Share on Facebook

Main News Page

ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..
-: ਹਰਪ੍ਰੀਤ ਸਿੰਘ ਜਵੰਦਾ
14.12.2021
#HarpreetSinghJawanda #FarmersProtest #Delhi #KhalsaNews

ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ?

ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲ਼ੀ ਏ..!

ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ, ਚਰਖੜੀਆਂ, ਚੱਡੇ ਪਾੜ, ਪੁੱਠਾ ਟੰਗਣਾ, ਉਨੀਂਦਰੇ, ਬਾਲਟੀ ਡੋਬੂ ਤਸੀਹੇ, ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ ਚੜਾ ਕੇ ਦੱਸਿਆ ਜਾਂਦਾ ਏ!

ਆਖਿਆ ਸੈੱਲ ਫੋਨ ਦੇ ਇਸ ਜਮਾਨੇ ਵਿਚ ਵੀ ਵੇਖ ਕਿੱਦਾਂ ਬੇਖੌਫ ਕੁੱਟ ਰਿਹਾ ਏ..ਸਾਡੇ ਵੇਲੇ ਸ਼ਰੀਕ ਦਾ ਡੰਗਰ ਵੀ ਖੇਤ ਪੈ ਜਾਂਦਾ ਤਾਂ ਵੀ ਇੰਝ ਨਹੀਂ ਸਨ ਕੁੱਟਦੇ..!

ਜਨੂੰਨ, ਖਿਝ, ਪਾਗਲਪਨ, ਹੈਵਾਨੀਅਤ, ਜਾਨਵਰ ਬਿਰਤੀ..ਜੋ ਮਰਜੀ ਆਖ ਲਵੋ..ਬੀਕੋ, ਮਾਲ ਮੰਡੀ, ਬੀ ਆਰ ਮਾਡਰਨ ਸਕੂਲ, ਅਲਗੋਂ ਕੋਠੀ,ਦੁੱਗਰੀ ਕੈਂਪ..ਪਤਾ ਨੀ ਬੰਦ ਹਨੇਰੇ ਕਮਰਿਆਂ ਵਿਚ ਐਸੀ ਕਿਹੜੀ ਕੁੱਟ ਚਾੜਦੇ ਸਨ ਕੇ ਉਹ ਵੀ ਹਥਿਆਰ ਚੁੱਕ ਭਗੌੜੇ ਹੋ ਜਾਇਆ ਕਰਦੇ ਜਿਹਨਾਂ ਕਦੇ ਕੀੜੀ ਤੱਕ ਵੀ ਨਹੀਂ ਸੀ ਮਾਰੀ ਹੁੰਦੀ..!

ਸਿੰਘੁ ਬਾਡਰ ਪਾਵੇ ਨਾਲ ਬੱਝਾ ਇੱਕ ਕਤੂਰਾ..ਹੈਰਾਨ ਪ੍ਰੇਸ਼ਾਨ..ਬੋਲ ਨੀ ਸਕਦਾ ਪਰ ਅੰਦਰੋਂ ਅੰਦਰੀ ਡਰੀ ਜਾਂਦਾ..ਕਿਧਰੇ ਇਥੇ ਹੀ ਨਾ ਛੱਡ ਜਾਵਣ..!

ਫੇਰ ਅਵਾਰਾ ਢੱਗੇ ਨੂੰ ਰੋਟੀਆਂ ਖਵਾਉਂਦਾ ਸਿੰਘ..ਤਨੋਂ ਮਨੋਂ ਹੋ ਕੇ ਲਾਡ ਪਿਆਰ ਕਰਦੇ ਕਿੰਨੇ ਸਾਰੇ ਕੁਤੇ ਬਿੱਲੀਆਂ..ਇੱਕ ਆਖਦਾ ਇਹ ਵੀ ਸਾਡੇ ਨਾਲ ਹੀ ਜਾਣਗੇ..!

ਗੱਲ ਗੱਲ ਤੇ ਰੋ ਪੈਂਦੀ ਇੱਕ ਬੀਬੀ..ਅਖ਼ੇ ਮੈਨੂੰ ਆਖਦੇ ਨੇ ਜੋ ਜੀ ਕਰਦਾ ਘਰੇ ਲੈ ਜਾ..ਕੂਲਰ ਗੱਦੇ ਭਾਂਡੇ ਚਾਦਰਾਂ ਅਤੇ ਹੋਰ ਵੀ ਕਿੰਨਾ ਕੁਝ..ਅਸਾਂ ਨਾਲ ਕੁਝ ਨੀ ਖੜਨਾ..ਏਨੀ ਇੱਜਤ ਪਿਆਰ ਮਾਣ ਸਤਿਕਾਰ..ਅਤੇ ਆਪਣਾ ਪਣ..ਪਹਿਲਾਂ ਨਾ ਤੇ ਕਦੀ ਮਿਲਿਆ ਸੀ ਤੇ ਨਾ ਹੀ ਸ਼ਾਇਦ ਦੋਬਾਰਾ ਕਦੇ ਮਿਲੇ..!

ਇੱਕ ਆਖਦਾ ਬਾਬਾ ਬੰਦਾ ਸਿੰਘ ਬਹਾਦੁਰ ਵੀ ਇੰਝ ਹੀ ਕਰਿਆ ਕਰਦਾ ਸੀ..ਇੱਕਠੇ ਹੋਏ ਮਾਲ ਦੀ ਮੌਕੇ ਤੇ ਹੀ ਲੋੜਵੰਦਾਂ ਵਿਚ ਵੰਡ ਵੰਡਾਈ..!

ਗੋਡੀ ਕਰਕੇ ਵੱਡੀਆਂ ਕੀਤੀਆਂ ਮੂਲੀਆਂ ਗਾਜਰਾਂ..ਬਹੁਕਰ ਫੇਰਦੇ ਬਾਬੇ ਤਾਕੀਦ ਕਰਦੇ..ਪਾਣੀ ਕਦੋਂ ਲਾਉਣਾ ਤੇ ਪੁੱਟਣੀਆਂ ਕਦੋਂ ਨੇ..!

ਕਾਫਲੇ ਵਾਪਿਸ ਤੁਰੇ ਜਾਂਦੇ ਨੇ ਪਰ ਇੱਕ ਬਾਬੇ ਹੂਰੀ ਉਚੀ ਥਾਂ ਖਲੋਤੇ ਬੱਸ ਦਿੱਲੀ ਵੱਲ ਨੂੰ ਹੀ ਵੇਖੀ ਜਾਂਦੇ..!

ਇੱਕ ਪੁੱਛਦਾ ਵਾਪਿਸ ਨੀ ਜਾਣਾ?

ਅੱਗੋਂ ਆਖਦੇ ਪੁੱਤਰੋ ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..ਜਿੰਨੀ ਦੇਰ ਤੁਸੀਂ ਸਾਰੇ ਅੱਪੜ ਨਹੀਂ ਜਾਂਦੇ ਮੈਂ ਇਥੋਂ ਨਹੀਂ ਹਿੱਲਦਾ!

ਭਗਤੇ ਭਾਈ ਕੇ ਦਾ ਕਰਤਾਰ ਸਿੰਘ ਭੱਠਲ..ਛੇ ਤਰੀਕ ਤੜਕੇ..ਟੈਂਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਭੁਲੇਖੇ ਡਿਓਢੀ ਤੇ ਹੀ ਬੰਬ ਮਾਰਨੇ ਸ਼ੁਰੂ ਕਰ ਦਿੱਤੇ..ਅੰਦਰ ਦੋਵੇਂ ਪਿਓ ਪੁੱਤ..ਇੰਝ ਲੱਗੇ ਹੁਣੇ ਹੀ ਸਾਰੀ ਹੇਠਾਂ ਆ ਜਾਣੀ..ਸਾਰਾ ਕੁਝ ਸਿਰਾਂ ਤੇ ਚੁੱਕ ਅਕਾਲ ਤਖ਼ਤ ਦੇ ਮਗਰ ਬਣੇ ਇੱਕ ਚੁਬਾਰੇ ਤੇ ਆਣ ਬੈਠੇ..ਬਾਪੂ ਸਾਬਕ ਫੌਜੀ ਆਖਣ ਲੱਗਾ ਪੁੱਤਰੋ ਤੁਸੀਂ ਨਿੱਕਲ ਜਾਵੋ..ਪਿੰਡ ਡੰਗਰ ਵੱਛਾ ਭੁੱਖਾ ਹੋਣਾ..ਮੈਂ ਬੈਠਦਾ ਇਥੇ ਮੋਰਚੇ ਤੇ..!

ਘੰਟੇ ਕੂ ਮਗਰੋਂ ਫੜੇ ਗਏ..ਫੇਰ ਬਹਾਨੇ ਜਿਹੇ ਨਾਲ ਏਧਰ ਨੂੰ ਵੇਖਿਆ..ਓਥੇ ਨਾ ਤੇ ਉਹ ਚੁਬਾਰਾ ਸੀ ਤੇ ਨਾ ਬਾਪੂ ਜੀ..ਆਖਰੀ ਮੌਕੇ ਉਸ ਵੱਲੋਂ ਆਪਣੇ ਗੁੱਟ ਤੋਂ ਲਾਹ ਕੇ ਦਿੱਤੀ ਘੜੀ ਵੀ ਫੌਜੀਆਂ ਨੇ ਖੋਹ ਲਈ..ਖਹਿੜੇ ਪੈ ਗਿਆ..ਭਾਵੇਂ ਮਾਰ ਦਿਓ ਪਰ ਮੇਰੇ ਬਾਪੂ ਦੀ ਨਿਸ਼ਾਨੀ ਮੋੜ ਦਿਓ..!

ਪ੍ਰਤੱਖ ਨੂੰ ਹੋਰ ਕਿੰਨੇ ਪ੍ਰਮਾਣ ਚਾਹੀਦੇ..ਬਾਪੂ ਤਾਂ ਮੁੱਢ ਤੋਂ ਹੀ ਇੰਝ ਰਾਖੀਆਂ ਕਰਦੇ ਆਏ ਨੇ..!
ਹਰਿਆਣਵੀ ਵੀਰ ਜੱਫੀਆਂ ਪਾਈ ਜਾਂਦਾ..ਸੁਣਿਆਂ ਸੀ ਕੇ ਦਸਤਾਰਾਂ ਵਾਲੇ ਏਦਾਂ ਦੇ ਹੁੰਦੇ ਪਰ ਵੇਖਿਆ ਪਹਿਲੀ ਵੇਰ..ਏਡੇ ਹਠੀ ਅਤੇ ਧੁੰਨ ਦੀ ਪੱਕੇ..ਗੁਰੂ ਦੇ ਆਸੇ ਵਿਚ ਅਟੁੱਟ ਵਿਸ਼ਵਾਸ਼..!
ਰੋਹਤਕ ਤੋਂ ਆਇਆ ਇੱਕ ਜਾਟ..ਅਖ਼ੇ ਤੀਰ ਵਾਲੇ ਬਾਬੇ ਦੀ ਅਸਲੀਅਤ ਤਾਂ ਸਾਨੂੰ ਹੁਣ ਪਤਾ ਲੱਗੀ..ਇਸੇ ਨਾਇਨਸਾਫੀ ਦੇ ਖ਼ਿਲਾਫ਼ ਹੀ ਤਾਂ ਲੜਿਆ ਸੀ ਉਹ..!

ਗੋਲਡਨ ਹੱਟ ਵਾਲਾ ਵੀਰ ਰਾਣਾ..ਢਾਬੇ ਦਾ ਰਾਹ ਬੰਦ ਕਰ ਦਿੱਤਾ ਤਾਂ ਕੈਮਰੇ ਅੱਗੇ ਰੋ ਪਿਆ ਸੀ..ਮੈਂ ਵੀ ਦੂਰ ਬੈਠਾ ਰੋ ਪਿਆ..ਓਸੇ ਵੇਲੇ ਫੋਨ ਕੀਤਾ ਉਸਨੂੰ ਜਰੂਰ ਮਿਲ ਕੇ ਧਰਵਾਸ ਦਿਓ..ਆਖੋ ਜਹਾਜ਼ੋਂ ਉੱਤਰਿਆ ਹਰ ਪੰਜਾਬੀ ਤੇਰੇ ਢਾਬੇ ਤੇ ਰੋਟੀ ਵੀ ਖਾਊ ਤੇ ਇਥੇ ਨਤਮਸਤਕ ਵੀ ਹੋਊ..ਅੱਜ ਕੈਮਰੇ ਸਾਮਣੇ ਬਾਗੋ ਬਾਗ ਹੋ ਰਿਹਾ ਸੀ..ਵਾਹਿਗੁਰੂ ਨੇ ਇੱਜਤ ਰੱਖ ਲਈ..ਰਾਣੇ ਵੀਰ ਨੂੰ ਸਾਡੇ ਵਾਂਙ ਲੈਅ ਜਿਹੀ ਵਿੱਚ ਆ ਕੇ ਜੈਕਾਰਾ ਛੱਡਣਾ ਵੀ ਆ ਗਿਆ..ਓਹੀ ਜੈਕਾਰਾ ਜਿਸਤੋਂ ਕਈ ਆਪਣਿਆਂ ਨੂੰ ਹੀ ਸੂਲ ਪੈਂਦਾ..ਅਖ਼ੇ ਜੈਕਾਰਾ ਨੀ ਛੱਡ ਹੋਣਾ..ਨਾਹਰੇ ਜਿੰਨੇ ਮਰਜੀ ਲੁਆ ਲਵੋ!

ਕਿਸੇ ਪੁੱਛਿਆ ਰਾਣਾ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ..ਅੱਗਿਓਂ ਹੱਸ ਕੇ ਟਾਲ ਦਿੰਦਾ..ਫੇਰ ਜ਼ੋਰ ਪੈਣ ਤੇ ਸਹਿ ਸੁਭਾ ਆਖ ਦਿੰਦਾ..ਕੋਈ ਅਠਾਰਾਂ ਵੀਹ ਕਰੋੜ..ਨਾਲ ਹੀ ਆਖਦਾ..ਮੈਂ ਕਿਹੜਾ ਨਾਲ ਲੈ ਕੇ ਜਾਣਾ ਏ..

ਕਾਸ਼ ਅਡਾਣੀਆਂ,ਅੰਬਾਨੀਆਂ ਨੂੰ ਏਨੀ ਗੱਲ ਸਮਝ ਆ ਜਾਵੇ..ਕਿੰਨੇ ਜਿਗਰੇ ਆ..ਅਜੋਕੇ ਸ਼ੇਰ ਮੁਹੰਮਦ..ਨੂਰੇ ਮਾਹੀ..ਟੋਡਰ ਮੱਲ..ਪੀਰ ਬੁੱਧੂ ਸ਼ਾਹ..

ਬੇਸ਼ਕ ਕਿੰਨੇ ਸਾਰੇ ਦੀਵਾਨ ਸੁੱਚਾ ਨੰਦ,ਗੰਗੂ ਅਤੇ ਚੰਦੂ ਵੀ ਕੋਲ ਹੀ ਫਿਰਦੇ ਨੇ..ਸੂਹਾਂ ਟੋਹਾ ਲੈਂਦੇ..!

ਖੈਰ ਗੱਲ ਲੰਮੀ ਹੋ ਜਾਣੀ ਏ..ਸ਼ਾਲਾ ਸਦੀਵੀਂ ਜਿਉਂਦੇ ਵੱਸਦੇ ਰਹਿਣ..ਪੰਥ ਗ੍ਰੰਥ ਅਤੇ ਨੌਜੁਆਨੀ ਦੀ ਰਾਖੀ ਕਰਦੇ ਮੇਰੀ ਕੌਂਮ ਦੇ ਬਾਬੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top