Share on Facebook

Main News Page

ਆਰ.ਐਸ.ਐਸ. ਦੇ ਚੁੰਗਲ ਵਿੱਚ ਫਸ ਚੁਕੇ ਨਾਗਪੁਰ ਸ਼ਹਿਰ ਵਿਖੇ ਪ੍ਰਬੰਧਕ ਅਤੇ ਕਮੇਟੀਆਂ ਦਾ ਹਾਲ
-: ਖ਼ਾਲਸਾ ਨਿਊਜ਼ ਟੀਮ
19.10.2019

ਅਸੀਂ ਅੱਜ ਨਾ ਜਾਗੇ ਤਾਂ ਅਗਲੀਆਂ ਪੀੜ੍ਹੀਆਂ ਲਈ ਬਹੁਤ ਦੇਰ ਹੋ ਜਾਵੇਗੀ।

ਸਿੱਖ ਕੌਮ ਦੀ ਹਾਲਤ ਇਸ ਵੇਲੇ ਬੜੀ ਹੀ ਨਾਜ਼ੁਕ ਬਣੀ ਹੋਈ ਹੈ। ਜਦੋਂ ਇਹ ਪਤਾ ਨਹੀਂ ਲੱਗ ਰਿਹਾ ਕਿ ਦੁਸ਼ਮਨ ਕੌਣ ਹੈ ਅਤੇ ਸੱਜਣ ਕੌਣ ਹਨ, ਇਹ ਪਹਿਚਾਨ ਕਰਨੀ ਹੀ ਮੁਸ਼ਕਿਲ ਜਾਪਦੀ ਹੈ। ਕੌਮ ਜਿਸ ਸਰੀਰ ਨੂੰ ਕੇਸ ਦਾਹੜੇ ਵਾਲੇ ਸਿੱਖ ਵਜੋਂ ਵੇਖਕੇ ਉਸ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਚੇਹਰਾ ਵੇਖਣ ਦਾ ਯਤਨ ਕਰਦੀ ਹੈ ਤਾਂ ਉਹ ਅਗਲੇ ਪਲ ਹੀ ਪਿਰਥੀ ਚੰਦ ਬਣਕੇ ਖੜਾ ਹੁੰਦਾ ਹੈ। ਕੌਮ ਦੇ ਚਾਰੇ ਪਾਸੇ ਸ੍ਰੀ ਚੰਦਾਂ, ਪਿਰਥੀਆਂ, ਰਾਮ ਰਾਈਆਂ ਅਤੇ ਧੀਰਮੱਲੀਆਂ ਦਾ ਇੱਕ ਘੇਰਾ ਪੈ ਚੁੱਕਿਆ ਹੈ। ਜਿਸ ਕਰਕੇ ਸਿੱਖੀ ਨਾਲ ਪਿਆਰ ਰੱਖਣ ਵਾਲੇ ਲੋਕ ਇਸ ਵੇਲੇ ਕੌਮੀ ਭਵਿੱਖ ਨੂੰ ਲੈ ਕੇ ਚਿੰਤਾਤੁਰ ਹਨ ਕਿ ਜੇਕਰ ਇੰਜ ਹੀ ਕੌਮ ਆਪਣੇ ਘਰ ਅੰਦਰਲੇ ਦੁਸ਼ਮਨਾਂ ਦੀ ਪਹਿਚਾਨ ਕਰਨ ਵੇਲੇ ਧੋਖਾ ਖਾਂਦੀ ਰਹੀ ਤਾਂ ਪੰਥ ਦਾ ਕੀ ਬਣੇਗਾ।

ਅਜਿਹਾ ਬੇਸ਼ੱਕ ਆਦਿ ਕਾਲ ਤੋਂ ਹੀ ਚੱਲਦਾ ਆ ਰਿਹਾ ਹੈ, ਪਰ ਉਸ ਵੇਲੇ ਕੌਮ ਸੁਚੇਤ ਹੁੰਦੀ ਸੀ ਅਤੇ ਦੁਸ਼ਮਨ ਨੂੰ ਮਾਤ ਦੇ ਦੇਣ ਦੀ ਸ਼ਕਤੀ ਰੱਖਦੀ ਸੀ, ਲੇਕਿਨ ਅੱਜ ਕੌਮ ਸਿਰਫ ਅਵੇਸਲੀ ਹੀ ਨਹੀਂ ਆਖੀ ਜਾ ਸਕਦੀ, ਸਗੋਂ ਹੁਣ ਤਾਂ ਹਰ ਗੱਲ ਇਹ ਆਖਕੇ ਜਰ ਲਈ ਜਾਂਦੀ ਹੈ ਕਿ ਇਸ ਪੰਥ ਨੂੰ ਮਿਟਾਉਣ ਵਾਲੇ ਆਪ ਹੀ ਮਿੱਟ ਜਾਦੇ ਹਨ, ਲੇਕਿਨ ਪੰਥ ਹਮੇਸ਼ਾ ਚੜਦੀਕਲਾ ਵਿੱਚ ਹੀ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਪਰ ਪਤਾ ਨਹੀਂ ਸੱਚ ਸਮਝਦੇ ਹੋਏ ਵੀ ਸਿੱਖ ਕੌਮ ਏਨੀ ਅਵੇਸਲੀ ਕਿਉਂ ਹੋਈ ਪਈ ਹੈ, ਜਿਹੜੇ ਲੋਕ ਸਿੱਧੇ ਤੌਰ 'ਤੇ ਹੀ ਬਿਪਰਵਾਦੀਆਂ ਦੇ ਪਿੱਠੂ ਬਣ ਚੁੱਕੇ ਹਨ, ਉਹਨਾਂ ਨੂੰ ਹਾਲੇ ਵੀ ਸਿੱਖ ਪੰਥ ਦਾ ਹਿੱਸਾ ਮੰਨੀ ਜਾਣਾ ਕਿਹੜੀ ਪੰਥ ਪ੍ਰਸਤੀ ਦਾ ਸਬੂਤ ਹੈ।

ਅੱਜ ਤੱਕ ਆਮ ਸਿੱਖਾਂ ਨੂੰ ਇੱਕ ਵੱਡਾ ਭੁਲੇਖਾ ਸੀ ਕਿ ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਨਵੰਬਰ 1984 ਵਿੱਚ, ਦਿੱਲੀ ਸਮੇਤ ਭਾਰਤ ਦੇ ਸੌ ਦੇ ਕਰੀਬ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਸਿਰਫ ਇੰਦਰਾ ਗਾਂਧੀ ਜਾਂ ਕਾਂਗਰਸ ਨੇ ਕੀਤਾ ਸੀ, ਪਰ ਹੁਣ ਜਦੋਂ ਇੱਕ ਪਾਸੇ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਲਿਖ ਕੇ ਹੀ ਮੰਨ ਲਿਆ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਰਵਾਉਣ ਦੀ ਕਮੀਨਗੀ ਵਾਲੀ ਹਰਕਤ ਵਿੱਚ ਭਾਜਪਾ ਵੀ ਪੂਰੀ ਹਿੱਸੇਦਾਰ ਸੀ, ਹੁਣ ਕੱਲ ਦੀਆਂ ਅਖਬਾਰਾਂ ਵਿੱਚ ਆਰ.ਐਸ.ਐਸ. ਨੇ ਖੁਦ ਮੰਨਿਆ ਹੈ ਕਿ ਦਿੱਲੀ ਕਤਲੇਆਮ ਵਿੱਚ ਭਾਜਪਾ ਅਤੇ ਸੰਘ ਦੇ ਵਰਕਰ ਵੀ ਸ਼ਾਮਲ ਸਨ, ਫਿਰ ਇਹ ਕਿਹੜੇ ਮੁੰਹ ਨਾਲ ਬੀ.ਜੇ.ਪੀ. ਦੇ ਭਾਈਵਾਲ ਸਿੱਖ ਆਰ.ਐਸ.ਐਸ. ਦੀ ਮਦਦ ਕਰਨ ਵਿਚ ਲਗੇ ਪਏ ਹਨ।

ਇੱਕ ਪਾਸੇ ਇਹ ਲੋਕ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਸਿੱਖੀ ਦੀਆਂ ਦੁਸ਼ਮਨ ਤਾਕਤਾਂ ਦੇ ਮਗਰ ਲੱਗਕੇ, ਉਹਨਾਂ ਦੀ ਬੋਲੀ ਬੋਲਦੇ ਹਨ। ਗੁਰਦੁਆਰੇ ਦੀਆਂ ਕੋਈ ਵੀ ਪ੍ਰਬੰਧਕ ਕਮੇਟੀਆਂ ਸਿੱਖਾਂ ਦੇ ਸਿਰ ਉੱਤੇ ਚੱਲਦੀਆਂ ਹਨ, ਪਰ ਤਕਰੀਬਨ ਸਾਰੇ ਹੀ “ਪ੍ਰਬੰਧਕ” ਸਿੱਖਾਂ ਦੀਆਂ ਹੀ ਜੜ੍ਹਾਂ ਵੱਢ ਰਹੇ ਹਨ। ਆਮ ਸਿੱਖਾਂ ਨੂੰ ਇਹਨਾਂ ਲੋਕਾਂ ਨੇ ਆਪਣੇ ਜਾਲ ਵਿੱਚ ਫਸਾ ਲਿਆ ਹੈ।

ਸੋ, ਹੁਣ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿੱਥੇ ਆਰ.ਐਸ.ਐਸ., ਬੀ.ਜੇ.ਪੀ., ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਇਕੱਠੀਆਂ ਹਨ, ਉਥੇ ਪੰਥ ਦੀ ਗੱਲ ਹੋਣੀ ਕਦੇ ਸੁਫਨੇ ਵਿੱਚ ਵੀ ਕਿਆਸਨੀ ਮੁਸ਼ਕਿਲ ਹੀ ਨਹੀਂ ਸਗੋਂ ਨਾਮੁੰਮਕਿਨ ਹੈ। ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋਵੇਗਾ ਕਿ ਅੱਜ ਆਰ.ਐਸ.ਐਸ., ਬੀ.ਜੇ.ਪੀ. ਵਾਲੇ ਖੁੱਲੇਆਮ ਕਹਿ ਰਿਹੇ ਹਨ ਕਿ ਸਿੱਖ ਵੱਡੀ ਗਿਣਤੀ ਵਿੱਚ ਆਰ.ਐਸ.ਐਸ. ਅਤੇ ਬੀ.ਜੇ.ਪੀ ਨਾਲ ਜੁੜੇ ਹਨ।

ਸਿੱਖ ਕੌਮ ਉਸ ਚੁਰਸਤੇ ਉਪਰ ਆ ਖੜ੍ਹੀ ਹੈ, ਜਿਥੇ ਇਸ ਦੀ ਬਾਂਹ ਫੜਣ ਲਈ ਕੋਈ ਤਿਆਰ ਨਹੀਂ, ਇਸ ਕਰਕੇ ਸਿੱਖ ਨੂੰ ਸੇਧ ਲੈਣ ਲਈ ਗੁਰਬਾਣੀ ਨੂੰ ਆਧਾਰ ਬਣਾਉਣ ਤੇ ਉਸ ਨੂੰ ਆਪਣੇ ਜੀਵਨ ’ਚ ਲਾਗੂ ਕਰਨ ਵਾਸਤੇ ਨਿਜੀ ਤੌਰ 'ਤੇ ਯਤਨ ਕਰਨ ਦੀ ਜ਼ਰੂਰਤ ਹੈ। ਸਿੱਖਾਂ ਨੂੰ “ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵਿਚਾਰਿ” ਦੇ ਧਾਰਨੀ ਬਨਣਾ ਚਾਹੀਦਾ ਹੈ ਕਿਉਂਕਿ ਅਜ ਕੱਲ ਸਿੱਖਾਂ ਦੀਆਂ ਸੁਪਰੀਮ ਸੰਸਥਾਂਵਾਂ ਤੋਂ ਲੈ ਕੇ ਛੋਟੀਆਂ ਵੱਡੀਆਂ ਸੰਸਥਾਂਵਾਂ ਵਿਚ ਆਰ.ਐਸ.ਐਸ. ਘੁਸਪੈਠ ਕਰ ਚੁੱਕੀ ਹੈ।ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ, ਜਿਨ੍ਹਾਂ ਕਰਮਕਾਂਡਾਂ ਦੀ ਦਲਦਲ ਵਿਚੋਂ ਗੁਰੂ ਸਾਹਿਬ ਨੇ ਲੱਗਭਗ 239 ਸਾਲ ਦਾ ਸਮਾਂ ਲਗਾ ਕੇ ਸਾਨੂੰ ਕੱਢਿਆ ਸੀ, ਉਸ ’ਚ ਦੁਆਰਾ ਧਕੇਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਕਹਿ ਸਕਦੇ ਹਾਂ ਕਿ ਸਿੱਖ ਵੀ ਨਿਗਲਿਆ ਜਾ ਚੁਕਾ ਹੈ। ਨਿਗਲਿਆ ਹੋਇਆ ਸਿੱਖ ਹੱਥ ਪੈਰ ਹੀ ਮਾਰ ਰਿਹਾ ਹੈ, ਅਜਗਰ ਦੇ ਮੁਹੋ ਬਾਹਰ ਨਿਕਲ ਵੀ ਆਵੇ ਤਾਂ ਉਸ ਦੀ ਹਾਲਤ ਇਨ੍ਹੀ ਖਰਾਬ ਹੋ ਚੁਕੀ ਹੋਵੇਗੀ ਕਿ ਉਹ ਜਿਉਦਿਆਂ ਮੋਇਆ ਇਕ ਸਮਾਨ ਹੋਵੇਗਾ। ਅੱਵਲ ਤਾਂ ਉਸ ਅਜਗਰ ਦੇ ਢਿੱਡ ਵਿਚੋ ਕੋਈ ਜਿਉਦਾ ਨਿਕਲ ਹੀ ਨਹੀ ਸਕਿਆ ਹੈ। ਪਾਰਸੀ ,ਬੋਧ ਅਤੇ ਜੈਨੀ ਸਾਡੇ ਸਾਮ੍ਹਣੇ ਨਿਗਲੇ ਜਾ ਚੁਕੇ ਹਨ, ਹੁਣ ਸਿੱਖ ਵੀ ਨਿਗਲਿਆ ਜਾ ਚੁਕਾ ਹੈ।ਅਜਗਰ ਦੇ ਮਜਬੂਤ ਜਬਾੜੇ ਉਸ ਦਾ ਅੰਤ ਕਰਕੇ ਹੀ ਸਾਹ ਲੈਣਗੇ।ਅੱਜ ਅਸੀਂ ਕੌਮੀ ਹਾਲਾਤ ਤੋਂ ਫ਼ਿਕਰਮੰਦ ਤਾਂ ਹਾਂ, ਪਰ ਇਨ੍ਹਾਂ ਦਾ ਸਥਾਈ ਹੱਲ ਲੱਭਣ ਲਈ ਯਤਨ ਨਹੀਂ ਕਰ ਰਹੇ।

ਸੰਘ ਦੀ ਪਾਲਿਸੀ ਸਦਾ ਹੀ ਦੋਗਲੀ ਰਹੀ ਇਕ ਪਾਸੇ ਤਾਂ ਜਾਤ-ਪਾਤ ਰਹਿਤ ਹਿੰਦੂ ਸਮਾਜ ਦੀ ਕਲਪਨਾ ਕਰਦੇ ਹਨ, ਦੂਸਰੇ ਪਾਸੇ ਘਟ ਗਿਣਤੀਆਂ ਦੀ ਹੋਂਦ ਨੂੰ ਖਤਮ ਕਰਕੇ ਆਪਣੇ ਵਿਚ ਜ਼ਜਬ ਕਰਨ ਦੇ ਚਾਹਵਾਨ ਹਨ। ਇਕ ਪਾਸੇ ਸਿੱਖਾਂ ਨਾਲ ਉਪਰੋਂ ਉਪਰੋਂ ਹਮਦਰਦੀ ਕੀਤੀ ਜਾਂਦੀ ਹੈ, ਦੂਜੇ ਪਾਸੇ ਸਾਕਾ ਨੀਲਾ ਤਾਰਾ ਨੂੰ ਦੇਰ ਨਾਲ ਹੋਈ ਦਰੁਸਤ ਕਾਰਵਾਈ ਦਸਦੇ ਹਨ। ਇੱਕ ਪਾਸੇ ਦਿੱਲੀ ਕਤਲੇਆਮ ਦੀ ਨਿਖੇਧੀ ਕਰਦੇ ਹਨ, ਦੂਜੇ ਪਾਸੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੇ ਖਿਤਾਬ ਨਾਲ ਨਿਵਾਜਦੇ ਹਨ।

ਇਸ ਤੋਂ ਬਿਨਾਂ ਹੋਰ ਵੀ ਬਹੁਤ ਕੁਛ ਹੈ। ਰਾਸ਼ਟਰੀ ਸਿੱਖ ਸੰਗਤ ਦਾ ਮੁੱਖ ਮਕਸਦ ਸਿੱਖ ਧਰਮ ਨੂੰ ਹਿੰਦੂਵਾਦੀ ਵਿਚਾਰਧਾਰਾ ਅਧੀਨ ਲਿਆਉਣਾ ਹੈ। ਜ਼ਿਆਦਾਤਰ ਭੋਲੇ ਭਾਲੇ ਸਿੱਖ ਇਨ੍ਹਾਂ ਦੇ ਜਾਲ ਵਿਚ ਫਸ ਚੁੱਕੇ ਹਨ, ਇਹ ਬਹੁਤ ਹੀ ਸ਼ਾਤਰ ਦਿਮਾਗ ਸਿੱਖ ਹਨ, ਜਿਨ੍ਹਾਂ ਦਾ ਮੁੱਖ ਮੰਤਵ ਲਾਲਚ, ਕਾਰੋਬਾਰ, ਪੈਸਾ ਜਾਂ ਰਾਜਸੀ ਸੱਤਾ ਤੱਕ ਪੁਹੰਚਣਾ ਹੈ। ਅਸੀਂ ਇਸ ਖੁਸ਼ਫਹਮੀ ਵਿਚ ਰਹੇ ਕਿ, ਕੌਮ ਦੇ ਅੰਦਰ ਬਹੁਤ ਜਾਗਰੂਕਤਾ ਵਧ ਰਹੀ ਹੈ । ਦੂਜੇ ਪਾਸੇ ਸਾਡਾ ਦੁਸ਼ਮਨ ਗੁਰੂ ਨਾਨਕ ਦੇ ਪੰਥ ਵਿਚ ਕੰਡੇ ਹੀ ਕੰਡੇ ਬੋਂਦਾ ਰਿਹਾ । ਇਹ ਇਹਸਾਸ ਵੀ ਹੋ ਰਿਹਾ ਹੈ ਕਿ ਇਹ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਆਰ.ਐਸ.ਐਸ. ਅਤੇ ਬੀ.ਜੇ.ਪੀ ਵਾਲਿਆਂ ਦਾ ਅਜੇਂਡਾ ਪੂਰਨ ਲਈ ਹੀ ਲਗੇ ਹੋਏ ਨੇ ਔਰ ਇਸ ਕੰਮ ਵਿਚ ਆਪਣੇ ਆਪ ਨੂੰ ਕਾਂਗਰਸੀ ਅੱਖਵਾਣ ਵਾਲੇ ਵੀ ਪਿਛੇ ਨਹੀ।

ਪ੍ਰਬੰਧਕ ਵੀਰੋ ! ਹੋਸ਼ ਵਿਚ ਆਉ ! ਗੁਰੂ ਨਾਨਕ ਦੇ ਪੰਥ ਵਿਚ ਬਿਪਰਵਾਦੀ ਤਾਕਤਾਂ ਨੇ ਇੱਨੇ ਕੰਡੇ ਬੋ ਦਿੱਤੇ ਜੇ, ਕਿ ਆਉਣ ਵਾਲੇ ਸਮੇਂ ਅੰਦਰ ਉਸ 'ਤੇ ਤੁਰਨਾਂ ਮੁਸ਼ਕਿਲ ਹੋ ਜਾਣਾ ਹੈ । ਜਿਸਨੇ ਵੀ ਇਸ ਪੰਥ 'ਤੇ ਤੁਰਨਾਂ ਹੈ ਲਹੂ ਲੁਹਾਨ ਹੋ ਕੇ ਹੀ ਤੁਰਨਾਂ ਪੈਣਾਂ ਹੈ । ਇਹੋ ਜਹੇ ਅਨਸਰਾਂ ਨੂੰ ਪਛਾਣੋਂ ! ਛੇਤੀ ਇਨ੍ਹਾਂ ਨੂੰ ਸਵੀਕਾਰ ਨਾਂ ਕਰੋ!

ਮੇਰੇ ਪ੍ਰਬੰਧਕ ਵੀਰੋ ! ਹੋਸ਼ ਵਿਚ ਆਉ ! ਕਿਤੇ ਇਹਨ੍ਹਾਂ ਦੇ ਗਲ਼ਾਂ ਵਿਚ ਪਾਏ ਸਿਰੋਪੇ, ਹਾਰ ਅਤੇ ਤੁਹਾਡੇ ਇਨ੍ਹਾਂ ਅਗੇ ਜੋੜੇ ਹੱਥ ਅਤੇ ਸਿੱਜਦੇ ਵਿਚ ਝੁਕੇ ਹੋਏ ਸਿਰ, ਸਿੱਖਾਂ ਲਈ ਦੁਬਾਰਾ ਗਲ਼ੇ ਵਿਚ ਸੜਦੇ ਹੋਏ ਟਾਇਰਾਂ ਦਾ ਸਫਰ ਨਾ ਤੈਅ ਕਰ ਲੈਣ।

ਅਸੀਂ ਅੱਜ ਨਾ ਜਾਗੇ ਤਾਂ ਅਗਲੀਆਂ ਪੀੜ੍ਹੀਆਂ ਲਈ ਬਹੁਤ ਦੇਰ ਹੋ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top