ਖੱਪਗ੍ਰੇਡ
ਬਕੜਵਾਹ ਵਿਚਾਰਧਾਰਾ ਦਾ ਬਾਨੀ ਕੋਈ ਹੋਰ ਨਹੀਂ, ਇੰਦਰ ਸਿੰਘ ਘੱਗਾ ਹਨ, ਜਿਨ੍ਹਾਂ
ਦੀ ਰੁੱਖੀ ਬੋਲੀ, ਭੈੜੀ ਸ਼ਬਦਾਵਲੀ, ਗੁਰਮਤਿ ਤੋਂ ਉਲਟ ਵੀਚਾਰਾਂ, ਜਿਨ੍ਹਾਂ ਸਾਧਾਂ ਦੇ
ਵਿਪਰੀਤ ਇਹ ਆਪ ਲਿਖਦੇ ਰਹੇ, ਢੱਲ਼ਦੀ ਉਮਰ ਵਿੱਚ ਇੱਕ ਅਯਾਸ਼ ਸਾਧ ਦੇ ਚਰਣੀ ਲੱਗਣਾ,
ਦਰਸਾਉਂਦਾ ਹੈ ਕਿ ਇਨ੍ਹਾਂ ਦੇ ਨਕਸ਼ੇ ਕਦਮ ‘ਤੇ ਹੀ ਇਹ ਖੱਪਗ੍ਰੇਡ ਚੱਲ ਰਹੇ ਨੇ।
ਹੇਠ ਦਿੱਤਾ ਲੇਖ ਇੰਦਰ ਸਿੰਘ ਘੱਗਾ ਦੀ ਕਿਤਾਬ "ਗੁਰਮਤਿ ਦੀ ਕਸਵੱਟੀ
'ਤੇ ਪੌਰਾਣਕ ਕਥਾਵਾਂ ਦਾ ਅੰਤ" ਵਿੱਚੋਂ ਲਿਆ ਗਿਆ ਹੈ। - ਸੰਪਾਦਕ ਖ਼ਾਲਸਾ ਨਿਊਜ਼
26.01.2022
----------------------------------
ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 01)
(1) 1. ਓਮ :- ਅੱਜ ਸਭ ਤੋਂ ਮਹੱਤਵਪੂਰਨ
ਸਮਝਿਆ ਜਾ ਰਿਹਾ ਸ਼ਬਦ ਜਾਂ ਮੰਤਰ ''ਓਮ'' ਵੇਦਾਂ ਵਿਚ ਨਹੀਂ ਆਇਆ। ਇਸ ਨੂੰ ਗੁਪਤ ਰੱਖਣ
ਤੇ ਗੁਪਤ ਹੀ ਜਪਣ ਦੀ ਹਦਾਇਤ ਹੈ। ਇਹ ਸ਼ਬਦ ਧਾਰਮਕ ਰੀਤਾਂ ਅਤੇ ਪ੍ਰਾਰਥਨਾ ਲਈ ਵਰਤਿਆ
ਜਾਂਦਾ ਹੈ। ਇਸੇ ਦੀ ਉਚਾਰਣ ਧੁਨੀ ਨੂੰ ਲੰਮਾ ਕਰਕੇ ਜਪਣ ਕਾਰਨ ਸਾਧਕਾਂ ਨੇ ਇਸ ਨੂੰ ਤਿੰਨ
ਹਿੱਸਿਆਂ ਵਿਚ ਤਬਦੀਲ ਕਰ ਦਿੱਤਾ। ਇਹ ਤਿੰਨ ਅੱਖਰ ਅ-ਓ-ਮ ਦਾ ਸੰਯੁਕਤ ਸ਼ਬਦ ਹੈ, ਜਿਹੜਾ
ਕਿ ਤਿੰਨ ਵੇਦਾਂ ਦਾ ਸੂਚਕ ਹੈ। ''ਓਮ'' ਸ਼ਬਦ ਸਭ ਤੋਂ ਪਹਿਲਾਂ ਉਪਨਿਸ਼ਦਾਂ ਵਿਚ ਵਰਤਿਆ
ਗਿਆ ਹੈ। ''ਅ'' ਵਿਸ਼ਨੂੰ ਦਾ ''ਓ'' ਸ਼ਿਵ ਦਾ ਅਤੇ ''ਮ'' ਬ੍ਰਹਮਾ ਦਾ ਪ੍ਰਤੀਕਰਮ ਮੰਨਿਆ
ਜਾਂਦਾ ਹੈ। ਇਸ ਸੰਯੁਕਤ ਸ਼ਬਦ ਨੂੰ ''ਉਦਰਗੀਥ'' (ਤਾਰਨ ਵਾਲਾ, ਮੁਕਤ ਕਰਨ ਵਾਲਾ) ਕਹਿੰਦੇ
ਹਨ। ਹਿੰਦੂਆਂ ਦੇ ''ਬਾਰਾਂ ਮਹਾਂ ਲਿੰਗ'' ਮੰਦਿਰਾਂ ਵਿਚੋਂ ਇੱਕ ਨੀਮਾੜ ਜ਼ਿਲ੍ਹੇ ਦੇ
ਅਸਥਾਨ ਤੇ ਨਰਮਦਾ ਨਦੀ ਦੇ ਕੰਢੇ ਇੱਕ ਪ੍ਰਸਿੱਧ ਮੰਦਰ ਭੀ ਹੈ, ਜਿਸਨੂੰ ''ਓਮ'' ਜਾਂ ''ਓਅੰਕਾਰ''
ਕਿਹਾ ਜਾਂਦਾ ਹੈ। (ਹਿੰਦੂ ਮਿਥਿਹਾਸ ਕੋਸ਼ ਪੰਨਾ-18)
2. ਓਮ ਜਾਂ ਓਅੰਕਾਰ ਦਾ ਅਰਥ ਹੈ ਰੱਖਿਆ
ਕਰਨੀ, ਬਚਾਉਣਾ, ਤ੍ਰਿਪਤ ਹੋਣਾ, ਫੈਲਣਾ ਅਤੇ ਪ੍ਰਮਾਤਮਾ। ਸੰਸਕ੍ਰਿਤ ਦੇ ਵਿਆਖਿਆਕਾਰਾਂ
ਨੇ ''ਓ-ਅ-ਮ'' ਤਿੰਨ ਅੱਖਰਾਂ ਨੂੰ ਇਸ ਤਰ੍ਹਾਂ ਸਵੀਕਾਰਿਆ ਹੈ- ''ਓ'' - ਬ੍ਰਹਮਾ,
''ਅ'' - ਵਿਸ਼ਨੂੰ, ''ਮ'' - ਸ਼ਿਵ ਮੰਨਕੇ ਤਿੰਨਦੇਵ (ਤੀਨ ਮੂਰਤੀ) ਰੂਪ ਕਲਪਿਆ ਹੈ। ਗੁਰੂ
ਨਾਨਕ ਨੇ ਮੁੱਢ ਵਿਚ ਏਕਾ (੧) ਲਿਖ ਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ। ਨੀਮਾੜ
ਜ਼ਿਲ੍ਹੇ ਵਿਚ ਜੋ ਵੱਡਾ ਹਿੰਦੂ ਮੰਦਰ ਹੈ, ਇਸ ਥਾਂ ਗੁਰੂ ਨਾਨਕ ਸਾਹਿਬ ਜੀ ਨੇ ਪੁਜਾਰੀਆਂ
ਨਾਲ ਲੰਮੀ ਵਿਚਾਰ ਚਰਚਾ ਰਾਹੀਂ ਉਹਨਾਂ ਨੂੰ ਰੱਬੀ ਗਿਆਨ ਦਿੱਤਾ। ਇਸੇ ਥਾਂ ਵਿਖੇ ਗੁਰੂ
ਜੀ ਨੇ ਰਾਮਕਲੀ ਰਾਗ ਵਿਚ ''ਓਅੰਕਾਰ'' ਨਾਮੀ ਬਾਣੀ ਉਚਾਰਣ ਕੀਤੀ ਸੀ। (ਭਾਈ ਕਾਹਨ ਸਿੰਘ
ਨਾਭਾ, ਮਹਾਨ ਕੋਸ਼ ਪੰਨਾ-21)
ਵਿਚਾਰ :- ਜਿਸ ਖਿੱਤੇ ਦੇਸ ਜਾਂ ਸਭਿਅਤਾ ਵਿਚ ਕੋਈ ਵਿਅਕਤੀ ਜਨਮ ਲੈਂਦਾ ਹੈ, ਉਸ ਦੁਆਰਾ
ਹੀ ਪਹਿਲਾਂ ਗਿਆਨ ਹਾਸਲ ਕਰਦਾ ਹੈ। ਫਿਰ ਉਸੇ ਪ੍ਰਚਲਤ ਬੋਲੀ ਅਤੇ ਮੁਹਾਵਰੇ ਵਿਚ ਆਪਣੇ
ਵਿਚਾਰ ਪ੍ਰਗਟ ਕਰਦਾ ਹੈ। ਕਿਉਂਕਿ ਉਸ ਵਿਸ਼ੇਸ਼ ਤਰ੍ਹਾਂ ਦੇ ਲੋਕਾਂ ਨੂੰ ਉਹੀ ਬੋਲੀ ਸਮਝ ਆ
ਸਕਦੀ ਹੈ ਜੋ ਉਹਨਾਂ ਪੀੜ੍ਹੀ ਦਰ ਪੀੜ੍ਹੀ ਸਿੱਖੀ ਹੋਈ ਹੁੰਦੀ ਹੈ। ਗੁਰੂ ਨਾਨਕ ਸਾਹਿਬ
ਪੰਜਾਬ ਵਿਚ ਜਨਮੇ, ਪੜ੍ਹੇ ਤੇ ਪ੍ਰਵਾਨ ਚੜ੍ਹੇ। ਇਸੇ ਖਿੱਤੇ ਵਿਚ ਆਮ ਲੋਕਾਂ ਨਾਲ ਗੱਲਬਾਤ
ਹੁੰਦੀ, ਸਾਧੂਆਂ ਉਦਾਸੀਆਂ ਨੂੰ ਮਿਲਦੇ। ਇਸੇ ਪੰਜਾਬ ਦੀ ਧਰਤੀ ਤੇ ਮੋਦੀ (ਸਿਵਲ ਸਪਲਾਈ
ਮਹਿਕਮੇ ਦੇ ਪੰਜਾਬ ਭਰ ਦੇ ਸਭ ਤੋਂ ਵੱਡੇ ਅਫਸਰ) ਵਾਲੀ ਨੌਕਰੀ ਕੀਤੀ।
ਭਾਰਤ ਵਿਚ ਜਿਨ੍ਹਾਂ ਧਰਮਾਂ ਦਾ ਉਸ ਵਕਤ ਵਧੇਰੇ ਪ੍ਰਭਾਵ ਸੀ ਉਹ ਸਨ ਹਿੰਦੂ (ਵੈਦਿਕ),
ਇਸਲਾਮ, ਜੋਗਮਤ, ਜੈਨ ਮੱਤ, ਜਾਂ ਸਾਕਤ ਮੱਤ। ਜੋ ਕੁਝ ਇਹਨਾਂ ਸਾਰਿਆਂ ਦੇ ਸਾਹਿਤ ਵਿਚ
ਲਿਖਿਆ ਹੋਇਆ ਸੀ ਗੁਰੂ ਨਾਨਕ ਜੀ ਨੇ ਉਸ ਦਾ ਡੂੰਘਾ ਅਧਿਐਨ ਕੀਤਾ। ਜਿਸ ਮੁਹਾਵਰੇ ਵਿਚ
ਇਹਨਾਂ ਦੀ ਲਿਖਤ ਲਿਖੀ ਗਈ ਉਹ ''ਤੀਨ ਦੇਵ'' ਪਰਧਾਨ ਸੀ। ਉਥੇ ਚੌਵੀ ਅਵਤਾਰਾਂ ਦਾ ਬਾਰ
ਬਾਰ ਜ਼ਿਕਰ ਸੀ। ਉਸ ਵਿਚ ਗੀਤਾ, ਰਾਮਾਇਣ, ਮਹਾਂਭਾਰਤ ਸੀ। ਉਸ ਵਿਚ ਵੇਦ ਪੁਰਾਣ ਤੇ
ਸਿਮ੍ਰਿਤੀਆਂ ਸਨ। ਉਹਨਾਂ ਵੱਲੋਂ ਲੋਕਾਂ ਤੇ ਪਿਆ ਪ੍ਰਭਾਵ ਸਪਸ਼ਟ ਦਿੱਸ ਰਿਹਾ ਸੀ। ਆਮ ਲੋਕਾਂ
ਦੀ ਸੋਚਣੀ ਤੇ ਕੰਮ ਕਾਜੀ ਮੁਹਾਵਰੇ ਉਸ ਪੁਰਾਤਨ ਧਰਾਤਲ ਵਿਚੋਂ ਵਿਕਾਸ ਕਰਦੇ, ਥੋੜ੍ਹੇ
ਬਹੁਤ ਰੂਪ ਵਟਾਉਂਦੇ ਸਫਰ ਤੈਅ ਕਰਦੇ ਆਮ ਜਨਸਮੂੰਹ ਦੀ ਜ਼ੁਬਾਨ ਉੱਤੇ ਸਨ। ਨਵੇਂ ਵਿਚਾਰ,
ਨਵੀਂ ਬੋਲੀ ਵਿਚ ਨਹੀਂ ਦਿੱਤੇ ਜਾ ਸਕਦੇ।
ਸਗੋਂ ਲੋਕਾਂ ਵਿਚ ਹਰਮਨ ਪਿਆਰੀ ਬੋਲੀ ਵਿਚ ਹੀ ਸਮਝਾਏ ਜਾ ਸਕਦੇ ਹਨ। ਇਸਾਈ ਪਾਦਰੀਆਂ
ਨੇ ਭਾਰਤ ਵਿਚ ਆ ਕੇ ਅੰਗਰੇਜ਼ੀ ਰਾਹੀਂ ਇਸਾਈਅਤ ਨਹੀਂ ਫੈਲਾਈ, ਸਗੋਂ ਸਥਾਨਕ ਬੋਲੀਆਂ ਵਿਚ
ਖੁਦ ਮੁਹਾਰਤ ਹਾਸਲ ਕੀਤੀ, ਤੇ ਆਪਣਾ ਮੱਤ ਵਧਾਇਆ। ਪੰਜਾਬੀ (ਗੁਰਮੁਖੀ) ਦੀ ਸਭ ਤੋਂ ਪਹਿਲੀ
ਅੱਖਰ ਬਣਤਰ ਸੰਨ 1845 ਵਿਚ ਲੁਧਿਆਣੇ ਦੇ ਇਸਾਈ ਪਾਦਰੀਆਂ ਨੇ ਤਿਆਰ ਕੀਤੀ ਸੀ। ਇਹਨਾਂ
ਵੱਲੋਂ ਹੀ ਸੰਨ 1846 ਵਿਚ ਪੰਜਾਬੀ ਦੀ ਪਹਿਲੀ ਪੁਸਤਕ ਛਾਪੇਖਾਨੇ ਵਿਚ ਛਪੀ ਸੀ। ਫਿਰ ਇਸੇ
ਤਰਕੀਬ ਨੂੰ ਅਮਲ ਵਿਚ ਲਿਆਉਂਦਿਆਂ ਭਾਈ ਹੀਰਾ ਨੰਦ ਨੇ ਲਹੌਰ ਤੋਂ ਛਾਪਾਖਾਨਾ ਚਾਲੂ ਕੀਤਾ
ਤੇ ਬਹੁਤ ਸਾਰੇ ਹੋਰ ਸੁਧਾਰ ਕਰਕੇ ਸੰਨ 1887 ਵਿਚ ਗੁਰਬਾਣੀ ਦੀ ਛਪਾਈ ਸ਼ੁਰੂ ਕੀਤੀ।
ਅੱਜ ਭਾਵੇਂ ਬਹੁਤ ਪ੍ਰਕਾਰ ਕੇ ਸੁੰਦਰ ਪੰਜਾਬੀ ਅੱਖਰ ਵੇਖੇ ਜਾ ਸਕਦੇ ਹਨ, ਇਹ ਸ਼ੁਰੂਆਤੀ
ਕਾਰਜ, ਇਸਾਈ ਪ੍ਰਚਾਰਕਾਂ ਨੇ ਹੀ ਕੀਤੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਨਵੇਂ
ਨਵੇਕਲੇ ਦਿੱਤੇ ਹਨ, ਪਰ ਮਹਾਵਰਾ (ਸਮਝਾਉਣ ਦਾ ਢੰਗ) ਪੰਜਾਬੀ ਹਿੰਦੂ ਪੌਰਾਣਕ ਰੰਗ ਵਾਲਾ
ਹੈ। ਸਾਨੂੰ ਸਹੀ ਸਮਝ ਤਦੋਂ ਪੈਂਦੀ ਹੈ, ਜਦੋਂ ਗੁਰਬਾਣੀ ਦਾ ਗਹਿਰਾਈ ਨਾਲ ਚਿੰਤਨ ਕਰਦੇ
ਹਾਂ। ਇੱਕ ਥਾਵੇਂ ਗੁਰੂ ਜੀ ਬ੍ਰਹਮਾ ਦੀ ਪ੍ਰਸੰਸਾ ਕਰਦੇ ਪ੍ਰਤੀਤ ਹੋ ਰਹੇ ਹਨ। ਉਸੇ ਸ਼ਬਦ
ਵਿਚ ਜਾਂ ਕਿਸੇ ਹੋਰ ਪੰਨੇ ਤੇ ਬ੍ਰਹਮਾ ਦੀਆਂ ਮੰਦ ਕਰਤੂਤਾਂ ਨੂੰ ਨੰਗਾ ਕਰ ਰਹੇ ਹੁੰਦੇ
ਹਨ। ਕਿਸੇ ਹੋਰ ਥਾਵੇਂ ਅਣਗਿਣਤ ਬ੍ਰਹਮੇ ਆਖ ਕੇ ਉਸਦੀ ਹਸਤੀ ਨੂੰ ਕੱਖੋਂ ਹੌਲਾ ਕਰ ਰਹੇ
ਹੁੰਦੇ ਹਨ। ਅਖੀਰ ਇਸ ਨਤੀਜੇ ਤੇ ਪੁਚਾ ਦਿੰਦੇ ਹਨ ਕਿ ਬ੍ਰਹਮੇ ਆਦਿ ਹਸਤੀਆਂ ਨਿਰੀ ਕਪੋਲ
ਕਲਪਨਾ ਹਨ, ਇਹਨਾਂ ਦੀ ਕੋਈ ਹੋਂਦ ਨਹੀਂ ਹੈ। ਇੱਕ ਨਿਰੰਕਾਰ ਹੀ ਸਰਬਕਲਾ ਸਮਰੱਥ ਹੈ। ਜਦੋਂ
ਲੋਕਾਈ ਦਾ ਹਾਲੀ ਮਾਨਸਿਕ ਵਿਕਾਸ ਮੁੱਢਲੇ ਪੜਾਅ ਉੱਤੇ ਸੀ ਤਦੋਂ ਇਹ ਪੌਰਾਣਕ ਗ੍ਰੰਥ ਲਿਖੇ
ਗਏ ਸਨ। ਅੱਜ ਇਹਨਾਂ ਦੀ ਸਾਡੇ ਜੀਵਨ ਵਿਚ ਕੋਈ ਅਗਾਂਹਵਧੂ ਦੇਣ ਨਹੀਂ ਹੈ।
ਸਮੇਂ ਦੇ ਫੇਰ ਨਾਲ ''ਓਂਮ'' ਤੋਂ ਬਦਲਕੇ ''ਓਅੰਕਾਰ'' ਬਣਿਆ। ਫਿਰ ਇਸ ਨੂੰ ਉਚਾਰਣ
ਦੀਆਂ ਵਿਧੀਆਂ ਲਈ ਸਿੱਖਿਆ ਦਿੱਤੀ ਜਾਣ ਲੱਗੀ। ਉਪ੍ਰੰਤ ਅੱਖਾਂ ਮੀਟ ਕੇ ਸਮਾਧੀ ਸਥਿਤ ਹੋ
ਕੇ, ਪ੍ਰਵਾਰ ਤਿਆਗ ਕੇ, ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ, ਇਸ ''ਕਲਿਆਣਕਾਰੀ ਓਅੰਕਾਰ''
ਦੇ ਜਾਪ ਗੂੰਜਣ ਲੱਗ ਪਏ। ਇਸੇ ਅਵਸਥਾ ਵਿਚ ਗਲਤਾਨ ਹੋਏ ਇਥੋਂ ਦੇ ਜਨਸਮੂੰਹ ਨੂੰ ਸਮੇਤ
ਉਹਨਾਂ ਦੇ ਧਰਮ ਮੁਖੀਆਂ ਦੇ, ਗੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜ ਲਿਆ ਗਿਆ। ਲੱਗਭਗ ਇੱਕ
ਹਜ਼ਾਰ ਸਾਲ ਤੱਕ ਇਹ ਦੁਖਦਾਈ ਗੁਲਾਮੀ ਗਲ੍ਹੋਂ ਨਹੀਂ ਲੱਥੀ। ਗੁਰੂ ਨਾਨਕ ਸਾਹਿਬ ਜੀ ਨੇ
ਡੂੰਘਾ ਮੁਤਾਲਿਆ ਕੀਤਾ ਤੇ ਆਪਣੇ ਵੱਲੋਂ ਨਿਰੰਕਾਰ ਦੀ ਹਸਤੀ ਨੂੰ ਪ੍ਰਗਟਾਉਣ ਵਾਲੇ,
ਓਅੰਕਾਰ ਦੇ ਅਗੇਤਰ ਵਿਚ ''ੴ '' (ਇਕ) ਲਾ ਦਿੱਤਾ। ਜਿਵੇਂ ਹਿੰਦੂ ਸਾਧੂਆਂ ਨੇ ਓਅੰਕਾਰ
ਦੇ ਅਰਥ ''ਤੀਨਦੇਵ'' ਵਿਚ ਪਲਟ ਲਏ ਸਨ, ਅਗਰ ਗੁਰੂ ਜੀ ਅੱਗੇ ''ਏਕਾ'' ਨਾ ਲਾਉਂਦੇ, ਇੱਕ
ਤਾਂ ਸਿੱਖ ਮੱਤ ਹਿੰਦੂ ਮੱਤ ਤੋਂ ਵੱਖਰਾ ਹੋ ਹੀ ਨਹੀਂ ਸਕਣਾ ਸੀ। ਦੂਜਾ ਸਮਾਂ ਪਾ ਕੇ
ਸਿੱਖ ਵਿਦਵਾਨਾਂ ਨੇ ਮੁੜ ਉਹੀ ਗਲਤੀ ਕਰਨੀ ਸੀ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਵਾਲੀ ਤਿੱਕੜੀ
ਦੀ ਉਸਤਤੀ। ਗੁਰੂ ਨਾਨਕ ਸਾਹਿਬ ਨੇ ਓਅੰਕਾਰ ਦੇ ਅੱਗੇ ''ਏਕਾ'' ਨਹੀਂ ਲਾਇਆ ਬਲਕਿ ਤਿੰਨ
ਸ਼ਕਤੀਸ਼ਾਲੀ ਮੁਢਲੇ ਹਿੰਦੂ ਦੇਵਤਿਆਂ ਦਾ ਖਾਤਮਾ ਕਰ ਦਿੱਤਾ ਹੈ।
ਚਲ ਰਹੀ ਕਿਸੇ ਮਾਮੂਲੀ ਰੀਤ ਨੂੰ ਤੋੜਨ ਵਾਲੇ ਤੇ ਲੋਕਾਂ ਦਾ ਗੁੱਸਾ ਭਿਆਨਕ ਰੂਪ
ਅਖਤਿਆਰ ਕਰ ਜਾਂਦਾ ਹੈ। ਇਹ ਤਾਂ ਹੈ ਈ ਹਿੰਦੂਆਂ ਦੀਆਂ ਮੁਢਲੀਆਂ ਮਨੌਤਾਂ ਦੇ ਜੜੀਂ
ਕੁਹਾੜਾ ਫੇਰਨ ਵਾਲੀ ਗੱਲ। ਉਹ ਭੀ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਦੋਂ ਅਜਿਹੀ ਨਵੇਕਲੀ
ਵਿਚਾਰ ਛੇਤੀ ਕੀਤੇ ਕਿਸੇ ਦੇ ਸੰਘ ਥੱਲੇ ਉਤਰਨ ਦੇ ਚਾਨਸ ਮਾਮੂਲੀ ਹੋਣ। ਜੇ ''ਤੀਨਦੇਵ''
ਦੀ ਹੱਤਿਆ ਹੋ ਗਈ ਫਿਰ ਇਹਨਾਂ ਪੈਦਾ ਕੀਤੇ ਗਏ ਅਵਤਾਰਾਂ ਦੇ ਜਿੰਦਾ ਰਹਿਣ ਦੇ ਕੋਈ ਆਸਾਰ
ਨਹੀਂ। ਰਾਮ, ਕ੍ਰਿਸ਼ਨ, ਵਿਸ਼ਨੂੰ ਦੇ ਅਵਤਾਰ ਪ੍ਰਚਾਰੇ ਭੀ ਗਏ। ਵਿਸ਼ਨੂੰ ਨਾ ਰਿਹਾ ਤਾਂ
ਵਿਚਾਰੇ ਉਸ ਤੋਂ ਪੈਦਾ ਹੋਏ ਬਾਕੀ ਅੱਠ ਅਵਤਾਰ ਭੀ ਗਏ। ਰਾਮ ਚੰਦਰ ਨਾ ਰਿਹਾ ਤਾਂ ਰਾਮਾਇਣ
ਦੀ ਕਥਾ ਕਿਥੇ ਰਹੇਗੀ ? ਰਾਵਣ ਦੀ ਲੰਕਾ ਦਾ ਸੜਨਾ, ਦੁਸਹਿਰੇ ਵਾਲੇ ਦਿਨ ਤਿੰਨ ਲੰਕਾ ਵਾਸੀ
ਰਾਜਿਆਂ ਦੇ ਪੂਤਲੇ ਸਾੜਨੇ, ਮੂਰਖਤਾ ਭਾਸੇਗੀ। ਦਿਵਾਲੀ ਫਿਰ ਕਿਸ ਖੁਸ਼ੀ ਵਿਚ ਮਨਾਈ ਜਾਏਗੀ
? ਜੇ ਰਾਮ ਸੁਖੀ ਸਾਂਦੀ ਅਯੁਧਿਆ ਵਾਪਿਸ ਆਉਂਦਾ ਨਾ ਵਿਖਾਇਆ ਗਿਆ ਖਰਬਾਂ ਰੁਪੈ ਦਾ ਵਪਾਰ
ਠੱਪ ਹੋ ਕੇ ਰਹਿ ਜਾਵੇਗਾ। ਵਿਸ਼ਨੂੰ ਦੀ ਅਣਹੋਂਦ ਵਿਚ ਕ੍ਰਿਸ਼ਨ ਤਾਂ ਫਿਰ ਜੰਮ ਹੀ ਨਹੀਂ
ਸਕੇਗਾ। ਕਿਉਂਕਿ ਇਹ ਵਿਸ਼ਨੂੰ ਦਾ ਹੀ ਅਵਤਾਰ ਸੀ। ਫਿਰ ਅੱਗੋਂ ਮਹਾਂਭਾਰਤ ਦਾ ਜੰਗ ਜਿਸ
ਵਿਚ ਕ੍ਰਿਸ਼ਨ ਮੁੱਖ ਭੂਮਿਕਾ ਨਿਭਾਉਂਦਾ ਹੈ, ਉਸ ਦਾ ਕੀ ਬਣੇਗਾ? ਅਰਜਣ ਨੂੰ ਉਪਦੇਸ਼ ਦੇ ਕੇ
ਜੰਗ ਲਈ ਤਿਆਰ ਕਰਨ, ਹੌਸਲਾ ਭਰਨ ਵਾਲੀ ਗੀਤਾ ਕਿਵੇਂ ਲਿਖੀ ਜਾਵੇਗੀ ? .......
ਓਅੰਕਾਰ ਦੇ ਅੱਗੇ ''ੴ '' (ਏਕਾ) ਲਿਖਣ ਦੇ ਬੜੇ ਡੂੰਘੇ ਤੇ ਵਿਰਾਟ ਅਰਥ ਹਨ। ਜਿਨ੍ਹਾਂ
ਨੂੰ ਹਾਲੀ ਸਮਝਿਆ ਨਹੀਂ ਗਿਆ। ਜਿਸ ਦਿਨ ਸਿੱਖਾਂ ਨੂੰ ਸਿਰਫ ''ੴ '' ਦੇ ਅਰਥ ਸਮਝ ਆ ਗਏ,
ਸਮਝ ਲਓ ਉਸ ਦਿਨ ''ਗਿਆਨ ਦੀ ਹਨ੍ਹੇਰੀ'' ਵਗ ਪਵੇਗੀ। ਤਮਾਮ ਦੇਵੀਆਂ ਦੇਵਤਿਆਂ ਦਾ ਫਸਤਾ
ਵੱਢਿਆ ਜਾਵੇਗਾ। ਜਿੰਨੇ ਲੋਕੀਂ ਰੱਬ ਦੇ ਨਾਂ ਤੇ ਦੁਕਾਨਾਂ ਖੋਹਲੀਂ ਬੈਠੇ ਹਨ, ਉਸ ਦਿਨ
ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਸਾਰੇ ਵਹਿਮ-ਭਰਮ ਕੱਖਾਂ ਕਾਨਿਆਂ ਵਾਂਗ ਉੱਡ
ਜਾਣਗੇ। ਸਿੱਖ ਪੰਥ ਉਸੇ ਦਿਨ ਤੋਂ ਹਿੰਦੂਆਂ ਨਾਲੋਂ ਵੱਖਰਾ ਹੋ ਜਾਵੇਗਾ, ''ਨਿਰੋਲ ਖਾਲਸਾ,
ਵੱਖਰੀ ਕੌਮ''। ਗੁਰੂ ਗ੍ਰੰਥ ਵਿਚ ਜਦੋਂ ਰਾਗ ਬਦਲਦਾ ਹੈ, ਬਾਣੀਕਾਰ ਬਦਲਦਾ ਹੈ, ਤਾਂ ਆਮ
ਕਰਕੇ ਉਥੇ ਹੀ ਮੰਗਲ ਲਿਖਿਆ ਮਿਲਦਾ ਹੈ। ਮੰਗਲ ਤੋਂ ਪਹਿਲਾਂ ਹਰ ਵਾਰੀ ''ੴ '' ਜ਼ਰੂਰ
ਲੱਗਿਆ ਹੋਇਆ ਹੈ। ਆਓ ਇੱਕ ਵਾਰੀ ਮੰਗਲਾਂ ਤੇ ਤਰਦੀ ਜਿਹੀ ਨਜ਼ਰ ਮਾਰ ਲਈਏ -
(ੳ) ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥
ਇਹ ਪੂਰਾ ਸਰੂਪ ਬੀੜਾਂ ਵਿਚ ਤੇਤੀ (33) ਵਾਰ ਲਿਖਿਆ ਮਿਲਦਾ ਹੈ।
(ਅ) ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਇਹ ਸਰੂਪ ਅੱਠ ਵਾਰੀ ਆਇਆ ਹੈ।
(ੲ) ੴ ਸਤਿਨਾਮੁ ਗੁਰਪ੍ਰਸਾਦਿ ॥ ਇਹ ਸਰੂਪ ਦੋ ਵਾਰੀ ਆਇਆ ਹੈ।
(ਸ) ੴ ਸਤਿਗੁਰ ਪ੍ਰਸਾਦਿ ॥ ਇਹ ਸਰੂਪ ਪੰਜ ਸੌ ਪੱਚੀ (525) ਵਾਰ ਆਇਆ ਹੈ। ਸਾਰੇ ਰੂਪਾਂ
ਵਿਚਲੇ ਮੰਗਲਾਂ ਦਾ ਕੁੱਲ ਜੋੜ 525+2+8+33 568
ਹੁਣ ਜ਼ਰਾ ਧਿਆਨ ਨਾਲ ਸੋਚੋ! ਪੰਜ ਸੌ ਅਠਾਹਠ ਵਾਰੀ ਮੰਗਲ ਤੋਂ ਪਹਿਲਾਂ ਏਕਾ (ੴ )
ਲਿਖਣਾ ਗੁਰੂ ਜੀ ਭੁੱਲੇ ਨਹੀਂ। ਬਾਰ ਬਾਰ ਚੇਤੇ ਕਰਵਾ ਰਹੇ ਹਨ ; ਸਿੱਖੋ ! ਜਿਸ ਓਅੰਕਾਰ
ਦੀ ਮੈਂ ਗੱਲ ਕਰ ਰਿਹਾ ਹਾਂ, ਉਹ ਹਿੰਦੂ ਮੱਤ ਵਾਲੀ ''ਤੀਨ ਦੇਵ ਮੂਰਤੀ'' ਨਹੀਂ ਹੈ। ਮੇਰੇ
ਓਅੰਕਾਰ ਤੋਂ ਪਹਿਲਾਂ ਜੋ ਏਕਾ ਲੱਗਿਆ ਹੋਇਆ ਹੈ, ਉਹ ਤ੍ਰਿਕੜੀ ਨੂੰ ਖਤਮ ਕਰਨ ਲਈ ਹੈ।
ਓਅੰਕਾਰ ਦੇ ਅਰਥ ਨਾਸਮਝੀ ਕਾਰਨ ਬਦਲ ਸਕਦੇ ਹਨ। ਹਿੰਦਸਿਆਂ ਵਾਲੇ ''ੴ'' ਦੇ ਅਰਥ ਦੋ,
ਤਿੰਨ ਨਹੀਂ ਹੋ ਸਕਣਗੇ। ਪਰ ਮੂਰਖਤਾ ਦੀ ਸਿਖਰ ਦੇਖੋ ਕਿ ਬਹੁਗਿਣਤੀ ਸਿੱਖ ਸਟੇਜਾਂ ਤੇ
ਗੁਰਬਾਣੀ ਦੀ ਹਜ਼ੂਰੀ ਵਿਚ ਨਾਸ਼ਵਾਨ ਤੇ ਰੱਦ ਕੀਤੇ ਜਾ ਚੁੱਕੇ ਦੇਵੀ ਦੇਵਤਿਆਂ ਦੀਆਂ
ਕਹਾਣੀਆਂ ਹਰ ਰੋਜ਼ ਸੁਣਾਈਆਂ ਜਾ ਰਹੀਆਂ ਹਨ। ਸਿੱਖ ਸ਼ਕਲਾਂ ਵਾਲੇ, ਨਿੱਤ ਰੱਬੀ ਬਾਣੀ ਨੂੰ
ਮੱਥਾ ਟੇਕਣ ਵਾਲੇ ਇਹ ਕੂੜ੍ਹ ਕਹਾਣੀਆਂ ਬੜੀ ''ਸ਼ਰਧਾ'' ਨਾਲ ਸੁਣ ਭੀ ਰਹੇ ਹਨ ਤੇ ਸਟੇਜ
ਤੋਂ ਝੂਠ ਪ੍ਰਚਾਰ ਕਰਨ ਵਾਲੇ ਨੂੰ ਆਪਣੀ ਖੂਨ-ਪਸੀਨੇ ਵਾਲੀ ਕਮਾਈ ਅਰਪਣ ਭੀ ਕਰੀ ਜਾ ਰਹੇ
ਹਨ। ਧੰਨ ਸ਼ਰਧਾ, ਧੰਨ ਸਿੱਖੀ।
ਅੱਜ ਵਿੱਦਿਆ ਦੇ ਪਸਾਰ ਦਾ, ਗਿਆਨ ਦਾ, ਰਾਕਟ ਤੇ ਕੰਪਿਊਟਰ ਦਾ ਜੁੱਗ ਹੈ। ਹਰ ਕੰਮ
ਵਿਚ ਇਨਸਾਨ ਅੱਗੇ ਨਾਲੋਂ ਹਜ਼ਾਰਾਂ ਗੁਣਾ ਤੇਜ਼ ਹੋ ਗਿਆ ਹੈ। ਇੱਕੀਵੀਂ ਸਦੀ ਵਿਚ ਪ੍ਰਵੇਸ਼
ਕਰਕੇ ਗੁਰਬਾਣੀ ਪੜ੍ਹਨੀ, ਵਿਚਾਰਨੀ ਬਹੁਤ ਆਸਾਨ ਹੋ ਗਈ ਹੈ। ਸੀ. ਡੀਜ਼. ਰਾਹੀਂ ਜਾਂ
ਇੰਟਰਨੈੱਟ ਰਾਹੀਂ ਕਿਸੇ ਸਮੇਂ, ਕਿਸੇ ਥਾਂ ਗੁਰਬਾਣੀ ਵਿਚਾਰੀ ਜਾ ਸਕਦੀ ਹੈ। ਕੋਸ਼ਿਸ਼ ਕਰਨ
ਤੇ ਜੇ ਖੁਦ ਪਾਠ ਕਰਨ ਲੱਗ ਗਏ ਤਾਂ ਬਹੁਤ ਸਾਰੇ ਅਰਥ-ਭਾਵ ਆਪਣੇ ਆਪ ਸਮਝ ਆਉਣ ਲੱਗ ਪੈਂਦੇ
ਹਨ। ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਗੁਰੂ ਅੰਗਦ ਸਾਹਿਬ ਆਪਣੇ ਢੰਗ ਨਾਲ ਸਮਝਾਉਂਦੇ ਹਨ।
ਗੁਰੂ ਅਮਰਦਾਸ ਜੀ ਉਸੇ ਨਾਨਕ ਬਾਣੀ ਦੀ ਹੋਰ ਵਿਆਖਿਆ ਕਰਦੇ ਹਨ। ਗੁਰੂ ਅਰਜਨ ਸਾਹਿਬ ਜੀ
ਮਾਨੋ ਗੁਰੂ ਨਾਨਕ ਨੂੰ ਪੁੱਛ ਪੁੱਛ ਕੇ ਹੀ ਸ਼ਬਦ ਲਿਖ ਰਹੇ ਹਨ। ਗੁਰਬਾਣੀ ਦਾ ਤੱਤਸਾਰ
ਸਮਝਣ ਵਾਲੇ ਲੰਮਾ ਸਮਾਂ ਗੁਰਬਾਣੀ ਦੇ ਸੰਪਾਦਨ ਕਾਰਜ ਪੂਰੇ ਕਰਨ ਵਾਲੇ ਭਾਈ ਗੁਰਦਾਸ ਜੀ
ਜਦੋਂ ਆਪਣੀ ਰਚਨਾ ਵਾਰਾਂ ਤੇ ਕਬਿੱਤ ਲਿਖ ਕੇ ਸਿੱਖ ਜਗਿਆਸੂਆਂ ਅੱਗੇ ਰੱਖਦੇ ਹਨ, ਤਾਂ
ਉਸਦਾ ਬਹੁਤਾ ਹਿੱਸਾ ਸੁਤੇ ਸਿੱਧ ਸਮਝ ਆ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਤੋਂ ਭੀ ਬਹੁਤ ਪਹਿਲਾਂ ਹੋ ਚੁੱਕੇ ਬਾਬਾ ਸ਼ੇਖ ਫਰੀਦ ਜੀ ਠੇਠ
ਤੇ ਠੁੱਕਦਾਰ ਪੰਜਾਬੀ ਬੋਲਦੇ, ਲਿਖਦੇ ਹਨ, ਝੱਟ ਸਮਝ ਆ ਜਾਂਦੀ ਹੈ। ਬਿਨਾਂ ਟੀਕਾ (ਅਰਥ)
ਕਰਨ ਤੋਂ ਬਾਣੀ ਸਮਝ ਵਿਚ ਪੈ ਰਹੀ ਹੈ। ਪਰ ਸਿਰੇ ਦਾ ਦੁਖਦਾਈ ਪਹਿਲੂ ਇਹ ਹੈ ਕਿ ਜੋ ਅਰਥ
ਵਿਚਾਰ ਵਾਲੇ ਟੀਕੇ ਲਿਖੇ ਗਏ ਹਨ ਉਹਨਾਂ ਨੂੰ ਸਮਝਣ ਲਈ ਫਿਰ ਹੋਰ ਟੀਕੇ ਦੀ ਲੋੜ ਪੈਂਦੀ
ਹੈ। ਟੀਕਾਕਾਰ ਅਰਥ ਕਰਨ ਲੱਗਦੇ ਹਨ, ਪਰ ਗੁਰੂ ਦੀ ਮੂਲ ਭਾਵਨਾ ਤੋਂ ਕਿਤੇ ਦੂਰ ਲੈ ਜਾਂਦੇ
ਹਨ। ਇਹਨਾਂ ਵਿਚੋਂ ਬਹੁਤੇ ਲਿਖਾਰੀ ਹਿੰਦੂ ਮਤ ਵਾਲਾ ''ਪੌਰਾਣਕ ਕਚਰਾ'' ਆਪਣੇ ਨਾਲ ਹੀ
ਚੁੱਕੀ ਰੱਖਦੇ ਹਨ। ਗੁਰਬਾਣੀ ਦੀ ਸੁਤੰਤਰ ਵਿਆਖਿਆ ਤੇ ਫਿਲਾਸਫੀ ਨਿਰਧਾਰਤ ਕਰਨ ਦੀ ਥਾਂ
''ਵੈਦਿਕ ਫਿਲਾਸਫੀ ਤੇ ਪੌਰਾਣਕ ਰੰਗ'' ਵਿਚ ਡੋਬ ਦਿੰਦੇ ਹਨ।
ਭਾਈ ਗੁਰਦਾਸ ਜੀ ਤੋਂ ਬਿਨਾਂ ਜਦੋਂ ਕਦੀ ਗੁਰਬਾਣੀ ਦੀ ਟੀਕਾਕਾਰੀ ਵਿਚ ਕਿਸੇ ਨੇ
ਮਾਅਰਕਾ ਮਾਰਿਆ ਹੈ, ਉਹਨਾ ਵਿਚੋਂ ਪਹਿਲਾ ਨਾਮ ਪਿਰਥੀ ਚੰਦ ਦੇ ਪੋਤਰੇ, ਮੇਹਰਬਾਨ ਦੇ
ਪੁੱਤਰ (ਗੁਰੂ ਰਾਮਦਾਸ ਜੀ ਦੀ ਅੰਸ਼ਬੰਸ ਵਿਚੋਂ) ਹਰਿਜੀ ਦਾ ਆਉਂਦਾ ਹੈ। ਸਤਿਗੁਰੂ ਜੀ ਦੀ
ਗਿਆਨ ਗੋਦ ਵਿਚ ਰਹਿੰਦਿਆਂ ਗੁਰੂ ਅੰਸ਼ ਹੁੰਦਿਆਂ ਭੀ ਇਹ ਸ਼ਖ਼ਸ ਅਭਾਗਾ ਹੀ ਰਿਹਾ। ਹਰਿਜੀ ਨੇ
ਵੈਦਿਕ ਮੱਤ ਨੂੰ ਉੱਚਾ ਤੇ ਗੁਰਮਤ ਨੂੰ ਛੋਟਾ ਕਰਕੇ ਵਿਖਾਇਆ। ਜਾਂ ਇਉਂ ਕਹਿ ਲਈਏ ਕਿ
ਸਮਾਜਕ ਤੇ ਪਿਤਰੀ ਪਰਭਾਵ ਨੂੰ ਉਹ ਤਿਆਗ ਨਾ ਸਕਿਆ।
ਇਸ ਲਈ ਜਦੋਂ ਉਸ ਨੇ (ਹਰਿਜੀ) ਗੁਰਬਾਣੀ ਦਾ ਟੀਕਾ ਕੀਤਾ ਤਾਂ ਹੋਰ ਅਨੇਕ ਗਲਤੀਆਂ ਦੇ
ਨਾਲ ਨਾਲ ਮੁੱਖ ਗਲਤੀ ਇਹ ਕੀਤੀ ਕਿ ਉਸ ਨੇ ਆਪਣੀ ਪੋਥੀ ਵਿਚੋਂ (ੴ) ਨੂੰ ਪੂਰੀ ਤਰ੍ਹਾਂ
ਵਗਾਹ ਮਾਰਿਆ। ਭਾਵ ਕਿ ੴ ਪੋਥੀ ਵਿਚ ਹੈ ਹੀ ਨਹੀਂ। ਉਸਨੇ ਸਾਰਾ ਮੰਗਲਾ ਚਰਨ ਛੱਡ ਦਿੱਤਾ
ਤੇ ਅਰਥ '' ਆਦਿ ਸਚੁ ਜੁਗਾਦਿ ਸਚੁ'' (ਸਲੋਕ) ਤੋਂ ਸ਼ੁਰੂ ਕੀਤੇ। ਕਿਉਂਕਿ ੴ ਦੇ ਅਰਥ ਕਰਨ
ਲੱਗਿਆਂ ਹਿੰਦੂ ਦੇਵਤਿਆਂ ਦੀ ਤਿਕੜੀ ਦਾ ਭੋਗ ਪਾਉਣਾ ਪੈਣਾ ਸੀ। ਜਿਨ੍ਹਾਂ ਹਿੰਦੂ ਸਾਧੂਆਂ
ਆਦਿ ਨੇ ਉਸ ਨੂੰ ਚੁੱਕ ਚੁਕਾ ਕੇ ਗੁਰੂ ਘਰ ਦਾ ਸ਼ਰੀਕ ਬਣਾਇਆ ਸੀ, ਉਹ ਉਹਨਾਂ ਨੂੰ ਨਾਰਾਜ਼
ਕਿਵੇਂ ਕਰ ਸਕਦਾ ਸੀ ? ਇਸੇ ਕਾਰਣ ਹਰਿਜੀ ਨੇ ਆਪਣੀ ਚਮੜੀ ਭੀ ਬਚਾ ਲਈ ਤੇ ਆਪਣੇ ਸਾਥੀਆਂ
ਨੂੰ ਖੁਸ਼ ਭੀ ਕਰ ਲਿਆ। ਸਾਰਾ ਮੰਗਲਾ ਚਰਨ ਹੀ ਛੱਡ ਦਿੱਤਾ, ''ੴ'' ਦੇ ਅਰਥ ਨਾਂ ਕਰਕੇ ''ਤੀਨ
ਦੇਵ'' ਨੂੰ ਬਚਾ ਲਿਆ।
ਸੰਨ 1842 ਵਿਚ ਇੱਕ ਸਾਧੂ ਮੂਲਾ ਰਾਮ ਨੇ ਜਪੁਜੀ ਦਾ ਟੀਕਾ ਕੀਤਾ ਸੀ। ਬ੍ਰਹਮਾ, ਬਿਸ਼ਨ
ਤੇ ਸ਼ਿਵ ਵਾਲੀ ਤਿਕੜੀ ਨੂੰ ਉਹ ਕਿਵੇਂ ਤੋੜ ਸਕਦਾ ਸੀ ? ਸੋ ਉਸਨੇ ਭੀ ਹਰਿਜੀ ਵਾਲਾ ਸੌਖਾ
ਰਾਹ ਅਪਣਾਇਆ। ਉਸਨੇ 'ੴ'' ਨੂੰ ਛੱਡ ਦਿੱਤਾ ਤੇ ਅਰਥ ਸਤਿਨਾਮ ਤੋਂ ਸ਼ੁਰੂ ਕਰ ਦਿੱਤੇ। ਸੰਨ
1874 ਵਿਚ ਸ੍ਰ: ਅਤਰ ਸਿੰਘ ਭਦੌੜ ਨੇ ਜਪੁਜੀ ਦੇ ਅਰਥਾਂ ਬਾਬਤ ਉਰਦੂ ਵਿਚ ਕੋਸ਼ਿਸ਼ ਕੀਤੀ।
ਇਹ ਭਾਈ ਜੀ ਭੀ ''ੴ'' ਨੂੰ ਲਾਂਭੇ ਛੱਡ ਕੇ ਸਤਿਨਾਮ ਤੇ ਜਾ ਪੁੱਜੇ। ਗੁਰੂ ਦੀ ਵਿਚਾਰਧਾਰਾ
ਟੁੱਟਦੀ ਜਾਵੇ ਬੇਸ਼ੱਕ, ਸਿੱਖ ਸਮਾਜ ਕੁਰਾਹੇ ਪੈ ਜਾਵੇ ਬੇਸ਼ੱਕ, ਪਰ ''ਜਗਤ ਗੁਰੂ''
ਬ੍ਰਾਹਮਣ ਨਾਰਾਜ਼ ਨਹੀਂ ਹੋਣਾ ਚਾਹੀਦਾ। ਸੰਨ 1876 ਵਿਚ ਬਿਹਾਰੀ ਲਾਲ ਨੇ ਜਪੁ ਪ੍ਰਮਾਰਥ
ਨਾਮੀ ਟੀਕਾ ਕੀਤਾ।
ਜਦੋਂ ਸਿੱਖ ਵਿਦਵਾਨ 'ੴ'' ਦੇ ਅਰਥ ਕਰਨੋਂ ਥਰ ਥਰ ਕੰਬਦੇ ਹਨ ਤਾਂ ਵਿਚਾਰਾ ਬਿਹਾਰੀ
ਲਾਲ ੴ ਦੇ ਅਰਥ ਕਰਨ ਵਰਗਾ ''ਬਜਰ ਪਾਪ'' ਕਿਉਂ ਕਰੇ ? ਸੋ ਇਸ ਨੇ ਭੀ ਸਤਿਨਾਮ ਤੋਂ ਅਰਥ
ਸ਼ੁਰੂ ਕੀਤੇ। ਸੰਨ 1877 ਵਿਚ ਇੱਕ ਯੋਰਪੀਨ ਵਿਦਵਾਨ ਡਾ. ਟਰੰਪ ਨੇ, ਜਪੁਜੀ ਦਾ ਇੰਗਲਿਸ਼
ਵਿਚ ਉਲਥਾ ਕੀਤਾ। ਜੋ ਟੀਕੇ ਪਹਿਲਾਂ ਹੋ ਚੁੱਕੇ ਸਨ, ਉਹਨਾਂ ਤੋਂ ਹੀ ਸੇਧ ਪ੍ਰਾਪਤ ਕਰਦਿਆਂ
ਪਹਿਲੇ ਲਿਖਾਰੀਆਂ ਦੇ ਨਾਲ ਕਦਮ ਮਿਲਾ ਕੇ ਚਲਦਿਆਂ ਇਸ ਗੋਰੇ ਨੇ ਭੀ ਟੀਕਾ ਕਰਨਾ ਸਤਿਨਾਮ
ਤੋਂ ਅਰੰਭਿਆ। ਸੰਨ 1885 ਵਿਚ ਸਿੱਖ ਰਾਜਿਆਂ ਵੱਲੋਂ ਮਾਇਆ ਪਾ ਕੇ ਇੱਕ ਵਿਦਵਾਨ ''ਪੰਡਿਤਾਂ''
ਦੀ ਕਮੇਟੀ ਬਣਾਈ ਗਈ, ਜੋ ਪੰਡਿਤ ਬਦਨ ਸਿੰਘ ਦੀ ਰਹਿਨੁਮਾਈ ਵਿਚ ਸਮੁੱਚੇ ਗੁਰੂ ਗ੍ਰੰਥ
ਸਾਹਿਬ ਦਾ ਟੀਕਾ ਤਿਆਰ ਕਰਨ ਲੱਗੀ। ਕਪੂਰਥਲੇ ਵਾਲੇ ਕੰਵਰ ਬਿਕਰਮ ਸਿੰਘ ਦੀ ਸਿਫਾਰਸ਼ ਅਤੇ
ਸਹਿਯੋਗ ਸਕਦਾ ਪ੍ਰੋ. ਗੁਰਮੁੱਖ ਸਿੰਘ ਜੀ ਭੀ ਇਹਨਾਂ ''ਵਿਦਵਾਨਾਂ'' ਦੀਆਂ ਗੋਸ਼ਟੀਆਂ ਵਿਚ
ਸ਼ਾਮਿਲ ਹੋਣ ਲੱਗੇ। ਪਰ ਕੁਝ ਹੀ ਦਿਨਾਂ ਦੇ ਅੰਦਰ ਵਿਗਿਅਨਕ ਨਜ਼ਰੀਏ ਨਾਲ ਪਰਖਣ ਦੇ ਆਦੀ
ਪ੍ਰੋ: ਗੁਰਮੁੱਖ ਸਿੰਘ ਨੇ ਇਹਨਾਂ ਦੀ ਸਾਰੀ ਕਾਰਗੁਜ਼ਾਰੀ ਪਰਖ ਲਈ ਅਤੇ ਇਸ ਵਿਦਵਾਨ ਮੰਡਲੀ
ਵਿਚੋਂ ਬਾਹਰ ਹੋ ਗਏ। ਬਾਕੀ ਦੇ ਬ੍ਰਾਹਮਣ ਵਿਦਵਾਨਾਂ ਵੱਲੋਂ ਸਿੱਖਾਂ ਨੂੰ ਖੂਬ ਮੂਰਖ
ਬਣਾਇਆ ਗਿਆ। ਇਸ ਫਰੀਦਕੋਟੀ ਟੀਕੇ ਦੀ ਬੋਲੀ ਭੀ ''ਹਮਕੋ ਤੁਮਕੋ'' ਵਾਲੀ ਹੈ। ਇਸ ਟੀਕੇ
ਵਿਚ ਹਿੰਦੂ ਮਨੌਤਾਂ, ਦੇਵੀ ਦੇਵਤਿਆਂ ਅਤੇ ਪੌਰਾਣਕ ਕਥਾਵਾਂ ਦੀ ਭਰਮਾਰ ਹੈ। ਮੰਗਲਾ ਚਰਨ
ਦੇ ਅਰਥ ਕਰਦਿਆਂ ਕਈ ਪੱਤਰੇ ਕਾਲੇ ਕੀਤੇ ਗਏ ਪਰ ਮਨੁੱਖੀ ਮਨ ਦੇ ਕਿਸੇ ਖਾਨੇ ਵਿਚ ਕੋਈ
ਗੱਲ ਦਾਖਲ ਨਹੀਂ ਹੋ ਸਕਦੀ।
ਸੰਨ 1899 ਵਿਚ ਅਨੰਦ ਘਨ ਨੇ ਜਪੁਜੀ ਦਾ ਟੀਕ ਕੀਤਾ। ਉਸ ਨੇ ਤਾਂ ਸ਼ਰਮ ਹਯਾ ਹੀ ਲਾਹ
ਦਿੱਤੀ ਤੇ ਸਿੱਖ ਵਿਦਵਾਨਾਂ ਨੇ ਉਸ ਨੂੰ ਵਕਤ ਸਿਰ ਖਰੀਆਂ ਭੀ ਨਹੀਂ ਸੁਣਾਈਆਂ। ਉਸ ਭੱਦਰ
ਪੁਰਖ ਨੇ ''ੴ'' ਦੇ ਅਰਥ ਕਰਨ ਵਿਚ ਸਭ ਨੂੰ ਪਛਾੜ ਦਿੱਤਾ। ਅਰਥ ਕੀਤੇ :- ''ਓਅੰ ਸ਼੍ਰੀ
ਗਣੇਸ਼ਹ ਨਮਯ''। ਜਪੁਜੀ ਦੇ ਕਰੀਬ 150 ਟੀਕੇ ਹੋ ਚੁੱਕੇ ਹਨ। ਹਰ ਇੱਕ ਲਿਖਾਰੀ ੴ ਦੇ ਅਰਥ
ਕਰਨ ਲੱਗਿਆਂ ਘਬਰਾਇਆ ਹੈ, ਤੋੜ ਮਰੋੜ ਕੇ ਅਰਥ ਕੀਤੇ ਹਨ। ਭਿੰਡਰਾਂ ਟਕਸਾਲ ਵਾਲੇ ਗਿ:
ਗੁਰਬਚਨ ਸਿੰਘ ਨੇ ਜੋ ਵਿਦਵਤਾ ਦੇ ਝੰਡੇ ਗੱਡੇ ਹਨ, ਪੜ੍ਹਕੇ ਸ਼ਰਮ ਨਾਲ ਸਿਰ ਝੁਕ ਜਾਂਦਾ
ਹੈ। ਸਾਰੀਆਂ ਬਿਪਰੀ ਰੀਤਾਂ ਸਿੱਖਾਂ ਦੀ ਖੋਪਰੀ ਵਿਚ ਤੁੰਨ ਦਿੱਤੀਆਂ ਹਨ। ਇਸ ਤਰ੍ਹਾਂ ਇਹ
ਟੀਕਾਕਾਰੀ ਦਾ ਵਿਕਾਸ ਕਰਮ ਕੀੜੀ ਦੀ ਟੋਰ ਟੁਰਦਾ ਰਿਹਾ। ਪ੍ਰੋ: ਗੁਰਮੁੱਖ ਸਿੰਘ ਨੇ ਕੁਝ
ਮੁੱਢਲੇ ਜਤਨ ਕੀਤੇ।
ਭਾਈ ਕਾਹਨ ਸਿੰਘ ਨਾਭਾ ਨੂੰ ਸ਼ੁਰੂ ਦੇ ਦਿਨਾਂ ਵਿਚ ਸਹੀ ਰਾਹ ਤੇ ਲਿਆਉਣ ਵਾਲਾ ਪ੍ਰੋ:
ਗੁਰਮੁੱਖ ਸਿੰਘ ਹੀ ਸੀ। ਭਾਈ ਰਣਧੀਰ ਸਿੰਘ ਨੇ ਵਿਆਕਰਣ ਬਾਰੇ ਕੁਝ ਮੁਢਲਾ ਕੰਮ ਕੀਤਾ ਸੀ।
ਪ੍ਰੋ: ਤੇਜਾ ਸਿੰਘ ਦੇ ਵਿਦਵਾਨ ਸਾਥੀ ਬਾਵਾ ਹਰਿਕਿਸ਼ਨ ਸਿੰਘ, ਪ੍ਰਿੰ: ਨਿਰੰਜਣ ਸਿੰਘ,
ਪ੍ਰੋ: ਨਰਾਇਣ ਸਿੰਘ ਅਤੇ ਮਾਸਟਰ ਮਹਿਤਾਬ ਸਿੰਘ ਜੀ ਨੇ ਸੱਚਾਈ ਦੇ ਨੇੜੇ ਵਿਗਿਆਨਕ
ਨੁਕਤਾ-ਏ-ਨਜ਼ਰ ਤੋਂ ਇੱਕ ਟੀਕਾ ਤਿਆਰ ਕੀਤਾ ਜੋ 1945 ਤੋਂ ਚਾਰ ਹਿੱਸਿਆਂ ਵਿਚ ਛਪਦਾ ਆ
ਰਿਹਾ ਹੈ। ਇਸੇ ਹੀ ਸਮੇਂ ਦੁਹਰਾਨ ਸਿੱਖ ਪੰਥ ਦੇ ਧਰੂ ਤਾਰੇ, ਦਰਵੇਸ਼ ਗੁਰਸਿੱਖ ਪ੍ਰੋ:
ਸਾਹਿਬ ਸਿੰਘ ਡੀ. ਲਿਟ. ਨੇ ਵਿਆਕਰਣ ਦੇ ਨੇਮਾਂ ਮੁਤਾਬਕ ਟੀਕਾ ਕੀਤਾ। ਇਹ ਬਹੁਤ ਵੱਡਾ
ਕਾਰਜ ਸੀ। ਜਿਸ ਵਿਚ ਸਾਹਿਬ ਸਿੰਘ ਜੀ ਨੇ ਗੁਰਮਤ ਨੂੰ ਪੂਰੀ ਤਰ੍ਹਾਂ ਨਿਖਾਰਕੇ ਪੇਸ਼ ਕਰਨ
ਦਾ ਜਤਨ ਕੀਤਾ। ਦਲੀਲ ਦਾ ਪੱਲਾ ਫੜਿਆ, ਅੰਧ-ਵਿਸ਼ਵਾਸੀ ਕਹਾਣੀਆਂ ਸਾਰੀਆਂ ਰੱਦ ਕਰ ਦਿੱਤੀਆਂ।
ਇਹ ਮੁਕੰਮਲ ਟੀਕਾ ਇੱਕੋ ਵਿਅਕਤੀ ਵੱਲੋਂ ਕੀਤਾ ਗਿਆ। ਪਹਿਲਾ ਸ਼ਾਨਦਾਰ ਕਾਰਜ ਸੀ, ਜੋ ਦਸ
ਜਿਲਦਾਂ ਅਤੇ ਅੱਠ ਹਜ਼ਾਰ ਪੰਨਿਆਂ ਵਿਚ ਫੈਲਿਆ ਹੋਇਆ ਸੀ। ਪਹਿਲੀ ਵਾਰੀ ਸਾਹਿਬ ਸਿੰਘ ਜੀ
ਨੇ ''ੴ'' ਸਮੇਤ ਸਾਰੀ ਗੁਰਬਾਣੀ ਦੇ ਪੜ੍ਹਣ, ਸਮਝਣ ਅਤੇ ਮੰਨਣਯੋਗ ਅਰਥ ਕੀਤੇ ਸਨ। ਇਹਨਾਂ
ਨੇ ਪਿਛਲੇ ਸਾਰੇ ਟੀਕਾਕਾਰਾਂ ਨੂੰ ਵਾਪਸ ਘਰੋ ਘਰੀਂ ਪੁਚਾ ਦਿੱਤਾ।
ਦੁਨੀਆ ਭਰ ਦੇ ਧਾਰਮਕ ਮੁਖੀਆਂ ਨੇ ਰੱਬ ਦਾ ਸਰੂਪ ਬਿਆਨ ਕਰਨ ਲਈ ਹਿੰਦਸਿਆਂ ਦੀ ਕਿਤੇ
ਵਰਤੋਂ ਨਹੀਂ ਕੀਤੀ, ਸਿਰਫ ਗੁਰੂ ਨਾਨਕ ਜੀ ਨੇ ਇਸ ਤਰ੍ਹਾਂ ਕੀਤਾ ਹੈ। ਮਨੁੱਖ ਕੁਦਰਤੀ
ਆਫਤਾਂ ਤੋਂ ਭੈ-ਭੀਤ ਹੋਇਆ, ਜਿਵੇਂ ਅੱਗ, ਹਵਾ, ਪਾਣੀ ਆਦਿ ਤੋਂ। ਧਰਤੀ, ਚੰਦ, ਸੂਰਜ ਦੀ
ਭੀ ਪੂਜਾ ਚੱਲ ਪਈ। ਪਸ਼ੂ, ਪੰਛੀ, ਬਨਸਪਤੀ, ਰੁੱਖਾਂ, ਪੱਥਰਾਂ ਦੀ ਪੂਜਾ ਹੋਈ। ਸਮਾਂ ਬੀਤਣ
ਨਾਲ ਰੱਬ ਨੂੰ ਖੁਦ ਜਨਮ ਲੈਂਦਾ ਕਲਪ ਲਿਆ ਗਿਆ। ਇਸ ਤਰ੍ਹਾਂ ਇੱਕ ਕਰਤਾਰ ਦੀ ਥਾਂ, ਤਿੰਨ
ਦੇਵਤੇ, 24 ਅਵਤਾਰ ਤੋਂ ਵੱਧ ਕੇ ਤੇਤੀ ਕਰੋੜ ਦੇਵਤਿਆਂ ਤੱਕ ਗਿਣਤੀ ਪੁੱਜ ਗਈ। ਸਤੰਬਰ
ਮਹੀਨੇ 1995 ਨੂੰ ਵਿਸ਼ਵ ਸਿੱਖ ਸੰਮੇਲਨ ਅੰਮ੍ਰਿਤਸਰ ਵਿਖੇ ਹੋਇਆ। ਪੰਥਕ ਮੁੱਦਿਆਂ ਬਾਰੇ
ਇੱਕਸਾਰਤਾ ਲਿਆਉਣ ਵਾਸਤੇ ਐੱਸ. ਜੀ. ਪੀ. ਸੀ. ਦੇ ਪ੍ਰਬੰਧਕਾਂ ਵੱਲੋਂ ਡੇਰੇਦਾਰਾਂ ਅਤੇ
ਟਕਸਾਲ ਵਾਲਿਆਂ ਨੂੰ ਬਾਰ ਬਾਰ ਬੇਨਤੀ ਕੀਤੀ ਗਈ ਕਿ ਰੱਬ ਦਾ ਵਾਸਤਾ ਜੇ ''ਸਿੱਖ ਰਹਿਤ
ਮਰਿਆਦਾ'' ਪ੍ਰਵਾਨ ਕਰ ਲਓ। ਡੇਰੇਦਾਰਾਂ ਦੀ ਇੱਕੋ ਬੇਤੁਕੀ ਰੱਟ ਸੀ ਕਿ ਕਮੇਟੀ ਮੰਗਲਾ
ਚਰਨ ਨੂੰ ''ਨਾਨਕ ਹੋਸੀ ਭੀ ਸਚੁ'' ਤੱਕ ਪ੍ਰਵਾਨ ਕਰ ਲਵੇ, ਅਸੀਂ ਮਰਿਆਦਾ ਮੰਨ ਲਵਾਂਗੇ।
ਗੱਲਬਾਤ ਇਥੇ ਹੀ ਟੁੱਟ ਗਈ।
ਅਣਜਾਣ ਪ੍ਰਚਾਰਕਾਂ ਅਤੇ ਖੁਦਗਰਜ਼ ਡੇਰੇਦਾਰਾਂ ਵੱਲੋਂ ਮੰਗਲਾਂ ਨੂੰ ਮੂਲ ਮੰਤਰ ਆਖ ਕੇ
ਪ੍ਰਚਾਰਿਆ ਜਾਂਦਾ ਹੈ। ਜਦੋਂ ਕਿ ਗੁਰਬਾਣੀ ਦਾ ਕੋਈ ਹਿੱਸਾ, ਸ਼ਬਦਾ, ਪੰਕਤੀ ਮੰਤਰ ਨਹੀਂ
ਹੈ, ਗੁਰੂ ਦਾ ਉਪਦੇਸ਼ ਹੈ। ਮੰਤਰ ਵਿਚ ਉਪਦੇਸ਼ ਨਹੀਂ ਹੋਇਆ ਕਰਦਾ, ਇਸ ਲਈ ਸਾਧਕ ਗਿਆਨ ਤੋਂ
ਸੱਖਣਾ ਰਹਿ ਜਾਂਦਾ ਹੈ। ਮੰਤਰ ਜਾਪ ਕਰਦਿਆਂ ਭੀ ਮਨੁੱਖਾਂ ਨੂੰ ਭਟਕਦਿਆ ਆਮ ਵੇਖ ਸਕਦੇ
ਹਾਂ। ਗੁਰਬਾਣੀ ਵਿਚ ਸਤਿਗੁਰੂ ਦੇ ਉਪਦੇਸ਼ ਨੂੰ ਹੀ ''ਹੁਕਮ, ਨਾਮ, ਭਾਣਾ, ਰਜ਼ਾ'' ਆਖਿਆ
ਗਿਆ ਹੈ ਸਿਰਫ ਸ਼ਬਦਾਂ ਦਾ ਹੀ ਅਦਲ ਬਦਲ ਹੈ। ਨਾਮ ਜਾਂ ਮੰਤਰ ਬਾਰੇ ਗੁਰੂ ਫੁਰਮਾਣ ਪੜ੍ਹੋ
:-
1. ਹਰਿ ਰਸੁ ਪੀਵਹੁ ਪੁਰਖ ਗਿਆਨੀ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ (ਗੁਰੂ)
''ਅੰਮ੍ਰਿਤ ਬਾਨੀ''॥ (611)
2. ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ॥ ਕਹੁ ਨਾਨਕ ''ਗੁਰਿ ਮੰਤੁ੍ਰ'' ਦ੍ਰਿੜਾਇਆ॥
(1136)
3. ''ਬੀਜ ਮੰਤ੍ਰੁ'' ਹਰਿ ਕੀਰਤਨ ਗਾਉ॥ ਆਗੈ ਮਿਲੀ ਨਿਥਾਵੇ ਥਾਉ॥ (891)
4. ਬਿਨੁ ਜਿਹਵਾ ਜੋ ਜਪੇੈ ਹਿਆਇ॥ ਕੋਈ ਜਾਣੈ ਕੈਸਾ ਨਾਉ॥ (1256)
5. ''ਬੀਜ ਮੰਤ੍ਰ'' ਸਰਬ ਕੋ ਗਿਆਨ॥ ਚਹੁ ਵਰਨਾ ਮਹਿ ਜਪੈ ਕੋਊ ''ਨਾਮੁ''॥ (ਸੁਖਮਨੀ)
6. ਸਚ ਬਿਨ ਸਤੁ ਸੰਤੋਖੁ ਨ ਪਾਵੈ॥ ਬਿਨੁ ਗੁਰ ਮੁਕਤਿ ਨ ਆਵੈ ਜਾਵੈ॥
''ਮੂਲ ਮੰਤ੍ਰੁ ਹਰਿ ਨਾਮ ਰਸਾਇਣੁ'' ਕਹੁ ਨਾਨਕ ਪੂਰਾ ਪਾਇਆ॥ (1040)
7. ਸੁਨਤ ਜਪਤ ਹਰਿ ਨਾਮ ਜਸੁ ਤਾਕੀ ਦੂਰਿ ਬਲਾਈ॥ ''ਮਹਾ ਮੰਤੁ੍ਰ ਨਾਨਕ ਕਥੈ ਹਰਿ ਕੇ ਗੁਣ
ਗਾਈ॥''(814)
8. ਸਰਬ ਸੁਖਾ ਸੁਖੁ ਸਾਚਾ ਏਹੁ॥ ''ਗੁਰਉਪਦੇਸੁ'' ਮਨੈ ਮਹਿ ਲੇਹੁ॥ (178)
ਉੱਪਰ ਵਰਣਿਤ ਸਾਰੇ ਪ੍ਰਮਾਣਾਂ ਵਿਚ ਗੱਲ ਕਰਨ ਦਾ ਅੰਦਾਜ਼ ਵੱਖੋ-ਵੱਖਰਾ ਹੈ, ਮੂਲ
ਜਾਂ ਨਿਚੋੜ ਇੱਕੋ ਹੀ ਹੈ। ਉਹ ਹੈ ਗੁਰੂ ਦੇ ਹੁਕਮ ਵਿਚ ਜੀਵਨ ਬਤੀਤ ਕਰਨਾ। ਗੁਰੂ ਦਾ
ਹੁਕਮ ਗੁਰਬਾਣੀ ਵਿਚੋਂ ਪ੍ਰਾਪਤ ਹੋ ਰਿਹਾ ਹੈ। ਗੁਰ ਮੰਤ੍ਰ, ਮੂਲ ਮੰਤ੍ਰ, ਬੀਜ ਮੰਤ੍ਰ ਤੇ
ਮਹਾਂ ਮੰਤ੍ਰ ਵਾਲੇ ਸਾਰੇ ਪ੍ਰਮਾਣ ਪਾਠਕਾਂ ਦੇ ਸਾਹਮਣੇ ਰੱਖੇ ਹਨ, ਨਿਰਣਾ ਤੁਸੀਂ ਖੁਦ ਕਰ
ਸਕਦੇ ਹੋ।
ਓਮ ਜਾਂ ਓਅੰਕਾਰ ਨਾਲੋਂ ਪੂਰੀ ਤਰ੍ਹਾਂ ਤੋੜ ਵਿਛੋੜਾ ਕਰਦਿਆਂ ਸਤਿਗੁਰੂ ਸਹਿਬਾਨ ਜੀ ਨੇ
ਇਸ ਦੇ ਅੱਗੇ ''ਇੱਕ'' (1) ਲਿਖ ਕੇ ਸਪੱਸ਼ਟ ਕਰ ਦਿੱਤਾ ਕਿ ਸਾਡਾ ਪੌਰਾਣਕ ਗ੍ਰੰਥਾਂ ਵਾਲਾ
ਰੱਬ ਨਹੀਂ ਹੈ। ਜਿਵੇਂ ਨਿਰੰਕਾਰ ਦਾ ਹਿੰਦੂ ਪੌਰਾਣਕ ਗ੍ਰੰਥਾਂ ਵਿਚ ਹੁਲੀਆ ਵਿਗਾੜਿਆ ਗਿਆ
ਹੈ, ਉਸ ਨੂੰ ਪੜ੍ਹਕੇ ਰੋਣਾ ਆਉਂਦਾ ਹੈ। ਫਿਰ ਰੱਬ ਨੂੰ ਜਨਮ ਲੈ ਕੇ ਆਉਂਦਾ ਲਿਖ ਦਿੱਤਾ
ਗਿਆ। ਧਰਤੀ ਉੱਪਰ ਆ ਕੇ ਉਹਨਾਂ ਬਣਾਵਟੀ ਰੱਬਾਂ ਨੇ ਜੋ ਗੁੱਲ ਖਿਲਾਏ, ਮੰਦ ਕਾਰੇ ਕੀਤੇ,
ਪੜ੍ਹਦਿਆਂ ਸੁਣਦਿਆਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਈਦਾ ਹੈ। ਗੁਰੂ ਨਾਨਕ ਸਾਹਿਬ ਵੱਲੋਂ
ਦਰਸਾਇਆ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਅਤੇ ਸੰਘਾਰ ਕਰਨ ਵਾਲਾ
ਸਿਰਫ ਇੱਕ ਨਿਰੰਕਾਰ ਹੈ। ਹੋਰ ਕੋਈ ਉਸਦਾ ਨੁਮਾਇੰਦਾ, ਸ਼ਰੀਕ ਜਾਂ ਕਰਮਚਾਰੀ ਨਹੀਂ ਹੈ।
ਯਹੂਦੀ, ਇਸਾਈ ਤੇ ਮੁਸਲਮਾਨ ਭੀ ਉਸੇ ਵਾਹਿਦ ਲਾ-ਸ਼ਰੀਕ ਇੱਕੋ ਨਿਰੰਕਾਰ ਨੂੰ ਮੰਨਦੇ ਹਨ।
ਆਓ ਗੁਰਬਾਣੀ ਵਿਚੋਂ ਹੋਰ ਥਾਵਾਂ ਤੋਂ ਵੇਖੀਏ ਕਿ ਇੱਕ ਨਿਰੰਕਾਰ ਬਾਰੇ ਕੀ ਫੁਰਮਾਣ ਹਨ :-
(1) ਨ ਸੂਰ ਸਸਿ ਮੰਡਲੋ॥ ਨ ਸਪਤ ਦੀਪ ਨਹ ਜਲੋ॥ ਅੰਨ ਪਉਣ ਥਿਰ ਨ ਕੂਈ॥
ਏਕ ਤੂਈ ਏਕ ਤੂਈ॥ ਨ ਦੇਵ ਦਾਨਵਾ ਨਰਾ॥ ਨ ਸਿਧ ਸਾਧਿਕਾ ਧਰਾ॥
ਅਸਤਿ ਏਕ ਦਿਗਰਿ ਕੂਈ॥ ਏਕ ਤੂਈ ਏਕ ਤੂਈ॥ (143)
ਨਾ ਸੂਰਜ ਚੰਦਰਮਾਂ ਤੇ ਗਗਨ ਮੰਡਲ ਥਿਰ ਰਹੇਗਾ। ਨਾ ਸਤ ਦੀਪ ਤੇ ਸਮੁੰਦਰ ਰਹਿਣਗੇ।
ਅੰਨ ਦਾਣਾ ਆਦਿਕ ਸਦੀਵ ਨਹੀਂ ਹੈ। ਹੇ ਅਕਾਲ ਪੁਰਖ ਜੀਉ, ਤੂੰ ਸਦੀਵ ਹੈਂ ਸਿਰਫ ਇੱਕ ਤੂੰ
ਹੀ ਸਦੀਵ ਹੈਂ। ਨਾ ਦੇਵਤੇ, ਨਾ ਦਾਨਵ, ਨਾ ਮਨੁੱਖ ਸਦਾ ਥਿਰ ਹਨ। ਨਾ ਹੀ ਸਿੱਧ ਜੋਗੀ
ਸਾਧਕ, ਨਾ ਹੀ ਧਰਤੀ ਦੇ ਰਹਿਣ ਵਾਲਾ ਕੋਈ ਹੋਰ ਜੀਵ ਅਮਰ ਹੈ। ਇਹ ਸਾਰੇ ਨਾਸ਼ਵਾਨ ਹਨ। ਸਦਾ
ਥਿਰ ਕੇਵਲ ਤੂੰ ਹੀ ਤੂੰ ਹੈਂ।
(2) ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਈ ਏਕੋ ਹੈ॥ (ਅਰਥ ਸਪਸ਼ਟ ਹੀ ਹਨ) (350)
(3) ਕਹੁ ਕਬੀਰ ਜਨਿ ਏਕੋ ਬੂਝਿਆ॥ ਗੁਰ ਪ੍ਰਸਾਦਿ ਮੈ ਸਭ ਕਿਛ ਸੂਝਿਆ॥ (476)
(4) ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥ (611)
(5) ਪ੍ਰਾਨ ਅਧਾਰ ਮੀਤ ਸਾਜਨ ਪ੍ਰਭ, ''ਏਕੈ ਏਕੰਕਾਰੈ''॥
ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ॥ (1218)
(6) ਕੀਤਾ ਕਿਆ ਸਲਾਹੀਐ ਜਿਸੁ ਜਾਦੇ ਬਿਲਮ ਨ ਹੋਈ॥
''ਨਿਹਚਲੁ ਸਚਾ ਏਕੁ ਹੈ ''ਗੁਰਮੁਖਿ ਬੂਝੇੈ ਸੁ ਨਿਹਚਲੁ ਹੋਈ॥ (1088)
(7) ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ॥ ਨਾਨਕ ਕਾ ਪਾਤਿਸਾਹ ਦਿਸੈ ਜਾਹਰਾ॥ (397)
( ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹੀ ਜਾਨੈ ਭੇਦ॥
ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥ (894)
(8) ਜਾ ਕੋ ਨਾਮ ਹੈ ਅਜੋਨੀ , ਕੈਸੇ ਕੈ ਜਨਮ ਲੀਨ, ਕਹਾ ਜਾਨ ਬ੍ਰਤ,
ਜਨਮ ਅਸਟਮੀ ਕੋ ਕੀਨੋ ਹੈ? (ਭਾ. ਗੁ)
ਉੱਪਰ ਵਰਣਿਤ ਸਾਰੇ ਪਰਮਾਣਾਂ ਵਿਚ ਰੱਬ ਜੀ ਦੀ ਸ਼ਖ਼ਸੀਅਤ ਬੇਅੰਤ ਉੱਚੀ ਪ੍ਰਗਟ ਹੋ ਰਹੀ
ਹੈ। ਉਸ ਦੇ ਗੁਣਾਂ ਤੇ ਉਸ ਬਾਰੇ ਗਿਆਨ ਹਾਸਲ ਕਰਨਾ ਹੈ ਨਾ ਕਿ ਉਸਦੇ ਫਰਜ਼ੀ ਨਾਵਾਂ ਦਾ
ਮੰਤਰ ਜਾਪ ਕਰਨਾ ਹੈ। ਜਦੋਂ ਪਿਛਲੇ ਸਮਿਆਂ ਵਿਚ ਅਣਪੜ੍ਹਤਾ ਪ੍ਰਧਾਨ ਸੀ। ਸਾਰੇ ਪਿੰਡ ਵਿਚੋਂ
ਕੋਈ ਵਿਰਲਾ ਦੋ ਅੱਖਰ ਪੜ੍ਹ ਸਕਣ ਵਾਲਾ ਲੱਭਦਾ ਸੀ, ਉਸ ਵਕਤ ਮੰਤਰ ਜਾਪ, ਮੰਗਲਾ ਚਰਨ ਜਾਪ,
ਵਾਹਿਗੁਰੂ ਜਾਪ, ਮਾਲਾ ਜਾਪ ਅਤੇ ਹੋਰ ਕਈ ਤਰ੍ਹਾਂ ਦੇ ਰੰਗ ਬਰੰਗੇ ਜਾਪ ਇੱਕ ਮਜਬੂਰੀ ਸੀ।
ਗੁਰਬਾਣੀ ਦੀਆਂ ਪੋਥੀਆਂ ਦੀ ਕਮੀ, ਗਰੀਬੀ, ਅਣਪੜ੍ਹਤਾ, ਸੰਚਾਰ ਸਾਧਨਾਂ ਦੀ ਅਣਹੋਂਦ। ਅੱਜ
ਮਨੁੱਖ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਹ ਮੰਤਰ ਜਾਪ ਬੀਤੇ ਜੁਗ ਦੀਆਂ ਰਵਾਇਤਾਂ ਹਨ।
ਬ੍ਰਾਹਮਣ ਪੁਜਾਰੀ ਚਾਹੁੰਦਾ ਸੀ ਕਿ ਲੋਕਾਂ ਨੂੰ ਕਦੀ ਅਕਲ ਨਾ ਆਵੇ। ਇਹ ਭੇਡਾਂ ਬਣਕੇ
ਪੁਜਾਰੀਆਂ ਦੇ ਪਿੱਛੇ ਲੱਗੇ ਰਹਿਣ। ਜੋ ਕੁਝ ਝੂਠ ਜਾਂ ਸੱਚ ਪੁਜਾਰੀ ਬੋਲੇ ਉਸ ਨੂੰ ''ਸਤ
ਬਚਨ'' ਆਖ ਕੇ ਸਵੀਕਾਰ ਕਰਦੇ ਰਹਿਣ।
ਹਿੰਦੂ ਪੌਰਾਣਕ ਗ੍ਰੰਥਾਂ ਵਿਚ ਲਿਖਤਾਂ ਮੌਜੂਦ ਹਨ ਕਿ ਪਰਮੇਸ਼ਰ ਸਿੱਧਾ ਕਿਸੇ
ਨੂੰ ਨਹੀਂ ਮਿਲਦਾ। ਇਹ ਦੇਵਤਿਆਂ ਦੇ ਅਧੀਨ ਹੈ। ਤੁਸੀਂ ਦੇਵਤਿਆਂ ਦੀ ਲੰਮਾ ਸਮਾਂ ਕਠਨ
ਆਰਾਧਨਾ ਕਰੋ ਤਾਂ ਪਤਾ ਲੱਗੇਗਾ ਦੇਵਤੇ ਮੰਤਰਾਂ ਦੇ ਅਧੀਨ ਹਨ। ਜਾਨੀ ਮੰਤਰ ਜਾਪਾਂ ਨਾਲ
ਵਸ ਵਿਚ ਆਉਂਦੇ ਹਨ। ਮੰਤਰ ਬ੍ਰਾਹਮਣਾਂ ਕੋਲ ਹਨ, ਇਸ ਲਈ ਸੇਵਕਾਂ ਨੂੰ ਚਾਹੀਦਾ ਹੈ ਕਿ ਉਹ
ਬ੍ਰਾਹਮਣ ਦੀ ਹਰ ਪ੍ਰਕਾਰ ਨਾਲ ਸੇਵਾ ਕਰਨ। ਹੋ ਸਕਦਾ ਹੈ ਦੇਵਤਿਆਂ ਦਾ ਦੇਵਤਾ, ਭਗਵਾਨਾਂ
ਦਾ ਭਗਵਾਨ, ਮੰਤਰਾਂ ਦਾ ਮਹਾਂ ਮੰਤਰ, ਬ੍ਰਾਹਮਣ ਕਦੀ ਮਿਹਰਬਾਨ ਹੋ ਕੇ ਅਸ਼ੀਰਵਾਦ ਦੇ ਦੇਵੇ
ਤੇ ਸੇਵਕ ਨੂੰ ਦੁਨੀਆਂ ਦੇ ਸਾਰੇ ਸੁੱਖ ਬਿਨਾਂ ਮਿਹਨਤ ਕੀਤਿਆਂ ਮਿਲ ਜਾਣ ? ਗੁਰਬਾਣੀ ਨੇ
ਇਸ ਪਾਖੰਡ ਜਾਲ ਨੂੰ ਤਾਰ ਤਾਰ ਕਰ ਦਿੱਤਾ। ਸਿੱਧੇ ਅਕਾਲ ਪੁਰਖ ਨਾਲ ਹਰ ਪ੍ਰਾਣੀ ਮਾਤਰ
ਨੂੰ ਜੋੜ ਦਿੱਤਾ। ਸਾਰੇ ਮੰਤਰ, ਸਾਰੇ ਪੁਜਾਰੀ, ਸਾਰੇ ਦੇਵਤੇ ''ੴ'' ਦੇ ਇੱਕੋ ਝਟਕੇ ਨਾਲ
ਝਟਕ ਕੇ ਸੁੱਟ ਦਿੱਤੇ।
ਭਾਵੇਂ ਅਗੇਤਰ ਵਿਚ ''1'' (ਇੱਕ) ਲਿਖ ਕੇ ਗੁਰੂ ਜੀ ਨੇ ਓਅੰਕਾਰ ਦੇ ਤਿੰਨ ਦੇਵਾਂ
ਵਾਲੀ ਤ੍ਰਿਕੜੀ ਦਾ ਖਾਤਮਾ ਕੀਤਾ ਹੈ। ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ''ਓਅੰਕਾਰ''
ਸ਼ਬਦ ਪੌਰਾਣਕ ਗ੍ਰੰਥਾਂ ਵਿਚੋਂ ਸਾਡੇ ਗਲ ਆ ਪਿਆ ਹੈ। ਅਸਲ ਵਿਚ ਇਹ ਊੜਾ ਖੁੱਲ੍ਹੇ ਮੂੰਹ
ਵਾਲਾ (ਓ) ਸੀ। ਇਸ ਦੇ ਅੱਗੇ ਏਕਾ ਲਾਕੇ ਜਦੋਂ ਆਮ ਪੰਜਾਬੀ ਵਿਚ ਉਚਾਰਣ ਕਰਾਂਗੇ ਤਾਂ
ਬਣੇਗਾ - ''ਇਕੋ'' (1+ਓ) ਇਹ ''ਕਾਰ ਵਾਲਾ ਬ੍ਰਾਹਮਣ'' ਸਿੱਖਾਂ ਦੇ ਪਿੱਛੇ ਚਿਪਕ ਗਿਆ
ਹੈ। ਇਸ ''ਓਅੰਕਾਰ'' ਨੂੰ ਉਤਾਰ ਕੇ ''ਇਕੋ'' ਨੂੰ ਅਪਣਾ ਕੇ ਹੀ ਸਿੱਖ ਪੰਥ ਵੈਦਿਕ
ਪ੍ਰੰਪਰਾਵਾਂ ਤੋਂ ਮੁਕਤ ਹੋ ਸਕੇਗਾ। ਪੜ੍ਹੋ ਗੁਰ ਫੁਰਮਾਣ -
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ॥
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ॥
ਹਰਿ ਤਿਸੁ ਬਿਨੁ ਕੋਈ ਨਾਹਿ, ਡਰੁ ਭ੍ਰਮ ਭਉ ਦੂਰਿ ਕਰਿ॥
ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ॥
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ॥ (83)
ਇਸ ਤੀਨ ਦੇਵ ਦੀ ਤਿਕੜੀ ਅਤੇ ਮੰਤਰ ਜਾਪ ਨੂੰ ਗਲੋਂ ਲਾਹ ਕੇ, ਸਿੱਖ ਸਮਾਜ ਗੁਰਬਾਣੀ
ਨੂੰ ਸਮਝ ਵਿਚਾਰ ਕੇ, ਅੰਤਰ ਅਤੇ ਨਹੀਂ ਵਸਾਉਂਦਾ ਉਤਨੀ ਦੇਰ ਹਨ੍ਹੇਰਾ ਹੀ ਰਹੇਗਾ।
ਗੁਰਬਾਣੀ ਅਨੁਸਾਰ ਸਾਰਾ ਜੀਵਨ ਬਿਤਾਉਣਾ ਹੀ, ਅਸਲੀ ਸਿਮਰਣ ਜਾਂ ਮੰਤਰ ਹੈ। ਹੋਰ ਕੋਈ
ਵੱਖਰਾ ਮੰਤਰ ਜਾਪ ਨਾ ਸਮਝੀ ਦਾ ਲਖਾਇਕ ਹੈ, ਮੂਰਖਤਾ ਦਾ ਪੱਕਾ ਸਬੂਤ। ''ਇਕੋ'' ਬਾਰੇ
ਕੁਝ ਹੋਰ ਗੁਰ ਫੁਰਮਾਣ ਇਉਂ ਹਨ :-
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ''ਏਕੋ'' ਕਹੀਐ ਨਾਨਕਾ ਦੂਜਾ ਕਾਹੇ ਕੂ॥
(1291)
''ਏਕੋ'' ਗਿਆਨੁ ਧਿਆਨੁ ਧੁਨਿ ਬਾਣੀ॥ ''ਏਕ'' ਨਿਰਾਲਮੁ ਅਕਥ ਕਹਾਣੀ॥
''ਏਕੋ'' ਸਬਦ ਸਚਾ ਨੀਸਾਣੁ॥ ਪੂਰੇ ਗੁਰ ਤੇ ਜਾਣੈ ਜਾਣੁ॥
''ਏਕੋ'' ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਹੋਈ॥ (1188)
''ਏਕੋ'' ਸਬਦੁ ਏਕੋ ਪ੍ਰਭੁ ਵਰਤੈ ਸਭ ''ਏਕਸ'' ਤੇ ਉਤਪਤਿ ਚਲੈ॥
ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ॥ (1334)
''ਏਕੋ'' ਜਪੀਐ ਮਨੈ ਮਾਹਿ ''ਇਕਸ'' ਕੀ ਸਰਣਾਇ॥
''ਇਕਸ'' ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ॥
''ਇਕੋ'' ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ॥
ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ''ਇਕੋ ਇਕੁ'' ਧਿਆਇ॥
''ਏਕਸ'' ਤੇ ਸਭੁ ਦੂਜਾ ਹੁਆ॥ ''ਏਕੋ'' ਵਰਤੈ ਅਵਰੁ ਨ ਬੀਆ॥
ਦੂਜੇ ਤੇ ਜੇ ''ਏਕੋ'' ਜਾਣੇੈ॥ ਗੁਰ ਕੈ ਸਬਦਿ ਹਰਿ ਦਰਿ ਨੀਸਾਣੈ॥
ਸਤਿਗੁਰੁ ਭੇਟੇ ਤਾ ''ਏਕੋ'' ਪਾਏ॥ ਵਿਚਹੁ ਦੂਜਾ ਠਾਕਿ ਰਹਾਏ॥ (842)
ਸਪਸ਼ਟ ਹੋਇਆ ਕਿ ਖਾਲਸਾ ਪੰਥ ਦੇ ਸ਼ਰਧਾਵਾਨ ਮੈਂਬਰਾਂ ਦਾ ''ਓਮ'' ਨਾਲ ਸਿੱਧਾ ਕੋਈ
ਲੈਣ ਦੇਣ ਨਹੀਂ ਹੈ। ''ਓਅੰਕਾਰ'' ਓਮ ਦਾ ਹੀ ਬਦਲਵਾਂ ਰੂਪ ਹੈ। ਕੋਸ਼ਿਸ਼ ਕਰਕੇ ਇਸ ਨੂੰ ''ਇਕੋ''
(1ਓ) ਪ੍ਰਮਾਤਮਾ ਪ੍ਰਚਲਤ ਕਰ ਦਈਏ। ਹਾਂ ਇਸ ਦਾ ਮੰਤਰ ਜਾਪ ਨਾਲ ਕੋਈ ਸਰੋਕਾਰ ਨਹੀਂ। ਇਸ
ਦਾ ਸਰੋਕਾਰ ਹੈ ਇੱਕ ਨਿਰੰਕਾਰ ਨਾਲ। ਬ੍ਰਾਹਮਣ ਵੱਲੋਂ ਕਲਪੀ ਗਈ ''ਤੀਨਦੇਵ ਜਾਂ ਚੌਵੀ
ਅਵਤਾਰ'' ਵਾਲੀ ਵਿਚਾਰਧਾਰਾ ਨਾਲ ਗੁਰਬਾਣੀ ਦਾ ਕੋਈ ਲੈਣਾ ਦੇਣਾ ਨਹੀਂ।