Share on Facebook

Main News Page

💥 ਸਿੱਖੋ !!!! ਕੀ ਤੁਹਾਨੂੰ ਬਾਹਰਲੇ ਦੁਸ਼ਮਣਾਂ ਦੀ ਲੋੜ ਹੈ?❓
-: ਸੰਪਾਦਕ ਖ਼ਾਲਸਾ ਨਿਊਜ਼
11.03.2023
#SGGS #Naamdev #KhalsaNews #ਵਿਹਲੜ #ਨਿਹੰਗ #ਕੁਲਵੰਤ_ਸਿੰਘ #Shiv #Ram #Durga

ਤਰਨਾ ਦਲ ਦੇ ਮੁਖੀ ਜਥੇ. ਕੁਲਵੰਤ ਸਿੰਘ ਦਾ ਦਾਅਵਾ ਭਗਵਾਨ ਸ਼ਿਵ ਸਾਡੇ, ਰਾਮ ਵੀ ਸਾਡਾ, ਦੁਰਗਾ ਮਾਤਾ ਸਾਹਿਬ ਕੌਰ... What a waste of skin ‼️ ਕੀ ਥੁੜਿਆ ਸੀ ਇਨ੍ਹਾਂ ਦੇ ਜੰਮਣ ਤੋਂ। ਜਿਹੜੇ ਲੋਕ ਕੋਈ ਕੰਮਕਾਰ ਵੀ ਨਹੀਂ ਕਰਦੇ, ਵਿਹਲੇ ਰਹਿ ਕੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਪੜ੍ਹ ਸਮਝ ਲਿਆ ਕਰਣ, ਪਰ ਨਹੀਂ ਸਿਰਫ ਇਨ੍ਹਾਂ ਨੇ ਪੁੱਠੀਆਂ ਤੌੜੀਆਂ 'ਤੇ ਦਸਤਾਰਾਂ ਬੰਨ੍ਹ ਕੇ ਵੰਨ ਸੁਵੰਨਾ ਲੋਹਾ ਬੰਨਿਆ ਹੋਇਆ, ਪਰ ਅਕਲ ਦਾ ਖਾਨਾ ਬਿਲਕੁਲ ਖਾਲੀ ਰੱਖਿਆ। ਫਿਰ ਲੋਕ ਆਂਹਦੇ ਕਿ ਖ਼ਾਲਸਾ ਨਿਊਜ਼ ਕੌੜਾ ਬੋਲਦੀ, ਪਰ ਕਰੀਏ ਕੀ ਐਸੇ ਭੇਖੀਆਂ ਨੂੰ ਦੇਖ ਕੇ ਖੂਨ ਖੌਲਦਾ।

✅ ਆਓ ਦੇਖੀਏ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਕੀ ਕਹਿੰਦੇ ਤੇ ਤੁਸੀਂ ਆਪੇ ਫੈਸਲਾ ਕਰੋ ਕਿ ਇਹ ਵਿਹਲੜ ਨਿਹੰਗ ਕੀ ਕਹਿ ਰਿਹਾ ਹੈ ਤੇ ਗੁਰਬਾਣੀ ਕੀ ਆਖ ਰਹੀ ਹੈ।

🙏ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥
{ਪੰਨਾ 874}

👇ਹੇਠਾਂ ਇਸ ਸਬਦ ਦੇ ਅਰਥ ਪ੍ਰੋ. ਸਾਹਿਬ ਸਿੰਘ ਕ੍ਰਿਤ ਗੁਰੂ ਗ੍ਰੰਥ ਦਰਪਣ ਵਿੱਚੋਂ ਲਏ ਹਨ।

👉 ਅਰਥ: ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ।੧।

(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।੧।ਰਹਾਉ।

ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।੨।

ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।੩।

ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।੪।

ਸੋ, ਨਾਮਦੇਵ ਬੇਨਤੀ ਕਰਦਾ ਹੈ-ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ, (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ।੫।੨।੬।

ਸ਼ਬਦ ਦਾ ਭਾਵ: ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ।

🙏 ਉਸੇ ਸਬਦ ਤੋਂ ਅਗਲਾ ਸ਼ਬਦ ਇਹ ਹੈ...

ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥

{ਪੰਨਾ 874-875}

👉 ਅਰਥ: ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ) ।੧।ਰਹਾਉ।

ਹੇ ਪਾਂਡੇ! ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ।੧।

ਹੇ ਪਾਂਡੇ! ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ।੨।

ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ।੩।

✍️ ਨੋਟ: 'ਰਾਮਾਇਣ' ਅਤੇ 'ਉੱਤਰ ਰਾਮ ਚਰਿਤ੍ਰ' ਆਦਿਕ ਪੁਸਤਕਾਂ ਵਿਚ ਕਈ ਦੂਸ਼ਣ ਭੀ ਸ੍ਰੀ ਰਾਮ ਚੰਦਰ ਜੀ ਉੱਤੇ ਆਰੋਪਣ ਕੀਤੇ ਗਏ ਹਨ, ਭਾਵੇਂ ਉਹ ਭਗਤੀ-ਭਾਵ ਵਿਚ ਗਲੇਫ਼ੇ ਹੋਏ ਹਨ-ਬਾਲੀ ਨੂੰ ਛਿਪ ਕੇ ਮਾਰਨਾ, ਇਕ ਰਾਖ਼ਸ਼ਣੀ ਨੂੰ ਮਾਰਨਾ, ਸੀਤਾ ਜੀ ਨੂੰ ਘਰੋਂ ਕੱਢ ਦੇਣਾ, ਇਤਿਆਦਿਕ। ਇਹ ਦੂਸ਼ਣ ਲਾ ਕੇ ਉਹਨਾਂ ਵਿਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ।

ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ।੪।੩।੭।

📍 ਨੋਟ: ਕਈ ਵਿਦਵਾਨ ਸੱਜਣ ਖ਼ਿਆਲ ਕਰਦੇ ਹਨ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਵਿਚ 'ਹਾਸ-ਰਸ' ਵਰਤਿਆ ਹੈ। ਪਰ, ਸੱਚਾਈ ਬਿਆਨ ਕਰ ਕੇ ਕਿਸੇ ਕੁਰਾਹੇ ਜਾਂਦੇ ਨੂੰ ਰਾਹ ਦੱਸਣਾ ਹੋਰ ਗੱਲ ਹੈ, ਤੇ ਕਿਸੇ ਦੇ ਧਾਰਮਿਕ ਜਜ਼ਬਿਆਂ ਨੂੰ ਮਖ਼ੌਲ ਕਰ ਕੇ ਠੋਕਰ ਲਾਣੀ ਬੜਾ ਦੁਖਦਾਈ ਕੰਮ ਹੈ। ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਭਗਤ ਜੀ ਇਉਂ ਕਿਸੇ ਦਾ ਦਿਲ ਦੁਖਾ ਸਕਦੇ ਸਨ, ਜਾਂ, ਅਜਿਹੇ ਦੁਖਾਵੇਂ ਵਾਕ ਨੂੰ ਸਤਿਗੁਰੂ ਜੀ ਉਸ 'ਬਾਣੀ-ਬੋਹਿਥ' ਵਿਚ ਦਰਜ ਕਰਦੇ ਜੋ ਸਿੱਖ ਦੇ ਜੀਵਨ ਦਾ ਆਸਰਾ ਹੈ।

👉 ਇਹ ਆਖਣਾ ਕਿ 'ਹਾਸ-ਰਸ' ਦੀ ਰਾਹੀਂ ਵੱਡੇ ਵੱਡੇ ਦੇਵਤਿਆਂ ਦੇ ਵੱਡੇ ਵੱਡੇ ਕੰਮਾਂ ਨੂੰ ਪਰਮਾਤਮਾ ਦੀ ਵਡਿਆਈ ਦੇ ਸਾਹਮਣੇ ਤੁੱਛ ਪਰਗਟ ਕੀਤਾ ਹੈ, ਫਬਦਾ ਨਹੀਂ ਹੈ। ਕਿਸੇ ਮੁੰਡੇ ਨੂੰ ਮਾਰ ਦੇਣਾ ਕੋਈ ਵੱਡਾ ਕੰਮ ਨਹੀਂ ਹੈ; ਆਪਣੀ ਇਸਤ੍ਰੀ ਗਵਾ ਲੈਣੀ ਕੋਈ ਵੱਡਾ ਕੰਮ ਨਹੀਂ, ਤੇ ਟੰਗ ਤੁੜਾ ਲੈਣੀ ਕੋਈ ਫ਼ਖ਼ਰ ਦੀ ਗੱਲ ਨਹੀਂ ਹੈ। ਫਿਰ, ਇਹਨਾਂ, 'ਵੱਡੇ ਕੰਮਾਂ' ਦੇ ਟਾਕਰੇ ਤੇ ਪਰਮਾਤਮਾ ਦੇ ਕਿਸੇ ਭੀ ਵੱਡੇ ਕੰਮ ਦਾ ਇੱਥੇ ਕੋਈ ਜ਼ਿਕਰ ਨਹੀਂ। ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਜਿੰਦ ਦਾ ਸਹਾਰਾ ਸਮਝਣ ਵਾਲੇ ਸਿੱਖ ਨੇ ਤਾਂ ਇਹ ਵੇਖਣਾ ਹੈ ਕਿ ਉਸ ਨੂੰ ਇਹ ਸ਼ਬਦ ਪੜ੍ਹਦਿਆਂ ਕੀਹ ਸਹਾਰਾ ਮਿਲਦਾ ਹੈ, ਕਿਹੜਾ ਚਾਨਣ ਮਿਲਦਾ ਹੈ। ਕਿਸੇ ਦੇ ਧਾਰਮਿਕ ਜਜ਼ਬੇ ਨੂੰ ਮਖ਼ੌਲ ਕਰ ਕੇ ਉਸ ਦੇ ਦਿਲ ਨੂੰ ਠੋਕਰ ਮਾਰਨੀ ਧਰਮ ਦਾ ਮਾਰਗ ਨਹੀਂ ਹੋ ਸਕਦਾ। ਸਾਨੂੰ ਇਸ ਵਿਚੋਂ ਸੱਚਾਈ ਦੀ ਕਿਰਨ ਦੀ ਲੋੜ ਹੈ; ਸਾਨੂੰ ਇਸ ਵਿਚੋਂ ਉਸ ਉੱਚ-ਉਡਾਰੀ ਦੀ ਲੋੜ ਹੈ ਜੋ ਸਾਨੂੰ ਭੀ ਉੱਚਾ ਕਰ ਸਕੇ। ਅਸਾਂ ਕਿਸੇ ਉੱਤੇ ਮਖ਼ੌਲ ਉਡਾ ਕੇ ਹੀ ਇਹ ਨਹੀਂ ਫ਼ਰਜ਼ ਕਰ ਲੈਣਾ ਕਿ ਇਸ ਸ਼ਬਦ ਵਿੱਚੋਂ ਸਾਨੂੰ ਜੀਵਨ-ਰਾਹ ਲੱਭ ਪਿਆ ਹੈ।

ਜੋ ਕਿਸੇ ਮੁਕੰਮਲ ਸ਼ਬਦ ਨੂੰ ਇਕ ਖਿੜਿਆ ਹੋਇਆ ਸੁੰਦਰ ਫੁੱਲ ਮਿਥ ਲਈਏ, ਤਾਂ 'ਰਹਾਉ' ਦੀ ਤੁਕ ਉਸ ਫੁੱਲ ਦਾ ਮਕਰੰਦ ਹੁੰਦਾ ਹੈ। 'ਰਹਾਉ' ਵਿਚ ਉਹ ਕੇਂਦਰੀ ਰਮਜ਼ ਹੋਇਆ ਕਰਦੀ ਹੈ, ਜਿਸ ਦਾ ਵਿਕਾਸ ਸਾਰੇ ਸ਼ਬਦ ਵਿਚ ਕੀਤਾ ਜਾਂਦਾ ਹੈ। ਇਸੇ ਨਿਯਮ ਨੂੰ ਜੇ ਇਸ ਸ਼ਬਦ ਵਿਚ ਭੀ ਗਹੁ ਨਾਲ ਵਰਤਾਂਗੇ, ਤਾਂ ਉਹ ਸੁਗੰਧੀ ਜੋ ਇਸ ਰਹਾਉ-ਮਕਰੰਦ ਵਿਚ ਲੁਕੀ ਪਈ ਹੈ, ਸਾਰੇ ਖਿੜੇ ਫੁੱਲ ਵਿਚੋਂ ਮਹਿਕ ਦੇਣ ਲੱਗ ਪਏਗੀ, ਸਾਰੀ ਰਮਜ਼ ਖੁਲ੍ਹ ਜਾਇਗੀ। ਸ਼ਬਦ ਦੇ ਤਿੰਨ ਬੰਦਾਂ ਵਿਚ ਕਿਸੇ ਪਾਂਡੇ ਨੂੰ ਸੰਬੋਧਨ ਕਰ ਰਹੇ ਹਨ। ਸੋ, 'ਰਹਾਉ' ਵਿਚ ਵਰਤਿਆ ਲਫ਼ਜ਼ 'ਰੇ' ਭੀ ਉਸ ਪਾਂਡੇ ਵਾਸਤੇ ਹੀ ਹੈ। ਇਸ ਤੁਕ ਵਿਚ ਪਾਂਡੇ ਨੂੰ ਆਪਣਾ ਹਾਲ ਦੱਸਦੇ ਹਨ ਕਿ ਮੈਂ ਤਾਂ 'ਬੀਠੁਲ' ਦਾ ਦੀਦਾਰ ਕਰ ਲਿਆ ਹੈ, ਪਰ ਨਾਲ ਹੀ ਉਸ ਨੂੰ ਇਹ ਚੇਤਾ ਭੀ ਕਰਾਂਦੇ ਹਨ ਕਿ ਤੂੰ ਤਾਂ ਮੂਰਖ ਹੀ ਰਹਿਓਂ, ਤੈਨੂੰ ਦੀਦਾਰ ਨਾ ਹੋਇਆ। ਬਾਕੀ ਸਾਰੇ ਸ਼ਬਦ ਵਿਚ ਪਾਂਡੇ ਨੂੰ ਉਸ ਦੀਆਂ ਉਕਾਈਆਂ ਸਮਝਾ ਰਹੇ ਹਨ, ਜਿਨ੍ਹਾਂ ਨੇ ਉਸ ਨੂੰ ਬੀਠਲ ਦਾ ਦਰਸ਼ਨ ਕਰਨ ਨਹੀਂ ਦਿੱਤਾ।

☝️ ਇੱਥੇ ਇਕ ਹੋਰ ਸੁਆਦਲੀ ਗੱਲ ਭੀ ਵੇਖਣ ਵਾਲੀ ਹੈ। ਜੇ ਨਾਮਦੇਵ ਜੀ ਦਾ 'ਬੀਠਲ' ਕਿਸੇ ਮੰਦਰ ਵਿਚ ਸਥਾਪਨ ਕੀਤਾ ਹੁੰਦਾ, ਤਾਂ ਉਸ ਮੰਦਰ ਵਿਚ ਰਹਿਣ ਵਾਲੇ 'ਪਾਂਡੇ' ਨੂੰ ਤਾਂ ਉਸ ਦਾ ਦਰਸ਼ਨ, ਜਦ ਉਹ ਚਾਹੁੰਦਾ, ਹੋ ਸਕਦਾ ਸੀ, ਕਿਉਂਕਿ ਪਾਂਡਾ ਉੱਚੀ ਜਾਤ ਦਾ ਸੀ। ਪਰ ਸ਼ੂਦਰ ਨਾਮਦੇਵ ਨੂੰ 'ਬੀਠੁਲ' ਦਾ ਦਰਸ਼ਨ ਕਿਵੇਂ ਹੋਇਆ? ਇਸ ਨੂੰ ਤਾਂ ਸ਼ੂਦਰ ਹੋਣ ਕਰਕੇ ਸਗੋਂ ਧੱਕੇ ਪੈ ਸਕਦੇ ਹਨ। ਪਰ ਅਸਲ ਗੱਲ ਇਹ ਹੈ ਕਿ ਨਾਮਦੇਵ ਦਾ 'ਬੀਠਲ' ਕਿਸੇ ਮੰਦਰ ਵਿਚ ਬਿਠਾਇਆ ਹੋਇਆ ਬੀਠਲ ਨਹੀਂ ਸੀ, ਉਹ 'ਬੀਠਲ' ਉਹ ਸੀ "ਜਹ ਦੇਹੁਰਾ ਨ ਮਸੀਤਿ"। ਕੀ ਅਜੇ ਭੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਕਿਸੇ ਮੰਦਰ-ਵਿਚ-ਥਾਪੇ ਹੋਏ 'ਬੀਠਲ' ਦੇ ਪੁਜਾਰੀ ਨਹੀਂ ਸਨ? ਉਹ ਤਾਂ ਸਗੋਂ ਮੰਦਰ ਵਿਚ ਟਿਕਾਏ ਹੋਏ ਬੀਠਲ ਦੀ ਪੂਜਾ ਕਰਨ ਵਾਲੇ ਪਾਂਡੇ ਨੂੰ ਕਹਿ ਰਹੇ ਹਨ ਕਿ ਤੂੰ ਮੂਰਖ ਹੀ ਰਹਿਓਂ, ਤੈਨੂੰ ਅਜੇ ਤਕ ਬੀਠਲ ਦੇ ਦਰਸ਼ਨ ਹੀ ਨਹੀਂ ਹੋ ਸਕੇ।

👴 ਪਾਂਡੇ ਨੂੰ 'ਬੀਠਲ' ਦੇ ਦਰਸ਼ਨ ਕਿਉਂ ਨਹੀਂ ਹੋ ਸਕੇ? ਇਸ ਦਾ ਉੱਤਰ ਸ਼ਬਦ ਦੇ ਸਾਰੇ 'ਬੰਦਾਂ' ਵਿਚ ਹੈ। ਮੁੱਖ ਗੱਲ ਇਹ ਕਹੀ ਹੈ ਕਿ ਪਾਂਡਾ ਅੰਨ੍ਹਾ ਹੈ ਇਸ ਦੀਆਂ ਦੋਵੇਂ ਅੱਖਾਂ ਬੰਦ ਹਨ। ਗਿਆਨ-ਦਾਤਾ ਗੁਰੂ ਦੇ ਲੜ ਲੱਗਣਾ-ਇਹ ਹੈ ਆਤਮਕ ਤੌਰ ਤੇ ਸੁਜਾਖੇ ਬੰਦੇ ਦੀ ਇੱਕ ਅੱਖ; ਪਰਮਾਤਮਾ ਦਾ ਸਹੀ ਸਰੂਪ-ਇਹ ਹੈ ਦੂਜੀ ਅੱਖ। ਪਾਂਡੇ ਨੇ ਗਿਆਨ ਪਰਾਪਤ ਕਰਨ ਲਈ ਗਾਇਤ੍ਰੀ ਦਾ ਪਵਿੱਤਰ ਜਾਪ ਕੀਤਾ, ਮਹਾਦੇਵ ਦੀ ਓਟ ਲਈ, ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਤੇ ਢੱਠਾ; ਪਰ ਇਹਨਾਂ ਵਿਚੋਂ ਕਿਸੇ ਦੇ ਭੀ ਲੜ ਨਾ ਲੱਗਾ, ਕਿਸੇ ਉੱਤੇ ਭੀ ਸ਼ਰਧਾ ਨਾ ਬਣਾਈ, ਸਗੋਂ ਇਹਨਾਂ ਬਾਰੇ ਅਜਿਹੀਆਂ ਕਹਾਣੀਆਂ ਘੜ ਲਈਆਂ ਕਿ ਪੂਰਨ ਸ਼ਰਧਾ ਬਣ ਹੀ ਨਾ ਸਕੇ। ਲਫ਼ਜ਼ ਗਾਇਤ੍ਰੀ ਮਹਾਦੇਵ ਅਤੇ ਰਾਮ ਚੰਦ ਨਾਲ ਵਰਤੇ ਲਫ਼ਜ਼ 'ਤੁਮਰੀ' ਅਤੇ 'ਤੁਮਰਾ' ਖ਼ਾਸ ਤੌਰ 'ਤੇ ਸਮਝਣ-ਯੋਗ ਹਨ।

☀️ ਭਾਵ ਇਹ ਹੈ ਕਿ ਹੇ ਪਾਂਡੇ! ਜਿਸ ਗਾਇਤ੍ਰੀ ਆਦਿਕ ਨੂੰ 'ਤੂੰ' ਆਪਣਾ ਗਿਆਨ-ਦਾਤਾ ਕਹਿੰਦਾ ਹੈਂ, ਉਸ ਵਿਚ 'ਤੂੰ ਆਪ ਹੀ' ਨੁਕਸ ਦੱਸੀ ਜਾ ਰਿਹਾ ਹੈਂ। ਫਿਰ ਤੇਰਾ ਸਿਦਕ ਕਿਵੇਂ ਬੱਝੇ? ਇਹ ਗਿਆਨ ਦੀ ਅੱਖ ਗਈ। ਦੂਜੀ ਦਾ ਭੀ ਇਹੀ ਹਾਲ ਹੋਇਆ। 'ਬੀਠਲ' ਸੀ, ਮਾਇਆ ਤੋਂ ਪਰੇ ਅਤੇ ਸਰਬ-ਵਿਆਪਕ ਪਰ, ਪਾਂਡੇ ਨੇ ਉਸ ਨੂੰ ਮੰਦਰ ਵਿਚ ਕੈਦ ਕਰ ਦਿੱਤਾ; ਸਿਰਫ਼ ਉਸ ਮੂਰਤੀ ਨੂੰ ਬੀਠਲ ਸਮਝਿਆ ਜੋ ਮੰਦਰ ਵਿਚ ਸੀ, ਸੰਸਾਰ ਵਿਚ ਵੱਸਦਾ ਬੀਠਲ ਉਸ ਨੂੰ ਨਾ ਦਿੱਸਿਆ।

🔒 ਤੁਰਕ ਇਸ ਗੱਲੋਂ ਕੁਝ ਬਚਿਆ ਰਿਹਾ। ਇਸ ਨੇ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰਾ ਸਿਦਕ ਬਣਾਇਆ ਹੈ। ਪਰ ਇਕ ਉਕਾਈ ਇਹ ਭੀ ਖਾ ਗਿਆ, ਇਸ ਨੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਲਿਆ ਹੈ, ਇਸ ਨੇ ਨਿਰੇ ਕਾਹਬੇ ਵਿਚ ਹੀ ਰੱਬ ਨੂੰ ਵੇਖਣ ਦੀ ਕੋਸ਼ਸ਼ ਕੀਤੀ ਹੈ। ਸੋ, ਇਕ ਅੱਖੋਂ ਕਾਣਾ ਰਹਿ ਗਿਆ।

ਗੁਰੂ ਨਾਨਕ ਸਹਿਬ ਨੂੰ ਭਲਾ ਇਹ ਸ਼ਬਦ ਕਿਉਂ ਪਿਆਰਾ ਲੱਗਾ? ਉਹਨਾਂ ਭਗਤ ਜੀ ਦੇ ਵਤਨ ਤੋਂ ਇਹ ਸਾਂਭ ਕੇ ਕਿਉਂ ਲਿਆਂਦਾ? ਹੁਣ ਉੱਪਰਲੀ ਵਿਚਾਰ ਦੇ ਸਾਹਮਣੇ ਉੱਤਰ ਸਪੱਸ਼ਟ ਹੈ-(੧) ਗੁਰੂ (ਗ੍ਰੰਥ ਸਾਹਿਬ) ਦੀ ਬਾਣੀ ਸਿੱਖ ਦੇ ਜੀਵਨ ਦਾ ਆਸਰਾ ਹੈ, ਪਰ ਇਸ ਵਿਚ ਕਿਤੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਫ਼ਲਾਣਾ ਸ਼ਬਦ ਤਾਂ ਸਾਨੂੰ ਨਹੀਂ ਜੱਚਦਾ; (੨) ਜੇ ਪਾਂਡੇ ਦੇ ਮਹਾਦੇਵ ਵਾਂਗ ਸਿੱਖ ਨੇ ਭੀ ਆਪਣੇ ਪ੍ਰੀਤਮ ਗੁਰੂ ਨੂੰ ਸਰਾਪ ਦੇਣ ਵਾਲਾ ਮੰਨ ਲਿਆ; ਤਾਂ ਜਿਵੇਂ ਪਾਂਡਾ ਮਹਾਦੇਵ ਨੂੰ ਪੂਜਦਾ ਤਾਂ ਹੈ ਪਰ ਉਸ ਪਾਸੋਂ ਕੰਬਦਾ ਫਿਰ ਭੀ ਰਹਿੰਦਾ ਹੈ ਕਿ ਕਿਤੇ ਸ੍ਰਾਪ ਨਾ ਮਿਲ ਜਾਏ, ਸਿੱਖ ਦਾ ਭੀ ਇਹੀ ਹਾਲ ਰਹੇਗਾ, ਗੁਰੂ ਦੇ ਚਰਨਾਂ ਤੋਂ ਰੀਝ ਨਾਲ ਸਦਕੇ ਨਹੀਂ ਹੋ ਸਕੇਗਾ, ਕਿਉਂਕਿ ਉਸ ਨੂੰ ਇਹੀ ਡਰ ਰਹੇਗਾ ਕਿ ਗੁਰੂ ਗੁੱਸੇ ਵਿਚ ਆ ਕੇ ਸ੍ਰਾਪ ਦੇ ਸਕਦਾ ਹੈ; (੩) ਸਿੱਖ ਦਾ ਪੂਜਯ ਅਕਾਲ ਪੁਰਖ ਹਰ ਥਾਂ ਹੈ, ਤੇ ਸਿੱਖ ਦਾ ਤੀਰਥ ਉਸ ਦਾ ਆਪਣਾ ਹਿਰਦਾ ਹੈ, ਜਿੱਥੇ ਨਿਤ ਜੁੜ ਕੇ ਸਿੱਖ ਇਸ਼ਨਾਨ ਕਰਦਾ ਹੈ।

️🎯 ਤਰਨਾ ਦਲ ਦੇ ਮੁਖੀ ਜਥੇ. ਕੁਲਵੰਤ ਸਿੰਘ ਦਾ ਦਾਅਵਾ ਭਗਵਾਨ ਸ਼ਿਵ ਸਾਡੇ , ਜਦੋਂ ਮਰਜੀ ਕਰੋ ਡੀਬੇਟ... Debate ਨਾਲੋਂ ਜੇ ਗੁਰੂ ਗ੍ਰੰਥ ਸਾਹਿਬ ਆਪ ਹੀ ਪੜ੍ਹ ਸਮਝ ਲਿਆ ਹੁੰਦਾ ਤਾਂ ਐਸਾ ਬਚਨ ਕਰਣੀ ਦੀ ਲੋੜ ਹੀ ਨਹੀਂ ਸੀ ਪੈਣੀ।

🕉️ ਜੇ ਸ਼ਿਵ ਜੀ ਦਾ ਸਾਰਾ ਕੁੱਝ ਨਿਹੰਗਾਂ ਕੋਲ਼ ਹੈ ਫਿਰ ਇਹ ਵਿਹਲੜ ਹਿੰਦੂ ਹੀ ਹੋਏ, ਕਿਉਂਕਿ ਸ਼ਿਵ ਵੀ ਵਿਹਲਾ ਸੀ, ਇਹ ਵੀ ਵਿਹਲੇ, ਉਹ ਵੀ ਬੰਗੀ ਸੀ, ਇਹ ਵੀ ਭੰਗੀ ਹਨ... ਫਿਰ ਸਿੱਖ ਕਾਹਦੇ ਹੋਏ? ਫਿਰ ਹਿੰਦੂਆਂ ਨੇ Debate ਕਾਹਦੀ ਕਰਨੀ, ਉਹ ਤਾਂ ਪਹਿਲਾਂ ਹੀ ਆਖਦੇ ਕਿ ਸਿੱਖ ਹਿੰਦੂ ਹਨ, ਉਨ੍ਹਾਂ ਦਾ ਕੰਮ ਤਾਂ ਇਨ੍ਹਾਂ ਨਿਹੰਗਾਂ ਨੇ ਸੌਖਾ ਕਰਤਾ। ਕਿਉਂ ਨਹੀਂ?❓

🙏ਗੁਰੂ ਸੁਮਤਿ ਬਖਸ਼ੇ।🙏


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top