Share on Facebook

Main News Page

ਅਖੀਂ ਵੇਖ ਪੁੱਤਰਾਂ ਦੀਆਂ ਲਾਸ਼ਾਂ
-:
ਗੁਰਦੇਵ ਸਿੰਘ ਸੱਧੇਵਾਲੀਆ 17.12.2021
#KhalsaNews #GurdevSingh #Sadhewalia # ChotteSahibzade

ਕ੍ਰਿਸ਼ਨ ਵਲੋਂ ਹਾਥੀ ਮਾਰ ਕੇ ਫੈਲਾਏ ਗਏ ਝੂਠ ਤੋਂ ਦਰੋਣਾਚਾਰੀਆ ਮੈਦਾਨ ਵਿਚ ਹੀ ਗੋਡਿਆਂ ਭਾਰ ਡਿਗ ਗਿਆ ਕਿ ਮੇਰਾ ਪੁੱਤ ਯਾਣੀ ਅਸ਼ਵਥਾਮਾ ਮਾਰ ਛਡਿਆ ਜੇ ਜਾਲਮੋ। ਇਨਾ ਹੌਂਸਲਾ ਵੀ ਨਾ ਪਿਆ ਕਿ ਖਬਰ ਦੀ ਪੁਸ਼ਟੀ ਤਾਂ ਕਰ ਲੈਂਦਾ ਤਾਂ ਅਗਲਿਆਂ ਮੈਦਾਨ ਵਿਚ ਹੀ ਗੋਡਣੀਆਂ ਭਾਰ ਹੋਏ ਦਰੋਣਾਚਾਰੀਆ ਦਾ ਗਾਟਾ ਲਾਹ ਕੇ ਔਹ ਮਾਰਿਆ। ਪੁੱਤ ਦੇ ਸੱਲ ਵਿਚ ਸਾਰੀ ਸੂਰਮਗਤੀ ਖੇਹ ਕਰ ਬੈਠਾ।

ਪੁੱਤ ਦੀ ਮੌਤ ਦੀ ਖਬਰ ਪਿਓ ਨੂੰ ਮਾਰ ਈ ਤਾਂ ਸੁਟਦੀ ਹੈ ਪਰ ਸਦੀਆਂ ਲੰਘੀਆਂ ਤੇ ਵੀ ਪੰਜਾਬ ਬਾਜਾਂ ਵਾਲੇ ਦਾ ਅੱਜ ਤੱਕ ਜੇ ਸ਼ੈਦਾਈ ਹੈ ਤਾਂ ਗਲ ਜਗੋ ਤੇਰਵੀਂ ਤਾਂ ਕੋਈ ਹੋਊ। ਕੜੀ ਵਰਗਾ ਜਵਾਨ ਪੁੱਤ ਆ ਕੇ ਪਿਓ ਕੋਲੋਂ ਹੀ ਮੌਤ ਕੋਲੇ ਜਾਣ ਦੀ ਆਗਿਆ ਮੰਗ ਰਿਹਾ ਹੈ ਕਿ ਬਾਪੂ ਸਿਆਂ ਲੈ ਹੁਣ ਤੇਰੇ ਪੁਤ ਦੀ ਵਾਰੀ ਹੈ ਦੇਹ ਥਾਪੜਾ ਲੋਹਾ ਦੇਖੀਂ ਖੜਕਦਾ ਮੈਦਾਨ ਵਿਚ।

ਓਨਾ ਪਲਾਂ ਵਿਚ ਜਾ ਕੇ ਖਲੋਣ ਤੇ ਹੀ ਲਤਾਂ ਕੰਬ ਜਾਦੀਆਂ ਬੰਦੇ ਦੀਆਂ ਅਤੇ ਸਿਰ ਭੁਆਂਟਣੀ ਖਾ ਜਾਂਦਾ। ਪਰ ਇਧਰ ਇਕ ਹਾਲੇ ਲਹੂ ਵਿਚ ਨੁਚੜ ਰਿਹਾ ਹੁੰਦਾ ਦੂਜਾ ਮੌਤ ਨਾਲ ਭਿੜਨ ਲਈ ਸਾਹਵੇਂ ਆਣ ਖੜਦਾ। ਬਾਪੂ ਵਾਰੀ ਹੁਣ ਮੇਰੀ ਊ ਛੇਤੀ ਕਰ ਸਮਾਂ ਜਾ ਰਿਹਾ।

ਪਿਓ ਪੱਥਰ ਦਾ ਨਾ ਸੀ ਪਰ ਜਿਗਰਾ ਪਹਾੜ, ਨਹੀਂ ਤਾਂ ਕਹਿੰਦਾ ਪੁੱਤ ਮੇਰਿਆ ਓਏ ਤੂੰ ਈ ਰੁਕ ਜਾਹ ਨਿੱਕੇ ਭਰਾ ਵੀ ਪਤਾ ਨਹੀਂ ਤੇਰੇ ਲਭਣ ਕਿ ਨਾ, ਪਰ ਓਹ ਤਾਂ ਖੁਸ਼ ਕਿ ਬਿਨਾ ਅਵਾਜ ਦਿੱਤੇ ਪੁੱਤ ਮੇਰਾ ਮੌਤ ਨਾਲ ਖਹਿਣ ਚਲਿਆ।

ਇੱਕ ਰਸਤਾ ਖੁਲਾ ਵੀ ਸੀ ਕਿ ਬੱਚ ਕੇ ਨਿਕਲਿਆ ਜਾ ਸਕਦਾ। ਸਿਰ ਵਰਤਣ ਵਾਲਾ, ਲਾਜਿਕ ਦੇਣ ਵਾਲਾ, ਦਲੀਲਾਂ ਅਤੇ ਤਰਕਾਂ ਨਾਲ ਇਤਿਹਾਸਾਂ ਦੇ ਫੈਸਲੇ ਕਰਨ ਵਾਲਾ ਸੋਚ ਸਕਦਾ ਕਿ ਚਮਕੌਰ ਦੀ ਲੜਾਈ ਓ ਈ ਟਾਲੀ ਜਾ ਸਕਦੀ ਸੀ। ਪਾਸਾ ਵਟਿਆ ਜਾ ਸਕਦਾ ਸੀ, ਓਥੋਂ ਖਿਸਕਿਆ ਜਾ ਸਕਦਾ ਸੀ। ਓਥੇ ਬੈਠ ਕੇ ਫੌਜਾਂ ਉਡੀਕਣ ਦੀ ਕੀ ਲੋੜ ਸੀ ਜਦ ਕਿ ਫੌਜ ਲਭਦੀ ਲੁਭਾਓਂਦੀ ਬਾਅਦ ਦੁਪਹਿਰ ਓਥੇ ਪਹੁੰਚੀ।

ਪਰ ਕੌਣ ਸਮਝਾਏ ਕਿ ਕਮਲਿਓ ਇਤਿਹਾਸ ਤਰਕਾਂ ਜਾਂ ਦਲੀਲਾਂ ਦੇ ਮੁਥਾਜ ਕਾਹਨੂੰ ਹੁੰਦੇ। ਚਮਕੌਰ ਦੀ ਗੜੀ ਨੇ ਜਿਹੜੇ ਚੰਗਾੜੇ ਬਾਲੇ ਓਹ ਬੁਝੇ ਹੀ ਕਿਥੇ ਹਾਲੇ ਤੀਕ। ਪਤਾ ਨਹੀ ਕਿੰਨੇ ਸਿਰ ਪੈਦਾ ਕੀਤੇ ਇਸ ਸਾਕੇ ਨੇ ਕਿ ਇਕ ਡਿਗਦਾ ਦਸ ਮਗਰ ਤਿਆਰ ਖੜੇ ਹੁੰਦੇ। ਨਵਾਂ ਵਿਆਹਿਆ ਚੜਦੀ ਜਵਾਨੀ ਦਾ ਬਾਬਾ ਬੰਦਾ ਸਿੰਘ ਨਾਲ ਕੈਦ ਹੋ ਕੇ ਆਇਆ ਪੁਤ ਕਹਿੰਦਾ ਵਗਜਾ ਇਥੋਂ, ਹਟ ਜਾਹ ਮੇਰੇ ਰਸਤਿਓਂ ਕੁਝ ਨਹੀ ਲਗਦੀ ਮਾਂ ਮੂੰ ਤੂੰ ਮੇਰੀ, ਇਥੇ ਸਿਰ ਲਥੇ ਜਾਣ ਦੇ ਨਜਾਰੇ ਈ ਵਖਰੇ ਨੇ। ਖਿਚ ਤਲਵਾਰ ਜਲਾਦਾ ਸਮਾ ਬਰਬਾਦ ਹੋ ਰਿਹਾ।

ਖਾਲਸਾ ਰਾਜ ਸਥਾਪਤ ਹੋਣ ਤਕ ਦੀ 100 ਸਾਲ ਦੀ ਲੰਮੀ ਲੜਾਈ ਪਿਛੇ ਚਮਕੌਰ ਦੀ ਗੜੀ ਖੜੀ ਸੀ ਜਿਥੇ ਪਿਓ, ਪੁਤਾਂ ਦੀਆਂ ਲਾਸ਼ਾਂ ਲੰਘ ਕੇ ਜਾ ਰਿਹਾ ਪਰ ਕਿਤੇ ਹਓਕਾ ਵੀ ਨਿਕਲਿਆ ਹੋਵੇ।

ਪੱਟ ਤੇ ਰੱਖ ਬਾਬਾ ਬੰਦਾ ਸਿੰਘ ਦਾ ਪੁੱਤ ਜਦ ਚੀਰਿਆ ਤਾਂ ਬਾਬੇ ਕਿਹਾ ਥੋੜੋਂ ਕਿ ਯਾਰ ਸ਼ਰਤ ਕੀ ਏ ਤੁਹਾਡੀ ਪਰ ਦੁਹਾਈ ਰਬ ਦੀ ਮੇਰਾ ਪੁਤ ਇਓਂ ਨਾ ਚੀਰਿਓ।

ਪਿਓ ਦੇ ਸਾਹਵੇਂ ਚਰਖੜੀ ਨੇ ਗੇੜਾ ਦੇ ਕੇ ਜਦ ਪੁਤ ਦੀਆਂ ਆਦਰਾਂ ਦਾ ਰੁਗ ਭਰਕੇ ਬਾਹਰ ਸੁਟਿਆ ਤਾਂ ਪਿਓ ਨੇ ਮੂੰਹ ਥੋੜੋਂ ਫੇਰਿਆ ਕਿ ਦੇਖਿਆ ਨਹੀਂ ਜਾਂਦਾ।

ਹਵਾ ਵਿੱਚ ਉੱਡਦੇ ਮਾਵਾਂ ਦੇ ਪੁਤ ਬਰਛੇ ਨੇ ਜਦ ਘਰਰਚ ਕਰਕੇ ਪਰੋਅ ਸੁਟੇ ਤਾਂ ਕਿਸੇ ਇਕ ਮਾਂ ਨੇ ਵੀ ਕਿਹਾ ਹੋਵੇ ਜਾਲਮੋ ਨਾ ਮਾਰੋ ਸਾਡੇ ਜਿਗਰ ਦੇ ਟੁਕੜੇ ਕਲਮੇ ਚਾਰ ਛਡ ਚਾਹੇ ਅੱਠ ਪੜ ਦਿੰਨੀਆਂ।

ਜਦ ਖਬਰ ਆਈ ਕਿ ਬਾਜਾਂ ਵਾਲਿਆ ਤੇਰੇ ਛੋਟੇ ਪੁੱਤ ਵੀ ਦੀਵਾਰਾਂ ਵਿੱਚ ਚਿਣ ਦਿਤੇ ਗਏ ਨੇ ਬੜਾ ਕਹਿਰ ਢਾਹਿਆ ਜਾਲਮਾ ਤਾਂ ਸਭ ਤੋਂ ਪਹਿਲਾ ਪਿਓ ਦਾ ਸਵਾਲ ਪਤਾ ਕੀ ਸੀ?
ਥਿੜਕੇ ਤਾਂ ਨਹੀਂ, ਡੋਲੇ ਜਾਂ ਘਬਰਾਏ? ਅਗਲੀ ਗਲ ਹੀ ਕੋਈ ਨਾ।

ਚਾਚਾ ਪੁੱਛਦਾ ਬਾਜਾਂ ਵਾਲਿਆਂ ਪੁਤਰਾਂ ਦਾ ਸੁਣ ਤਾਂ ਬੜਾ ਢਾਹਡਾ ਸਦਮਾ ਲਗਾ, ਪਰ ਜਵਾਬ ਸੀ ਚਾਚਾ ਚਾਰ ਲਕੀਰਾਂ ਖਿਚ ਕੇ ਮਿਟਾ ਦੇਹ। ਬਅਸ ਅਕਾਲ ਪੁਰਖ ਨੇ ਲਕੀਰਾਂ ਖਿੱਚੀਆਂ ਤੇ ਮਿਟਾ ਦਿਤੀਆਂ ਕੋਈ ਅਗਲੀ ਗਲ ਕਰ ਚਾਚਾ।

ਚਮਕੌਰ ਦੀ ਗੜੀ ਅਤੇ ਸਰਹੰਦ ਦੀਆਂ ਕੰਧਾਂ ਨੇ ਪਤਾ ਨਹੀ ਕੀ ਲਿਖ ਦਿਤਾ ਪੰਜਾਬ ਦੀ ਹਿਕ ਉਤੇ ਕਿ ਓਦੋਂ ਤੋਂ ਵਢੀਦਾ ਟੁਕੀਦਾ, ਲਹੂਓ ਲਹੂ ਹੁੰਦਾ ਵੀ ਜਿਓਂਦਾ ਤੁਰਿਆ ਆ ਰਿਹਾ। ਬਿਨਾ ਜਰਨੈਲਾਂ ਤੋਂ ਈ ਫੌਜਾਂ ਲੜੀ ਤੁਰੀ ਆ ਰਹੀਆਂ। ਪਤਾ ਨਹੀ ਕਿੰਨੇ ਲਾਲ ਜਾਂ ਤੇਜਾ ਸਿਓਂਆ ਨੇ ਸਰੋਂ ਦੀ ਬੋਰੀਆਂ ਭਰ ਭਰ ਭੇਜੀਆਂ ਪਰ ਇਸ ਹੌਸਲੇ ਕਾਹਨੂੰ ਛਡੇ।

ਜੰਗਾਂ ਕਦੇ ਤੇਗਾਂ ਅਤੇ ਕਦੇ ਦੇਗਾਂ ਨਾਲ ਜਿਤ ਜਾਂਦਾ ਰਹਿਆ ਇਸ ਗਲ ਦਾ ਪੁਖਤਾ ਸਬੂਤ ਹਾਲੇ ਕਲ ਸੰਸਾਰ ਨੇ ਦਿੱਲੀ ਦੀਆਂ ਸੜਕਾਂ ਤੇ ਦੇਖਿਆ।

ਚਮਕੌਰ ਦੀ ਗੜੀ ਸਰਹੰਦ ਦੀਆਂ ਕੰਧਾਂ ਪੰਜਾਬ ਦੀ ਹਿੱਕ ਉਪਰ ਸਦਾ ਲਈ ਉਕਰੀਆਂ ਰਹਿਣਗੀਆਂ ਜਿੰਨਾ ਨੂੰ ਹੁਣ ਤਕ ਦੀਆਂ ਬਾਦਸ਼ਾਹੀਆਂ ਮਿਟਾ ਨਹੀਂ ਸਕੀਆਂ ਜਿਹੜੀਆਂ ਕਿ ਸਕਣਗੀਆਂ ਵੀ ਨਹੀਂ। ਕਿ ਸਕਣਗੀਆਂ?

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top