Share on Facebook

Main News Page

⚠️ ਮੌਜੂਦਾ ਸਮੇਂ ਦਾ ਸਭ ਤੋਂ ਖ਼ਤਰਨਾਕ ਨਸ਼ਾ "ਫੋਨ" 📱
-: ਸੰਪਾਦਕ ਖ਼ਾਲਸਾ ਨਿਊਜ਼
05.07.2022
#KhalsaNews #Phone #SocialMedia #Addiction

☎ ਫੋਨ ਦੀ ਕਾਢ ਕੱਢਣ ਵਾਲੇ ਨੇ ਇਹ ਕਦੇ ਨਾ ਸੋਚਿਆ ਹੋਵੇਗਾ ਕਿ ਮੈਂ ਜਿਹੜੀ ਚੀਜ਼ ਨੂੰ ਬਣਾ ਚੱਲਿਆਂ ਹਾਂ, ਕਿਸੇ ਦਿਨ ਇਹ ਸਭ ਤੋਂ ਵੱਡੀ ਬਿਮਾਰੀ ਦਾ ਘਰ ਹੋਵੇਗੀ। ਮੌਜੂਦਾ ਸਮੇਂ ਵਿੱਚ ਜਦੋਂ ਦਾ ਫੋਨ ਤੋਂ ਸਮਾਰਟ ਫੋਨ 📱 ਹੋ ਗਿਆ, ਉਸ ਸਮੇਂ ਤੋਂ ਮਨੁੱਖ Online ਤਾਂ ਹੋ ਗਿਆ, ਪਰ ਰਿਸ਼ਤੇ Offline ਹੋ ਗਏ। ਪਹਿਲਾਂ ਫੋਨ ਬੱਝਾ ਹੁੰਦਾ ਸੀ, ਤੇ ਮਨੁੱਖ ਖੁੱਲਾ ਸੀ.. ਹੁਣ ਫੋਨ Wireless ਹੋ ਗਿਆ, ਪਰ ਮਨੁੱਖ ਫੋਨ ਨਾਲ ਹੀ ਬੱਝ ਗਿਆ।

🌳 ਮੈਂ ਪਿੱਛੇ ਜਿਹੇ ਪੰਜਾਬ ਗਿਆ ਤਾਂ ਇਓਂ ਲੱਗਿਆ ਕਿ ਸਾਰਾ ਪੰਜਾਬ ਖੌਰੇ ਫੋਨ ਦੇ ਲਪੇਟੇ 'ਚ ਆ ਗਿਆ। ਵੈਸੇ ਕੈਨੇਡਾ 'ਚ ਰਹਿੰਦਿਆਂ ਐਨੇ ਸਾਲ ਹੋ ਗਏ, ਪਰ ਐਨਾ ਬੁਰਾ ਹਾਲ ਨਹੀਂ ਦੇਖਿਆ ਜਿਨਾਂ ਭਾਰਤ ਤੇ ਪੰਜਾਬ 'ਚ ਲੱਗਿਆ।

🤔 ਜਿੱਥੇ ਜਾਓ ਹਰ ਕੋਈ ਫੋਨ ਨਾਲ ਚੰਬੜਿਆ ਹੋਇਆ... ਸਕੂਟਰ ਮੋਟਰਸਾਈਕਲ ਚਲਾਉਂਦੇ ਲੋਕ ਇੱਕ ਕੰਨ ਨਾਲ ਲਾਕੇ ਬੈਠੇ, ਕਾਰ ਚਲਾਉਣ ਵਾਲੇ ਵੀ ਇੱਕ ਹੱਥ ਨਾਲ ਫੋਨ ਦੇ ਦੁਆਲੇ ਕਦੇ ਸਟੇਟਸ ਪਾਈ ਜਾਣ, ਕਦੇ ਵੀਡੀਓ ਦੇਖੀ ਜਾਣ। ਕਾਰ ਵਾਲਿਆਂ ਨੇ Dashboard Screen 'ਤੇ ਘਪਲਾ ਜਿਹਾ ਕਰਕੇ YouTube ਲਾਈ ਹੋਈ... ਕਿਸੇ ਦੇ ਘਰ ਚਲੇ ਜਾਓ, ਜਾਂ ਕੋਈ ਘਰ ਆ ਜਾਏ ਤਾਂ ਬਜ਼ੁਰਗ ਤਾਂ ਗੱਲਬਾਤ ਕਰ ਲੈਣ, ਪਰ ਨੌਜਵਾਨ ਬਸ ਫੋਨ ਦੇ ਦੁਆਲੇ, ਕਿਸੇ ਨੂੰ ਕੋਈ ਸ਼ਰਮ ਨਹੀਂ, ਬਸ ਫੋਨ ਨੇ ਐਸਾ ਜਕੜਿਆ ਹੋਇਆ ਕਿ ਹੋਰ ਕਿਸੇ ਚੀਜ਼ ਦੀ ਸੁੱਧ ਨਹੀਂ। ਲੱਗਿਆ ਇਸ ਤਰ੍ਹਾਂ ਕਿ ਉਨ੍ਹਾਂ ਨੇ ਫੋਨ ਨੂੰ ਨਹੀਂ, ਫੋਨ ਨੇ ਉਨ੍ਹਾਂ ਨੂੰ ਫੜਿਆ ਹੋਇਆ ਹੈ।

👉 150,000 ਲੋਕਾਂ 'ਤੇ ਕੀਤੇ ਸਰਵੇਖਣ ਅਨੁਸਾਰ ਫੋਨ ਚਲਾਉਣ ਵਾਲੇ ਇੱਕ ਦਿਨ 'ਚ ਘੱਟੋ ਘੱਟ 150 ਵਾਰੀ ਆਪਣਾ ਫੋਨ ਨੂੰ ਅਨਲੌਕ ਕਰਦੇ ਹਨ। ਔਸਤਨ 6.9 ਘੰਟੇ ਦਾ ਸਕਰੀਨ ਟਾਈਮ ਹੈ, ਤੇ ਮੈਂ ਖੁੱਦ ਕਈਆਂ ਦਾ 8 ਘੰਟਿਆਂ ਤੋਂ ਵੱਧ ਦਾ ਸਕਰੀਨ ਟਾਈਮ ਦੇਖਿਆ ਹੈ। ਤੇ ਉਹ ਕਰ ਕੀ ਰਹੇ ਹਨ... ਬਸ Instagram, Snapchat, WhatsApp, Tik Tok, Facebook, YouTube, Twitter ਅਤੇ ਹੋਰਾਂ ਤੇ ਆਪਣੀ ਪੋਸਟ ਪਾ ਰਹੇ ਹਨ, ਜਾਂ ਲੋਕਾਂ ਦੀਆਂ ਦੇਖ ਰਹੇ ਹਨ, ਲਾਈਕ ਸ਼ੇਅਰ, ਆਦਿ ਹੀ ਬਸ ਇਕ ਜੀਵਨ ਦਾ ਆਧਾਰ ਬਣ ਚੁਕਾ ਹੈ।

🌞 ਸਵੇਰੇ ਉਠਦੇ ਸਾਰ ਹੀ ਫੋਨ, ਸੌਣ ਵੇਲੇ ਫੋਨ, ਪਖਾਨੇ 'ਚ ਫੋਨ, ਖਾਣ ਸਮੇਂ ਫੋਨ, ਆਏ ਗਏ ਪ੍ਰਾਹਣਿਆਂ ਸਾਹਮਣੇ ਫੋਨ, ਕਿਤੇ ਕੋਈ ਜਾ ਰਿਹਾ ਤਾਂ ਫੋਟੋ, ਕੋਈ ਖਾ ਰਿਹਾ ਤਾਂ ਫੋਟੋ, ਕੋਈ ਕਪੜੇ ਪਾ ਰਿਹਾ ਤਾਂ ਫੋਟੋ, ਲਾਹ ਰਿਹਾ ਤਾਂ ਫੋਟੋ, ਗੱਡੀ ਚਲਾ ਰਿਹਾ ਤਾਂ ਫੋਟੋ, ਗੱਡੀ ਦੇ ਬਾਹਰ ਫੋਟੋ, ਅੰਦਰ ਫੋਟੋ, ਆਪਣੀ ਫੋਟੋ, ਪੱਖੇ ਦੀ ਫੋਟੋ, ਜੁੱਤੇ ਜੁੱਤੀਆਂ ਦੀ ਫੋਟੋ... ਗੱਲ ਕਿ ਬਸ ਫੋਟੋ ਹੀ ਫੋਟੋ... ਗੱਲ ਕਰਣ ਦਾ ਕਿਸੇ ਕੋਲ ਸਮਾਂ ਨਹੀਂ, ਬਸ ਚੈਟ ਹੀ ਚੈਟ, ਲਾਈਕ ਸ਼ੇਅਰ... ਬਸਸਸਸਸ....

👶 ਨਿੱਕੇ ਨਿੱਕੇ ਨਿਆਣੇ ਸਾਹਮਣੇ ਫੋਨ.. ਮਾਵਾਂ ਆਪਣਾ ਸਿਰਦਰਦ ਘਟਾਉਣ ਲਈ ਗੋਦੀ ਪਏ ਬੱਚੇ ਨੂੰ Phone 'ਤੇ ਕਾਰਟੂਨ ਲਗਾ ਕੇ ਖਵਾ ਰਹੀ ਹੈ, ਬੱਚੇ ਦਾ ਧਿਆਨ ਖਾਣ 'ਚ ਨਹੀਂ, ਕਾਰਟੂਨ 'ਚ ਹੈ, ਤੇ ਬੱਚੇ ਫਿਰ ਬੋਲਦੇ ਵੀ ਕਾਰਟੂਨਾਂ ਦੀੂ ਤਰ੍ਹਾਂ ਹੀ ਹਨ। ਸ਼ਾਪਿੰਗ ਮਾਲ ਵਿੱਚ ਵੀ ਨਿੱਕੇ ਬੱਚਿਆਂ ਲਈ Shopping Carts ਵਿੱਚ ਸਕਰੀਨ ਲਾ ਦਿੱਤੀਆਂ ਹਨ, ਕਿ ਮਾਂ ਪਿਓ ਬੱਚਿਆਂ ਤੋਂ ਪਰੇਸ਼ਾਨ ਨਾ ਹੋਣ, ਜੇ ਨਹੀਂ ਤਾਂ ਮਾਂ ਪਿਓ ਨੇ ਆਪ ਹੀ ਨਿੱਕੇ ਜਿਹੇ ਜਵਾਕ ਨੂੰ ਫੋਨ ਫੜਾਇਆ ਹੁੰਦਾ... ਤੇ ਇਹ ਬਣਨਗੇ ਸੂਰਮੇ!

☝️ ਇਸ ਸਭ ਦੇਖ ਕਿ ਲਗਦਾ ਨਹੀਂ ਕਿ ਇਹ ਕਿਸੇ ਬਿਮਾਰੀ ਦੇ ਸ਼ਿਕਾਰ ਹਨ? ਚਿੱਟਾ, ਕੋਕੀਨ, ਅਫੀਮ, ਸ਼ਰਾਬ ਆਦਿ ਨਾਲੋਂ ਕਿਤੇ ਵੱਧ ਖਤਰਨਾਕ ਨਸ਼ਾ ਬਣ ਚੁਕਾ ਹੈ "ਫੋਨ"।

️🎯 ਇਸਦੀ ਲੱਤ ਲੱਗਣ ਦੇ ਕਾਰਣ :

🔹 ਸੁਖਾਲੀ ਪਹੁੰਚ (Ease of access) ਫੋਨ ਚੁਕਦੇ ਸਾਰ ਹੀ ਆਈਕੌਨ ਬਣੇ ਹੋਣ ਨਾਲ ਇਕ ਸਪਰਸ਼ (ਟੱਚ) ਨਾਲ ਐਪ ਦਾ ਖੁੱਲ ਜਾਣਾ, ਕਿਸੇ ਤਰ੍ਹਾਂ ਦੀ ਮੁਸ਼ੱਕਤ ਨਾ ਕਰਨਾ

🔸 ਜਲਦ ਤ੍ਰਿਪਤੀ ਜਾਂ ਇਨਾਮ (Speedy Rewards) - ਜ਼ਿਆਦਾ ਲ਼ਾਈਕ, ਸ਼ੇਅਰ, ਮਨੋਰੰਜਨ, ਆਪਣੀ ਪੋਸਟ ਜਾਂ ਵੀਡੀਓ ਦੀ ਸਫਲਤਾ ਦੀ ਖੁਸ਼ੀ, ਟਿੱਕ ਟੌਕ 'ਤੇ 20-25 ਸੈਕੰਡ 'ਚ ਹੀ ਲਾਈਕ ਆਉਣੇ ਸ਼ੁਰੂ ਹੋ ਜਾਂਦੇ ਹਨ, ਇੱਕ ਵੀਡੀਓ ਤੋਂ ਅਗਲੀ ਆਪੇ ਆ ਜਾਂਦੀ ਹੈ, ਇੱਕ ਇੱਕ ਮਿੰਟ ਦੀ ਵੀਡੀਓ... ਹੁਣ ਰੀਲਜ਼ 'ਤੇ ਉਸਤੋਂ ਵੀ ਛੋਟੀ ਵੀਡੀਓ ਪਾਓ ਤੇ ਹੋਰ ਛੇਤੀ ਲਾਈਕ ਸ਼ੇਅਰ ਪਾਓ...

📚 ਕਿਤਾਬਾਂ ਪੜ੍ਹਨ ਦਾ ਸ਼ੌਂਕ ਬਿਲਕੁਲ ਨਦਾਰਦ ਹੋ ਚੁਕਾ, ਕਿੁੳਂਕਿ ਜ਼ਿੰਦਗੀ ਅਸੀਂ ਆਪ ਐਨੀ ਕੁ ਕਾਹਲ਼ ਦੀ ਬਣਾ ਲਈ ਹੈ ਕਿ ਕਿਤਾਬ ਨੂੰ ਪੜ੍ਹਨਾ ਤਾਂ ਦੂਰ, ਦੇਖਣਾ ਵੀ ਪਸੰਦ ਨਹੀਂ। ਕਿਤਾਬ ਪੜ੍ਹਨ ਲਈ ਬੈਠਣਾ ਪਊ, ਪੜ੍ਹਨਾ ਪਊ, ਪੰਨਾਂ ਪਲਟਣਾ ਪਊ, ਕੋਈ ਸੰਗੀਤ ਨਹੀਂ, ਕੋਈ ਤੜਕ ਭੜਕ ਨਹੀਂ, ਮਿਹਨਤ ਜ਼ਿਆਦਾ ਹੈ, ਇਸ ਲਈ ਹੁਣ ਦਾ ਮਨੁੱਖ ਮਿਹਨਤ ਤੋਂ ਕੰਨੀਂ ਕਤਰਾਉਂਦਾ ਹੋਇਆ ਕਿਤਾਬਾਂ ਤੋਂ ਦੂਰ ਹੋ ਗਿਆ।

️🎾️🏑 ਖੇਡਣ ਲਈ ਸਮਾਂ ਨਹੀਂ, ਮੈਦਾਨ ਖਾਲੀ ਪਏ ਨੇ, ਬੱਚਿਆਂ ਨੌਜਵਾਨਾਂ ਨੂੰ ਉਡੀਕਦੇ ਨੇ.. ਕੌਣ ਉੱਠੇ, ਕੌਣ ਕਪੜੇ ਪਾਏ, ਕੌਣ ਹਾਕੀ, ਬੱਲਾ, ਫੁੱਟਬਾਲ ਆਦਿ ਖੇਡੇ, ਕੌਣ ਨਿਆਣੇ ਇੱਕਠੇ ਕਰੇ, ਫੇਰ ਖੇਡੇ... ਐਨਾ ਸਮਾਂ ਕੀਹਦੇ ਕੋਲ਼... ਬਸ ਫੋਨ ਚੁਕੋ ਤੇ ਹੋ ਜਾਓ ਸ਼ੁਰੂ, ਫਿਰ ਸਮਾਂ ਹੀ ਸਮਾਂ...

💥 Social Networking ਕੰਪਨੀਆਂ ਨੇ ਤੁਹਾਡਾ ਸ਼ਿਕਾਰ ਕੀਤਾ ਹੈ, ਤੇ ਤੁਸੀਂ ਸ਼ਿਕਾਰ ਹੋ ਚੁਕੇ ਹੋ, ਬੀਮਾਰ ਹੋ ਚੁਕੇ ਹੋ। ਮਾਨਸਿਕ ਬੀਮਾਰੀਆਂ ਵੱਧ ਗਈਆਂ ਹਨ, ਡਿਪਰੈਸ਼ਨ, Anxiety, ਚਿੜਚਿੜਾ ਪਨ, ਮਾਈਗ੍ਰੇਨ, ਮੋਟਾਪਾ, ਨਜ਼ਰਾਂ ਕਮਜ਼ੋਰ, ਆਦਿ ਬੀਮਾਰੀਆਂ ਆਮ ਹੋ ਚੁਕੀਆਂ ਹਨ। ⚔ ਆਪਸੀ ਰਿਸ਼ਤੇ ਖਤਮ ਹੋਣ ਦੀ ਕਗਾਰ 'ਤੇ ਹਨ, ਤੂੰ ਮੇਰੀ ਪੋਸਟ ਲਾਈਕ ਸ਼ੇਅਰ ਨਹੀਂ ਕੀਤੀ, ਤੂੰ ਮੇਰੀ ਵੀਡੀਓ ਨਹੀਂ ਦੇਖੀ, ਤੁੰ ਉਸ ਨਾਲ ਚੈਟ ਕਰਦਾਂ, ਤੂੰ ਉਸ ਨਾਲ ਚੈਟ ਕਿਉਂ ਕਰਦੀ... ਬਸ ਇਹੀ ਕੁੱਝ ਬੱਚਿਆ ਹੈ। ਇਸ ਫੋਨ ਨੇ ਸਮਾਂ ਬਚਾਉਣਾ ਸੀ, ਪਰ ਹੁਣ ਇਹ ਬਰਬਾਦੀ ਦਾ ਕਾਰਣ ਬਣ ਰਿਹਾ ਹੈ.. ਖਰਾਬ ਸਿਹਤ, ਦਿਮਾਗੀ ਪਰੇਸ਼ਾਨੀਆਂ, ਰਿਸ਼ਤਿਆਂ 'ਚ ਦਰਾਰਾਂ, ਫੋਕੀ ਸ਼ੁਹਰਤ, ਫੁਕਰਾਪਨ, ਇਸ ਤੋਂ ਇਲਾਵਾ ਕੱਖ ਨਹੀਂ।

🙏 ਜੇ ਬੱਚਣਾ ਹੈ ਤਾਂ, ਫੋਨ ਨੂੰ ਫੋਨ ਵਰਗਾ ਹੀ ਵਰਤੋਂ। ਆਪਣੇ ਕੰਮਕਾਰ ਦੀਆਂ ਗੱਲਾਂ, ਈਮੇਲ, ਜਾਂ ਮੈਸੇਜ ਹੋਣ ਤਾਂ ਉਹ ਤਾਂ ਸਮਝਿਆ ਜਾ ਸਕਦਾ ਹੈ, ਤੇ ਇਸ ਬਿਨਾਂ ਹੋਣਾ ਵੀ ਨਹੀਂ, ਪਰ ਬਾਕੀ ਕੰਮ ਤਾਂ ਅਸੀਂ ਆਪ ਸਹੇੜੇ ਨੇ ਕਿ ਨਹੀਂ? ਬਹੁਤ ਘੱਟ ਲੋਕ ਹੋਣਗੇ ਜੋ ਇਸ ਦਾ ਸਹੀ ਇਸਤੇਮਾਲ ਕਰਦੇ ਹੋਣਗੇ। ਇਹ ਨਹੀਂ ਕਿ ਇਸਦੇ ਐਨੇ ਬੁਰੇ ਹੀ ਅੰਜਾਮ ਹਨ, ਕਈ ਲੋਕ ਇਸਦਾ ਸਹੀ ਇਸਤੇਮਾਲ ਕਰਕੇ ਪੈਸਾ ਵੀ ਬਣਾ ਰਹੇ ਹਨ, ਚੰਗਾ ਵੀ ਦੇਖ ਰਹੇ ਹਨ, ਸਮਾਜ ਭਲਾਈ ਦਾ ਕੰਮ ਵੀ ਕਰ ਰਹੇ ਹਨ... ਪਰ ਉਹ ਸੰਖਿਆ ਘੱਟ ਹੈ। ਅੱਜ ਦੀ ਜ਼ਿੰਦਗੀ 'ਚ ਫੋਨ ਜ਼ਰੂਰੀ ਹੈ, ਪਰ ਤੁਸੀਂ ਫੋਨ ਨੂੰ ਵਰਤੋ, ਨਾ ਕਿ ਫੋਨ ਤੁਹਾਨੂੰ ਵਰਤੇ। ਸੰਭਲ ਜਾਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਸ਼ਾ ਛੁੜਾਊ ਕੇਂਦਰਾਂ ਦੀ ਤਰ੍ਹਾਂ ਫੋਨ ਛੁੜਾਊ ਕੇਂਦਰ ਵੀ ਬਣਨ ਲੱਗ ਪੈਣਗੇ।

👇 ਕੁੱਝ ਕੁ ਤਰੀਕੇ ਹਨ ਇਸ ਬੀਮਾਰੀ ਨੂੰ ਘਟਾਉਣ ਦੇ (ਜਿਹੜੇ ਲੱਛਣ ਲੱਤ ਲਗੱਣ ਦੇ ਸੀ, ਉਸਤੋਂ ਉਲਟ ਕਰੋ)

🔸 ਸੁਖਾਲੀ ਪਹੁੰਚ ((Ease of Access)) ਘਟਾਓ
- ਸਾਰੀਆਂ ਐਪ ਡੀਲੀਟ ਕਰ ਦਿਓ, ਲੋੜ ਪੈਸ 'ਤੇ Browser ਤੋਂ ਖੋਲ ਲਵੋ
- Notification Off ਕਰ ਦਿਓ, ਸਾਉਂਡ ਘਟਾ ਦਿਓ, ਜਾਂ ਬੰਦ ਕਰ ਦਿਓ
- Private browsing / Incognito Window ਵਰਤੋ... ਇਸ ਨਾਲ ਤੁਹਾਨੂੰ Password ਬਾਰ ਬਾਰ ਭਰਨਾ ਪਵੇਗਾ, ਜਿੰਨੀ ਪਹੁੰਚ ਮੁਸ਼ਕਿਲ ਹੋਵੇਗੀ, ਆਦਤ ਘਟੇਗੀ
- ਫੋਨ ਨੂੰ ਸੌਣ ਤੋਂ ਪਹਿਲਾਂ ਤੇ ਉੱਠਣ ਤੋਂ ਬਾਅਦ ਨਾ ਵਰਤੋ, ਬਿਸਤਰ ਤੋਂ ਦੂਰ ਰੱਖੋ, ਖਾਣ ਵਾਲੇ ਮੇਜ 'ਤੇ ਸਖਤ ਮਨਾਹੀ ਰੱਖੋ

🔹 ਜਲਦ ਤ੍ਰਿਪਤੀ ਜਾਂ ਇਨਾਮ ((Speedy Rewards)) - ਜੇ ਉਪਰਲੇ ਦਿੱਤੇ ਉਪਾਅ ਕਰੋਗੇ ਤਾਂ ਜਲਦ ਇਨਾਮ ਦੀ ਲਾਲਸਾ ਨਹੀਂ ਹੋਵੇਗੀ।

ਕਿਸੇ ਨੂੰ ਮਿਲਣ ਸਮੇਂ ਫੋਨ ਨੂੰ Silent mode 'ਤੇ ਕਰ ਦਿਓ ਤੇ ਦੂਰ ਰੱਖੋ। ਗਲਬਾਤ ਕਰੋ, ਕਿਤੇ ਜਾਂਦੇ ਹੋ ਤਾਂ ਯਾਦ ਲਈ ਦੋ ਚਾਰ ਤਸਵੀਰਾਂ ਖਿੱਚ ਲਵੋ, ਪਰ ਸਮੇਂ ਦਾ ਆਨੰਦ ਮਾਣੋ। ਅਸੀਂ ਸਾਰਾ ਸਮਾਂ ਤਸਵੀਰਾਂ ਖਿੱਚਣ 'ਤੇ ਲਾ ਦਿੰਦੇ ਹਾਂ, ਤੇ ਕੁਦਰਤ ਦਾ ਨਜ਼ਾਰਾ, ਆਪਸੀ ਪ੍ਰੇਮ ਪਿਆਰ ਨੂੰ ਭੁਲਾ ਬੈਠਦੇ ਹਾਂ।

💢 ਇਹ ਕੁੱਝ ਕੁ ਨਿਯਮ ਹਨ ਜਿਸ ਨਾਲ ਹੋ ਸਕਦਾ ਹੈ ਤੁਹਾਡੀ ਆਦਤ ਘੱਟ ਜਾਵੇ, ਇਸ ਤੋਂ ਇਲਾਵਾ ਵੀ ਬਹੁਤ ਕੁੱਝ ਕੀਤਾ ਜਾ ਸਕਦਾ ਹੈ, ਪਰ ਜਿਸ ਤਰ੍ਹਾਂ ਹਰ ਨਸ਼ਾ ਛੱਡਣ ਲਈ, ਪਹਿਲਾਂ ਇਹ ਮੰਨਣਾ ਪੈਣਾ ਹੈ ਕਿ ਮੈਂਨੂੰ ਨਸ਼ਾ ਲੱਗ ਗਿਆ ਹੈ, ਇਹ ਨਸ਼ਾ ਮੇਰੇ ਅਤੇ ਮੇਰੇ ਪਰਿਵਾਰ ਲਈ ਖਤਰਨਾਕ ਹੈ, ਮੇਰੇ ਸਮਾਜ ਲਈ ਚੰਗਾ ਨਹੀਂ, ਤੱਦ ਤੱਕ ਕੋਈ ਵੀ ਕੀਤਾ ਉਪਾਅ ਸਫਲ ਨਹੀਂ।

🙏 ਹੋ ਸਕਦਾ ਹੈ ਕਿ ਤੁਹਾਨੂੰ ਇਹ ਸਭ ਕੁੱਝ ਆਪਣੇ ਉੱਤੇ ਲਿਖਿਆ ਲੱਗੇ, ਆਪਣੇ ਆਸ ਪਾਸ ਵਾਪਰਦਾ ਹੋਇਆ ਲੱਗੇ, ਤਾਂ ਫਿਕਰ ਦੀ ਲੋੜ ਹੈ, ਤੇ ਹੁਣੇ ਸੰਭਲ ਜਾਓ, ਇਹ ਨਾ ਹੋਵੇ ਕਿ "ਸਭ ਕੁੱਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ" ਵਾਲਾ ਹਾਲ ਹੋਵੇ। ਹੋ ਸਕਦਾ ਹੈ ਕਿਸੇ ਦੇ ਗੋਡੇ ਲੱਗੇ, ਤੇ ਕਿਸੇ ਦੇ ਗਿੱਟੇ, ਪਰ ਕੀ ਇਹ ਸੱਚ ਨਹੀਂ???⁉️


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top