Khalsa News homepage

 

 Share on Facebook

Main News Page

ਛੋਡਹਿ ਅੰਨੁ ਕਰਹਿ ਪਾਖੰਡਨਾ ਸੋਹਾਗਨਿ ਨਾ ਓਹਿ ਰੰਡ
ਕੀ ਇਹ ਸ਼ਬਦ ਸਿਰਫ ਬੀਬੀਆਂ ਲਈ ਹੈ? ਕੀ ਇਹ ਵਰਤਾਂ ਬਾਰੇ ਹੈ?
-: ਸੰਪਾਦਕ ਖ਼ਾਲਸਾ ਨਿਊਜ਼  01.11.2020
#BhagatKabeer #KhalsaNews #KarvaChauth #Varat #Fasting #Pakhand

ਕੀ ਇਹ ਸ਼ਬਦ ਸਿਰਫ ਬੀਬੀਆਂ ਲਈ ਹੈ? ਕੀ ਇਹ ਸਿਰਫ ਵਰਤਾਂ ਬਾਰੇ ਹੈ? ਇਸ ਸ਼ਬਦ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ। ਪੂਰਾ ਸ਼ਬਦ ਪੜ੍ਹੋ, ਇਹ ਉਨ੍ਹਾਂ ਸਭ ਲਈ ਹੈ, ਜੋ ਅੰਨ ਦਾ ਤਿਆਗ ਕਰਕੇ ਸਿਰਫ ਦੁੱਧ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਹਨ ਤੇ ਅੰਨ ਦੇ ਤਿਆਗ ਨੂੰ ਮਹਾਨ ਦਸਦੇ ਹਨ।

ਖ਼ਾਲਸਾ ਨਿਊਜ਼ ਵਰਤਾਂ ਦੀ ਹਾਮੀ ਜਾਂ ਸਮਰਥਕ ਨਹੀਂ, ਪਰ ਗੁਰਬਾਣੀ ਨੂੰ ਬਹੁਤ ਸਹਿਜ ਅਤੇ ਸਿਆਣਪ ਨਾਲ ਪੜ੍ਹਨਾ ਤੇ ਸਮਝਣਾ ਜ਼ਰੂਰੀ ਹੈ, ਜਿਸ ਨਾਲ ਜੋ ਗੁਰਬਾਣੀ ਸਾਨੂੰ ਸਮਝਾਉਣ ਚਾਹੁੰਦੀ ਹੈ ਉਸਦਾ ਤੱਤ ਸਾਨੂੰ ਸਮਝ ਆਵੇ। ਸਿੱਖ ਅਖਵਾਉਣ ਵਾਲਿਆਂ ਦੀ ਇੱਕ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਉਹ ਇੱਕ ਅੱਧੀ ਤੱਕ ਨੂੰ ਲੈਕੇ ਖਹਿਬੜਨਾ ਸ਼ੁਰੂ ਕਰ ਦਿੰਦੇ ਹਨ।

ਸ਼ਬਦ ਨੂੰ ਪੂਰਾ ਸਮਝਣਾ, ਰਹਾਉ ਨੂੰ ਧਿਆਨ ਵਿੱਚ ਰੱਖਣਾ, ਤੇ ਸ਼ਬਦਾਂ ਦੀ ਲੜੀ ਨੂੰ ਸਮਝਣ ਤੋਂ ਬਗੈਰ ਸਿਰਫ ਅਟਕਲਪੱਚੂ ਹੀ ਲਗਦੇ ਹਨ, ਇਸੇ ਲਈ ਬਹੁਤ ਦੁਬਿਧਾਵਾਂ ਖੜੀਆਂ ਹੁੰਦੀਆਂ ਹਨ। ਜੇ ਗੁਰਬਾਣੀ ਵਿੱਚ ਕਿਸੇ ਚੀਜ਼ ਦਾ ਖੰਡਨ ਹੈ ਤਾਂ ਉਸਦਾ ਮੰਡਨ, ਬਦਲ ਵੀ ਨਾਲ ਹੀ ਹੈ, ਪਰ ਇਹ ਸਭ ਉਦੋਂ ਸਮਝ ਆਵੇਗਾ ਜਦੋਂ ਅਸੀਂ ਪੂਰਾ ਪ੍ਰਕਰਣ ਸਮਝਾਂਗੇ, ਇੱਕ ਅੱਧੀ ਤੁੱਕ ਲੈਕੇ ਆਪਣੀ ਹਉਮੈ ਨੂੰ ਪੱਠੇ ਨਹੀਂ ਪਾਵਾਂਗੇ।

ਗੁਰੂ ਸਾਹਿਬ ਨੇ ਅੰਨ ਦਾ ਤਿਆਗ ਕਰਣ ਨੂੰ ਨਹੀਂ ਕਿਹਾ, ਵੰਡ ਕੇ ਛੱਕਣ ਨੂੰ ਕਿਹਾ ਹੈ:

ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥3॥

ਨਾਲੇ ਭੁੱਖ ਤੋਂ ਜ਼ਿਆਦਾ ਖਾਣ "ਹੋਰੁ" ਬਾਰੇ ਸੁਚੇਤ ਕੀਤਾ ਹੈ ਕੀਤਾ ਹੈ :

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥
ਰਹਾਉ ॥

ਆਉ ਇਸ ਲੇਖ ਦੇ ਪ੍ਰਕਰਣ ਸ਼ਬਦ ਬਾਰੇ ਵੀਚਾਰ ਕਰੀਏ। ਪੂਰਾ ਸ਼ਬਦ ਇਉਂ ਹੈ:

ਗੋਂਡ ॥ ਧੰਨੁ ਗੁਪਾਲ ਧੰਨੁ ਗੁਰਦੇਵ ॥ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥
ਧਨੁ ਓਇ ਸੰਤ ਜਿਨ ਐਸੀ ਜਾਨੀ ॥ ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥
ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥
ਜਪੀਐ ਨਾਮੁ ਜਪੀਐ ਅੰਨੁ ॥ ਅੰਭੈ ਕੈ ਸੰਗਿ ਨੀਕਾ ਵੰਨੁ ॥
ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥
ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥
ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥
ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥ {ਪੰਨਾ 873}

ਸ਼ਬਦ ਦੇ ਵਿਸ਼ੇ ਨੂੰ ਸਮਝਣ ਲਈ ਰਹਾਉ ਵਾਲੀ ਤੁੱਕ ਸਮਝਣੀ ਪੈਂਦੀ ਹੈ। ਇਸ ਸ਼ਬਦ ਦੀ ਰਹਾਉ ਦੀ ਤੁੱਕ ਹੈ... ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥ ਜਿਸਦਾ ਅਰਥ ਹੈ:
(ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿੱਚ ਤੁਸੀਂ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ, ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ।੧।ਰਹਾਉ।

ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਕੀਤੇ ਅਰਥ:

ਅਰਥ: (ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀਂ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ, ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ।੧।ਰਹਾਉ।

ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ) , ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ) , ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ। ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ) , ਉਹਨਾਂ ਨੂੰ ਪਰਮਾਤਮਾ ਮਿਲਦਾ ਹੈ।੧।

(ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ) । (ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?) । ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ) ।੨।

ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ, ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ। (ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ।੩।

ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਹੇ ਕਬੀਰ! ਬੇਸ਼ੱਕ) ਆਖ-ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ।੪।੮।੧੧।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top