Share on Facebook

Main News Page

👳 ਹਾਲੇ ਅਸੀਂ ਇੱਕ ਵੱਖਰੀ ਕੌਮ ਹਾਂ
-: ਸੰਪਾਦਕ ਖ਼ਾਲਸਾ ਨਿਊਜ਼
01.01.2023
#KhalsaNews #Sikh #NewYear #Jewish #Christmas

⚠️ 31 ਦਸੰਬਰ 2022 ਨੂੰ ਡਿਕਸੀ ਗੁਰਦੁਆਰੇ ਦੀ ਲਾਗਿਓਂ ਲੰਘ ਰਿਹਾ ਸੀ ਤਾਂ ਪਾਰਕਿੰਗ ਪੂਰੀ ਤਰ੍ਹਾਂ ਖੱਚਾ ਖੱਚ ਭਰੀ ਹੋਈ ਦਿੱਖੀ, ਬੱਚੇ ਕਹਿੰਦੇ ਆਪਾਂ ਵੀ ਚੱਲੀਏ? ਮੈਂ ਥੋੜਾ ਸੋਚਿਆ, ਫਿਰ ਕਿਹਾ ਚੱਲੋ ਚਲਦੇ ਹਾਂ। ਐਸੇ ਨਵੇਂ ਸਾਲਾਂ ਦੇ ਸਮਾਗਮਾਂ ਵਿੱਚ ਮੈਂ ਸ਼ਾਇਦ ਪਿਛਲੇ 17-18 ਸਾਲਾਂ 'ਚ ਦੂਜੀ ਵਾਰੀ ਗਿਆ ਹੋਣਾ। ਜਾ ਕੇ ਦੇਖਿਆ ਤਾਂ ਤਿੰਨੋਂ ਹਾਲ ਖੋਲ ਕੇ ਇੱਕ ਵੱਡਾ ਹਾਲ ਬਣਾਇਆ ਹੋਇਆ ਤੇ ਭਰਿਆ ਪਿਆ। ਨਵਾਂ ਸਾਲ ਮਨਾਇਆ ਜਾ ਰਿਹਾ ਸੀ... ਵਾਹ!

👳 ਸਿੱਖ ਇੱਕ ਵੱਖਰੀ ਕੌਮ ਦਾ ਰੌਲ਼ਾ ਪਾਉਣ ਵਾਲਿਆਂ ਦੀ ਜਦੋਂ ਹਾਲਤ ਵੇਖੀਦੀ ਹੈ ਤਾਂ ਅਫਸੋਸ ਹੁੰਦਾ ਹੈ ਕਿ ਜੋ ਗੁਰੂ ਸਾਨੂੰ ਆਖਦੇ ਹਨ, ਉਸਤੋਂ ਉਲਟ ਕੰਮ ਕਰਦੇ ਨਜ਼ਰ ਆਉਂਦੇ ਹਾਂ। ਕੌਮੀ ਤੌਰ 'ਤੇ ਵੀ ਸਾਡੇ ਬਹੁਤਾਤ ਕੰਮ ਗੁਰਮਤਿ ਤੋਂ ਉਲਟ ਅਨਮਤੀ ਕਾਰਜ ਹੀ ਹਨ।

☝️ ਨਾਨਕਸ਼ਾਹੀ ਕੈਲੰਡਰ ਦਾ ਰੌਲ਼ਾ ਪਾਉਣਾ ਤੇ ਨਵਾਂ ਸਾਲ ਗੁਰਦੁਆਰਿਆਂ ਵਿੱਚ ਵਿਸ਼ੇਸ਼ ਤੌਰ 'ਤੇ ਮਨਾਉਣਾ, ਇਹ ਆਪਣੇ ਆਪ ਨੂੰ ਦੰਦੀਆਂ ਚਿੜਾਉਣਾ ਨਹੀਂ? ਕੌਮੀ ਤੌਰ 'ਤੇ 1 ਚੇਤ ਨੂੰ ਸਿੱਖਾਂ ਦਾ ਨਵਾਂ ਸਾਲ ਹੁੰਦਾ ਹੈ, ਤੇ ਉਸ ਦਿਨ ਨਾ ਤਾਂ ਬਹੁਤਾਤ ਸਿੱਖਾਂ ਨੂੰ ਪਤਾ ਹੁੰਦਾ, ਨਾ ਹੀ ਗੁਰਦੁਆਰਿਆਂ ਵਿੱਚ ਕੋਈ ਕੌਮੀ ਤੌਰ 'ਤੇ ਵਿਸ਼ੇਸ਼ ਸਮਾਗਮ ਉਲੀਕਿਆ ਜਾਂਦਾ। 🤔 ਹੈਰਾਨੀ ਦੀ ਗੱਲ ਇਹ ਵੀ ਸੀ ਕਿ ਜਿਨ੍ਹਾਂ ਦਾ ਨਵਾਂ ਸਾਲ ਸੀ ਉਨ੍ਹਾਂ ਦੀਆਂ ਚਰਚਾਂ ਸੁੰਨਸਾਨ ਪਈਆਂ ਸਨ, ਤੇ ਅਸੀਂ !!! ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ ਵਾਲਾ ਹਾਲ!!!

✡️ ਉਦਾਹਰਣ ਦੇਣ ਲੱਗੇ ਅਸੀਂ ਯਹੂੀਦੀਆਂ ਦੀ ਬਹੁਤ ਦਿੰਦੇ ਪਰ ਕਦੀ ਉਨ੍ਹਾਂ ਵਰਗੀ ਕੌਮੀ ਦ੍ਰਿੜਤਾ ਵੇਖੀ? ਯਹੂਦੀ ਕਦੀ ਵੀ ਸਾਡੇ ਵਾਂਙੂੰ ਨਹੀਂ ਕਰਦੇ। ਉਨ੍ਹਾਂ ਦਾ ਨਵਾਂ ਸਾਲ ਜਿਸਨੂੰ "ਰੌਸ਼ ਹਸ਼ਾਨਾਹ" ਕਿਹਾ ਜਾਂਦਾ ਹੈ, ਸਤੰਬਰ ਵਿੱਚ ਆਉਂਦਾ, ਤੇ ਇਸ ਸਾਲ 15 ਸਤੰਬਰ ਨੂੰ ਆਵੇਗਾ। ਯਹੂਦੀ ਲੋਕ ਕ੍ਰਿਸਮਸ ਵੀ ਨਹੀਂ ਮਨਾਉਂਦੇ, ਉਹ "ਹਾਨੁਕਾਹ" 🕎 Hanukkah ਮਨਾਉਂਦੇ ਹਨ ਜੋ ਕਿ 18 ਤੋਂ 26 ਦਸੰਬਰ ਤੱਕ ਚਲਦਾ ਹੈ। ਇਨ੍ਹਾਂ ਦਾ ਖਾਣਾ ਵੀ ਕੌਮੀ ਤੌਰ 'ਤੇ ਸਪਸ਼ਟ ਹੈ ਜਿਸਨੂੰ ਇਹ "ਕੋਸ਼ਰ" Kosher ਆਖਦੇ ਹਨ ਜਿਸ ਵਿੱਚ ਕੋਸ਼ਰ ਮੀਟ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਆਂਡੇ ਆਦਿ।

☪️ ਮੁਸਲਮਾਨ ਵੀ ਕੌਮੀ ਤੌਰ 'ਤੇ ਬਹੁਤ ਸਪਸ਼ਟ ਹਨ ਤੇ ਕੌਮੀ ਤਿਉਹਾਰ, ਤੋਂ ਲੈਕੇ ਆਪਣੇ ਖਾਣੇ ਤੱਕ ਨੂੰ ਦੁਨਿਆ ਪੱਧਰ ਤੱਕ ਤਸਦੀਕ ਕਰਵਾ ਚੁਕੇ ਹਨ। "ਹਲਾਲ" Halal ਆਖਣ ਦੀ ਦੇਰ ਹੈ, ਹਰ ਕੋਈ ਜਾਣਦਾ ਕਿ ਇਹ ਮੁਸਲਮਾਨ ਹੈ।

⚠️ ਤੇ ਅਸੀਂ!!! ਸਾਨੂੰ ਤਾਂ ਹਾਲੇ ਤਾਂ ੴ ਨੂੰ ਕੀ ਆਖਣਾ ਹੈ, ਮੰਗਲਾਚਰਣ (ਮੂਲਮੰਤਰ) ਕਿੱਥੋਂ ਤੱਕ ਹੈ, ਮਾਸ ਖਾਣਾ ਕਿ ਨਹੀਂ ਖਾਣਾ!!! ਅਸੀਂ ਤਾਂ ਬ੍ਰਾਹਮਣ 'ਤੇ ਟੇਕ ਰੱਖੀ ਹੋਈ ਹੈ ਕਿ ਉਹ ਤੈਅ ਕਰੇ ਕਿ ਅਸੀਂ ਗੁਰਪੁਰਬ ਅਤੇ ਹੋਰ ਦਿਹਾੜੇ ਕਦੋਂ ਮਨਾਉਣੇ... ਇੱਥੇ ਹੀ ਖਲੋਤੇ ਹਾਂ, ਤੇ ਉਸ ਤਰ੍ਹਾਂ ਆਖੀ ਜ਼ਰੂਰ ਜਾਂਦੇ ਕਿ ਸਿੱਖ ਵੱਖਰੀ ਕੌਮ ਹੈ। ਵਾਹ!!!

‼️ ਗੱਲ ਕਿ ਜਿਨ੍ਹਾਂ ਕੌਮਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਰੱਖਣੀ ਹੁੰਦੀ ਹੈ, ਉਹ ਦਮਗੱਜੇ ਨਹੀਂ ਮਾਰਦੇ, ਕੰਮ ਕਰਕੇ ਵਖਾਉਂਦੇ ਹਨ। ਕਹਿਣ ਨੂੰ ਤਾਂ ਅਸੀਂ ਵੱਖਰੀ ਕੌਮ ਹਾਂ, ਪਰ ਸਾਡੇ ਬਹੁਤਾਤ ਤਿਉਹਾਰ ਦਿਹਾੜੇ ਜਾਂ ਹਿੰਦੂਆਂ ਦੀ ਨਕਲ ਤੋਂ ਬਣੇ ਹਨ, ਜਾਂ ਇਸਾਈਆਂ ਦੇ ਤਿਉਹਾਰ ਧੂਮਧਾਮ ਨਾਲ ਮਨਾ ਰਹੇ ਹਾਂ।

⛔ ਜਿਵੇਂ ਕਿ "ਦਿਵਾਲੀ" ਨੂੰ ਬਣਾਤਾ ਬੰਦੀ ਛੋੜ, "ਹੋਲੀ" ਦਾ ਹੋਲਾ ਮਹੱਲਾ, "ਰੱਖੜੀ" ਦਾ ਰੱਖੜ ਪੁੰਨਿਆ, "ਦੁਸ਼ਿਹਰਾ" ਦੇ ਨਾਲ ਤਾਂ ਉੱਕਾ ਹੀ ਕੋਈ ਨਾਤਾ ਨਹੀਂ, ਪਰ ਹਜ਼ੂਰ ਸਾਹਿਬ ਵਾਲੇ ਤੇ ਟਕਸਾਲੀ "ਦੁਸ਼ਿਹਰਾ ਮਹਾਤਮ" ਨਾਂ ਦਾ ਗ੍ਰੰਥ ਤਿਆਰ ਕਰਕੇ ਉਸ ਦਿਨ ਦੁਸ਼ਿਹਰਾ ਜ਼ਰੂਰ ਮਨਾਉਂਦੇ ਹਨ, ਬੰਤਾ ਸਿੰਘ ਵਰਗੇ ਸੰਪਰਦਾਈ ਪ੍ਰਚਾਰਕ "ਨਰਾਤਿਆਂ" ਦੇ ਨੌ ਦਿਨਾਂ 'ਚ ਬੰਗਲਾ ਸਾਹਿਬ ਗੁਰਦੁਆਰੇ ਤੋਂ ਅਖੌਤੀ ਦਸਮ ਗ੍ਰੰਥ ਦੀ "ਚੰਡੀ ਦੀ ਵਾਰ" ਦੀ ਕਥਾ ਵੀ ਕਰੀ ਜਾਂਦੇ....... ਪਰ ਹੈ ਅਸੀਂ ਹਾਲੇ ਵੀ ਵੱਖਰੀ ਕੌਮ!!!

...ਤੇ ਕ੍ਰਿਸਮਸ ਤੇ ਆਪਣੇ ਘਰੇ ਕ੍ਰਿਮਮਸ Tree ਰੱਖਣ ਦਾ ਰਵਾਜ਼, ਅੰਗ੍ਰੇਜ਼ੀ ਨਵਾਂ ਸਾਲ... ਅਤੇ ਕਈ ਹੋਰ। ਕਿਸੇ ਦੀ ਖੁਸੀਂ 'ਚ ਸ਼ਾਮਲ ਹੋਣਾ ਗੁਨਾਹ ਨਹੀਂ, ਜੰਮ ਜੰਮ ਮਨਾਓ, ਪਰ ਆਪਣੀ ਪਛਾਣ ਗੁਆ ਲੈਣੀ, ਪਰ ਫਿਰ ਵੀ ਫੋਕੇ ਦਾਅਵੇ ਕਰੀ ਜਾਣੇ, ਇਹ ਸ਼ੋਬਨੀਕ ਨਹੀਂ।

👉 ਜੇ ਕੌਮੀ ਤੌਰ 'ਤੇ ਸਪਸ਼ਟਤਾ ਚਾਹੁੰਦੇ ਹੋ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਨਾਲ ਜੋੜਕੇ ਜੀਵਨ ਨਿਰਬਾਹ ਕਰੋ, ਤੇ ਕੌਮੀ ਫੈਸਲੇ ਗੁਰਬਾਣੀ ਆਧਾਰਤ ਕਰੋ, ਫਿਰ ਮੂਲਮੰਤਰ ਦਾ ਪਿਆ ਭੰਬਲਭੂਸਾ, ਮਾਸ ਦਾ ਝਗੜਾ, ਕਲੈਂਡਰ ਦਾ ਮਸਲਾ ਆਦਿ ਹੋਰ ਕੋਈ ਵੀ ਮਸਲਾ ਐਨਾ ਗੁੰਝਲਦਾਰ ਨਹੀਂ ਬਣੇਗਾ, ਤੇ ਜੀਵਨ ਵੀ ਭਰਮ ਭੁਲੇਖਿਆਂ ਤੋਂ ਰਹਿਤ ਸਪਸ਼ਟਤਾ ਵਾਲਾ ਤੇ ਨਿਰਮਲ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top