Khalsa News homepage

 

 Share on Facebook

Main News Page

ਬਚਿੱਤਰੀਆਂ ਦੀ ਦੌੜ, ਅਖੌਤੀ ਦਸਮ ਗ੍ਰੰਥ ਤੋਂ ਭਿੰਡਰਾਂਵਾਲੇ ਤੱਕ
-: ਸੰਪਾਦਕ ਖ਼ਾਲਸਾ ਨਿਊਜ਼
08.09.15

ਇਹ ਤਾਂ ਲਿਖਣਾ ਪੈ ਰਿਹਾ ਹੈ ਕਿ ਜਦੋਂ ਵੀ ਅਖੌਤੀ ਦਸਮ ਗ੍ਰੰਥ ਦੀ ਗੱਲ ਚਲਦੀ ਹੈ ਤਾਂ ਇਸ ਗ੍ਰੰਥ ਦੇ ਸਮਰਥਕ, ਜਿਨ੍ਹਾਂ ਚੋਂ 99% ਨੇ ਇਹ ਗ੍ਰੰਥ ਪੜ੍ਹਿਆ ਤੱਕ ਨਹੀਂ ਹੁੰਦਾ, ਇਸਦੇ ਹੱਕ 'ਚ ਇਉਂ ਖੜਦੇ ਹਨ, ਜਿਵੇਂ ਇਨ੍ਹਾਂ ਦਾ ਸਕਾ ਪਿਓ ਹੋਵੇ।

ਇਨ੍ਹਾਂ ਭੁੱਲੇ ਹੋਏ ਵੀਰਾਂ ਨਾਲ ਕੋਈ ਗਲਬਾਤ ਫੇਸਬੁਕ 'ਤੇ ਹੋਵੇ ਭਾਂਵੇਂ ਨੀਜੀ ਤੌਰ 'ਤੇ ਇਨ੍ਹਾਂ ਵਿਚਾਰਿਆਂ ਦੀ ਸਮਝ 'ਤੇ ਬਹੁਤੀ ਵਾਰੀ ਤਰਸ ਤੇ ਹਾਸਾ ਹੀ ਆਉਂਦਾ ਹੈ। ਹਾਲੇ ਕੱਲ ਦੀ ਹੀ ਗੱਲ ਹੈ, ਕਿਸੇ ਵਿਅਕਤੀ ਨਾਲ ਅਖੌਤੀ ਦਸਮ ਗ੍ਰੰਥ ਨਾਲ ਵੀਚਾਰ ਕਰਨ ਦਾ ਮੌਕਾ ਮਿਲਿਆ, ਪਰ ਉਥੇ ਵੀ ਉਹੀ ਢਾਕ ਕੇ ਤੀਨ ਪਾਤ... ਮੁੜ੍ਹ ਘਿੜ ਕੇ ਉਹੀ ਗੱਲਾਂ ...

ਭਿੰਡਰਾਂਵਾਲੇ ਤਾਂ ਦਸਮ ਗ੍ਰੰਥ ਨੂੰ ਮੰਨਦੇ ਸੀ, ਗਿਆਨੀ ਸੰਤ ਸਿੰਘ ਮਸਕੀਨ ਵੀ ਤਾਂ ਮੰਨਦੇ ਸੀ, ਤੁਸੀਂ ਉਨ੍ਹਾਂ ਨਾਲੋਂ ਬਹੁਤੇ ਸਿਆਣੇ ਹੋ? ਅੰਮ੍ਰਿਤ ਦਾ ਕੀ ਬਣੂ? ਗੁਰੂ ਜੀ ਨੇ ਸੈਕਸ ਏੇਜੂਕੇਸਨ ਦੇਣ ਲਈ ਲਿਖੀ ਹੈ। ਇਸ ਨਾਲ ਸੂਰਬੀਰਤਾ ਆਉਂਦੀ ਹੈ... ਇਸ ਤੋਂ ਵੱਧ 99% ਦਸਮ ਗ੍ਰੰਥ ਸਰਮਥਕਾਂ ਕੋਲ ਹੋਰ ਕੋਈ ਦਲੀਲ ਨਹੀਂ। ਬਸ ਸੁਣੀਆਂ ਸੁਣਾਈਆਂ ਗੱਲਾਂ 'ਤੇ ਟੱਕ ਬੰਨਿਆ ਹੈ.. ਜੀ ਤੁਸੀਂ ਪੰਥ 'ਚ ਦੁਫੇੜ ਪੈਦਾ ਕਰ ਰਹੇ ਹੋ... ਭਿੰਡਰਾਂਵਾਲਿਆਂ ਦੇ ਵੇਲੇ ਕੋਈ ਕਿਉਂ ਨਾ ਬੋਲਿਆ... ਜਾਂ ਜਦੋਂ ਹੋਰ ਕੋਈ ਗੱਲ ਨਾ ਲੱਭੇ ਤਾਂ ਪ੍ਰੋ. ਦਰਸ਼ਨ ਸਿੰਘ ਦੇ ਦੁਆਲੇ ਹੋ ਜਾਓ... ਬਸਸਸਸ...

ਜਦੋਂ ਇਨ੍ਹਾਂ ਨੂ ਪੁੱਛੋ ਕਿ ਭਾਈ ਸਾਹਿਬ ਤੁਸੀਂ ਦਸਮ ਗ੍ਰੰਥ ਪੜ੍ਹਿਆ ਹੈ, ਤਾਂ ਕੋਈ ਜਵਾਬ ਨਹੀਂ... ਬਸ ਤੁਸੀਂ ਚੁੱਪ ਕਰ ਜਾਓ, ਦਸਮ ਗ੍ਰੰਥ ਦੀ ਗੱਲ ਨਾ ਕਰੋ...

ਓ ਭਲਿਓ, ਜੇ ਤੁਹਾਡਾ ਇਹ ਗੁਰੂ ਹੈ, ਜੇ ਇਹ ਗੁਰੂ ਕਿਰਤ ਹੈ, ਤਾਂ ਅਸੀਂ ਤਾਂ ਤੁਹਾਡੇ ਰਾਮ, ਸ਼ਿਆਮ, ਕਾਲ ਗੁਰੂ ਦੀ ਬਾਣੀ ਦਾ ਹੀ ਤਾਂ ਲੋਕਾਂ 'ਚ ਪਹੁੰਚਾ ਰਹੇ ਹਾਂ, ਤੁਹਾਨੂਂ ਤਾਂ ਸਾਡਾ ਅਹਿਸਾਨਮੰਦ ਹੋਣਾ ਚਾਹੀਦਾ ਹੈ।

ਜਿਵੇਂ ਮੁਲਾਂ ਦੀ ਦੌੜ ਮਸੀਤ ਤੱਕ, ਉੁਸੇ ਤਰ੍ਹਾਂ ਇਸ ਗ੍ਰੰਥ ਦੇ ਸਮਰਥਕਾਂ ਦੀ ਸੋਚ ਭਿੰਡਰਾਂਵਾਲਿਆਂ ਤੱਕ ਜਾਕੇ ਰੁੱਕ ਜਾਂਦੀ ਹੈ।

ਕੀ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ, ਸਿੱਖਾਂ ਦਾ ਗੁਰੂ ਹੈ? ਉਨ੍ਹਾਂ ਦੀ ਕੀਤੇ ਕੰਮਾਂ ਤੇ ਸ਼ਹਾਦਤ ਨੂੰ ਸਲਾਮ ਹੈ, ਉਸ ਤੋਂ ਕੋਈ ਮੁਨਕਰ ਨਹੀਂ, ਪਰ ਇਹ ਜ਼ਰੂਰੀ ਤਾਂ ਨਹੀਂ ਕਿ ਕੋਈ ਸ਼ੂਰਬੀਰ ਹੋਵੇ ਤਾਂ ਉਹ ਵਿਦਵਾਨ ਵੀ ਹੋਵੇ, ਗੁਰਬਾਣੀ ਦਾ ਗਿਆਤਾ ਵੀ ਹੋਵੇ। ਜੇ ਕੋਈ ਚੰਗਾ ਲਿਖਾਰੀ ਹੈ, ਤਾਂ ਇਹ ਜ਼ਰੂਰੀ ਨਹੀਂ ਕਿ ਉਹ ਚੰਗਾ ਬੁਲਾਰਾ ਵੀ ਹੋਵੇ, ਇਸੇ ਤਰ੍ਹਾਂ ਚੰਗਾ ਬੁਲਾਰਾ, ਚੰਗਾ ਲਿਖਾਰੀ ਵੀ ਹੋਵੇ ਇਹ ਜ਼ਰੂਰੀ ਨਹੀਂ, ਜੇ ਕੋਈ ਚੰਗਾ ਕੀਰਤਨੀਆ ਹੈ, ਉਹ ਚੰਗਾ ਪ੍ਰਚਾਰਕ ਵੀ ਹੋਵੇ ਇਹ ਜ਼ਰੂਰੀ ਨਹੀਂ (ਜਿਸ ਦੀ ਮਿਸਾਲ ਬਲਬੀਰ ਸਿੰਘ, ਸਰਬਜੀਤ ਸਿੰਘ ਲਾਡੀ, ਹਰਜਿੰਦਰ ਸਿੰਘ ਸ੍ਰੀਨਗਰ, ਹਰਵਿੰਦਰ ਸਿੰਘ ਦਿੱਲੀ ਆਦਿ ਹਨ, ਜਿਹੜੇ ਕੀ ਬਿਨਾ ਸ਼ੱਕ ਚੰਗੇ ਗਾਇਕ ਹਨ, ਪਰ ਇਨ੍ਹਾਂ ਦੇ ਦੀਆਂ ਕਰਤੂਤਾਂ ਸਭ ਦੇ ਸਾਹਮਣੇ ਹਨ) ਹਰ ਕਿਸੇ ਦਾ ਆਪਣਾ ਦਾਇਰਾ ਹੈ, ਅਸੀਂ ਕਿਉਂ ਉਸੇ ਵਿਅਕਤੀ ਨੂੰ ਹੀ ਸਭ ਕੁੱਝ ਮੰਨੀ ਬੈਠਦੇ ਹਾਂ, ਕਿ ਜੋ ਉਸ ਵਿਅਕਤੀ ਨੇ ਕਿਹਾ ਹੈ, ਉਹੀ ਪੱਥਰ 'ਤੇ ਲਕੀਰ ਹੈ!!! ਜਿਹੜੀਆਂ ਹੋਰ ਗੱਲਾਂ ਭਿਡਰਾਂਵਾਲਿਆਂ ਨੇ ਕਹੀਆਂ, ਕੀ ਉਹ ਸਾਰੀਆਂ ਮੰਨੀਆਂ ਗਈਆਂ, ਸਿਰਫ ਹੁਣ ਅਖੌਤੀ ਦਸਮ ਗ੍ਰੰਥ ਵਾਲੀ ਹੀ ਰਹਿੰਦੀ ਹੈ ਬਸ...?

ਭਿੰਡਰਾਂਵਾਲੇ ਜਿਸ ਟਕਸਾਲ ਤੋਂ ਹਨ, ਉਥੇ ਸ਼ੁਰੂਆਤ ਤੋਂ ਹੀ ਬ੍ਰਾਹਮਣਵਾਦ ਦਾ ਗਲਬਾ ਚੜਿਆ ਹੈ, ਜੋ ਅੱਜ ਤੱਕ ਜਾਰੀ ਹੈ। ਦਮਦਮੀ ਟਕਸਾਲ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਵੋ, ਬ੍ਰਾਹਮਣਵਾਦੀ ਕਰਮਕਾਂਡਾਂ ਨਾਲ ਭਰੀਆਂ ਪਈਆਂ ਹਨ, ਕਿਹੜਾ ਕਰਮਕਾਂਡ ਉਥੇ ਨਹੀਂ ਹੁੰਦਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗੰਥ ਦੇ ਹਨੇਰੇ ਤੋਂ ਲੈਕੇ, ਹਵਨ, ਸੁੱਚ ਭਿੱਟ, ਹੋਰ ਅਨਮਤੀ ਗ੍ਰੰਥਾਂ ਦੀ ਪੜਾਈ... ਇਨ੍ਹਾਂ ਸਭ ਗੱਲਾਂ ਦਾ ਅਸਰ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ 'ਤੇ ਵੀ ਸੀ, ਪਰ ਉਨ੍ਹਾਂ ਨੇ ਜਦੋਂ ਕੌਮ ਦੀ ਕਮਾਨ ਸੰਭਾਲੀ ਇਹ ਸਭ ਗੱਲਾਂ ਨਾਲ ਨਹੀਂ, ਸਿਰਫ ਕੌਮ ਪ੍ਰਤੀ ਦਰਦ ਦੀ ਭਾਵਨਾ ਨਾਲ... ਹੋਰ ਤਾਂ ਹੋਰ ਜਿੰਨ੍ਹਾਂ ਚਿਰ ਉਹ ਅਕਾਲ ਤਖ਼ਤ 'ਤੇ ਰਹੇ, ਉਨ੍ਹਾਂ ਨੇ ਚਲਦੀ ਮਰਿਆਦਾ 'ਚ ਕੋਈ ਤਬਦੀਲੀ ਵੀ ਨਹੀਂ ਕੀਤੀ... ਜੇ ਉਹ ਦਸਮ ਗ੍ਰੰਥ ਨੂੰ ਮੰਨਦੇ ਸਨ, ਤਾਂ ਇਹ ਉਨ੍ਹਾਂ ਦਾ ਨਿਜੀ ਫੈਸਲਾ ਹੈ, ਟਕਸਾਲ ਦਾ ਫੈਸਲਾ ਹੈ, ਗੁਰੂ ਦਾ ਫੈਸਲਾ ਨਹੀਂ, ਬੰਦਾ ਭੁਲਣਹਾਰ ਹੈ, ਗੁਰੂ ਨਹੀਂ !!!

ਕੋਈ ਦਿਖਾ ਦੇਵੇ ਕਿ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਿਸੇ ਹੋਰ ਗ੍ਰੰਥ ਨੂੰ ਵੀ ਗੁਰੂ ਮੰਨਣ ਲਈ ਕਿਹਾ ਹੋਵੇਦੱਸੋ !!!

ਫਿਰ ਸੰਤ ਸਿੰਘ ਮਸਕੀਨ... ਕੀ ਉਹ ਗੁਰੂ ਸੀ? ਨਹੀਂ !!! ਉਹ ਤਾਂ ਬਾਣੀ ਨਾਲੋਂ ਜ਼ਿਆਦਾ ਸ਼ੇਖ਼ ਸਾਦੀ ਦੀਆਂ ਉਦਾਹਰਣਾਂ ਦਿੰਦੇ ਸੀ, ਤਾਂ ਕਿ ਅਸੀਂ ਹੁਣ ਸ਼ੇਖ਼ ਸਾਦੀ ਨੂੰ ਗੁਰੂ ਮੰਨ ਲਈਏ? ਉਹ ਤਾਂ ਭੂਤਾਂ ਪ੍ਰੇਤਾਂ, ਹੋਰ ਕਈ ਤਰ੍ਹਾਂ ਦੇ ਅਨਮਤੀ ਚਮਤਕਾਰਾਂ ਨੂੰ ਮੰਨਦੇ ਸੀ, ਤਾਂ ਕੀ ਫਿਰ ਅਸੀਂ ਵੀ ਮੰਨੀਏ? ਠੀਕ ਹੈ ਉਹ ਇੱਕ ਗਿਆਨਵਾਨ ਪ੍ਰਚਾਰਕ ਸੀ, ਪਰ ਕੋਈ ਜ਼ਰੂਰੀ ਨਹੀਂ, ਕਿ ਅਸੀਂ ਬੱਸ ਉੱਥੇ ਹੀ ਰੁੱਕ ਜਾਣਾ ਹੈ, ਅਗਾਂਹ ਵੱਧਣਾ ਹੀ ਨਹੀਂ।

ਜੇ ਇਹ ਗੱਲ ਹੈ ਤਾਂ ਫਿਰ ਜੇ ਅਸੀਂ ਗਿਆਨੀ ਭਾਗ ਸਿੰਘ ਅੰਬਾਲਾ, ਡਾ. ਰਤਨ ਸਿੰਘ ਜੱਗੀ, ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਦਰਸ਼ਨ ਸਿੰਘ ਆਦਿ ਦੀ ਉਦਾਹਰਣ ਦਿੰਦੇ ਹਾਂ, ਤਾਂ ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ? ਪਰ ਅਸੀਂ ਇਹ ਤਾਂ ਕਦੀ ਨਹੀਂ ਕਿਹਾ ਕਿ ਇਨ੍ਹਾਂ ਤੋਂ ਵੱਧ ਕੇ ਕੋਈ ਹੋਰ ਸੋਚ ਹੀ ਨਹੀਂ ਸਕਦਾ, ਜਾਂ ਇਨ੍ਹਾਂ ਦੀ ਕਹੀ ਹਰ ਗੱਲ ਨਾਲ ਅਸੀਂ ਸਹਿਮਤ ਹਾਂ... ਸਾਡੀ ਸੋਚ ਇਨ੍ਹਾਂ 'ਤੇ ਜਾਕੇ ਰੁੱਕ ਨਹੀਂ ਜਾਂਦੀ ਹੈ?... ਨਹੀਂ !!!

ਸਾਡੀ ਕੱਸਵਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਣੀ ਚਾਹੀਦੀ ਹੈ, ਨਾ ਕਿ ਵਿਅਕਤੀ। ਵਿਅਕਤੀ ਭੁਲਣਹਾਰ ਹੈ, ਪਰ ਗੁਰੂ ਨਹੀਂ।

ਜੇ ਸੂਰਬੀਰਤਾ ਗੁਰੂ ਨਾਨਕ ਸਾਹਿਬ 'ਚ ਸੀ, ਤਾਹੀਓਂ ਉਹ ਨੇ ਕੌਡਾ ਰਖਸ਼, ਭੂਮੀਆ ਚੋਰ, ਹਰਿਦੁਆਰ ਦੇ ਬ੍ਰਾਹਮਣ, ਵਲੀ ਕੰਧਾਰੀ, ਮੱਕੇ ਦੇ ਮੁਸਲਮਾਨ, ਬਾਬਰ ਨੂੰ ਸਾਹਮਣੇ ਖੜੋ ਕੇ ਜਾਬਰ ਕਹਿਆ, ਕੀ ਇਹ ਸੂਰਬੀਰਤਾ ਨਹੀਂ? ਕੀ ਸਿਰਫ ਮੈਦਾਨੇ ਜੰਗ 'ਚ ਹੀ ਕਿਰਪਾਨ ਚਲਾਉਣੀ ਹੀ ਸੂਰਬੀਰਤਾ ਹੈ? ਕੀ ਗੁਰੂ ਅੰਗਦ ਸਾਹਿਬ ਨੇ ਹੁਮਾਂਊ ਦੇ ਮੂੰਹ 'ਤੇ ਖਰੀਆਂ ਖਰੀਆਂ ਨਹੀਂ ਸੁਣਾਈਆਂ, ਕੀ ਗੁਰੂ ਅਰਜਨ ਸਾਹਿਬ ਨੇ ਜਹਾਂਗੀਰ ਦੀ ਈਨ ਮੰਨੀ, ਜਿਹੜੀਆਂ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜ੍ਹੀਆਂ, ਉਹ ਬਿਨਾਂ ਸੂਰਬੀਰਤਾ ਤੋਂ ਲੜ੍ਹੀਆਂ, ਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਿਨਾ ਸੂਰਬੀਰਤਾ ਤੋਂ ਤੇਗ ਵਾਹੀ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਨੀਆਂ ਜੰਗਾਂ ਐਵੇਂ ਹੀ ਲੜ੍ਹ ਲਈਆਂ ???? ਉਦੋਂ ਤਾਂ ਇਹ ਦਸਮ ਗ੍ਰੰਥ ਦਾ ਕੋਈ ਵਜੂਦ ਹੀ ਨਹੀਂ ਸੀ, ਫਿਰ ਇਹ ਸੂਰਬੀਰਤਾ ਕਿੱਥੋਂ ਆਈ?

ਗੁਰਬਾਣੀ ਤਾਂ "ਸੂਰਬੀਰਦੀ ਵਿਆਖਿਆ ਇਓਂ ਕਰਦੀ ਹੈ:

ਮ:1 ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥ ਪੰਨਾ 86
ਮ:1 ਸਤ ਸੰਤੋਖੀ ਸਤਿਗੁਰੁ ਪੂਰਾ ॥ ਗੁਰ ਕਾ ਸਬਦੁ ਮਨੇ ਸੋ ਸੂਰਾ ॥ ਪੰਨਾ 1023
ਮ:1 ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ ਪੰਨਾ 1412
ਮ:3 ਆਪੇ ਸਤਿਗੁਰੁ ਮੇਲੇ ਪੂਰਾ ॥ ਸਚੈ ਸਬਦਿ ਮਹਾਬਲ ਸੂਰਾ ॥ ਪੰਨਾ 1060
ਮ:4 ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥ ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥ ਪੰਨਾ 89
ਮ:5 ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥ ਪੰਨਾ 132
ਮ:5 ਹਰਿ ਧਨ ਕੋ ਵਾਪਾਰੀ ਪੂਰਾ ॥ ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥ ਪੰਨਾ 194
ਮ:5 ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥ ਪੰਨਾ 300
ਮ:5 ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਪੰਨਾ 679

ਭਗਤ ਕਬੀਰ
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ ਪੰਨਾ 1105

ਹੁਣ ਦੱਸੋ ਕੀ ਸਿਰਫ ਤਲਵਾਰ ਬਾਜ਼ੀ ਕਰਨ ਵਾਲਾ ਹੀ ਸੂਰਾ ਹੈ?

ਇਹ ਹਾਲੇ ਕੁੱਝ ਕੁ ਉਦਾਹਰਣਾਂ ਹਨ... ਜਿਨ੍ਹਾਂ ਨੇ ਸਮਝਣਾ ਹੈ ਉਹ ਸਮਝ ਸਕਦੇ ਨੇ, ਜਿਨ੍ਹਾਂ ਨੇ ਨਹੀਂ ਸਮਝਣਾ, ਉਹ ਭਾਂਵੇਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲੈਣ, ਤਾਂ ਵੀ ਨਹੀਂ ਜੇ ਮੰਨਣਾ...

ਸੈਕਸ ਏਜੂਕੇਸ਼ਨ ਦੀ ਗੱਲ ਲੈ ਲਵੋ... ਕੀ ਇਹ ਜ਼ਰੂਰੀ ਹੈ ਕਿ ਸੈਕਸ ਏਜੂਕੇਸ਼ਨ ਦੇਣ ਲਈ 60% ਦਸਮ ਗ੍ਰੰਥ ਭਰਨਾ ਪਵੇ, ਇੱਕ ਅੱਧਾ ਵੀ ਨਹੀਂ... ਪੂਰੇ 404 ਚਰਿੱਤਰ ਲਿਖਣੇ ਪੈਣ... ਐਨਾ ਜ਼ਰੂਰੀ ???

ਕੀ ਉਸ ਤੋਂ ਪਹਿਲਾਂ ਲੋਕ ਵਿਭਚਾਰੀ ਹੁੰਦੇ ਸੀਕੀ ਗੁਰੂ ਗ੍ਰੰਥ ਸਾਹਿਬ 'ਚ ਕਾਮ ਬਾਰੇ ਕੋਈ ਸੇਧ ਨਹੀਂ? ਕੀ ਗੁਰੂ ਗ੍ਰੰਥ ਸਾਹਿਬ ਅਧੂਰਾ ਗੁਰੂ ਹੈ, ਜਿਹੜਾ ਕਿ ਸੰਪੂਰਨ ਮਨੁੱਖ ਨਹੀਂ ਬਣਾ ਸਕਦਾ?

ਮ:1
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥ ਪੰਨਾ 155
You gaze upon the wives of others, O my soul; you steal and commit evil deeds.

ਮ: 1
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਪੰਨਾ 472
The impurity of the eyes is to gaze upon the beauty of another man's wife, and his wealth.

ਮ:5
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਪੰਨਾ 269
False are the eyes which gaze upon the beauty of another's wife.

ਮ:5
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ ਪੰਨਾ 274
Eyes do not gaze upon the beauty of others' wives.

ਮ:5
ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥ ਕਰਨ ਨ ਸੁਨਹੀ ਹਰਿ ਜਸੁ ਬਿੰਦ ॥ .... ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥ ਪੰਨਾ 298
They commit adultery, slander the Saints, and do not listen to even a tiny bit of the Lord's Praise... O Nanak, forgetting God, the unfortunate people are born, only to die

ਮ:5
ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥ ਪੰਨਾ 1362
Those men who go out to enjoy other men's women shall suffer in shame.

ਭਗਤ ਬੇਣੀ ਜੀ
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ ਪੰਨਾ 93
In the heat of youthful passion, you look with desire upon the faces of other men's wives; you do not distinguish between good and evil.

ਇਹ ਹਾਲੇ ਕੁਝ ਕੁ ਹੀ ਉਦਾਹਰਣਾਂ ਹਨ... ਕੀ ਇਨ੍ਹਾਂ ਨਾਲ ਗੁਰੂ ਸਾਹਿਬ ਅਤੇ ਭਗਤ ਜਨਾਂ ਨੇ ਇੱਕ ਬੰਦੇ ਦੇ ਇਖ਼ਲਾਕ ਨੂੰ ਉਚਾ ਕਰਨ ਦੀ ਸੇਧ ਨਹੀਂ ਦਿੱਤੀਕੀ ਇਸ ਨਾਲ ਪਰਾਈ ਇਸਤਰੀ ਗਮਨ / ਵਿਭਚਾਰ ਤੋਂ ਬਚਣ ਦੀ ਸੇਧ ਨਹੀਂ? ਕੀ ਸਿਰਫ ਅੰਗਾਂ ਦੇ ਨਾਮ, ਸੈਕਸ ਕਰਨ ਦੇ ਵੱਖ ਵੱਖ ਆਸਣ ਦਿਖਾਉਣ ਨਾਲ ਹੀ ਸਮਝ ਲਗਦੀ ਹੈ? ਕਿੰਨੇ ਕੁ ਲੋਕ ਹਨ ਜਿਹੜੇ ਆਪਣੇ ਬੱਚਿਆਂ ਨੂੰ ਗਲਤ ਸੰਗਤ ਤੋਂ, ਚੋਰੀ, ਯਾਰੀ ਤੋਂ ਵਰਜਦੇ ਹਨ, ਕੀ ਉਹ ਪਹਿਲਾਂ ਕਰਕੇ ਵਿਖਾਉਂਦੇ ਹਨ?

ਓ ਭਲਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਇਨਸਾਨ ਬਣਾਉਂਦਾ ਹੈ, ਸਾਨੂੰ ਕਿਸੇ ਵੀ ਹੋਰ ਗ੍ਰੰਥ ਦੀ ਲੋੜ੍ਹ ਨਹੀਂ। ਗੁਰੂ ਸਾਹਿਬ ਤਾਂ ਆਪ ਗੁਰਬਾਣੀ 'ਚ ਕਹਿ ਰਹੇ ਨੇ :

ਮ:1 ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥ ਪੰਨਾ 1412
ਮ:1 ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥ 
ਪੰਨਾ 22
ਮ:2 ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥ 
ਪੰਨਾ 146
ਮ:4 ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥ 
ਪੰਨਾ 1116
ਮ:5 ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ 
ਪੰਨਾ 45
ਮ:5 ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥ 
ਪੰਨਾ 45
ਮ:5 ਜਿਨੀ ਪੂਰਾ ਸਤਿਗੁਰੁ ਸੇਵਿਆ ਸੇ ਦਰਗਹ ਸਦਾ ਸੁਹੇਲੇ ॥ 
ਪੰਨਾ 78
ਮ:5 ਪੂਰਾ ਗੁਰੁ ਪੂਰੀ ਬਣਤ ਬਣਾਈ ॥ 
ਪੰਨਾ 377
ਮ:5 ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥ 
ਪੰਨਾ 630
ਮ:5 ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥ 
ਪੰਨਾ 827

ਇਸ ਤੋਂ ਬਾਅਦ ਵੀ ਕੋਈ ਨਾ ਮੰਨੇ, ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ "ਪੁੱਠੇ ਭਾਂਡੇ" ਦੀ ਤਰ੍ਹਾਂ ਹੈ, ਜਿਸ 'ਤੇ ਜੋ ਮਰਜ਼ੀ ਪਾਈ ਜਾਓ, ਸਬ ਵਿਅਰਥ:

ਮ:1 ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥ ਪੰਨਾ 1126

ਮ:1 ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥ ਪੰਨਾ 1246

ਹੁਣ ਵੀ ਜੇ ਕਿਸੇ ਨੇ ਸਾਨੂੰ ਗਾਲ੍ਹਾਂ ਕੱਢਣੀਆਂ ਹਨ, ਤਾਂ ਜੀ ਸਦਕੇ, ਆਪਣੀ ਔਕਾਤ ਦਾ ਨਮੂਨਾ ਦਿਖਾਓ, ਪਰ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ।

ਮ:4 ਪਉੜੀ ॥ ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ ਪੰਨਾ 646

ਸਲੋਕੁ ਮ:੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਪੰਨਾ 646

ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ।

ਸਾਡਾ ਗੁਰੂ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਵਿੱਚ ਦਰਜ ਬਾਣੀ ਹੀ ਗੁਰਬਾਣੀ ਹੈ। ਇਸ ਲਈ ਸਿੱਖ ਦਾ ਨਿੱਤਨੇਮ, ਅੰਮ੍ਰਿਤ, ਅਰਦਾਸ ਤੇ ਹੋਰ ਸਾਰੀਆਂ ਕਾਰਵਾਈਆਂ ਸਿਰਫ ਗੁਰਬਾਣੀ ਵਿੱਚੋਂ ਹੀ ਹੋ ਸਕਦੀਆਂ ਹਨ। ਸਿੱਖ ਹੋਰ ਗ੍ਰੰਥ ਆਪਣੇ ਗਿਆਨ ਦੇ ਵਾਧੇ ਲਈ ਹੋਰ ਵੀ ਗ੍ਰੰਥ / ਪੁਸਤਕਾਂ ਪੜ੍ਹ ਸਕਦਾ ਹੈ, ਪੜ੍ਹਨ 'ਤੇ ਤੇ ਤਾਂ ਕੋਈ ਰੋਕ ਨਹੀਂ, ਪਰ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ ਤੇ ਰਹੇਗਾ।

ਭਾਵੇਂ ਭਾਈ ਜਰਨੈਲ ਸਿੰਘ ਭਿੰਡਰਾਵਾਲੇ ਤੇ ਭਾਂਵੇਂ ਗਿਆਨੀ ਸੰਤ ਸਿੰਘ ਮਸਕੀਨ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਕਿਰਤ ਮੰਨਦੇ ਸੀ, ਪਰ ਇਸ ਨਾਲ ਸਿੱਖ ਨੂੰ ਕੋਈ ਫਰਕ ਨਹੀਂ ਪੈਂਦਾ, ਸਿੱਖ ਦਾ ਗੁਰੂ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਨਾ ਕਿ ਭਾਈ ਜਰਨੈਲ ਸਿੰਘ ਭਿੰਡਰਾਵਾਲੇ ਜਾਂ ਗਿਆਨੀ ਸੰਤ ਸਿੰਘ ਮਸਕੀਨ

ਫਿਰ ਦੁਹਰਾਅ ਦਈਏ ਖ਼ਾਲਸਾ ਨਿਊਜ਼ ਦੀ ਮਿਸ਼ਨ Statement ਹਰ ਇੱਕ Page ਥੱਲੇ ਦਿੱਤੀ ਹੋਈ ਹੈ, ਅਸੀਂ ਕਿਸੇ ਵਿਅਕਤੀ ਦੇ ਪਿੱਛਲੱਗੂ ਨਹੀਂ, ਇੱਥੇ ਤਾਂ ਇਹੀ ਕੰਮ ਚੱਲਦਾ ਰਹੇਗਾ, ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ 

ਇੱਕ ਵਾਰੀ ਫਿਰ ਬੇਨਤੀ ਹੈ ਕਿ ਲੇਖ ਦੇ ਵਿਸ਼ੇ 'ਤੇ ਹੀ ਟਿੱਪਣੀ ਕੀਤੀ ਜਾਵੇ, ਜਿਸ ਤਰ੍ਹ੍ਹਾਂ ਬਹੁਤੀਆਂ Fake IDs ਵਾਲੇ ਗਾਲ੍ਹਾਂ ਜਾਂ ਫ਼ਜ਼ੂਲ ਦੀਆਂ ਗੱਲਾਂ ਲਿਖਦੇ ਹਨ, ਉਸ ਤੋਂ ਪਰਹੇਜ਼ ਕੀਤਾ ਜਾਵੇ। ਪਰ ਵਿੰਙੀ ਪੂਛ ਵਾਲੇ ਸੁਧਰ ਨਹੀਂ ਸਕਦੇ, ਗੁਰੂ ਉਨ੍ਹਾਂ ਨੂੰ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top