Share on Facebook

Main News Page

ਔਰਨ ਕੀ ਹੋਲੀ ਮਮ ਹੋਲਾ ?
-: ਇਛਪਾਲ ਸਿੰਘ “ਰਤਨ” (ਕਸ਼ਮੀਰ)
230319
93118 87100

ਦਰਅਸਲ ਹੋਲੀ ਦਾ ਸਬੰਧ ਭਗਤ ਪ੍ਰਹਿਲਾਦ ਦੇ ਜੀਵਨ ਦੀ ਉਸ ਕਹਾਣੀ ਨਾਲ ਜੁੜਿਆ ਹੋਇਆ ਹੈ, ਜਿਸ ਕਹਾਣੀ ਵਿਚ ਭਗਤ ਪ੍ਰਹਿਲਾਦ ਦਾ ਪਿਤਾ ਹਰਣਾਂਖਸ਼ ਅਹੰਕਾਰ ਵਿਚ ਆਕੇ ਇਹ ਐਲਾਨ ਕਰਵਾਉਂਦਾ ਹੈ ਕਿ ਹਰਣਾਂਖਸ਼ ਹੀ ਰੱਬ ਹੈ ਦੂਜਾ ਹੋਰ ਕੋਈ ਰੱਬ ਨਾਂ ਦੀ ਹਸਤੀ ਹੀ ਨਹੀਂ। ਪਰਜਾ ਮੇਰੇ ਨਾਂ ਦੀ ਹੀ ਮਾਲਾ ਜਪਿਆ ਕਰੇਗੀ ਅਤੇ ਹੁਣ ਹਰਇਕ ਦੀ ਜ਼ੁਬਾਨ ਤੇ “ਹਰੇ ਹਰਣਾਂਖਸ਼, ਹਰੇ ਹਰਣਾਂਖਸ਼” ਦਾ ਸਿਮਰਣ ਹੀ ਚਲੇਗਾ। ਹਰਣਾਖਸ਼ ਦੇ ਇਸ ਐਲਾਨ ਦਾ ਵਿਰੋਧ ਉਸ ਦੇ ਆਪਣੇ ਹੀ ਪੁਤਰ ਭਗਤ ਪ੍ਰਹਿਲਾਦ ਜੀ ਨੇ ਇਹ ਕਹਿਕੇ ਕੀਤਾ ਕਿ ਰੱਬ ਅਕਾਲ ਪੁਰਖ ਜੀ ਤਾਂ ਆਜੂੰਨੀ ਹੈ, ਉਹ ਸੈੰਭ ਹੈ। ਰੱਬ ਜਮਦਾ ਤੇ ਮਰਦਾ ਨਹੀਂ। ਹਰਣਾਖਸ਼ ਦਾ ਤਾਂ ਜਨਮ ਹੋਇਆ ਹੈ ਕਲ ਨੂੰ ਉਸ ਨੇ ਮਰ ਵੀ ਜਾਣਾ ਹੈ।
ਇਸ ਲਈ ਉਹ ਰੱਬ ਨਹੀਂ ਹੋ ਸਕਦਾ।

ਭਗਤ ਪ੍ਰਹਿਲਾਦ ਜੀ ਦੇ ਇਹ ਸੱਚੇ ਬੋਲ ਜਦ ਹਰਣਾਖਸ਼ ਦੇ ਕੰਨਾ ਵਿਚ ਪਏ, ਤਾਂ ਹਰਣਾਖਸ਼ ਨੇ ਆਪਣੇ ਤਖਤੋ ਤਾਜ ਦੇ ਅੰਹਕਾਰ ਵਿਚ ਆਪਣੇ ਪੁਤਰ ਭਗਤ ਪ੍ਰਹਿਲਾਦ ਨੂੰ ਸਰੀਰਕ ਅਤੇ ਮਾਨਸਿਕ
ਤੱਸੀਹੇ ਦੇਕੇ ਆਪਣੇ ਝੂਠ ਅਗੇ ਝੁਕਾਣਾਂ ਚਾਹਿਆ, ਪਰ ਪ੍ਰਹਿਲਾਦ ਰੱਬ ਦੀ ਸੱਚੀ ਭਗਤੀ ਦੇ, ਸੱਚੇ ਰੰਗ ਵਿਚ ਰੰਗਕੇ ਹਰਣਾਂਖਸ਼ ਦੇ ਹਰ ਜ਼ੁਲਮੋ ਸਿਤਮ ਨੂੰ ਝਲਦਾ ਹੋਇਆ, ਸੱਚ ਦੇ ਮਾਰਗ ਤੇ ਬੇਖੌਫ ਚਲਦਾ ਰਿਹਾ। ਆਖਰ ਕਹਾਣੀ ਮੁਤਾਬਿਕ ਹਰਣਾਂਖਸ਼ ਦੀ ਭੈਣ “ਹੋਲਿਕਾ” ਜਿਸ ਨੂੰ ਇਹ ਵਰਦਾਨ ਸੀ ਕਿ ਅੱਗ ਉਸ ਨੂੰ ਸਾੜ ਨਹੀਂ ਸਕਦੀ। ਹਰਣਾਂਖਸ਼ ਦੇ ਕਹਿਣ ਤੇ ਹੋਲਿਕਾ ਨੇ ਪ੍ਰਹਿਲਾਦ ਨੂੰ ਆਪਣੀ ਗੋਦੀ ਵਿਚ ਲੈਕੇ ਅੱਗ ਵਿਚ ਬੈਠ ਗਈ। ਰੱਬ ਦੀ ਕਰਣੀ, ਹੋਲਿਕਾ ਅੱਗ ਵਿਚ ਸੜਕੇ ਸੁਆਹ ਹੋ ਗਈ, ਪਰ ਭਗਤ ਪ੍ਰਹਿਲਾਦ ਨੂੰ ਆਂਚ ਤਕ ਨਾ ਆਈ।

ਭਗਤ ਪ੍ਰਹਿਲਾਦ ਜੀ ਦੇ ਜੀਵਨ ਦੀ ਇਸ ਘਟਨਾ ਨੇ, ਲੋਕਾਈ ਅੰਦਰ ਇਹ ਸੰਦੇਸ਼ ਦਿਤਾ, ਕਿ ਕਦੇ ਵੀ ਝੂਠ ਅੱਗੇ ਸਿਰ ਨਿਵਾਉਣਾ ਨਹੀਂ, ਬਲਕਿ ਸੱਚੇ ਰੱਬ ਦੀ ਸੱਚੀ ਭਗਤੀ ਵਿੱਚੋਂ ਨਾਮ ਦੇ ਰੰਗ ਦੀ ਸੱਚੀ ਕਮਾਈ ਕਰਦੇ ਹੋਏ, ਸੱਚ ਦੇ ਮਾਰਗ ਦੇ ਪਾਂਧੀ ਬਣੇ ਰਹਿਣਾ ਹੈ। ਝੂਠ ਦੀ ਕਦੇ ਵੀ ਹਾਮੀ ਨਹੀਂ ਭਰਨੀ। ਬਲਕਿ ਨਾਮ ਸਿਮਰਣ ਦੀ ਨਿਸ਼ਾਨੀ ਹੀ ਇਹ ਹੈਕਿ, “ਬੋਲੀਏ ਸਚ ਧਰਮ ਝੂਠ ਨ ਬੋਲੀਏ”। ਇਸੇ ਲਈ ਗੁਰਬਾਣੀ ਵਿਚ ਇਹ ਬੋਲ ਗੂੰਜ ਉਠੇ ਕਿ, “ਰਾਮ ਜਪਉ ਜੀ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਉ ਹਰਿ ਜੈਸੇ॥”

ਪਰ ਪੁਜਾਰੀਵਾਦ ਨਹੀਂ ਸੀ ਚਾਹੁੰਦਾ ਕਿ ਸਮਾਜ ਭਗਤ ਪ੍ਰਹਿਲਾਦ ਜੀ ਦੇ ਜੀਵਨ ਤੋ ਸੇਧ ਲੈਕੇ ਵਖਤ ਦੇ ਰਾਜਿਆਂ, ਰਾਜਨੀਤਕ ਲੋਕਾਂ ਅਤੇ ਧਾਰਮਕ ਆਗੂਆਂ ਦੇ ਫੈਲਾਏ ਹੋਏ ਅੰਧਵਿਸ਼ਵਾਸ਼, ਕਰਮਕਾਂਡ, ਝੂਠ ਫਰੇਬ ਅਤੇ ਜ਼ੁਲਮੋਸਿਤਮ ਦੇ ਅੱਗੇ ਰੱਬ ਦੀ ਸੱਚੀ ਭਗਤੀ ਦੇ ਸਹਾਰੇ ਕੋਈ ਬਗਾਵਤ ਖੜੀ ਕਰਦੇ। ਇਸ ਲਈ ਜਦ ਸਮਾਜ ਨੂੰ ਕਮਜ਼ੋਰ ਕਰਣ ਲਈ ਕਈ ਹਿਸਿਆਂ ਵਿਚ ਵੰਡਿਆ ਗਿਆ ਤਾਂ ਤਿਉਹਾਰ ਵੀ ਵੰਡ ਦਿਤੇ ਗਏ।। “ਦੰਪਤੀ ਚਤੁਰਥ” ਵਿਚ ਜਾਤੀਆਂ ਦੇ ਨਾਵਾਂ 'ਤੇ ਚਾਰ ਤਿਉਹਾਰ ਲਿਖੇ ਹਨ:- ਸ਼ਾਵਣੀ ਉਪਾਕਰਮ ਬ੍ਰਾਹਮਣ ਪਰਵ, ਵਿਜੈਦਸ਼ਮੀ ਖਤਰੀਏ, ਦੀਪਾਵਲਾ ਵੈਸ਼ ਤਥਾ ਹੋਲੀ ਸ਼ੂਦਰ। ਬਲਕਿ ਹੋਲੀ ਤਿਉਹਾਰ ਮਨਾਉਣ ਦਾ ਢੰਗ ਹੀ ਬਦਲ ਦਿਤਾ। ਜਿਸ ਦਿਨ ਭਗਤ ਪ੍ਰਹਿਲਾਦ ਦੇ ਜੀਵਨ ਨੂੰ ਯਾਦ ਕਰਦਿਆ ਸੱਚੇ ਮਾਰਗ 'ਤੇ ਚਲਣ ਦਾ ਪ੍ਰਣ ਲੈਣਾ ਸੀ ਉਸ ਮਹਾਨ ਦਿਨ ਨੂੰ ਬ੍ਰਾਹਮਣ ਨੇ ਇਕ ਦੂਜੇ 'ਤੇ ਚਿਕੜ ਸੁਟਣ, ਇਕ ਦੂਜੇ ਤੇ ਕੱਚੇ ਰੰਗਾਂ ਦੀ ਬਾਰਸ਼ ਕਰਣੀ, ਔਰਤਾਂ ਅਤੇ ਮੁਟਿਆਰਾਂ ਉਪੱਰ ਕੱਚੇ ਰੰਗ ਦਾ ਪਾਣੀ ਸੁਟਕੇ ਅਸ਼ਲੀਲਤਾ ਫੈਲਾਉਣੀ, ਸਾਰਾ ਦਿਨ ਹੁਲੜਬਾਜ਼ੀ ਕਰਣੀ ਨੂੰ ਤਿਉਹਾਰ ਮਨਾਉਣਾ ਬਣਾ ਦਿਤਾ। ਨਤੀਜਾ ਇਹ ਹੋਇਆ ਕਿ ਜਿਸ ਭਗਤ ਪ੍ਰਹਿਲਾਦ ਜੀ ਦੇ ਜੀਵਨ ਤੋਂ ਸਮਾਜ ਨੇ ਸੇਧ ਲੈਣੀ ਸੀ, ਉਸ ਭਗਤ ਪ੍ਰਹਿਲਾਦ ਦੇ ਜੀਵਨ ਨੂੰ ਕੱਚੇ ਰੰਗ ਦੇ ਪਾਣੀ ਵਿਚ ਪੁਜਾਰੀ ਨੇ ਰੋੜ੍ਹ ਦਿਤਾ।

ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਗਤ ਪ੍ਰਹਿਲਾਦ ਦੇ ਜੀਵਨ ਦੀ ਇਸ ਕਹਾਣੀ ਨੂੰ ਮੁੜ ਸੁਰਜੀਤ ਕੀਤਾ ਅਤੇ ਹੋਲੀ ਨੂੰ ਹੋਲੇ ਮਹੱਲੇ ਦਾ ਮਰਦਾਨਗੀ ਭਰਿਆ ਨਾਮ ਦੇਕੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕਿਲਾ ਹੋਲਗੜ੍ਹ ਸਾਹਿਬ ਤੋਂ ਦ੍ਰਿੜਤਾ ਅਤੇ ਚੜਦੀਕਲਾ ਵਿਚ ਹੋਲਾ ਮਹੱਲਾ ਮਨਾਉਣੀ ਦੀ ਸ਼ੁਰੂਆਤ ਕੀਤੀ। ਇਸ ਦਿਨ ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਘੋੜ ਸਵਾਰੀ ਦੇ ਕਰਤਬ ਪਿਆ ਦਿਖਾਉਦੀਆਂ, ਨੇਜ਼ੇ ਬਾਜ਼ੀ, ਰਸਾਕਸ਼ੀ ਅਤੇ ਗਤਕੇ ਦੀਆਂ ਟੀਮਾ ਬਣਾਕੇ ਮੁਕਾਬਲੇ ਕਰਵਾਏ ਜਾਂਦੇ। ਮਨਸੂਈ ਜੰਗਾਂ ਕਰਵਾਈਆਂ ਜਾਂਦੀਆਂ। ਜਿਤਣ ਵਾਲਿਆਂ ਨੂੰ ਗੁਰੂ ਸਾਹਿਬ ਵਿਸ਼ੇਸ਼ ਇਨਾਮ ਦੇ ਕੇ ਨਿਵਾਜਦੇ। ਵਿਸ਼ੇਸ਼ ਰੂਪ ਵਿਚ ਮਹੱਲੇ ਕਢੇ ਜਾਂਦੇ। ਗੁਰੂ ਸਾਹਿਬ ਜੀ ਨੇ ਸਰੀਰਕ ਅਤੇ ਮਾਨਸਿਕ ਰੂਪ ਵਿਚ ਸਮਾਜ ਨੂੰ ਦ੍ਰਿੜਤਾ ਬਖਸ਼ੀ। ਸਮੇ ਦੇ ਰਾਜਿਆਂ ਤੇ ਪੁਜਾਰੀਆਂ ਦੇ ਝੂਠ ਫਰੇਬ, ਜ਼ੁਲਮੋਸਿਤਮ ਦੇ ਅਗੇ ਦ੍ਰਿੜਤਾ ਤੇ ਬੁਲੰਦ ਹੌਸਲਿਆਂ ਨਾਲ ਸੱਚ ਦੇ ਮਾਰਗ ਦੇ ਪਾਂਧੀ ਬਣਕੇ ਇਨ੍ਹਾਂ ਖਿਲਾਫ ਜੂਝਣ ਦੀ ਪ੍ਰੇਰਨਾ ਦਿਤੀ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਹੋਲੇ ਮਹਲੇ ਤੋਂ ਮਿਲੀ ਚੜਦੀਕਲਾ ਦੇ ਕਾਰਣ ਹੀ ਸਿੱਖ ਭਾਵੇਂ ਚਰਖੜੀ 'ਤੇ ਬੈਠਾ ਹੈ, ਪਰ ਮੁਖ ਤੋਂ ਇਹੋ ਹੀ ਉਚਾਰ ਰਿਹਾ ਹੈ ਕਿ:-

ਧਨ ਘੜੀ ਧਨ ਚਰਖੜੀ, ਧਨ ਨਿਆਉ ਤੁਮਾਰਾ। ਧਰਮ ਹੇਤ ਹਮ ਚੜਹਿ ਚਰਖੜੀ, ਧਨ ਵਜੂਦ ਹਮਾਰਾ।
ਹਮ ਤੋਂ ਗੁਰ ਕੇ ਸਿੱਖ ਸਦਾਵੈਂ। ਗੁਰ ਕੇ ਹੇਤ ਪ੍ਰਾਣ ਭਲ ਜਾਵੈਂ।

ਪਰ ਕਿਤਨੀ ਅਜੀਬ ਗਲ ਹੈ ਕਿ ਅਜ ਹੋਲੇ ਮਹੱਲੇ ਦੇ ਦਿਨ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੀ ਖਾਲਸਾਈ ਬਾਣੇ ਵਿਚ ਬੈਠ ਕੇ ਕਿਤੇ ਭੰਗ ਕੁਟੀ ਜਾ ਰਹੀ ਹੈ, ਕਿਤੇ ਇਕ ਦੂਜੇ 'ਤੇ ਕੱਚੇ ਰੰਗ ਸੁਟ ਕੇ ਸ਼ਕਲੋ ਸੂਰਤ ਵਿਗਾੜੀ ਜਾ ਰਹੀ ਹੈ। ਬੜੇ ਦੁੱਖ ਨਾਲ ਇਹ ਗਲ ਕਹਿਣੀ ਪੈ ਰਹੀ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤਖਤਾਂ ਦੇ ਜਥੇਦਾਰ ਅਖਵਾਉਣ ਵਾਲਿਆਂ 'ਤੇ ਵੀ ਹੋਲੀ ਦੇ ਕੱਚੇ ਰੰਗਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਜਥੇਦਾਰ ਹੱਥ ਜੋੜੀ ਨਮਸਕਾਰਾਂ ਕਰ ਰਹੇ ਹਨ। ਜਿਵੇਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਇਨ੍ਹਾਂ ਅਖੌਤੀ ਜਥੇਦਾਰਾਂ ਨੇ ਬ੍ਰਾਹਮਣੀ ਕੈਲੰਡਰ ਨਾਨਕਸ਼ਾਹੀ ਨਾਮ ਥਲੇ  ਸਥਾਪਤ ਕਰ ਦਿਤਾ, ਇਸੇ ਪ੍ਰਕਾਰ ਹੋਲੇ ਮਹੱਲੇ ਦੇ ਨਾਮ ਥਲੇ ਬ੍ਰਾਹਮਣੀ ਹੋਲੀ ਨੂੰ ਹੀ ਮਨਾਇਆ ਤੇ ਪ੍ਰਚਾਰਿਆ ਜਾ ਰਿਹਾ ਹੈ।

ਭੁਲ ਚੁੱਕ ਦੀ ਖਿਮਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top