ਜਦੋਂ
ਦੀ ਫੇਸਬੁੱਕ ਆਈ ਹੈ ਹਰ ਕੋਈ ਆਪਣੇ ਆਪ ਨੂੰ ਕਿਸੇ ਨਾਢੂ ਖਾਂ ਤੋਂ ਘੱਟ ਨਹੀਂ ਸਮਝਦਾ ਤੇ
ਜੋ ਜੀਅ ਆਉਂਦਾ ਹੈ, ਫੇਸਬੁੱਕ 'ਤੇ ਆ ਕੇ ਉਲਟੀਆਂ ਕਰਣ ਲੱਗ ਜਾਂਦਾ ਹੈ।
ਬਹੁਤਾਤ ਨੀਚ ਕਿਸਮ ਦੇ ਲੋਕ ਅਵਾ ਤਵਾ ਬੋਲਕੇ ਆਪਣੀ ਮਸ਼ਹੂਰੀ
ਭਾਲਦੇ ਹਨ, ਤੇ ਲਾਈਕ ਅਤੇ ਕੁਮੈਂਟਸ ਦੀ ਬਹਤੀ ਤਾਦਾਦ ਨੂੰ ਆਪਣੀ ਸਫਲਤਾ ਸਮਝਦੇ ਹਨ।
ਇਨ੍ਹਾਂ ਅਨਸਰਾਂ ਨੂੰ ਸੋਸ਼ਲ ਨੈਟਵਰਕ ਦੇ
ਸਹੀ ਤੇ ਉਸਾਰੂ ਇਸਤੇਮਾਲ ਦਾ ਕੋਈ ਗਿਆਨ ਨਹੀਂ। ਕਈ ਲੋਕ ਆਪਣੀ ਪ੍ਰੋਫਾਈਲ ਵਿੱਚ
ਅਨਜਾਣ ਲੋਕਾਂ ਨੂੰ ਮਿੱਤਰ ਬਣਾਉਂਦੇ ਨੇ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਰੱਤੀ ਭਰ ਵੀ
ਜਾਣਕਾਰੀ ਨਹੀਂ ਹੁੰਦੀ ਕਿ ਉਹ ਹੈ ਕੌਣ। ਸਿਰਫ ਆਪਣੀ ਪ੍ਰੋਫਾਇਲ ਵਿੱਚ ਮਿੱਤਰਾਂ ਦੀ ਗਿਣਤੀ
ਵਧਾਉਣ ਲਈ ਹਰ ਐਰੇ ਗੈਰੇ ਨੂੰ ਸ਼ਾਮਿਲ ਕਰ ਲੈਂਦੇ ਨੇ।
ਜੇ ਆਪਣੀ ਮਿੱਤਰ ਸੂਚੀ ਵਿੱਚ ਸਿਰਫ ਜਾਣਕਾਰ ਲੋਕਾਂ ਨੂੰ
ਸਾਮਿਲ ਕੀਤਾ ਜਾਵੇ ਅਤੇ ਆਪਣੇ ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ
ਤਾਂ ਕੋਈ ਹਰਜ਼ ਨਹੀਂ ਹੁੰਦਾ, ਆਪਸੀ ਸਾਝ ਬਣੀ ਰਹਿੰਦੀ ਹੈ। ਪਰ ਜੇਕਰ ਅਨਾਪ ਸ਼ਨਾਪ
ਸਿਰਫਿਰੇ ਲੋਕਾਂ ਨੂੰ ਮਿੱਤਰ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੋਵੇ ਤਾਂ ਫਿਰ ਪਰਿਵਾਰਕ
ਤਸਵੀਰਾਂ ਦਾ ਗਲਤ ਇਸਤੇਮਾਲ ਬਹੁਤ ਹੁੰਦਾ ਹੈ।
ਜੇ ਗਲਤ ਅਨਸਰਾਂ
ਤੋਂ ਬਚਾਅ ਚਾਹੁੰਦੇ ਹੋ ਤਾਂ-
- ਕਦੇ ਵੀ ਆਪਣੇ ਪਰਿਵਾਰ ਦੀ ਤਸਵੀਰਾਂ ਪਬਲਿਕ ਸ਼ੇਅਰ ਨਾ ਕਰੋ,
ਜੇ ਕਰਨੀਆਂ ਹਨ ਤਾਂ ਗਿਣੇ ਚੁਣੇ ਜਾਣਕਾਰ ਮਿੱਤਰਾਂ ਨਾਲ ਕਰੋ। ਫੇਸਬੁੱਕ ਵਿੱਚ ਬਹੁਤ
options ਹਨ ਇਹ ਕਰਣ ਲਈ।
- ਕਦੇ ਵੀ ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਣ ਲੱਗੇ ਜਾਣਕਾਰੀ
ਸ਼ੇਅਰ ਨਾ ਕਰੋ।
- ਆਪਣੀ ਨਿਜੀ ਜਾਣਕਾਰੀ (Personal detail) ਸ਼ੇਅਰ ਨਾ ਕਰੋ,
ਖਾਸ ਕਰਕੇ ਆਪਣਾ ਪਤਾ, ਆਪਣੇ ਪਰਿਵਾਰ ਦੀ ਜਾਣਕਾਰੀ, ਬੈਂਕ ਅਕਾਊਂਟ, ਪਾਸਪੋਰਟ, ਵੀਜ਼ਾ,
ਸਕੂਲ-ਕਾਲੇਜ, ਕੰਮ ਕਰਣ ਦੀ ਥਾਂ ਆਦਿ ਬਾਰੇ ਜਾਣਕਾਰੀ ਭੁੱਲ ਕੇ ਵੀ ਸਾਂਝੀ ਨਾ ਕਰੋ।
ਜਿੰਨੀ ਘੱਟ ਜਾਣਕਾਰੀ ਉਪਲਭਦ ਕਰਵਾਉਗੇ,
ਉਨਾਂ ਹੀ ਸੁਖੀ ਰਹੋਗੇ। ਬਾਕੀ ਮਰਜ਼ੀ ਸਭ ਦੀ ਆਪਣੀ ਹੈ, ਕਿਉਂਕਿ ਕਈ ਨਾਢੂ ਖਾਂ
ਆਪਣੀ ਗੰਦੀ ਜ਼ੁਬਾਨ ਕਾਰਣ ਆਪਣੇ ਪਰਿਵਾਰਕ ਮੈਂਬਰਾਂ ਲਈ ਮੁਸੀਬਤ ਬਣ ਜਾਂਦੇ ਹਨ, ਫਿਰ ਜਦੋਂ
ਉਨ੍ਹਾਂ ਦੇ ਨਿਆਣਿਆਂ ਦੀਆਂ, ਘਰਵਾਲੀ ਦੀਆਂ ਤਸਵੀਰਾਂ ਨਾਲ ਨੀਚ ਲੋਕ ਗਲਤ ਤਸਵੀਰਾਂ ਤਿਆਰ
ਕਰਦੇ ਹਨ, ਤਾਂ ਉਹ ਲੋਕ ਆਪੇ ਤੋਂ ਬਾਹਰ ਹੋ ਜਾਂਦੇ ਹਨ, ਜਿਸਦੀ ਤਾਜ਼ਾ ਮਿਸਾਲ
ਭਿੰਡਰਾਂਵਾਲੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਵਾਲੇ ਅਪਗ੍ਰੇਡ ਦੀ ਕਰਤੂਤਾਂ ਤੋਂ ਸਾਫ ਝਲਕਦੀ
ਹੈ। ਉਧਾਰਾ ਤੇ ਅਧੂਰਾ ਗਿਆਨ ਐਸੇ
ਸਿਰਫਿਰੇ ਲੋਕਾਂ ਦੇ ਸਿਰ 'ਤੇ ਚੜ੍ਹਕੇ ਬੋਲਦਾ ਹੈ ਫਿਰ ਉਹ ਸਿੱਧਾ ਫੇਸਬੁੱਕ 'ਤੇ ਪੋਸਟ
ਪਾਕੇ ਜਾਂ ਲਾਈਵ ਹੋਕੇ ਉਲਟੀਆਂ ਕਰਦੇ ਹਨ। ਇਹ ਸਿਰਫਿਰਾ ਸ਼ਲੇਡਾ ਸਾਧ ਦਾ ਹੀ
ਚਿੱਚੜ ਹੈ, ਜਿਸਨੂੰ ਨਿਊਜ਼ੀਲੈਂਡ ਵਾਲੇ ਚਿੱਚੜਾਂ ਦੀ ਰੰਗਤ ਚੜੀ ਹੋਈ ਹੈ। ਇਹ ਸਾਰੇ ਸਾਰੀ
ਦਿਹਾੜੀ ਫੇਸਬੁੱਕ 'ਤੇ ਆਕੇ ਆਪਣੀ ਕਰਤੂਤਾਂ ਜੱਗ ਜਾਹਿਰ ਕਰਦੇ ਹਨ ਤੇ ਸਿਰ ਚੜੇ (ਅ)ਗਿਆਨ
ਦੀਆਂ ਉਲਟੀਆਂ ਕਰਦੇ ਹਨ।
ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ
ਸੁਟਦਾ ਮੁਆ ॥ {ਪੰਨਾ 653}
ਇੱਕ ਖਾਸ ਨੁਕਤਾ... ਜਿਹੜਾ ਵੀ
ਅਨਸਰ ਗਲਤ ਭਾਸ਼ਾ ਦਾ ਇਸਤੇਮਾਲ ਕਰੇ, ਉਸਨੂੰ ਜਵਾਬ ਦੇਣ ਦੀ ਬਜਾਏ
ਬਲੌਕ ਕਰੋ, ਇਸ ਵਿੱਚ ਹੀ ਭਲਾਈ ਹੈ, ਕਿਉਂਕਿ ਉਹ ਨੀਚ
ਤੁਹਾਨੂੰ ਵੀ ਉਸੇ ਨੀਚਤਾ ਵੱਲ ਖਿੱਚੇਗਾ, ਤੇ ਸਮਾਂ ਬਰਬਾਦ ਕਰੇਗਾ, ਤੇ ਕੁੱਝ ਹਾਸਲ ਨਹੀਂ
ਹੋਵੇਗਾ।
ਖੈਰ... ਜੇ ਕੋਈ ਸਿੱਖੀ ਬਾਰੇ ਪ੍ਰਚਾਰ
ਕਰਨਾ ਚਾਹੁੰਦਾ ਹੈ, ਗੁਰਮਤਿ ਬਾਰੇ, ਅਨਮਤੀ ਗ੍ਰੰਥਾਂ ਬਾਰੇ ਗਿਆਨ ਰੱਖਦਾ ਹੈ, ਖਾਸਕਰ
ਉਨ੍ਹਾਂ ਲੋਕਾਂ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਉਹ ਸਿਰਫ ਆਪਣੀ ਤਸਵੀਰ ਤੱਕ
ਸੀਮਤ ਰਹਿਣ, ਪਰਿਵਾਰਿਕ ਤਸਵੀਰਾਂ ਸ਼ੇਅਰ ਕਰਣ ਤੋਂ ਉੱਕਾ ਹੀ ਗੁਰੇਜ਼ ਕਰਣ। ਇਹ ਤਾਕੀਦ ਮੈਂ
ਖੁੱਦ ਕਈ ਕਥਾਵਾਚਕਾਂ ਨੂੰ ਅਤੇ ਹੋਰ ਮਿੱਤਰਾਂ ਨੂੰ ਹਮੇਸ਼ਾ ਕਰਦਾ ਰਹਿੰਦਾ ਹਾਂ।
ਫੇਸਬੁੱਕ ਇੱਕ ਬਹੁਤ ਵਧੀਆ ਪਲੇਟਫਾਰਮ ਹੈ, ਜਿਸਦਾ ਸਹੀ ਇਸਤੇਮਾਲ
ਕੀਤਿਆਂ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ, ਪਰ ਸਿਰਫਿਰੇ ਅਨਸਰਾਂ ਨੇ ਇਸਦਾ ਐਸਾ ਹਾਲ
ਕੀਤਾ ਹੈ ਕਿ ਇੱਕ ਸਭਯਿਕ ਮਨੁੱਖ ਇਸਤੋਂ ਦੂਰ ਹੀ ਰਹੇ ਤਾਂ ਚੰਗਾ, ਨਹੀਂ ਤਾਂ ਇੱਥੇ ਲੋਕ
ਕਿਸੇ ਦੀ ਸ਼ਰਮ ਹਿਆ ਦੀ ਪਰਵਾਹ ਕੀਤੇ ਬਗੈਰ ਬਕਵਾਸ ਕਰਣ ਤੋਂ ਗੁਰੇਜ਼ ਨਹੀਂ ਕਰਦੇ।
ਬਾਂਦਰ ਦੇ ਹੱਥ ਤੀਲੀ ਵਾਲੀ ਕਹਾਵਤ ਅਨੁਸਾਰ ਇਸਦੀ
ਦੁਰਵਰਤੋਂ ਜ਼ਿਆਦ ਤੇ ਉਸਾਰੂ ਕੰਮ ਘੱਟ ਰਹੇ ਹਨ।
ਸੋ ਫੇਸਬੁੱਕ ਨੂੰ ਸਾਵਧਾਨੀ ਅਤੇ ਵਧੀਆ ਤਰੀਕੇ ਨਾਲ ਵਰਤੋ, ਜਿਸ ਨਾਲ ਫਾਇਦਾ ਹੋਵੇ, ਨਾ
ਕਿ ਤੁਹਾਡੇ ਹੀ ਜੀ ਦਾ ਜੰਜਾਲ ਬਣ ਜਾਵੇ। ਬਚਾਓ ਵਿੱਚ ਹੀ
ਬਚਾਓ ਹੈ।