੀ ਹੋਰ ਕਰਵਾ ਦਿੱਤੀ। 👮ਪੁਲਿਸ ਨੇ ਵੀ ਚਾਲ ਖੇਲ ਕੇ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈਕੇ ਆਪ ਘੱਟ ਕੁੱਟਿਆ, ਪਰ ਜਾਣਬੁੱਝ ਕੇ ਜ਼ਿਆਦਾ ਕੁੱਟ ਖਾਦੀ, ਪਰ ਉਸ ਭੀੜ ਵਿੱਚ ਸ਼ਾਮਲ ਲੋਕਾਂ ਦੀ ਵੀਡੀਓਗ੍ਰਾਫੀ ਕੀਤੀ ਗਈ। ਅੰਮ੍ਰਿਤਪਾਲ ਦੀ ਅਜਨਾਲੇ ਥਾਣੇ 'ਤੇ ਹੱਲੇ ਨੂੰ ਇੱਕ ਤਰ੍ਹਾਂ ਦੀ ਜਿੱਤ ਮੰਨਿਆ ਗਿਆ, ਤੇ ਹੋਰ ਫੂਕ ਭਰੀ ਗਈ। ਪਰ ਚੇਤੇ ਰਹੇ ਕਿ ਪੁਲਿਸ ਦੀ ਚਾਲ ਸਫਲ ਰਹੀ, ਤੇ ਜੋ 19 ਮਾਰਚ ਨੂੰ ਵਾਪਰਿਆ ਹੈ, ਉਹ ਉਸੇ ਕੜੀ ਦਾ ਵਰਤਾਰਾ ਹੈ। ਪੁਲਿਸ ਨੇ 23 ਫਰਵਰੀ ਨੂੰ ਭੀੜ ਵਿੱਚੋਂ ਨੌਜਵਾਨਾਂ ਦੀ ਨਿਸ਼ਾਨਦੇਹੀ ਕੀਤੀ।

️🎯 19 ਮਾਰਚ 2023 ਜੋ ਫੜੋਫੜਾਈ ਹੋਈ ਹੈ, ਉਹ ਕੌਮ ਨੂੰ, ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਨੀਵਾਂ ਦਿਖਾਉਣ ਲਈ ਕੀਤਾ ਗਿਆ। ਅੰਮ੍ਰਿਤਪਾਲ ਜਾਣੇ ਜਾਂ ਅਨਜਾਣੇ ਮੋਹਰਾ ਬਣਿਆ। ਜਦੋਂ ਪੰਜਾਬ ਦੀ 80 ਹਜ਼ਾਰ ਤੋਂ ਉੱਤੇ ਦੀ ਪੁਲਿਸ ਦੀ ਨਫਰੀ ਹੋਵੇ, ਨਾਲ ਨੀਮ ਫੌਜੀ ਦਸਤੇ ਹੋਣ, ਅਜਨਾਲੇ ਠਾਣੇ ਦੇ ਨਾਲ ਤੱਕ ਬੀ.ਐਸ.ਐਫ ਦੀ ਵੀ ਚੌਂਕੀ ਹੋਵੇ... ਗੱਲ ਕਿ ਸਾਰੇ ਪੰਜਾਬ ਦੇ ਚੱਪੇ ਚੱਪੇ 'ਤੇ ਨਜ਼ਰ ਹੋਵੇ, ਸੂਹੀਏ ਅਲੱਗ, ਕੈਟ ਅਲੱਗ... ਫਿਰ ਵੀ ਅੰਮ੍ਰਿਤਪਾਲ ਦੇ ਚਾਚੇ ਦੀ ਕਹਾਣੀ ਅਨੁਸਾਰ ਕਿ ਉਹ ਦੋ ਨਾਕਿਆਂ ਤੋਂ ਬੱਚ ਕੇ ਨਿਕਲੇ ਤੇ ਤੀਜੇ ਨਾਕੇ 'ਤੇ ਚਾਚਾ ਆਪ ਉਤਰਿਆ ਤੇ ਉਸੇ ਗੱਡੀ 'ਚ ਅੰਮ੍ਰਿਤਪਾਲ ਵੀ ਸੀ, ਚਾਚਾ ਉਤਰ ਕੇ ਪੁਲਿਸ ਨੂੰ ਪੁੱਛਣ ਗਿਆ, ਤੇ ਪਿੱਛੋਂ ਦੀ ਅੰਮ੍ਰਿਤਪਾਲ ਗਾਇਬ ਹੋ ਗਿਆ!!! ਵਾਹ!! ਕਿਆ ਕਹਾਣੀ ਹੈ।‼️

🔜 ਉਸਤੋਂ ਬਾਅਦ ਜੋ ਪੁਲਿਸ ਨੇ ਕਹਾਣੀ ਬਣਾਈ ਕਿ ਅਖੇ ਉਹ ਉੱਥੋਂ ਭੱਜ ਕੇ ਨੰਗਲ ਅੰਬੀਆਂ ਦੇ ਗੁਰਦੁਆਰੇ ਪਹੁੰਚਿਆ, ਗ੍ਰੰਥੀ ਦੇ ਘਰ ਰੋਟੀ ਖਾਦੀ, ਹੁਲੀਆ ਬਦਲਿਆ, ਗੁਲਾਬੀ ਪੱਗ ਬੰਨ੍ਹੀ, ਐਨਕਾਂ ਪਾਈਆਂ, ਤੇ ਬਾਅਦ ਵਿੱਚ ਇੱਕ ਮੋਟਰਸਾਇਕਲ 'ਤੇ ਰੁਪੋਸ਼ ਹੋ ਗਿਆ। 🔹 ਫਿਰ ਹੁਣ ਉਸਦਾ ਅੱਗੇ ਜਾਕੇ ਕਿਸੇ ਹੋਰ ਮੋਟਰਸਾਇਕਲ ਨਾਲ ਟੱਕਰ ਹੋਈ, ਤੇ ਮੋਟਰਸਾਇਕਲ ਖਰਾਬ ਹੋ ਗਿਆ, ਉਹ ਫਿਰ ਇੱਕ ਹੋਰ ਟੈਂਪੂ ਜਿਹੇ 'ਤੇ ਮੋਟਰਸਾਇਕਲ ਰੱਖ ਕੇ ਚੱਲ ਪਏ, ਅੱਗੇ ਜਾ ਕੇ ਮੋਟਰਸਾਇਕਲ ਨਹਿਰ ਕੰਢੇ ਸੁੱਟਿਆ, ਨਹਿਰ ਪਾਰ ਕਰਕੇ, ਲੁਧਿਆਣੇ ਹਾਰਡੀ ਵਰਲਡ ਦੇ ਲਾਗਿਓਂ ਰਾਤ ਦੇ ਹਨੇਰੇ 'ਚ ਕਿਸੇ ਆਟੋ 'ਚ ਬਹਿਕੇ ਸ਼ਾਹਾਬਾਦ ਦੀ ਸਿਧਾਰਥ ਕਾਲੋਨੀ, ਹਰਿਆਣਾ ਪਹੁੰਚਿਆ, ਤੇ ਨਾਲ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਜਾਣ ਪਹਿਚਾਣ ਦੀ ਜਨਾਨੀ ਬਲਜੀਤ ਕੌਰ ਦੇ ਘਰ ਰਾਤ ਕੱਟੀ, ਜੋ ਪਪਲਪ੍ਰੀਤ ਨੂੰ ਪਿਛਲੇ ਢਾਈ ਸਾਲਾਂ ਤੋਂ ਜਾਣਦੀ ਸੀ। ਉੱਥੋਂ ਅੰਮ੍ਰਿਤਪਾਲ ਇੱਕ ਛਤਰੀ ਲੈਕੇ ਉੱਤਰਾਖੰਡ ਵੱਲ ਨਿਕਲ ਗਿਆ, ਤੇ ਜਨਾਨੀ ਹੁਣ ਹਿਰਾਸਤ ਵਿੱਚ ਹੈ, ਤੇ ਅੰਮ੍ਰਿਤਪਾਲ ਹਾਲੇ ਵੀ ਰੁਪੋਸ਼ ਹੈ। ਵਾਹ!!! ਕਿਆ ਕਹਾਣੀ ਹੈ, ਤੇ ਇਹ 19 ਤਰੀਕ ਤੱਕ ਦੀ ਕਹਾਣੀ ਹੈ, ਤੇ ਅੱਜ 23 ਮਾਰਚ ਹੈ... ਇਹਨੂੰ ਕਹਿੰਦੇ ਭੰਬਲਭੂਸਾ।

📛 ਜੇ ਅੰਮ੍ਰਿਤਪਾਲ ਐਨੀ ਪੁਲਿਸ ਦੇ ਵਿੱਚੋਂ ਦੀ ਨਿਕਲ ਗਿਆ ਤਾਂ ਪੁਲਿਸ ਤੇ ਸਰਕਾਰ ਦੀ ਵੱਡੀ ਨਾਲਾਇਕੀ ਹੈ। ਜੇ ਉਹ ਪੰਜਾਬ ਤੋਂ ਹੁਣ ਹਰਿਆਣੇ ਪਹੁੰਚ ਗਿਆ ਤਾਂ ਦੋਹਾਂ ਸਰਕਾਰਾਂ ਦੀ ਨਾਲਾਇਕੀ ਹੈ, ਕਿ ਜਿਸ ਸ਼ਖਸ ਨੂੰ ਫੜਨ ਲਈ ਸਾਰਾ ਸਰਕਾਰੀ ਤੰਤਰ ਲੱਗਾ ਹੋਵੇ ਉਹ ਦਿਨ ਦਿਹਾੜੇ ਮਹਿਤਪੁਰ ਤੋਂ ਹਰਿਆਣਾ ਪਹੁੰਚ ਗਿਆ... ਵਾਹ!!! ਮਹਿਤਪੁਰ ਤੋਂ ਹਰਿਆਣਾ ਬਾਰਡਰ ਘੱਟੋ ਘੱਟ 167 ਕਿ.ਮੀ. ਹੈ ਤੇ ਲਗਭਗ 3 ਘੰਟੇ ਲਗਦੇ ਹਨ ਬਿਨਾਂ ਟ੍ਰੈਫਿਕ ਤੋਂ, ਪਰ ਅਗਲਾ ਕਦੀ ਕਿਤੇ ਕਦੀ ਕਿਤੇ (ਜੇ ਇਸ ਕਹਾਣੀ ਨੂੰ ਸਹੀ ਮੰਨੀਏ ਤਾਂ) ਗਿਆ ਤੇ ਕਿੰਨਾਂ ਸਮਾਂ ਲੱਗਾ ਹੋਊ!!! ਕਿਉਂ ਲੋਕਾਂ ਨੂੰ ਬੇਵਕੂਫ ਸਮਝਿਆ ਹੈ?❓
♻️ ਹੁਣ ਉਸਦੀ ਕਿਰਦਾਰ ਕੁਸ਼ੀ ਚੱਲ ਰਹੀ ਹੈ, ਭਾਰਤ ਦੇ ਹਰ ਚੈਨਲ 'ਤੇ ਸਿਰਫ ਅੰਮ੍ਰਿਤਪਾਲ ਹੀ ਹੈ, ਤੇ ਹੇਠਲੇ ਪੱਧਰ ਦਾ ਗੋਦੀ ਤੇ ਪੰਜਾਬੀ ਮੀਡੀਆ ਬਸ ਜੋ ਮੂੰਹ ਆਉਂਦਾ ਕਹਾਣੀਆਂ ਬਣਾਈ ਜਾ ਰਿਹਾ। 👽 ਢੱਡਰੀਆਂਵਾਲੇ ਦੀ ਕਤੀੜ ਹਰਨੇਕ ਤੇ ਸਾਥੀ ਨੀਵੇਂ ਤੋਂ ਵੀ ਨੀਵੇਂ ਪੱਧਰ 'ਤੇ ਜਾਕੇ ਮਸਖਰੀਆਂ ਕਰ ਰਹੇ ਨੇ।

💥 ਜਿਸ ਹਿਸਾਬ ਨਾਲ ਸਾਰਾ ਤਾਣਾ ਬਾਣਾ ਬੁਣਿਆ ਗਿਆ ਹੈ, ਅੰਮ੍ਰਿਤਪਾਲ ਉਸੇ ਦਿਨ ਫੜ ਲਿਆ ਗਿਆ ਸੀ, ਬਸ ਹੁਣ ਮਾਹੌਲ ਨੂੰ ਵੱਢਾ ਬਣਾ ਕੇ ਉਸਨੂੰ ਵੱਡਾ ਬਦਮਾਸ਼ ਬਣਾਇਆ ਜਾ ਰਿਹਾ ਹੈ, ਤੇ ਲੋਕਾਂ ਦਾ ਰੋਹ ਦਿਨ ਬ ਦਿਨ ਠੰਡਾ ਪੈ ਰਿਹਾ ਹੈ, ਜੋ ਕਿ ਸਰਕਾਰ ਚਾਹੁੰਦੀ ਹੈ।

🎗️ ਅੰਮ੍ਰਿਤਪਾਲ ਦਾ ਰੁਪੋਸ਼ ਰਹਿਣਾ, ਗਾਇਬ ਰਹਿਣਾ ਸਰਕਾਰ ਨੂੰ ਭਾਉਂਦਾ ਹੈ, ਜਿਨ੍ਹਾਂ ਵੱਧ ਸਮਾਂ ਉਸਨੂੰ ਰੁਪੋਸ਼ ਦਰਸਾਇਆ ਜਾਵੇਗਾ, ਸਰਕਾਰ ਦੀ ਚੱਲੀ ਚਾਲ ਕਾਮਯਾਬ ਰਹੇਗੀ, ਤੇ ਇਸੇ ਨੂੰ ਕਿਹਾ ਜਾਂਦਾ ਹੈ "ਭੰਬਲਭੂਸਾ"। 🛡


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top