Share on Facebook

Main News Page

ਰਵੀ ਸਿੰਘ ਅਤੇ ਸਿੱਖੀ ਦਾ ਚਿਹਰਾ ?
-: ਹਰਦੇਵ ਸਿੰਘ (ਜੰਮੂ)
੦੯.੦੯.੨੦੧੯

ਰਵੀ ਸਿੰਘ ਦੇ ਬਾਰੇ ਮੈਂ ਕੁੱਝ ਨਹੀਂ ਜਾਣਦਾ ਸਿਵਾ ਇਸਦੇ ਕਿ ਉਹ ਆਪਣੀ ਸੰਸਥਾ ਖ਼ਾਲਸਾ ਏਡ ਰਾਹੀਂ ਮੁਸੀਬਤ ਵਿਚ ਫ਼ੱਸੇ ਲੋਕਾਂ ਦੀ ਮਦਦ ਲਈ, ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ, ਯਥਾ ਸ਼ਕਤੀ ਉਪਰਾਲੇ ਕਰਦਾ ਹੈ।

ਉਨ੍ਹਾਂ ਘੜੀਆਂ ਵਿਚ ਮੈਂਨੂੰ ਉਹ ਨਜ਼ਰ ਨਹੀਂ ਆਉਂਦਾ, ਬਲਕਿ ਉਸ ਵਿੱਚ ਮੈਂਨੂੰ ਅਸੀਂ ਨਜ਼ਰ ਆਉਂਦੇ ਹਾਂ। ਅਸੀਂ ? ਜੀ ਹਾਂ ਅਸੀਂ ! ਭਾਵ ਸਿੱਖ !

ਇਹ ਇਕ ਹਉਮੈ ਭਰੀ ਮਾਨਸਿਕਤਾ ਹੈ ਜਿਸ ਵਿਚ ਮੈਂ ਆਲਿਆਂ ਨੂੰ ਸਿਰਫ਼ ਰਵੀ ਸਿੰਘ ਦਿੱਸਦਾ ਹੈ ਨਾ ਕਿ ਸਿੱਖਾਂ ਦਾ ਉਹ ਚਰਿੱਤਰ ਜਿਸਦੀ ਕਾਮਨਾ ਗੁਰੂ ਸਾਹਿਬਾਨ ਨੇ ਸਿੱਖੀ ਘੜਨ ਵੇਲੇ ਕੀਤੀ ਸੀ।

ਮੁਸੀਬਤ ਵਿਚ ਫੱਸੇ ਪੀੜਤਾਂ ਦੀ ਮਦਦ ਲਈ ਲੱਗੇ ਹਰ ਸਿੱਖ ਨੇ, ਗੁਰੂ ਦੀ ਸਿੱਖਿਆ ਦੇ ਉਸ ਵੱਡਮੁੱਲੇ ਅੰਸ਼ ਨੂੰ ਪੇਸ਼ ਕੀਤਾ ਜਿਸਨੁੰ ਸੇਵਾ ਵੀ ਕਿਹਾ ਜਾਂਦਾ ਹੈ ਅਤੇ ਫ਼ਰਜ਼ ਵੀ !

ਰਵੀ ਸਿੰਘ ਅਤੇ ਉਸਦੇ ਸਾਥੀਆਂ ਨੇ ਸੋਸ਼ਲ ਮੀਡੀਆ ਤੇ ਆਪਣੇ ਸਲੋ ਮੋਸ਼ਨ (Slow motion) ਵਾਲੇ Clip ਵੀ ਨਹੀਂ ਪਾਏ। ਹਾਂ ਕੁੱਝ ਚਿਤ੍ਰ ਪਾਏ ਹੋਣਗੇ ਇਹ ਦਰਸਾਉਣ ਲਈ ਕਿ ਉਨ੍ਹਾਂ ਦੀ ਸੰਸਥਾਗਤ ਕੋਸ਼ਿਸ਼ਾਂ ਨੂੰ ਉਹ ਸੱਜਣ ਵੀ ਵੇਖ਼ ਸਕਣ ਜੋ ਕਿ ਰਵੀ ਸਿੰਘ ਦੇ ਉਪਰਾਲੇ ਵਿਚ ਆਪਣਾ ਯੋਗਦਾਨ ਪਾਉਂਦੇ ਹਨ।ਲੇਕਿਨ ਕੁੱਝ ਸੱਜਣਾਂ ਲਈ ਇਹ ਬਰਦਾਸ਼ਤ ਤੋਂ ਬਾਹਰ ਹੋ ਗਿਆ, ਯਾਨੀ ਉਨ੍ਹਾਂ ਦੀ ਪਲੈਨਿੰਗ (Planning) ਦੇ ਉਲਟ !

ਰਵੀ ਸਿੰਘ ਕਿਸੇ ਪਲੈਨਿੰਗ ਨਾਲ ਪੰਜਾਬ ਵਿਚ ਨਹੀਂ ਆਇਆ ਬਲਕਿ ਹੜ ਇਕ ਸਬਬ ਬਣਿਆ ਜਿਸਨੇ ਕੁੱਝ ਮੈਂ ਵਾਲੇਆਂ ਦੀ ਪਲੈਨਿੰਗ ਦੀ ਪੋਲ ਖੋਲ ਦਿੱਤੀ। ਜ਼ਰਾ ਵਿਚਾਰ ਕਰੋ ਕਿ ਕਦੇ ਕੋਈ 'ਗੱਬਰ ਸਿੰਘ ' ਇਹ ਚਾਹੇਗਾ ਕਿ ਉਸਦੇ ਇਲਾਕੇ ਰਾਮਗੜ ਵਿਚ ਕੋਈ ਰਵੀ ਸਿੰਘ ਸਿੱਖੀ ਦੇ ਸੁਖਾਵੇਂ ਚਿਹਰੇ ਨੂੰ ਪੇਸ਼ ਕਰਕੇ ਗੱਬਰ ਤੋਂ ਉੱਚਾ ਖੜਾ ਨਜ਼ਰ ਆਏ? ਸਾਰੇ ਸਾਂਬੇ ਟੁੱਟ ਕੇ ਨਾ ਪੈ ਜਾਣਗੇ ਰਵੀ ਸਿੰਘ ਉਪਰ ਸੋਸ਼ਲ ਮੀਡੀਏ 'ਤੇ ??

ਜਾਨਵਰਾਂ ਦੇ ਇਲਾਕੇ ਹੁੰਦੇ ਹਨ ਜਿਸਦੀ ਨਿਸ਼ਾਨ ਦੇਹੀ ਉਹ ਆਪਣੇ ਪੇਸ਼ਾਬ ਦੇ ਛੱਟੇਆਂ ਰਾਹੀਂ ਕਰਦੇ ਹਨ, ਤਾਂ ਕਿ ਕੋਈ ਦੂਜਾ ਖ਼ਤਰਾ ਬਣ ਕੇ ਉਨ੍ਹਾਂ ਦੇ ਖ਼ੇਤਰ ਵਿਚ ਨਾ ਆ ਵੜੇ। ਪਰ ਰਵੀ ਸਿੰਘ ਤਾਂ ਇਨਸਾਨ ਹੈ, ਗੁਰੂ ਦਾ ਸਿੱਖ ਹੈ, ਇਹ ਗਲ ਜਾਨਵਰ ਬਿਰਤੀ ਨੂੰ ਸਮਝਣੀ ਚਾਹੀਦੀ ਹੈ।

ਕੁੱਝ ਚੌਧਰੀਆਂ ਦੀ ਆਪਣੀ ਬੋਲ-ਬਾਣੀ ਅਤੇ ਪਲੈਨਿੰਗ ਨੇ ਉਨ੍ਹਾਂ ਨੂੰ ਇਸ ਜੋਗਾ ਵੀ ਨਹੀਂ ਛੱਡੇਆ ਕਿ ਉਹ ਰਵੀ ਸਿੰਘ ਵਾਂਗ ਜਨਤਕ ਵਿਚਰ ਕੇ ਮੁਸੀਬਤ ਵਿਚ ਫ਼ੱਸੇ ਲੋਕਾਂ ਦੀ ਸੇਵਾ ਕਰ ਸਕਣ। ਉਹ ਸਿਰਫ਼ ਸੋਸ਼ਲ ਮੀਡੀਆ 'ਤੇ ਗਲਾਂ ਕਰਨ ਅਤੇ ਸਲੋ ਮੋਸ਼ਨ Clip ਪਾਉਣ ਜੋਗੇ ਹੀ ਰਹਿ ਗਏ ਹਨ !

ਜ਼ਰਾ ਵਿਚਾਰ ਕਰੋ ਕਿ ਇਹ ਚੌਧਰੀ ਹੜ ਵਿਚ ਫ਼ੱਸੇ ਲੋਕਾਂ ਨੂੰ ਬਚਾਉਣ ਜਾ ਸਿਕੀਯੁਰਟੀ ਆਲੇ ਇਨ੍ਹਾਂ ਚੌਧਰੀਆਂ ਨੂੰ ਬਚਾਉਣ ? ਹੁਣ ਭਲਾ ਇਸ ਵਿਚ ਰਵੀ ਸਿੰਘ ਦਾ ਕੀ ਕਸੂਰ ?? ਸਿੱਖੀ ਦਾ ਇਹ Practical ਚਿਹਰਾ ਹੁਣ ਅਜਿਹੇ ਚੌਧਰੀਆਂ ਦੇ ਰੋਕੇ ਨਾ ਰੁਕਿਆ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top