Khalsa News homepage

 

 Share on Facebook

Main News Page

26 ਜਨਵਰੀ ਨੂੰ ਦਿੱਲੀ ਵਿਖੇ ਮਾਰੇ ਗਏ ਸ. ਨਵਰੀਤ ਸਿੰਘ ਦੇ ਦਾਦਾ ਜੀ ਸ. ਹਰਦੀਪ ਸਿੰਘ ਡਿਬਡਿਬਾ ਦੀ ਨੌਜਵਾਨਾਂ ਦੇ ਨਾਮ ਖੁੱਲੀ ਚਿੱਠੀ
ਸੰਪਰਕ - 97838-00014
#KhalsaNews #HardeepSingh #Dibdiba #Open #Letter

ਪੰਜਾਬ ਦੇ ਮੇਰੇ ਜੂਝਾਰੂ ਨੌਜਵਾਨ ਪੁੱਤਰਾਂ ਅਤੇ ਪਿਆਰੀਆਂ ਧੀਆਂ ਨੂੰ ਬਹੁਤ ਬਹੁਤ ਪਿਆਰ

ਅੱਜ ਮੈਂ ਆਪਣੇ ਵੈਰਾਗ ਨਾਲ ਭਿੱਜੇ ਹੋਏ ਦਿਲ ਅੰਦਰੋਂ ਤੁਹਾਨੂੰ ਇੱਕ ਅਵਾਜ਼ ਦੇ ਰਿਹਾ ਹਾਂ ਜੋ ਮੇਰਾ ਇੱਕ ਫ਼ਰਜ਼ ਅਤੇ ਸਮੇਂ ਦੀ ਮੁੱਖ ਲੋੜ ਵੀ ਹੈ।ਮੇਰੀ ਜਵਾਨੀ, ਮੇਰਾ ਭਵਿੱਖ ਅਤੇ ਮੇਰੇ ਬੁਢਾਪੇ ਦੀ ਡੰਗੋਰੀ ਯਾਨੀ ਮੇਰਾ ਪੋਤਰਾ ਨਵਰੀਤ ਜਿਹੜਾ ਕਦੇ ਸਿਰਫ ਮੇਰਾ ਅਤੇ ਮੇਰੇ ਪਰਿਵਾਰ ਦਾ ਹੀ ਇੱਕ ਹਿੱਸਾ ਸੀ, ਪਿਛਲੇ ਦਿਨੀਂ 26 ਜਨਵਰੀ ਨੂੰ ਕਿਸਾਨੀ ਸੰਘਰਸ਼ ਵਿੱਚ ਆਪਣੀ ਜਾਨ ਦੀ ਕੁਰਬਾਨੀ ਦੇਣ ਸਦਕਾ ਅੱਜ ਪੂਰੇ ਸਮਾਜ ਅਤੇ ਸਮੁੱਚੀ ਲੋਕਾਈ ਦਾ ਪੁੱਤਰ ਬਣ ਚੁੱਕਾ ਹੈ। ਸਰਬ ਸਾਂਝੇ ਮੋਰਚੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਉਸ ਫਰਜ਼ੰਦ ਦਾ ਮੈਂ ਦਾਦਾ ਹੋਣ ਦੀ ਬਦੌਲਤ ਅੱਜ ਪੰਜਾਬ ਦੀ ਸਮੁੱਚੀ ਨੌਜਵਾਨੀ ਦਾ ਵੀ ਦਾਦਾ ਹੋਣ ਦਾ ਮਾਣ ਮਹਿਸੂਸ ਕਰ ਰਿਹਾ ਹਾਂ।

ਇਸ ਲਈ ਮੇਰਾ ਹੁਣ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਨਵਰੀਤ ਸਮੇਤ ਸਮੁੱਚੇ ਕਿਸਾਨ ਮੋਰਚੇ ਦੇ ਸ਼ਹੀਦ ਜੋ ਮੇਰੇ ਤਨ ਅਤੇ ਮਨ ਅੰਦਰ ਜੋਸ਼ ਅਤੇ ਹਿੰਮਤ ਭਰਦੇ ਹੋਏ ਸੰਘਰਸ਼ ਰੂਪੀ ਜੋਤ ਜਗਾ ਕੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਮੈਂ ਉਸ ਜੋਤ ਨੂੰ ਹੁਣ ਤੁਹਾਡੇ ਸਹਿਯੋਗ ਨਾਲ ਜਗਦੀ ਰੱਖਣਾ ਚਾਹੁੰਦਾ ਹਾਂ। ਇਸ ਲਈ ਮੇਰਾ ਵਿਸ਼ਵਾਸ ਹੈ ਕਿ ਇਸ ਜੋਤ ਨੂੰ ਸੰਭਾਲਣ ਲਈ ਮੇਰੀਆਂ ਹੀ ਦੋ ਬਾਹਾਂ ਨਹੀਂ ਤੁਹਾਡੀਆਂ ਲੱਖਾਂ ਕਰੋੜਾਂ ਬਾਹਾਂ ਮੇਰਾ ਸਹਾਰਾ ਬਣਨਗੀਆਂ ਜਿਨ੍ਹਾਂ ਵਿਚੋਂ ਮੈਨੂੰ ਹਮੇਸ਼ਾਂ ਆਪਣਾ ਨਵਰੀਤ ਨਜ਼ਰ ਆਵੇਗਾ, ਕਿਉਂਕਿ ਦੁਨਿਆਵੀ ਤੌਰ 'ਤੇ ਆਮ ਕਰਕੇ ਕਿਸੇ ਆਪਣੇ ਦਾ ਚਲੇ ਜਾਣਾ ਸਾਨੂੰ ਤੋੜ, ਝੰਜੋੜ ਜਾਂਦਾ ਹੈ, ਪਰ ਨਵਰੀਤ ਆਪਣੀ ਸ਼ਹਾਦਤ ਸਦਕਾ ਮੈਨੂੰ ਹਮੇਸ਼ਾਂ-ਹਮੇਸ਼ਾਂ ਲਈ ਤੁਹਾਡੇ ਨਾਲ ਜੋੜ ਗਿਆ ਹੈ।

ਇਸ ਲਈ ਮੇਰੇ ਨੌਜਵਾਨ ਪੁੱਤਰੋ ਅਤੇ ਧੀਓ ਆਓ ਨਵਰੀਤ ਸਮੇਤ ਅੱਜ ਤੱਕ ਦੇ ਸਮੁੱਚੇ ਕਿਸਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਆਪਣੇ ਮਨਾਂ ਅੰਦਰ ਵਸਾ ਕੇ ਕਾਲੇ ਕਾਨੂੰਨ ਰੱਦ ਕਰਵਾਉਣ ਦੇ ਅਧੂਰੇ ਮਿਸ਼ਨ ਨੂੰ ਫਤਹਿ ਕਰਨ ਲਈ ਨੌਜਵਾਨ-ਕਿਸਾਨ ਮੋਰਚਾ ਇਕਜੁੱਟਤਾ ਦੇ ਨੇਕ ਵਿਚਾਰਾਂ ਅਤੇ ਉਸਾਰੂ ਸੋਚ ਨਾਲ ਜੁੜੀਏ। ਇਸ ਲਈ ਵਰਤਮਾਨ ਸਮੇਂ ਦੀ ਵੰਗਾਰ ਨੂੰ ਕਬੂਲ ਕਰਦੇ ਹੋਏ ਇਕ ਵਾਰ ਫਿਰ ਦੋ ਪੀੜ੍ਹੀਆਂ ਦੇ ਟੁੱਟ ਚੁੱਕੇ ਸੁਮੇਲ ਜਿਸ ਦੀ ਮੁੱਖ ਜ਼ੁੰਮੇਵਾਰ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਹੈ, ਆਪਣੀ ਸੂਝ-ਬੂਝ ਅਤੇ ਪਿਆਰ ਦੇ ਸਦਕਾ ਇਕਸਾਰ ਤੇ ਮਜ਼ਬੂਤ ਕਰੀਏ।

ਸੰਘਰਸ਼ ਦੇ ਰਾਹ ਚੱਲਦੇ ਹੋਏ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਪਹਿਲਾਂ ਪੈਦਾ ਹੋਏ ਇਸ ਖਲਾਅ ਨੂੰ ਦੂਰ ਕਰਨਾ ਹੀ ਸਾਡੀ ਸਫਲਤਾ ਦਾ ਮੁੱਖ ਦੁਆਰ ਹੈ ਕਿਉਂਕਿ ਜੇ ਅਸੀਂ ਅੱਜ ਇਸ ਚਣੋਤੀ ਨੂੰ ਨਾ ਕਬੂਲਿਆ ਤਾਂ ਇੱਕ ਵਾਰ ਫਿਰ ਸਾਡੀ ਗਿਣਤੀ ਮੂਕ ਦਰਸ਼ਕਾਂ ਵਿਚ ਗਿਣੀਂ ਜਾਵੇਗੀ ਅਤੇ ਅਸੀਂ ਭਵਿੱਖ ਲਈ ਕੁਝ ਵੀ ਕਰਨ ਤੋਂ ਸਦਾ ਲਈ ਬੇਵੱਸ ਹੋ ਜਾਵਾਂਗੇ। ਮੈਂ ਤੁਹਾਡਾ ਬਜ਼ੁਰਗ ਹੋਣ ਦੇ ਨਾਤੇ ਅਤੇ ਕਿਸਾਨ ਮੋਰਚੇ ਅੰਦਰ ਪਏ ਇਸ ਪਾੜੇ ਨੂੰ ਖਤਮ ਕਰਨ ਲਈ ਹੁਕਮਰਾਨ ਦੀ ਇਸ ਵੰਗਾਰ ਨੂੰ ਕਬੂਲਦਾ ਹੋਇਆ ਸਮੁੱਚੀ ਨੌਜਵਾਨੀ ਤੋਂ ਆਸਵੰਦ ਹਾਂ। 25 ਮਾਰਚ ਨੂੰ ਮੋਗੇ ਤੋਂ ਦਿੱਲੀ ਵੱਲ ਰਵਾਨਾ ਹੋਣ ਵਾਲਾ ਇਹ ਕਾਫਲਾ ਮੇਰੇ ਲਈ ਤੁਹਾਡੇ ਭਰੋਸੇ ਅਤੇ ਜਜ਼ਬੇ ਦਾ ਅਹਿਮ ਪ੍ਰਤੀਕ ਹੋਵੇਗਾ।

ਇਸ ਲਈ ਮੇਰੀ ਸਮੁੱਚੀ ਨੌਜਵਾਨੀ ਨੂੰ ਅਪੀਲ ਹੈ ਕਿ ਜਿਹੜੇ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦਾ ਅੰਨਦਾਤਾ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ ਉਹ ਕਾਲੇ ਕਾਨੂੰਨ ਅੱਜ ਵੀ ਜਿਉਂ ਦੇ ਤਿਉਂ ਹਨ। ਕਿਸੇ ਵਕਤ ਕਿਸਾਨੀ ਮੋਰਚੇ ਨੇ ਸਾਡੇ ਮਨਾਂ ਅੰਦਰ ਇਕ ਵਿਲੱਖਣ ਸੋਚ ਪੈਦਾ ਕੀਤੀ ਜਿਸ ਸਕਦਾ ਨੌਜਵਾਨ ਬਜ਼ੁਰਗ ਬਾਰੇ ਅਤੇ ਬਜ਼ੁਰਗ ਆਪਣੇ ਨੌਜਵਾਨ ਬਾਰੇ ਸੋਚਦਾ ਸੀ।

ਇਸ ਲਈ ਜਿਵੇਂ -ਜਿਵੇਂ ਸਾਡੇ ਮਨਾਂ ਚੋਂ ਇੱਕ ਦੂਜੇ ਪ੍ਰਤੀ ਪੈਦਾ ਹੋਈ ਬੇ-ਵਿਸ਼ਵਾਸੀ ਖਤਮ ਹੁੰਦੀਂ ਜਾਏਗੀ ਤਿਵੇਂ-ਤਿਵੇਂ ਸਰਕਾਰ ਤੇ ਕਿਸਾਨ ਮੋਰਚੇ ਵਿਰੋਧੀ ਅਨਸਰਾਂ ਵੱਲੋਂ ਸਾਡੇ ਦਰਮਿਆਨ ਪਾਇਆ ਹੋਇਆ ਪਾੜਾ ਵੀ ਮਿਟਣਾ ਸ਼ੁਰੂ ਹੋ ਜਾਵੇਗਾ ਤੇ ਅਸੀ ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਇਹਨਾਂ ਕਾਲੇ ਕਾਨੂੰਨਾਂ ਨੂੰ ਕੇਵਲ ਰੱਦ ਕਰਵਾਕੇ ਸਰੀਰਕ ਅਜ਼ਾਦੀ ਦਾ ਹੀ ਨਹੀਂ ਸਗੋਂ ਮਾਨਸਿਕ ਅਜ਼ਾਦੀ ਦਾ ਵੀ ਨਿੱਘ ਮਾਣ ਸਕਾਂਗੇ। ਕਿਉਂਕਿ ਸਰੀਰਕ ਅਜ਼ਾਦੀ ਤਾਂ ਕੁਝ ਸਮੇਂ ਲਈ ਹੋ ਸਕਦੀ ਹੈ ਪਰ ਮਾਨਸਿਕ ਅਜ਼ਾਦੀ ਤਾਂ ਸਦੀਂਵੀ ਹੁੰਦੀ ਹੈ। ਇਸ ਲਈ ਕਿਸਾਨੀ ਨੂੰ ਅਧਾਰ ਬਣਾਕੇ ਇਕਮੁੱਠ ਹੋ ਕੇ ਏਕਤਾ ਦਾ ਪ੍ਰਗਟਾਵਾ ਕਰੀਏ ਕਿਉਂਕਿ ਕੋਈ ਵੀ ਕ੍ਰਾਂਤੀ ਬਿਨ੍ਹਾਂ ਕਿਸੇ ਮਕਸਦ ਦੇ ਸਫਲ ਨਹੀਂ ਹੋ ਸਕਦੀ।

ਇਸ ਲਈ ਮੈਂ ਚਾਹੁੰਦਾ ਹਾਂ ਕਿ ਕਿਸਾਨੀ ਸੰਘਰਸ਼ ਦੇ ਅਧਾਰਤ ਸਿੰਗੂ, ਟਿੱਕਰੀ, ਗਾਜ਼ੀਪੁਰ ਬਾਰਡਰਾਂ 'ਤੇ ਤਿਆਰ ਕੀਤੇ ਗਏ ਪਲੇਟਫਾਰਮ ਵਿੱਚ ਆਪਾਂ ਸਾਰੇ ਰਲ-ਮਿਲ ਕੇ ਆਪਣੀ ਜਿੱਤ ਪ੍ਰਾਪਤ ਕਰੀਏ। ਸਾਨੂੰ ਸਾਰਿਆਂ ਨੂੰ ਇਸ ਲਈ ਮਿਲਕੇ ਹੰਭਲਾ ਮਾਰਨ ਦੀ ਲੋੜ ਹੈ ਕਿਉਂਕਿ ਪੰਜਾਬੀ ਪੂਰੀ ਦੁਨੀਆਂ ਚ ਆਪਣੇ ਸਾਹਸ ਅਤੇ ਹਿੰਮਤ ਲਈ ਪ੍ਰਸਿੱਧ ਹਨ। ਸਾਡਾ ਜਿਉਂਦਾ ਜਾਗਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਅਜ਼ਾਦੀ ਦੀ ਲਹਿਰ ਉੱਠੀ ਹੈ ਤਾਂ ਉਹ ਪੰਜਾਬ ਦੀ ਧਰਤੀ ਤੋਂ ਹੀ ਉੱਠੀ ਹੈ।ਇਸ ਲਈ ਆਪਣੇ ਇਤਿਹਾਸ ਦੇ ਦੀਵੇ ਨੂੰ ਸਦਾ ਜਗਦਾ ਰੱਖਣ ਲਈ ਇਸ ਵਿੱਚ ਸਾਨੂੰ ਆਪਣੀ ਏਕਤਾ, ਹਿੰਮਤ ਅਤੇ ਸਾਂਝੀਵਾਲਤਾ ਦਾ ਤੇਲ ਪਾਉਣ ਦੀ ਖ਼ਾਸ ਜ਼ਰੂਰਤ ਹੈ ਤਾਂ ਜੋ ਕਿਸਾਨੀ ਸੰਘਰਸ਼ ਦੀ ਜਗ ਰਹੀ ਲਾਟ ਕਦੇ ਨਾ ਬੁਝਣ ਵਾਲੀ ਮਿਸ਼ਾਲ ਵਿਚ ਤਬਦੀਲ ਹੋ ਸਕੇ।

ਇਸ ਲਈ ਅੱਜ ਲੋੜ ਹੈ ਕਿ ਸਭ ਧੀਆਂ, ਪੁੱਤ ਨੌਜਵਾਨ, ਬਜ਼ੁਰਗ ਇਸ ਕਾਫਲੇ ਦਾ ਅਹਿਮ ਹਿੱਸਾ ਬਣੀਏ। ਬੇਸ਼ੱਕ ਮੋਗੇ ਦੀ ਧਰਤੀ ਤੋਂ ਸ਼ੁਰੂ ਹੋਣ ਵਾਲੇ ਇਸ ਕਾਫਲੇ ਦਾ ਅਗਾਜ਼ ਹਜ਼ਾਰਾਂ ਬੰਦਿਆਂ ਨਾਲ ਸ਼ੁਰੂ ਕਰਾਂਗਾ ਪਰ ਦਿੱਲੀ ਪਹੁੰਚਣ ਤੱਕ ਇਸ ਕਾਫਲੇ ਦਾ ਹਜ਼ੂਮ ਲੱਖਾਂ ਕਰੋੜਾਂ ਲੋਕਾਂ ਦੇ ਰੂਪ ਵਿੱਚ ਬਦਲ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਹਾਕਮ ਦੀ ਲਲਕਾਰ ਨੂੰ ਕਬੂਲ ਸਕਾਂਗੇ ਅਤੇ ਉਸ ਵੰਗਾਰ ਨੂੰ ਚਾਰੋ ਖਾਨੇ ਚਿੱਤ ਕਰ ਸਕਾਂਗੇ।

ਨੌਜਵਾਨ ਪੁੱਤਰੋ ਮੈਂ ਤੁਹਾਡੀ ਜ਼ਿੰਦਗੀ ਦਾ ਇੱਕ ਦਿਨ ਇਸ ਕਾਫਲੇ ਦੀ ਸ਼ਮੂਲੀਅਤ ਲਈ ਮੰਗ ਰਿਹਾ ਹਾਂ। ਸੋ 25 ਮਾਰਚ ਨੂੰ ਆਪੋ-ਅਪਣੀਆਂ ਗੱਡੀਆਂ ਲੈ ਮੋਗੇ ਤੋਂ ਸਵੇਰੇ ਨੌਂ ਵਜੇ ਸਿੰਘੂ ਬਾਰਡਰ ਦਿੱਲੀ ਲਈ ਚਾਲੇ ਪਾਈਏ। ਤੁਹਾਡੇ ਸਾਥ ਤੇ ਹੁੰਗਾਰੇ ਦੀ ਆਸ ਵਿੱਚ ਤੁਹਾਡਾ ਦਾਦਾ।

ਹਰਦੀਪ ਸਿੰਘ ਡਿਬਡਿਬਾ
ਸੰਪਰਕ -97838-00014


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top