Share on Facebook

Main News Page

ਸੰਤਾਲ਼ੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? (ਕਿਸ਼ਤ ਆਖਰੀ)
-: ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ : 088726-64000
ਈ-ਮੇਲ : gurpreetmandiani@gmail.com 

👉 ਲੜੀ ਜੋੜਨ ਲਈ ਪੜ੍ਹੋ ਕਿਸ਼ਤ : ਪਹਿਲੀ ; ਦੂਜੀ ; ਤਿਜੀ ; ਚੌਥੀ ; ਪੰਜਵੀਂ ; ਛੇਵੀਂ ; ਸੱਤਵੀਂ ; ਅੱਠਵੀਂਨੌਂਵੀਂ

41. ਕਮਿਊਨਲ ਐਵਾਰਡ ਲਾਗੂ ਹੋ ਗਿਆ: ਸਿੱਖਾਂ ਨੂੰ ਰਾਖਵਾਂਕਰਨ ਦੇਣ ਦੇ ਖਿਲਾਫ ਸਿੱਖਾਂ ਸਣੇ ਹਿੰਦੂ-ਮੁਸਲਮਾਨਾਂ ਵੱਲੋਂ ਲੱਖ ਬੂ ਦੁਹਾਈ ਪਾਉਣ ਦੇ ਬਾਵਜੂਦ ਬਰਤਾਨਵੀ ਸਰਕਾਰ ਨੇ ਸਿੱਖਾਂ ਨੂੰ ਰਾਖਵਾਂਕਰਨ ਦੇਣ ਦਾ ਐਲਾਨ ਕਰ ਦਿੱਤਾ। ਸਿੱਖਾਂ ਦੀ ਪੰਜਾਬ ਵਿੱਚ ਆਬਾਦੀ 12 ਫੀਸਦੀ ਤੋਂ ਵੀ ਘੱਟ ਸੀ ਪਰ ਉਨ੍ਹਾਂ ਵਾਸਤੇ ਪੰਜਾਬ ਵਿਧਾਨ ਸਭਾ ਵਿੱਚ 18 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ। ਮੁਸਲਮਾਨਾਂ ਦੀ ਅਬਾਦੀ ਮੁਤਾਬਿਕ ਉਨ੍ਹਾਂ ਨੂੰ 51 ਫੀਸਦੀ ਰਾਖਵਾਂਕਰਨ ਮਿਿਲਆ। ਇਹ ਐਲਾਨ ਬਰਤਾਨਵੀ ਪ੍ਰਧਾਨ ਮੰਤਰੀ ਰਾਮਸੇ ਮੈਕਡਾਨਲਡ ਨੇ ਕਮਿਊਨਲ ਐਵਾਰਡ ਦੇ ਨਾਂ ਥੱਲੇ ਅਕਤੂਬਰ 1932 ਨੂੰ ਕੀਤਾ।

ਸਿੱਖਾਂ ਨੇ ਕਮਿਊਨਲ ਐਵਾਰਡ ਦੇ ਖਿਲਾਫ ਇਸ ਕਦਰ ਸਿੰਗਾਂ ਤੇ ਮਿੱਟੀ ਚੱਕੀ ਜਿਸ ਨਾਲ ਸਿੱਖ ਇਤਿਹਾਸ ਵੀ ਸ਼ਰਮਾਅ ਗਿਆ । ਉਨੀਂ ਦਿਨੀਂ ਸਰਕਾਰ ਨੇ ਮਾਸਟਰ ਤਾਰਾ ਸਿੰਘ ਦੇ ਲਾਹੌਰ ਦਾਖਲੇ ’ਤੇ ਪਾਬੰਦੀ ਲਾਈ ਹੋਈ ਸੀ ਤੇ ਉਹ ਲਾਹੌਰ ਨਾਲ ਵਹਿੰਦੇ ਦਰਿਆ ਰਾਵੀ ਦੇ ਪਰਲੇ ਕੰਢੇ ਕਸਬੇ ਸ਼ਾਹਦਰਾ ਵਿੱਚ ਬੈਠਾ ਸੀ । ਉੱਥੋਂ ਬੈਠਾ ਹੀ ਉਹ ਲਾਹੌਰ ਵਿੱਚ ਬੈਠੇ ਅਕਾਲੀਆਂ ਨੂੰ ਹਦਾਇਤਾਂ ਦੇ ਰਿਹਾ ਸੀ। ਉਹਦੀਆਂ ਹਦਾਇਤਾਂ ‘ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਅਕਾਲੀਆਂ ਦੀ ਕਮਿਊਨਲ ਐਵਾਰਡ ਦੇ ਖਿਲਾਫ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮਾਸਟਰ ਤਾਰਾ ਸਿੰਘ ਨੇ ਗਿਆਨੀ ਕਰਤਾਰ ਸਿੰਘ ਦੇ ਹੱਥ ਇੱਕ ਲਿਖਤੀ ਮਤਾ ਪਾਸ ਕਰਨ ਲਈ ਘੱਲਿਆ ਮਤਾ ਇਹ ਸੀ “ਅਸੀਂ ਬੋਟੀ ਬੋਟੀ ਕਟਵਾ ਕੇ ਤਾਂ ਮਰ ਜਾਵਾਂਗੇ ਪਰ ਆਪਦੇ ਜਿਊਂਦੇ ਜੀ ਕਮਿਊਨਲ ਐਵਾਰਡ ਲਾਗੂ ਨਹੀਂ ਹੋਣ ਦਿਆਂਗੇ । ਹੇ ਗੁਰੂ ਗੋਬਿੰਦ ਸਿੰਘ ਤੂੰ ਪੰਥ ਦਾ ਵਾਲੀ ਕਹਾਉਦਾ ਹੈਂ! ਜੇ ਅਸੀਂ ਕਮਿਊਨਲ ਐਵਾਰਡ ਨੂੰ ਰੋਕਣ ਖਾਤਰ ਵੱਡੀ ਤੋਂ ਵੱਡੀ ਕੁਰਬਾਨੀ ਕਰਨੋ ਝਿਜਕੀਏ ਤਾਂ ਅਸੀਂ ਤੇਰੇ ਸਿੱਖ ਨਹੀਂ। ਪਰ ਜੇ ਤੂੰ ਸਾਡੀਆਂ ਕੁਰਬਾਨੀਆਂ ਨੂੰ ਸਫਲਤਾ ਨਾ ਬਖਸ਼ੇਂ ਤਾਂ ਤੂੰ ਪੰਥ ਦਾ ਵਾਲੀ ਨਹੀਂ।”

ਪੰਥਕ ਇਤਿਹਾਸ ਵਿੱਚ ਇਹ ਪਹਿਲੀ ਦਫਾ ਹੋਇਆ ਕਿ ਕਿਸੇ ਸਿੱਖ ਨੇ ਆਪਣੇ ਗੁਰੂ ਨੂੰ ਇਹ ਕਹਿ ਕੇ ਵੰਗਾਰ ਪਾਈ ਹੋਵੇ ਕਿ ਜੇ ਤੂੰ ਸਾਡਾ ਫਲਾਣਾ ਕੰਮ ਨਾ ਕੀਤਾ ਤਾਂ ਤੂੰ ਸਾਡਾ ਗੁਰੂ ਨਹੀਂ। ਕਮਿਊਨਲ ਐਵਾਰਡ ਦੇ ਖਿਲਾਫ ਬੋਟੀ ਬੋਟੀ ਕੱਟ ਮਰਨ ਦੀ ਸੌਂਹ ਖਾਣੀ ਤੇ ਗੁਰੂ ਨੂੰ ਕਮਿਊਨਲ ਐਵਾਰਡ ਰੋਕਣ ਖਾਤਰ ਵੰਗਾਰ ਪਾਉਣ ਨਾਲ ਪਾਠਕ ਸਮਝ ਗਏ ਹੋਣਗੇ ਕਿ ਸਿੱਖ ਲੀਡਰਸ਼ਿਪ ਇਹ ਤੋਂ ਵੱਡੀ ਹੋਰ ਕੀ ਲਾਟ ਮਾਰ ਸਕਦੇ ਸੀ । ਜਿੱਥੇ ਇੱਕ ਵੀ ਸਿੱਖ ਐਮ.ਐਲ.ਏ ਦੀ ਚੋਣ ਨਹੀਂ ਸੀ ਜਿੱਤਦਾ ਉੱਥੇ ਹੁਣ ਸੌ ਮਗਰ 18 ਜਿੱਤਣੇ ਸੀ। ਪਰ ਸਿੱਖਾਂ ਨੂੰ 18 ਦੀ ਖੁਸ਼ੀ ਨਹੀਂ ਸੀ 51 ਮੁਸਲਮਾਨਾਂ ਦੀ ਤਕਲੀਫ ਸੀ । ਇਹ ਮੰਗ ਨਹੀਂ ਸੀ ਕਿ ਸਾਨੂੰ ਰਾਖਵਾਂਕਰਨ ਘੱਟ ਮਿਲਆ ਹੈ ਮੰਗ ਇਹ ਸੀ ਕਿ ਸਾਨੂੰ ਚਾਹੇ ਕੱਖ ਨਾ ਮਿਲੇ ਪਰ ਮੁਸਲਮਾਨਾਂ ਨੂੰ ਕੁੱਛ ਨਹੀਂ ਮਿਲਣਾ ਚਾਹੀਦਾ।

ਜਦੋਂ ਇਹ ਖ਼ਬਰਾਂ ਲੰਡਨ ਪਹੁੰਚੀਆਂ ਕਿ ਸਿੱਖ ਤਾਂ ਕਮਿਊਨਲ ਐਵਾਰਡ ਦੇ ਖਿਲਾਫ ਮਰਨ ਮਾਰਨ 'ਤੇ ਉੱਤਰੇ ਖੜ੍ਹੇ ਨੇ ਤਾਂ ਬਰਤਾਨਵੀ ਸਰਕਾਰ ਬੜੀ ਫਿਕਰਮੰਦ ਹੋਈ। ਉਨ੍ਹਾਂ ਦਾ ਇਹ ਤਜ਼ਰਬਾ ਸੀ ਕਿ ਜੇ ਸਿੱਖ ਆਈ ’ਤੇ ਆ ਜਾਣ ਤਾਂ ਮਰਨੋਂ ਨਹੀਂ ਡਰਦੇ । ਕਮਿਊਨਲ ਐਵਾਰਡ ਦੀ ਮੁਖਾਲਫਤ ਤੋਂ ਪੈਦਾ ਹੋਣ ਵਾਲੀ ਮਾਰ ਕਾਟ ਤੋਂ ਡਰਦਿਆਂ ਬਰਤਾਨਵੀ ਸਰਕਾਰ ਨੇ ਗਵਰਨਰ ਪੰਜਾਬ ਨੂੰ ਇੱਕ ਗੁਪਤ ਹਦਾਇਤ ਘੱਲੀ ਕਿ ਕਮਿਊਨਲ ਐਵਾਰਡ ਦੇ ਖਿਲਾਫ ਪੈਦਾ ਹੋਣ ਵਾਲੀ ਹਿੰਸਾਂ ਵਿੱਚ ਜੇ ਮੌਤਾਂ 20 ਤੋਂ ਵੱਧ ਜਾਣ ਤਾਂ ਕਮਿਊਨਲ ਐਵਾਰਡ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਜਾਵੇ। ਉਧਰ ਮੁਸਲਮਾਨ ਵੀ ਡਰ ਗਏ ਕਿ ਸਿੱਖਾਂ ਦੇ ਦਬਾਅ ਥੱਲੇ ਆ ਕੇ ਸਰਕਾਰ ਇਸ ਐਵਾਰਡ ਨੂੰ ਰੱਦ ਕਰ ਸਕਦੀ ਹੈ। ਬਣੀ ਬਣਾਈ ਖੇਡ ਨੂੰ ਵਿਗੜਨ ਤੋਂ ਰੋਕਣ ਲਈ ਮੁਸਲਮਾਨ ਆਗੂਆਂ ਨੇ ਸਿੱਖ ਆਗੂਆਂ ਨੂੰ ਪਰਚਾਉਣ ਖਾਤਰ ਗੱਲਬਾਤ ਤੋਰੀ। ਮੁਸਲਮਾਨਾਂ ਨੇ ਸਿੱਖਾਂ ਨੂੰ ਇਹ ਤਜਵੀਜ ਦਿੱਤੀ ਕਿ ਜੇ ਥੋਨੂੰ ਰਿਜਰਵੇਸ਼ਨ 18 ਦੀ ਥਾਂ 30 ਫੀਸਦੀ ਮਿਲ ਜਾਵੇ ਤਾਂ ਕੀ ਥੋਡੀ ਤਸੱਲੀ ਹੋਜੂ? ਸਿੱਖ ਕਹਿੰਦੇ ਹਾਂ ਸਾਡੀ 30 ਨਾਲ ਸਾਡੀ ਤਸੱਲੀ ਹੋਜੂ। ਮੁਸਲਮਾਨ ਕਹਿੰਦੇ ਤਾਂ ਫਿਰ ਲਿਖੋ ਸਮਝੌਤਾ । ਤਾਂ ਸਿੱਖਾਂ ਦਾ ਐਡਾ ਹਾਸੋ ਹੀਣਾਂ ਜਵਾਬ ਇਹ ਸੀ ਕਹਿੰਦੇ ਨਹੀਂ ! ਨਾਲੋਂ ਨਾਲ ਹਿੰਦੂਆਂ ਨੂੰ ਵੀ 30 ਫੀਸਦੀ ਦੇਵੋ । ਭਾਵ ਇਹ ਸੀ ਕਿ ਹਿੰਦੂ ਸਿੱਖ ਰਲਕੇ 60 ਫੀਸਦੀ ਹੋ ਜਾਣ ਤੇ ਮੁਸਲਮਾਨ ਕਿਸੇ ਵੀ ਸੂਰਤ ਬਹੁ ਸੰਮਤੀ ਵਿੱਚ ਨਾ ਆ ਸਕਣ। ਸੋ ਮੁਸਲਮਾਨਾਂ ਨਾਲ ਵੀ ਗੱਲਬਾਤ ਟੁੱਟ ਗਈ। ਪਰ ਕਮਿਊਨਲ ਐਵਾਰਡ ਦੇ ਖਿਲਾਫ ਨਾ ਕੋਈ ਸਿੱਖ ਕਟਿਆ ਅਤੇ ਨਾ ਹੀ ਕੋਈ ਮਰਿਆ। ਕਮਿਊਨਲ ਐਵਾਰਡ ਚੁੱਪਚਾਪ ਲਾਗੂ ਹੋ ਗਿਆ। ਮੁਸਲਮਾਨਾਂ ਵੱਲੋਂ ਤਜਵੀਜਸ਼ੁਦਾ 30 ਫੀਸਦੀ ਨੂੰ ਠੋਕਰ ਮਾਰ ਕੇ ਸਿੱਖ 18 ਫੀਸਦੀ ਤੇ ਸਬਰ ਸ਼ੁਦਾ ਹੋ ਗਏ । ਇਹ ਸਮਾਂ ਸਿੱਖਾਂ ਖਾਤਰ ਉਹ ਸੀ ਜਦੋਂ ਵੱਖਰੇ ਸਿੱਖ ਮੁਲਕ ਦੀਆਂ ਵਿਊਂਤਬੰਦੀਆ ਕੀਤੀਆਂ ਜਾਣੀਆਂ ਸਨ। ਪਰ ਸਿੱਖ ਆਪਣੀ ਖਾਤਰ ਕੁੱਝ ਵੀ ਨਾ ਸੋਚਦੇ ਹੋਏ ਆਪਦੀ ਸਾਰੀ ਤਾਕਤ ਮੁਸਲਮਾਨਾਂ ਦੇ ਖਿਲਾਫ ਜਾਇਆ ਕਰ ਰਹੇ ਸਨ ਤੇ ਨਾਲ ਦੀ ਨਾਲ ਹਿੰਦੂਆਂ ਵੱਲੋਂ ਮੁਸਲਮਾਨਾਂ ਖਿਲਾਫ ਬਣਦੀ ਲੜਾਈ ਨੂੰ ਆਪਣੀ ਸਮਝ ਕੇ ਲੜ ਰਹੇ ਸਨ। ਉਪਰਲੀਆਂ ਸਾਰੀਆਂ ਗੱਲਾਂ ਤੋਂ ਸਮਝ ਆ ਜਾਣੀ ਚਾਹੀਦੀ ਹੈ ਕਿ ਸਿੱਖ ਹਿੰਦੂਆਂ ਨਾਲ ਅਸੀਂ ਤੁਸੀਂ ਦਾ ਭੇਦ ਮਿਟਾ ਕੇ ਚੱਲ ਰਹੇ ਸਨ, ਕਿਤੇ ਵੀ ਉਨ੍ਹਾਂ ਨਾਲ ਵਖਰੇਵਾਂ ਨਹੀਂ ਸੀ । ਸੋ, ਅਜਿਹੇ ਮਾਹੌਲ ਵਿੱਚ ਵੱਖਰੇ ਮੁਲਕ ਦਾ ਸੁਫਨਾ ਕਿੱਥੋਂ ਆਉਣਾ ਸੀ?

42. ਸਿੱਖਾਂ ਨੇ ਕੋਈ ਵੀ ਸਿਆਸੀ ਦਬਾਅ ਵਾਲਾ ਤਰੀਕਾ ਇਸਤੇਮਾਲ ਨਾ ਕੀਤਾ: ਅਖੀਰ ਗੱਲ ਤੁਰਦੀ ਤੁਰਦੀ ਵੰਡ ‘ਤੇ ਆਣ ਪਹੁੰਚੀ 3 ਜੂਨ 1947 ਨੂੰ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਲਾਰਡ ਮਾਊਂਟਬੈਟਨ ਨੇ ਵੰਡ ਦਾ ਜਿਹੜਾ ਫਾਰਮੂਲਾ ਨਸ਼ਰ ਕੀਤਾ ਉਸ ਮੁਤਾਬਕ ਮੁਸਲਮਾਨ ਬਹੁਗਿਣਤੀ ਵਾਲੇ ਸੂਬੇ ਸਿੰਧ ਤੇ ਸਰਹੱਦੀ ਸੂਬਾ, ਪਾਕਿਸਤਾਨ ਵੱਲ ਜਾਣੇ ਸੀ। ਮੁਸਲਿਮ ਬਹੁਗਿਣਤੀ ਵਾਲੇ ਹੀ ਪੰਜਾਬ ਅਤੇ ਬੰਗਾਲ ਦੀ ਵੰਡ ਹੋਣੀ ਸੀ ਬਸ਼ਰਤੇ ਇਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੰਡ ਦਾ ਮਤਾ ਪਾਸ ਕਰਦੀਆਂ। ਜਿਵੇਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਦੋ ਹਿੱਸਿਆਂ ਵਿਚ ਹੋਇਆ ਮੁਸਲਮਾਨ ਬਹੁਗਿਣਤੀ ਵਾਲੇ ਇਲਾਕੇ ਪੱਛਮੀ ਪੰਜਾਬ ਦੇ ਐੱਮ.ਐੱਲ.ਏ. ਇਕ ਹਿੱਸੇ ਵਿਚ ਬੈਠੇ ਤੇ ਗੈਰ ਮੁਸਲਮਾਨ ਬਹੁਗਿਣਤੀ ਵਾਲੇ ਦੱਖਣ-ਪੂਰਬੀ ਪੰਜਾਬ ਦੇ ਐੱਮ.ਐੱਲ.ਏ. ਦੂਜੇ ਹਿੱਸੇ ਵਿਚ ਬੈਠੇ। ਦੋਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਵੰਡ ਚਾਹੁੰਦੇ ਹੋ ਤੇ ਜੇ ਚਾਹੁੰਦੇ ਹੋ ਤਾਂ ਤੁਸੀਂ ਹਿੰਦੁਸਤਾਨ ਜਾਂ ਪਾਕਿਸਤਾਨ ‘ਚੋਂ ਕਿਧਰ ਰਲਣਾ ਪਸੰਦ ਕਰੋਂਗੇ? ਪੱਛਮ ਵਾਲਿਆਂ ਨੇ ਵੰਡ ਦੇ ਖਿਲਾਫ ਮਤਾ ਪਾਸ ਕੀਤਾ। ਪੂਰਬ ਵਾਲਿਆਂ ਨੇ ਵੰਡ ਦੇ ਹੱਕ ਵਿਚ ਮਤਾ ਪਾਸ ਕੀਤਾ। ਫਾਰਮੂਲਾ ਇਹ ਵੀ ਸੀ ਕਿ ਜੇ ਕੋਈ ਵੀ ਇਕ ਹਿੱਸਾ ਵੰਡ ਦੇ ਹੱਕ ਵਿਚ ਮਤਾ ਪਾਸ ਕਰੇਗਾ ਤਾਂ ਸੂਬੇ ਦੀ ਵੰਡ ਕਰ ਦਿੱਤੀ ਜਾਵੇਗੀ। ਪੂਰਬ ਵਾਲੇ ਮਤੇ ਦੇ ਮੁਤਾਬਕ ਵੰਡ ਪਾਸ ਹੋ ਗਈ ਤੇ ਪੂਰਬ ਵਾਲਿਆਂ ਨੇ ਹਿੰਦੁਸਤਾਨ ਵਿਚ ਜਾਣ ਦਾ ਮਤਾ ਪਾਸ ਕੀਤਾ। ਪੱਛਮ ਵਾਲਿਆਂ ਨੇ ਪਾਕਿਸਤਾਨ ‘ਚ ਜਾਣ ਦਾ ਮਤਾ ਪਾਸ ਕੀਤਾ। ਫਾਰਮੂਲੇ ਮੁਤਾਬਕ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਪੱਛਮੀ ਭਾਵ ਪਾਕਿਸਤਾਨ ਵੱਲ ਜਾਣੇ ਤਹਿ ਹੋਏ ਤੇ ਪੂਰਬ ਵਾਲੇ ਗ਼ੈਰ ਮੁਸਲਿਮ ਆਬਾਦੀ ਵਾਲੇ ਜ਼ਿਲ੍ਹੇ ਹਿੰਦੁਸਤਾਨ ਵਿਚ ਜਾਣੇ ਤਹਿ ਹੋਏ। ਕੁਝ ਜ਼ਿਲ੍ਹੇ ਅੱਧ ਵਿਚਕਾਰ ਭਾਵ ਝਗੜੇ ਵਾਲੇ ਮਿੱਥੇ ਗਏ। ਝਗੜੇ ਵਾਲੇ ਜ਼ਿਲ੍ਹੇ ਇਹ ਸਨ ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਗੁਰਦਾਸਪੁਰ, ਲਾਹੌਰ, ਸ਼ੇਖੂਪੁਰਾ, ਮਿੰਟਗੁੰਮਰੀ, ਲਾਇਲਪੁਰ, ਗੁਜਰਾਂਵਾਲਾ, ਅੰਮ੍ਰਿਤਸਰ, ਸਿਆਲਕੋਟ, ਮੁਲਤਾਨ ਤੇ ਹਿਸਾਰ। ਇਨ੍ਹਾਂ ਜ਼ਿਿਲ੍ਹਆਂ ਦੀ ਵੰਡ ਦਾ ਕੰਮ ਇਕ ਕਮਿਸ਼ਨ ਨੂੰ ਦੇਣ ਦਾ ਫੈਸਲਾ ਹੋਇਆ।

ਵਿਧਾਨ ਸਭਾ ਦੇ ਪੂਰਬੀ ਹਿੱਸੇ ਵਿਚ ਸਿੱਖ ਅਤੇ ਮੁਸਲਮਾਨ ਬਹੁ-ਗਿਣਤੀ ਵਿਚ ਸਨ ਜੇ ਸਿੱਖ ਮੁਸਲਮਾਨਾਂ ਨਾਲ ਸਮਝੌਤੇ ‘ਤੇ ਆ ਜਾਂਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਤੇ ਸਾਰੇ ਦਾ ਸਾਰਾ ਪੰਜਾਬ ਪਾਕਿਸਤਾਨ ਵਿਚ ਸ਼ਾਮਿਲ ਹੋਣਾ ਸੀ। ਉਸ ਵੇਲੇ ਪੰਜਾਬ ਦਾ ਨਕਸ਼ਾ ਇਹ ਸੀ ਪਾਕਿਸਤਾਨ ਵਾਲਾ ਸਾਰਾ ਪੰਜਾਬ, ਭਾਰਤ ਦੇ ਹਿੱਸੇ ਵਾਲਾ 1966 ਵੇਲੇ ਦਾ ਪੰਜਾਬ ਜੀਹਦੇ ਵਿਚ ਹਰਿਆਣਾ ਤੇ ਹਿਮਾਚਲ ਵੀ ਸ਼ਾਮਿਲ ਸੀ, ਜੇ ਇਹ ਗੱਲ ਹੋ ਜਾਂਦੀ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰ ਜਾਣੀ ਸੀ। ਤੇ ਹਿੰਦੁਸਤਾਨ ਕੋਲ ਕਸ਼ਮੀਰ ਤਕ ਪਹੁੰਚਣ ਦਾ ਵੀ ਕੋਈ ਰਾਹ ਨਹੀਂ ਰਹਿਣਾ ਸੀ ਤੇ ਕਸ਼ਮੀਰ ਵੀ ਆਰਾਮ ਨਾਲ ਪਾਕਿਸਤਾਨ ਦਾ ਹਿੱਸਾ ਬਣ ਸਕਦਾ ਸੀ।

ਸਿਆਸੀ ਮਸਲਿਆਂ ਵਿਚ ਸਿਆਸੀ ਦਬਾਅ ਅਤੇ ਸੌਦੇਬਾਜ਼ੀ ਆਪਣੀ ਹਿੱਤਾਂ ਲਈ ਵਰਤੀ ਜਾਂਦੀ ਹੈ ਜੇ ਸਿੱਖ ਆਗੂ ਉਦੋਂ ਇਸੇ ਦਾਅਪੇਚ ਤੋਂ ਕੰਮ ਲੈਂਦੇ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਜੇ ਹਿੰਦੁਸਤਾਨ ਸਾਨੂੰ ਕੁਝ ਨਹੀਂ ਦਿੰਦਾ ਤਾਂ ਅਸੀਂ ਪਾਕਿਸਤਾਨ ਨਾਲ ਚਲੇ ਜਾਵਾਂਗੇ। ਜਿਵੇਂ ਉਤੇ ਤਸਵੀਰ ਦੱਸੀ ਗਈ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਕਸ਼ਮੀਰ ਹੱਥੋਂ ਜਾਂਦਾ ਦੇਖ ਅਤੇ ਆਪ ਦਾ ਸਦਰ ਮੁਕਾਮ ਦਿੱਲੀ ਪਾਕਿਸਤਾਨ ਨਾਲ ਤਿੰਨ ਪਾਸਿਆਂ ਤੋਂ ਘਿਰਦਾ ਦੇਖ ਖੌਫਜ਼ਦਾ ਜ਼ਰੂਰ ਹੋਣੇ ਸਨ। ਇਸੇ ਦਬਾਅ ਦੇ ਤਹਿਤ ਉਨ੍ਹਾਂ ਤੋਂ ਵੱਡੀ ਤੋਂ ਵੱਡੀ ਗੱਲ ਵੀ ਮਨਵਾਈ ਜਾ ਸਕਦੀ ਸੀ। ਹਿੰਦੁਸਤਾਨੀ ਆਗੂ ਘੱਟੋ-ਘੱਟ ਐਨਾ ਕਹਿਣ ਲਈ ਮਜ਼ਬੂਰ ਹੋ ਜਾਂਦੇ ਕਿ ਅਸੀਂ ਦਿੱਲੀ ਨੂੰ ਤਿੰਨ ਪਾਸਿਓਂ ਮੁਸਲਮਾਨ ਰਾਜ ਨਾਲ ਘਿਰਣ ਦੀ ਬਜਾਏ ਸਿੱਖਾਂ ਦੇ ਰਾਜ ਨਾਲ ਘਿਿਰਆ ਪਸੰਦ ਕਰਾਂਗੇ ਪਰ ਜਦੋਂ ਕੋਈ ਸਿਆਸੀ ਧਿਰ ਪਹਿਲਾਂ ਹੀ ਇਹ ਐਲਾਨ ਕਰ ਦੇਵੇ ਕਿ ਅਸੀਂ ਦੂਜੀ ਧਿਰ ਨਾਲ ਤਾਂ ਉੱਕਾ ਹੀ ਸਮਝੌਤਾ ਨਹੀਂ ਕਰਨਾ ਤਾਂ ਉਹਦੇ ਕੋਲ ਪਹਿਲੀ ਧਿਰ ਨਾਲ ਸਮਝੌਤਾ ਕਰਨ ਦੀ ਪਹਿਲੀ ਅਤੇ ਆਖਰੀ ਮਜ਼ਬੂਰੀ ਹੁੰਦੀ ਹੈ। ਇਹ ਸਮਝੌਤਾ ਨਹੀਂ ਬਲਕਿ ਆਤਮ ਸਮਰਪਣ ਹੁੰਦਾ ਹੈ। ਜਦੋਂ ਦੂਜੀ ਧਿਰ ਨੂੰ ਇਹ ਸਪੱਸ਼ਟ ਹੋਵੇ ਕਿ ਕਿਸੇ ਫਲਾਣੀ ਧਿਰ ਦਾ ਮੇਰੇ ਨਾਲ ਸਮਝੌਤਾ ਕਰਨ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਤਾਂ ਦੂਜੀ ਧਿਰ ਉਹਦੀ ਕੋਈ ਸ਼ਰਤ ਕਿਉਂ ਮੰਨੇਗੀ? ਭਾਵ ਜਦੋਂ ਸਿੱਖ ਪਹਿਲਾਂ ਹੀ ਗੱਜਵੱਜ ਕੇ ਐਲਾਨ ਕਰੀ ਬੈਠੇ ਸੀ ਕਿ ਅਸੀਂ ਮੁਸਲਮਾਨਾਂ ਨਾਲ ਨਹੀਂ ਜਾਣਾ ਅਤੇ ਹਿੰਦੁਸਤਾਨ ‘ਚ ਹੀ ਰਹਿਣਾ ਹੈ ਤਾਂ ਫਿਰ ਹਿੰਦੁਸਤਾਨੀ ਆਗੂਆਂ ਨੂੰ ਕਿਹੜੀ ਲੋੜ ਸੀ ਕਿ ਉਹ ਸਿੱਖਾਂ ਦੀ ਕੋਈ ਸ਼ਰਤ ਮੰਨਦੇ। ਹਾਲਾਂਕਿ ਮੁਸਲਿਮ ਲੀਗ ਸਿੱਖਾਂ ਵਲੋਂ ਪਾਕਿਸਤਾਨ ਨਾਲ ਰਲਣ ਦੀ ਸੂਰਤ ਵਿਚ ਉਨ੍ਹਾਂ ਦੀ ਫੌਜ ਵਿਚ 40 ਫੀਸਦੀ ਹਿੱਸੇਦਾਰੀ ਅਤੇ ਪੰਜਾਬ ਦਾ ਗਵਰਨਰ ਜਾਂ ਮੁੱਖ ਮੰਤਰੀ ਦਾ ਅਹੁਦਾ ਸਦਾ ਵਾਸਤੇ ਸਿੱਖਾਂ ਲਈ ਰਿਜ਼ਰਵ ਕਰਨ ਲਈ ਤਿਆਰ ਸੀ।

ਪੰਜਾਬ ਵਿਚ ਸਾਰੇ ਅਹੁਦਿਆਂ ‘ਤੇ 33 ਫੀਸਦੀ ਅਤੇ ਕੇਂਦਰੀ ਪੱਧਰ ‘ਤੇ 20 ਫੀਸਦੀ ਸਿੱਖਾਂ ਲਈ ਸੀਟਾਂ ਰਿਜ਼ਰਵ ਹੋਣਗੀਆਂ। ਉਨ੍ਹਾਂ ਦਾ ਇਹ ਵੀ ਦਾਅਵਾ ਸੀ ਪਾਕਿਸਤਾਨ ਵਿਚ ਕੋਈ ਕਾਨੂੰਨ ਜਾਂ ਵਿਧਾਨ, ਜਿਸ ਨੂੰ ਕਿ ਸਿੱਖ ਬਹੁ-ਸੰਮਤੀ ਨਾਲ ਕਹਿਣ ਕਿ ਸਿੱਖਾਂ ਦੇ ਬਰਖਿਲਾਫ ਵਿਤਕਰੇ ਭਰਿਆ ਹੈ, ਪਾਸ ਹੋ ਕੇ ਲਾਗੂ ਨਹੀਂ ਹੋ ਸਕੇਗਾ, ਜਿਤਨਾ ਚਿਰ ਕਿ ਪਾਕਿਸਤਾਨ ਦਾ ਸੁਪਰੀਮ ਕੋਰਟ ਇਹ ਨਾ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉਤੇ ਕੋਈ ਅਸਰ ਸਿੱਧਾ ਨਹੀਂ ਪੈਂਦਾ। ਇਹ ਤਜਵੀਜ਼ਾਂ ਮੁਹੰਮਦ ਅਲੀ ਜਿਨਾਹ ਨੇ ਮਈ 1947 ਵਿਚ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੂੰ ਪੇਸ਼ ਕੀਤੀਆਂ। ਜਿਨਾਹ ਨੇ ਇਹ ਵੀ ਦੱਸਿਆ ਕਿ ਇਹਦੇ ਨਾਲ ਸਾਨੂੰ ਇਹ ਫਾਇਦਾ ਹੈ ਕਿ ਸਾਰਾ ਪੰਜਾਬ ਅਤੇ ਸਾਰਾ ਬੰਗਾਲ ਪਾਕਿਸਤਾਨ ਦੇ ਹਿੱਸੇ ਆਉਂਦਾ ਹੈ ਇਹਦੇ ਬਦਲੇ ਵਿਚ ਸਾਡੇ ਵਲੋਂ ਪਾਕਿਸਤਾਨ ਵਿਚ ਸਿੱਖਾਂ ਨੂੰ ਖੁਦਮੁਖਤਿਆਰੀ ਦੇਣਾ ਕੋਈ ਮਹਿੰਗਾ ਸੌਦਾ ਨਹੀਂ। ਪਰ ਮਾਸਟਰ ਤਾਰਾ ਸਿੰਘ ਨੇ ਇਸ ਤਜਵੀਜ਼ ਦਾ ਕੋਈ ਜਵਾਬ ਨਾ ਦਿੱਤਾ। ਜਲੰਧਰ ਤੋਂ ਨਿਕਲਦੇ ਰੋਜ਼ਾਨਾ ਅਖਬਾਰ ‘ਜਥੇਦਾਰ’ 11 ਅਕਤੂਬਰ 1962 ਦੇ ਅੰਕ ਵਿਚ ਆਪਣੀ ਲਿਖੀ ਸੰਪਾਦਕੀ ਵਿਚ ਮਾਸਟਰ ਤਾਰਾ ਸਿੰਘ ਨੇ ਤਸਲੀਮ ਕੀਤਾ ਕਿ 1947 ਵਿਚ ਅੰਗਰੇਜ਼ ਤੇ ਮੁਸਲਿਮ ਲੀਗ ਦੀ ਇਹ ਕੋਸ਼ਿਸ਼ ਸੀ ਕਿ ਸਿੱਖਾਂ ਅਤੇ ਮੁਸਲਿਮ ਲੀਗ ਵਿਚਾਲੇ ਕੋਈ ਸਮਝੌਤਾ ਹੋ ਜਾਵੇ ਤਾਂ ਉਸ ਵਿਚ ਸਭ ਤੋਂ ਵੱਡੀ ਰੁਕਾਵਟ ਮੈਂ ਹੀ ਸਾਂ।

ਵੰਡ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਇਹ ਬਹਾਨਾ ਲਾਇਆ ਕਿ ਇਨ੍ਹਾਂ ਵਾਅਦਿਆਂ ਨੂੰ ਮੁਸਲਿਮ ਲੀਗ ਲਿਖਤੀ ਤੌਰ ‘ਤੇ ਦੇਣ ਲਈ ਤਿਆਰ ਨਹੀਂ ਸੀ। ਮਾਸਟਰ ਜੀ ਦੇ ਏਸ ਬਹਾਨੇ ਵਿਚ ਕੋਈ ਦਮ ਨਹੀਂ ਲਗਦਾ ਕਿਉਂਕਿ ਸਿੱਖਾਂ ਨਾਲ ਜੋ ਵਾਅਦੇ ਹਿੰਦੁਸਤਾਨੀ ਆਗੂਆਂ ਨੇ ਕੀਤੇ ਉਹ ਕਿਹੜਾ ਲਿਖਤੀ ਤੌਰ ‘ਤੇ ਦਿੱਤੇ ਸੀ। ਹਿੰਦੁਸਤਾਨੀ ਆਗੂਆਂ ਨੇ ਕਿਸੇ ਵੀ ਮਤੇ ਰਾਹੀਂ ਜਾਂ ਬਕਾਇਦਾ ਤੌਰ ‘ਤੇ ਕੋਈ ਵੀ ਵਾਅਦਾ ਨਹੀਂ ਕੀਤਾ। ਬਸ ਇਕ ਵਾਰੀ ਮਹਾਤਮਾ ਗਾਂਧੀ ਨੇ ਗੁਰਦੁਆਰਾ ਸੀਸ ਗੰਜ ਦਿੱਲੀ ਵਿਚ ਆ ਕੇ ਇਹ ਬਿਆਨ ਦਿੱਤਾ ਕਿ ਮੈਨੂੰ ਹਿੰਦੁਸਤਾਨ ਦੇ ਪੱਛਮੀ ਹਿੱਸੇ ਵਿਚ ਕੋਈ ਅਜਿਹਾ ਹਿੱਸਾ ਬਣਨ ‘ਤੇ ਇਤਰਾਜ਼ ਨਹੀਂ ਹੋਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਪਾਠਕ ਖੁਦ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਕੋਈ ਵਾਅਦਾ ਨਹੀਂ ਸੀ ਬਲਕਿ ਅਜਿਹੀ ਗੋਲ ਗੱਲ ਸੀ ਜੀਹਦਾ ਕੋਈ ਮੂੰਹ ਸਿਰਾ ਨਹੀਂ ਸੀ। ਗਾਂਧੀ ਨੇ ਤਾਂ ਇਹ ਵੀ ਨਹੀਂ ਕਿਹਾ ਕਿ ਅਸੀਂ ਸਿੱਖਾਂ ਨੂੰ ਆਜ਼ਾਦੀ ਦਾ ਨਿੱਘ ਦਿਆਂਗੇ ਬਲਕਿ ਇਹ ਕਿਹਾ ਕਿ ਮੈਨੂੰ ਅਜਿਹਾ ਨਿੱਘ ਮਿਲਣ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ। ਦੂਜੇ ਪਾਸੇ ਜਦੋਂ ਮਹਾਤਮਾ ਗਾਂਧੀ ਨੇ ਮਿਸਟਰ ਜਿਨਾਹ ਨੂੰ ਪਾਕਿਸਤਾਨ ਬਣਨ ਤੋਂ ਰੋਕਣ ਖਾਤਰ ਆਪਣੀ ਚਤੁਰਾਈ ਵਰਤਣੀ ਚਾਹੀ ਤਾਂ ਜਿਨਾਹ ਨੇ ਗਾਂਧੀ ਦੀ ਚਤੁਰਾਈ ਵਾਲੇ ਲਫਜ਼ ਰਾਹ ‘ਚ ਹੀ ਬੁੱਚ ਲਏ। ਗਾਂਧੀ ਨੇ ਜਿਨਾਹ ਨੂੰ ਆਖਿਆ ਕਿ ਤੂੰ ਇਕ ਚੁਆਨੀ ਜਿੱਡਾ ਪਾਕਿਸਤਾਨ ਲੈ ਰਿਹਾ ਤੂੰ ਹਿੰਦੁਸਤਾਨ ਰਹਿ ਅਸੀਂ ਤੈਨੂੰ ਇਹਦੇ ‘ਚ ਅਠਿਆਨੀ ਜਿੰਨਾ ਹਿੱਸੇਦਾਰ ਬਣਾਵਾਂਗੇ। ਜਿਨਾਹ ਬਿਨਾਂ ਸੋਚੇ ਬੋਲਿਆ ਕਿ “ਓ ਗਾਂਧੀ ਤੂੰ ਮੇਰੀ ਜਦੋਂ ਚੁਆਨੀ ਨੀਂ ਜਰਦਾ ਤਾਂ ਤੂੰ ਮੈਨੂੰ ਅਠਿਆਨੀ ਕਿੱਥੋਂ ਦੇ ਦੇਵੇਂਗਾ। ਜੇ ਦੇਵੇਂਗਾ ਤਾਂ ਅਠਿਆਨੀ ਜ਼ਰੂਰ ਖੋਟੀ ਹੋਊਗੀ।” ਇਥੋਂ ਸਿੱਖ ਅਤੇ ਮੁਸਲਮਾਨ ਆਗੂਆਂ ਦੀ ਸਿਆਸੀ ਸੋਝੀ ਦਾ ਫਰਕ ਪਤਾ ਲੱਗ ਜਾਂਦਾ ਹੈ ਤੇ ਨਾਲ ਦੀ ਨਾਲ ਹਿੰਦੂ ਆਗੂਆਂ ਦੀ ਚਤੁਰਾਈ ਵੀ ਜ਼ਾਹਰ ਹੁੰਦੀ ਹੈ।

43. ਕੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਵੱਖਰੇ ਰਾਜ ਦੀ ਪੇਸ਼ਕਸ਼ ਕੀਤੀ ਸੀ?: ਅੰਗਰੇਜ਼ਾਂ ਨੇ ਸਿੱਧਮ-ਸਿੱਧੀ ਕੋਈ ਪੇਸ਼ਕਸ਼ ਸਿੱਖਾਂ ਨੂੰ ਅਜਿਹੀ ਨਹੀਂ ਕੀਤੀ। ਉਹਦਾ ਕਾਰਨ ਇਹ ਸੀ ਕਿ ਅੰਗਰੇਜ਼ ਕਿਸੇ ਕੌਮ ਨੂੰ ਅਜਿਹੀ ਸਿੱਧੀ ਪੇਸ਼ਕਸ਼ ਕਰਕੇ ਇਹ ਇਲਜ਼ਾਮ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦੇ ਕਿ ਅੰਗਰੇਜ਼ ਭਾਰਤ ਦੇ ਤਿੰਨ ਟੋਟੇ ਕਰਨਾ ਚਾਹੁੰਦੇ ਨੇ ਜਾਂ ਉਹ ਸਿੱਖਾਂ ਨੂੰ ਹਿੰਦੂਆਂ ਨਾਲੋਂ ਤੋੜਣਾ ਚਾਹੁੰਦੇ ਨੇ। ਉਨ੍ਹਾਂ ਨੇ ਮੁਸਲਮਾਨਾਂ ਨੂੰ ਵੀ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਆਪਦੇ ਖਾਤਰ ਵੱਖਰਾ ਮੁਲਕ ਮੰਗੋ। ਅੰਗਰੇਜ਼ਾਂ ਨੇ ਜਦੋਂ ਮੁਸਲਮਾਨਾਂ ਲਈ ਵੱਖਰੇ ਚੋਣ ਖੇਤਰਾਂ ਦੀ ਮੰਗ ਮੰਨੀ ਤਾਂ ਉਨ੍ਹਾਂ ‘ਤੇ ਹਿੰਦੂਆਂ ਨੇ ਇਹ ਇਲਜ਼ਾਮ ਲਾਇਆ ਕਿ ਉਹ ਮੁਸਲਮਾਨਾਂ ਨੂੰ ਵੱਖ ਹੋਣ ਦੀ ਹੱਲਾਸ਼ੇਰੀ ਦਿੰਦੇ ਨੇ। ਅੰਗਰੇਜ਼ਾਂ ਨੇ ਸਿੱਖਾਂ ਵਲੋਂ ਬਿਨਾਂ ਮੰਗਣ ‘ਤੇ ਵੀ ਉਨ੍ਹਾਂ ਨੂੰ ਜੋ ਕੁਝ ਦਿੱਤਾ ਉਹਦੇ ਬਦਲੇ ਧੰਨਵਾਦ ਦੀ ਬਜਾਏ ਸਿੱਖਾਂ ਨੇ ਉਲਟੀ ਉਨ੍ਹਾਂ ਦੀ ਲਾਹ-ਪਾਹ ਹੀ ਨਹੀਂ ਕੀਤੀ ਸਗੋਂ ਦਿੱਤਾ ਹੋਇਆ ਵਾਪਸ ਲੈਣ ਲਈ ਮਰਨ-ਮਾਰਨ ਤਕ ਉਤਾਰੂ ਵੀ ਹੋਏ। ਜਿਵੇਂ ਪਾਠਕ ਪਿੱਛੇ ਪੜ੍ਹ ਆਏ ਹਨ ਕਿ ਕੋਤਵਾਲੀ ਗੁਰਦੁਆਰਾ ਸੀਸ ਗੰਜ ਨੂੰ ਦੇਣ, ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਆਉਂਦੇ ਬਰਤਾਨਵੀ ਸ਼ਹਿਜ਼ਾਦੇ ਨੂੰ ਸਿੱਖਾਂ ਨੇੇ ਵਾਪਸ ਮੋੋੜਿਆ। ਮੁਸਲਮਾਨਾਂ ਦੇ ਨਾਲ ਸਿੱਖਾਂ ਨੂੰ ਚੋਣ ਹਲਕਿਆਂ ਵਿਚ ਬਿਨ ਮੰਗੀ ਰਿਜ਼ਰਵੇਸ਼ਨ ਦੇਣ ‘ਤੇ ਜਿਵੇਂ ਸਿੱਖਾਂ ਨੇ ਸਿੰਗਾਂ ‘ਤੇ ਮਿੱਟੀ ਚੱਕੀ ਉਹ ਵੀ ਪਾਠਕ ਪਿੱਛੇ ਪੜ੍ਹ ਆਏ ਹਨ। ਸੋ ਅਜਿਹੀ ਸੂਰਤੇਹਾਲ ਵਿਚ ਅੰਗਰੇਜ਼ ਕਿਵੇਂ ਸਿੱਖਾਂ ਨੂੰ ਅਜਿਹੀ ਪੇਸ਼ਕਸ਼ ਕਰ ਸਕਦੇ ਸਨ। ਜੇ ਸਿੱਖਾਂ ਵਲੋਂ ਮੰਗ ਕੀਤੀ ਜਾਂਦੀ ਤਾਂ ਜ਼ਰੂਰ ਇਸ ਮੰਗ ‘ਤੇ ਗੌਰ ਕਰਦੇ।

ਜਦੋਂ ਦਸੰਬਰ ਵਿਚ ਸਿੱਖ ਮੁਸਲਮਾਨ ਤੇ ਹਿੰਦੂ ਨੁਮਾਇੰਦਿਆਂ ਨੂੰ ਮੁਲਕ ਦੀ ਵੰਡ ਬਾਰੇ ਗੱਲ ਕਰਨ ਲਈ ਲੰਡਨ ਸੱਦਿਆ ਤਾਂ ਉਥੇ ਜਦੋਂ ਕੁਝ ਬਰਤਾਨਵੀ ਪਾਰਲੀਮੈਂਟ ਮੈਂਬਰਾਂ ਨੇ ਸਿੱਖ ਨੁਮਾਇੰਦੇ ਸਰਦਾਰ ਬਲਦੇਵ ਸਿੰਘ ਨੂੰ ਆਖਿਆ ਕਿ ਤੂੰ ਕੁਝ ਦਿਨ ਹੋਰ ਇਥੇ ਰੁਕ ਜਾ ਤਾਂ ਕਿ ਸਿੱਖਾਂ ਦਾ ਕੁਝ ਬਣਾਉਣ ਲਈ ਅਸੀਂ ਸੋਚੀਏ ਤਾਂ ਬਲਦੇਵ ਸਿੰਘ ਨੇ ਉਨ੍ਹਾਂ ਦੀ ਵੀ ਉਲਟੀ ਲਾਹ-ਪਾਹ ਹੀ ਕੀਤੀ ਜਿਵੇਂ ਤੁਸੀਂ ਪਿਛੇ ਪੜ੍ਹ ਆਏ ਹੋ। ਇਹ ਗੱਲ ਪੱਕੀ ਹੈ ਕਿ ਅੰਗਰੇਜ਼ਾਂ ਨੂੰ ਸਿੱਖਾਂ ਦਾ ਦਰਦ ਜ਼ਰੂਰ ਸੀ। ਜਦੋਂ ਵਾਇਸਰਾਏ ਹਿੰਦ ਲਾਰਡ ਮਾਊਂਟਬੈਟਨ ਨੇ 3 ਜੂਨ ਨੂੰ ਵੰਡਾਰੇ ਦੀ ਪਲੈਨ ਨਸ਼ਰ ਕੀਤੀ ਤਾਂ ਉਸ ਵਿਚ ਉਹਨੇ ਖਾਸ ਤੌਰ ‘ਤੇ ਕਿਹਾ ਕਿ ਪੰਜਾਬ ਦੀ ਵੰਡ ਨਾਲ ਸਿੱਖ ਕੌਮ ਵੀ ਵੰਡੀ ਜਾਣੀ ਹੈ ਜੀਹਦਾ ਕਿ ਸਾਨੂੰ ਭਾਰੀ ਦੁੱਖ ਹੈ। ਪਰ ਸਿੱਖ ਆਗੂ ਵੰਡ ਮਨਜ਼ੂਰ ਕਰਦੇ ਨੇ ਤੇ ਅਸੀਂ ਕੀ ਕਰ ਸਕਦੇ ਹਾਂ। ਮਾਊਂਟਬੈਟਨ ਦਾ ਸਿੱਧਾ ਇਸ਼ਾਰਾ ਸੀ ਕਿ ਸਿੱਖੋ ਜਦ ਤੁਹਾਡੇ ਲੀਡਰ ਹੀ ਤੁਹਾਡੇ ਖਾਤਰ ਕੁਝ ਨਹੀਂ ਮੰਗਦੇ ਤਾਂ ਅਸੀਂ ਤੁਹਾਨੂੰ ਕੀ ਦੇ ਦੇਈਏ? ਨਾਲੇ ਵੱਖਰਾ ਸਿੱਖ ਮੁਲਕ ਬਣਨਾ ਕੋਈ ਇਕ ਦੋ ਦਿਨਾਂ ਦਾ ਜਾਂ ਦੋ ਚਾਰ ਮਹੀਨਿਆਂ ਦਾ ਅਮਲ ਨਹੀਂ ਸੀ ਬਲਕਿ ਇਹਦੇ ਲਈ ਹਾਲਾਤ ਪੈਦਾ ਕਰਨ ਲਈ ਕਈ ਦਹਾਕੇ ਲੱਗਣੇ ਸੀ।

44. ਸਿੱਖ ਕੌਮ ਦੀ ਕਿਤੇ ਬੱਝਵੀਂ ਆਬਾਦੀ ਨਾ ਹੋਣ ਦਾ ਬਹਾਨਾ ਲਾਇਆ ਬਾਅਦ ਵਿਚ ਸਿੱਖਾਂ ਨੇ: ਆਮ ਤੌਰ ‘ਤੇ ਸਿੱਖ ਰਾਜ ਬਣ ਸਕਣ ਵਿਚ ਤਕਨੀਕੀ ਢੁੱਚਰ ਇਹ ਦੱਸੀ ਜਾ ਰਹੀ ਹੈ ਕਿ ਸਮੁੱਚੇ ਪੰਜਾਬ ਵਿਚ ਸਿੱਖਾਂ ਦੀ ਕਿਤੇ ਬੱਝਵੀਂ ਵਸੋਂ ਨਹੀਂ ਸੀ ਸਿਰਫ ਤਰਨਤਾਰਨ ਅਤੇ ਮੋਗਾ ਤਹਿਸੀਲਾਂ ਵਿਚ ਹੀ ਸਿੱਖ ਬਹੁਗਿਣਤੀ ਵਿਚ ਸੀ। ਮਾਸਟਰ ਤਾਰਾ ਸਿੰਘ ਨੇ ਇਸੇ ਢੁੱਚਰ ਨੂੰ ਬਹਾਨਾ ਬਣਾ ਕੇ ਸਫਾਈ ਦਿੱਤੀ ਕਿ ਅਸੀਂ ਵੱਖਰੇ ਮੁਲਕ ਬਾਰੇ ਤਾਂ ਨਹੀਂ ਸੋਚਿਆ ਕਿ ਸਿੱਖਾਂ ਦੀ ਕਿਤੇ ਬੱਝਵੀਂ ਆਬਾਦੀ ਨਹੀਂ ਸੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਕੌਮ ਦੇ ਰਾਜ ਵਿਚ ਉਹਦੀ ਬਹੁਗਿਣਤੀ ਹੋਵੇ। ਹਿੰਦੁਸਤਾਨ ਵਿਚ ਹਿੰਦੂ ਬਹੁਸੰਮਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਦਾ ਹਿੰਦੁਸਤਾਨ ਵਿਚ ਇਕ ਹਜ਼ਾਰ ਸਾਲ ਤਕ ਰਾਜ ਰਿਹਾ। ਭਾਰਤ ਸਣੇ ਇਕ ਚੌਥਾਈ ਦੁਨੀਆਂ ਵਿਚ ਸੈਂਕੜੇ ਸਾਲ ਰਾਜ ਰਿਹਾ। ਸਿੱਖ ਰਾਜ ਅਖਵਾਉਂਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੱਖ ਆਬਾਦੀ ਸਿਰਫ 7 ਫੀਸਦ ਸੀ। 1849 ਵਿਚ ਅੰਗਰੇਜ਼ਾਂ ਨੇ ਹਿੰਦੂ ਗੁਲਾਬ ਸਿੰਘ ਡੋਗਰੇ ਨੂੰ 95 ਫੀਸਦੀ ਮੁਸਲਮਾਨ ਆਬਾਦੀ ਵਾਲੇ ਸੂਬੇ ਕਸ਼ਮੀਰ ਦਾ ਰਾਜ ਸੌਂਪਿਆ। 1949 ਵਿਚ ਜਦੋਂ ਯਹੂਦੀਆਂ ਦਾ ਆਪਣਾ ਕੌਮੀ ਖੁਦਮੁਖਤਿਆਰ ਮੁਲਕ ਇਜ਼ਰਾਈਲ ਬਣਿਆ ਤਾਂ ਉਥੇ ਮੁਸਲਮਾਨ ਆਬਾਦੀ 6 ਲੱਖ, ਇਸਾਈ 86 ਹਜ਼ਾਰ ਤੇ ਯਹੂਦੀ ਆਬਾਦੀ ਸਿਰਫ 46 ਹਜ਼ਾਰ ਸੀ। ਆਪਣਾ ਰਾਜ ਆਉਣ ਸਾਰ ਹੀ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਖਿੰਡੇ ਪੁੰਡੇ ਯਹੂਦੀ ਆ ਕੇ ਆਪਣੇ ਕੌਮੀ ਘਰ ਵਿਚ ਵਸ ਗਏ ਤੇ ਇਥੇ ਯਹੂਦੀਆਂ ਦੇ ਆਬਾਦੀ ਕੁਝ ਵਰ੍ਹਿਆਂ ਵਿਚ ਹੀ 6 ਲੱਖ ਹੋ ਗਈ।

ਨਾਲੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕੰਮ ਇਤਿਹਾਸ ਵਿਚ ਪਹਿਲਾਂ ਨਾ ਹੋਇਆ ਹੋਵੇ ਉਹ ਕਦੇ ਹੋ ਹੀ ਨਹੀਂ ਸਕਦਾ। ਨਾ ਹੀ ਕੋਈ ਅਜਿਹਾ ਪੱਕਾ ਸਿਧਾਂਤ ਸੀ ਕਿ ਕਿਸੇ ਦਾ ਕੌਮੀ ਘਰ ਬਣਨ ਲਈ ਉਥੇ ਉਹਦੀ ਬਹੁਗਿਣਤੀ ਜ਼ਰੂਰੀ ਹੈ। ਅਜਿਹੇ ਫੈਸਲੇ ਖਾਤਰ ਕਿਸੇ ਦੀਆਂ ਲੇਲੜੀਆਂ ਕੱਢਣੀਆਂ ਜ਼ਰੂਰੀ ਨਹੀਂ ਹੁੰਦੀਆਂ। ਸਿਆਸਤ ਵਿਚ ਜੋ ਕੁਝ ਲਿਆ ਜਾਂਦਾ ਹੈ ਉਹ ਦਬਾਅ ਦੇ ਤਹਿਤ ਹੀ ਲਿਆ ਜਾਂਦਾ ਹੈ। ਉਸ ਵੇਲੇ ਜੇ ਸਿੱਖ ਆਪਣੀ ਖਾਤਰ ਸਟੈਂਡ ਲੈਂਦੇ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦੋਵੇਂ ਉਨ੍ਹਾਂ ਦੀਆਂ ਮੰਗਾਂ ਮੰਨਣ ਖਾਤਰ ਮਜ਼ਬੂਰ ਹੁੰਦੇ। ਸਿੱਖ ਜਿਹੜੀ ਧਿਰ ਨਾਲ ਵੀ ਖੜ੍ਹਦੇ ਉਹਨੂੰ ਬਹੁਤ ਵੱਡਾ ਫਾਇਦਾ ਹੋਣਾ ਸੀ ਤੇ ਦੂਜੀ ਨੂੰ ਬਹੁਤ ਵੱਡਾ ਨੁਕਸਾਨ। ਦੋਵੇਂ ਧਿਰਾਂ ਆਪਣਾ ਨੁਕਸਾਨ ਘਟਾਉਣ ਖਾਤਰ ਸਿੱਖਾਂ ਦਾ ਅੱਧ ਵਿਚਾਲੇ ਖੜ੍ਹਣਾ ਭਾਵ ਆਪਣਾ ਵੱਖਰਾ ਰਾਜ ਦੇਣਾ ਮਨਜ਼ੂਰ ਕਰ ਸਕਦੀਆਂ ਸੀ। ਬਹੁਗਿਣਤੀ ਵਾਲੀ ਵੀ ਢੁੱਚਰ ਦੂਰ ਹੋ ਸਕਦੀ ਸੀ ਜੇ ਸਿੱਖ ਪਹਿਲਾਂ ਤੋਂ ਹੀ ਇਹਦੇ ਬਾਰੇ ਸੋਚਦੇ। ਉਸ ਵੇਲੇ ਪੰਜਾਬ ਧੁਰ ਉੱਤਰ ਵਿਚ ਜ਼ਿਲ੍ਹਾ ਅਟਕ ਤੋਂ ਲੈ ਕੇ ਦੱਖਣ ਵਿਚ ਦਿੱਲੀ ਤੋਂ ਅਗਾਂਹ ਗੁੜਗਾਓਂ ਤਕ ਫੈਲਿਆ ਹੋਇਆ ਸੀ। ਜੀਹਨੂੰ ਅੱਜਕਲ੍ਹ ਹਰਿਆਣਾ ਆਖਿਆ ਜਾਂਦਾ ਹੈ ਇਹ ਸਾਰਾ ਅੰਬਾਲਾ ਡਵੀਜ਼ਨ ਦਾ ਹਿੱਸਾ ਸੀ ਤੇ ਇਥੇ ਹਿੰਦੂਆਂ ਦੀ ਆਬਾਦੀ 76 ਫੀਸਦ ਸੀ। ਉਤਰੀ ਪੰਜਾਬ ਵਿਚ ਮੁਸਲਮਾਨ ਆਬਾਦੀ 74 ਫੀਸਦ ਸੀ। ਵਿਚਕਾਰਲੇ ਪੰਜਾਬ ਦਰਿਆ ਰਾਵੀ ਤੋਂ ਲੈ ਕੇ ਘੱਗਰ ਦਰਿਆ ਤਕ ਦਾ ਇਲਾਕਾ ਅਸਲ ਵਿਚ ਸਿੱਖਾਂ ਦਾ ਘਰ ਸੀ।

45. ਬੱਝਵੀਂ ਅਬਾਦੀ ਵਾਲਾ ਅੜਿੱਕਾ ਦੂਰ ਕਰਨ ਦੀ ਕੋਸ਼ਿਸ਼ ਅੰਗਰੇਜ਼ਾਂ ਨੇ 1930 ਵਿੱਚ ਕੀਤੀ ਪਰ ਸਿੱਖਾਂ ਨੂੰ ਸਮਝ ਨਾ ਆਈ: 1930 ਵਿਚ ਹੋਈ ਗੋਲ ਮੇਜ ਕਾਨਫਰੰਸ ਦੌਰਾਨ ਪੰਜਾਬ ਦੇ ਫਾਈਨੈਨਸ਼ਲ ਕਮਿਸ਼ਨਰ ਰਹਿ ਚੁੱਕੇ ਸਰ ਜੈਫਰੀ ਕਾਰਬੈੱਟ ਨੇ ਇਹ ਸੁਝਾਅ ਦਿੱਤਾ ਕਿ ਅੰਬਾਲਾ ਡਵੀਜ਼ਨ ਨੂੰ ਪੰਜਾਬ ਵਿਚੋਂ ਕੱਢ ਦਿੱਤਾ ਜਾਵੇ ਕਿਉਂਕਿ ਇਹਦੀ ਸੱਭਿਅਤਾ ਅਤੇ ਬੋਲੀ ਮੇਰਠ ਅਤੇ ਆਗਰਾ ਡਵੀਜ਼ਨਾਂ ਨਾਲ ਰਲਦੀ ਹੈ, ਸੋ ਇਹਨੂੰ ਉਹਦੇ ਨਾਲ ਮਿਲਾ ਦਿੱਤਾ ਜਾਵੇ। ਇਸ ਇਲਾਕੇ ਨੂੰ ਨਾ ਹੀ ਪੰਜਾਬ ਦੇ ਦਰਿਆ ਸਿੰਜਦੇ ਨੇ। ਪਰ ਸਿੱਖਾਂ ਨੇ ਇਸ ਤਜਵੀਜ਼ ਦਾ ਜ਼ਬਰਦਸਤ ਵਿਰੋਧ ਕੀਤਾ ਕਿਉਂਕਿ ਇਹਦੇ ਨਾਲ ਮੁਸਲਮਾਨ ਆਬਾਦੀ 63 ਫੀਸਦ ਹੋ ਜਾਣੀ ਸੀ। ਜੇ ਸਿੱਖਾਂ ਦੇ ਮਨ ਵਿਚ ਵੱਖਰੇ ਸਿੱਖ ਰਾਜ ਦਾ ਕੋਈ ਨਕਸ਼ਾ ਹੁੰਦਾ ਤਾਂ ਉਹ ਇਹ ਮੰਗ ਕਰਦੇ ਕਿ ਘੱਗਰ ਦਰਿਆ ਤੋਂ ਹੇਠਲਾ ਇਲਾਕਾ ਭਾਵ ਅੰਬਾਲਾ ਡਵੀਜ਼ਨ ਵੀ ਪੰਜਾਬ ਵਿਚੋਂ ਕੱਢ ਦਿਓ ਤੇ ਰਾਵੀ ਤੋਂ ਉਪਰਲੀ ਮੁਸਲਮਾਨ ਬਹੁਗਿਣਤੀ ਵਾਲਾ ਇਲਾਕਾ ਵੀ ਪੰਜਾਬ ਵਿਚੋਂ ਕੱਢ ਦਿਓ। ਇਉਂ ਹੋਣ ਨਾਲ ਰਾਵੀ ਤੇ ਘੱਗਰ ਵਿਚਾਲੇ ਜਿਹੜਾ ਕੇਂਦਰੀ ਪੰਜਾਬ ਬਚਦਾ ਉਹ ਸਿੱਖਾਂ ਦੇ ਰਾਜ ਦੀ ਨੀਂਹ ਧਰ ਸਕਦਾ ਸੀ। ਮਸ਼ਹੂਰ ਸਿੱਖ ਵਿਦਵਾਨ ਆਪਣੀ ਕਿਤਾਬ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਦੇ ਸਫਾ 81 ‘ਤੇ ਪੇਸ਼ਕਦਮੀ ਤੇ ਕੁਰਾਹਾ ਵਾਲੇ ਕਾਂਡ ਵਿਚ ਲਿਖਦੇ ਹਨ ਕਿ “ਸਾਰੇ ਪੰਜਾਬ ਵਿਚ ਉਸ ਵੇਲੇ ਸਿੱਖ ਆਬਾਦੀ 50 ਲੱਖ ਸੀ ਜਿਸ ਵਿਚੋਂ 20 ਲੱਖ ਕੇਂਦਰੀ ਪੰਜਾਬ ਵਿਚ ਵਸਦੇ ਸੀ। ਕੇਂਦਰੀ ਪੰਜਾਬ ਦਾ ਕੁੱਲ ਰਕਬਾ 22,500 ਵਰਗ ਕਿਲੋਮੀਟਰ ਸੀ। ਇਹਦੀ ਕੁੱਲ ਵਸੋਂ 1 ਕਰੋੜ 5 ਲੱਖ ਸੀ। ਜੀਹਦੇ ਵਿਚ 31.6 ਫੀਸਦ ਹਿੰਦੂ, 34.5 ਫੀਸਦ ਮੁਸਲਮਾਨ ਤੇ 33.7 ਫੀਸਦ ਸਿੱਖ ਵਸੋਂ ਸੀ। ਪੰਜਾਬ ਦੀ ਕੁੱਲ ਸਿੱਖ ਵਸੋਂ ਵਿਚੋਂ 70 ਫੀਸਦ ਵਸੋਂ ਇਸ ਇਲਾਕੇ ਵਿਚ ਵਸਦੀ ਸੀ। ਉਤਰੀ ਪੰਜਾਬ ਵਿਚ ਵਸਦੀ ਸਿੱਖ ਵਸੋਂ ਦਾ ਤਬਾਦਲਾ ਤੇ ਕੇਂਦਰੀ ਪੰਜਾਬ ਦੀ ਮੁਸਲਮਾਨ ਵਸੋਂ ਨਾਲ ਹੋ ਜਾਂਦਾ ਤਾਂ ਇਥੇ ਸਿੱਖ ਆਬਾਦੀ 60 ਫੀਸਦ ਤਕ ਹੋ ਸਕਦੀ ਸੀ। ਇਉਂ ਉਹ ਅਮਲੀ ਮੁਸ਼ਕਲ ਦੂਰ ਹੋ ਜਾਣੀ ਸੀ ਜੋ ਕਿ ਸਿੱਖ ਕੌਮ ਦੀ ਆਜ਼ਾਦੀ ਦੇ ਰਾਹ ਵਿਚ ਮੁੱਖ ਰੁਕਾਵਟ ਮੰਨੀ ਜਾ ਰਹੀ ਸੀ। ਇਸਦੇ ਨਾਲ ਹੀ ਸਿੱਖ ਆਗੂ ਆਪਣੀ ਤਰਕ ਵਿਹੂਣੀ ਤੇ ਦੀਵਾਲੀਆ ਕਿਸਮ ਦੀ ਰਾਜਨੀਤੀ ਦੇ ਸੰਤਾਪ ਤੋਂ ਮੁਕਤ ਹੋ ਸਕਦੇ ਸਨ।” ਪਰ ਇਹ ਕੁਝ ਮੁਮਕਿਨ ਹੀ ਨਹੀਂ ਸੀ ਕਿਉਂਕਿ ਸਿੱਖ ਕਿਸੇ ਪਲ ਵੀ ਹਿੰਦੂਆਂ ਤੋਂ ਅਲਹਿਦਾ ਹੋਣ ਦੀ ਸੋਚ ਨਹੀਂ ਸੀ ਰੱਖਦੇ। ਉਨ੍ਹਾਂ ਦੀ ਸਾਰੀ ਰਾਜਨੀਤੀ ਮੁਸਲਮਾਨਾਂ ਨੂੰ ਖੂੰਝੇ ਲਾਉਣ ਵਾਲੇ ਨੁਕਤਾ-ਏ-ਨਿਗਾਹ ਤੋਂ ਹੀ ਤੁਰਦੀ ਸੀ। ਜਦੋਂ ਅੰਬਾਲਾ ਡਵੀਜ਼ਨ ਨੂੰ ਪੰਜਾਬ ਤੋਂ ਅੱਡ ਕਰਨ ਦੀ ਗੱਲ ਤੁਰੀ ਤਾਂ ਸਿੱਖਾਂ ਨੇ ਕਿਹਾ ਕਿ ਅੰਬਾਲਾ ਡਵੀਜ਼ਨ ਨੂੰ ਪੰਜਾਬ ਵਿਚੋਂ ਨਾ ਕੱਢੋ ਬਲਕਿ ਮੁਸਲਮਾਨ ਬਹੁਗਿਣਤੀ ਵਾਲੀ ਰਾਵਲਪਿੰਡੀ ਡਵੀਜ਼ਨ ਨੂੰ ਪੰਜਾਬ ‘ਚੋਂ ਕੱਢੋ। ਜੇ ਦੋਨੇਂ ਡਵੀਜ਼ਨਾਂ ਨੂੰ ਕਢਾਉਣ ਦੀ ਗੱਲ ਕੀਤੀ ਜਾਂਦੀ ਤਾਂ ਉਹ ਸਿੱਖ ਹਿੱਤ ਮੁਤਾਬਕ ਹੁੰਦੀ ਤੇ ਉਹ ਮੰਨੀ ਵੀ ਜਾ ਸਕਦੀ ਸੀ।

46. ਸਿੱਖ ਆਗੂਆਂ ਦੇ ਫੈਸਲੇ ਵਿਚ ਸਿੱਖ ਆਵਾਮ ਦਾ ਰੋਲ: ਪਿਛੇ ਦੱਸੇ ਕਾਰਨਾਂ ਤੋਂ ਸਪੱਸ਼ਟ ਹੈ ਕਿ ਸਿੱਖ ਆਗੂਆਂ ਨੇ ਵੱਖਰਾ ਸਿੱਖ ਰਾਜ ਲੈਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਸਿੱਖਾਂ ਨੂੰ ਵੱਖਰਾ ਰਾਜ ਮਿਲਦਾ ਸੀ ਜਾਂ ਨਹੀਂ ਇਹਦਾ ਕੋਈ ਸਿੱਧਾ ਹਾਂ ਜਾਂ ਨਾਂਹ ਵਿਚ ਜਵਾਬ ਨਹੀਂ ਹੈ। ਇਹ ਗੱਲ ਵੀ ਠੀਕ ਨਹੀਂ ਕਿ ਰਾਜ ਮਿਲਦਾ ਸੀ ਤੇ ਨਾ ਹੀ ਇਹ ਗੱਲ ਸੱਚ ਹੈ ਕਿ ਰਾਜ ਨਹੀਂ ਸੀ ਮਿਲਦਾ। ਪਰ ਇਕ ਗੱਲ ਜ਼ਰੂਰ ਸੱਚ ਹੈ ਕਿ ਜੇ ਕੋਸ਼ਿਸ਼ ਕੀਤੀ ਜਾਂਦੀ ਤਾਂ ਵੱਖਰਾ ਸਿੱਖ ਰਾਜ ਜ਼ਰੂਰ ਮਿਲ ਸਕਦਾ ਸੀ। ਸਿੱਖ ਲੀਡਰਾਂ ਵਲੋਂ ਹਿੰਦੁਸਤਾਨ ਨਾਲ ਰਹਿਣ ਦੇ ਲਈ ਸਟੈਂਡ ਪਿਛੇ ਸਿੱਖ ਆਵਾਮ ਦੀ ਸੋਚ ਦਾ ਸਿੱਧਾ ਹੱਥ ਸੀ ਨਹੀਂ ਤਾਂ ਇਹ ਕਦੇ ਨਹੀਂ ਹੋ ਸਕਦਾ ਕਿ ਜੇ ਕਿਸੇ ਕੌਮ ਦੀ ਲੀਡਰਸ਼ਿਪ ਉਸ ਕੌਮ ਦੀ ਸੋਚ ਮੁਤਾਬਕ ਕੰਮ ਨਾ ਕਰੇ ਤੇ ਕੌਮ ਆਪਦਾ ਹੋਰ ਲੀਡਰ ਨਾ ਚੁਣੇ। ਜਿਵੇਂ ਸਿੱਖਾਂ ਦੀ ਲੀਡਰਸ਼ਿਪ ਪਹਿਲਾਂ ਚੀਫ ਖਾਲਸਾ ਦੀਵਾਨ ਦੇ ਹੱਥ ‘ਚ ਸੀ। ਤੇ ਉਹ ਅੰਗਰੇਜ਼ਾਂ ਨਾਲ ਇਹ ਕਹਿ ਕੇ ਸੁਲਾਹ ਰੱਖਦੇ ਸਨ ਕਿ ਜੋ ਸਿੱਖਾਂ ਨੇ ਲੈਣਾ ਹੈ ਉਹ ਅੰਗਰੇਜ਼ੀ ਸਰਕਾਰ ਨਾਲ ਸੁਲਾਹ ਵਿਚ ਹੀ ਲਿਆ ਜਾ ਸਕਦਾ ਹੈ। ਜਦੋਂ ਕਾਂਗਰਸ ਦਾ ਅਸਰ ਪੰਜਾਬ ਵਿਚ ਵਧਿਆ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਉਠਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਸਿੱਖਾਂ ਦੇ ਮਨ ਨੂੰ ਅੰਗਰੇਜ਼ਾਂ ਦੇ ਬਰਖਿਲਾਫ ਚੱਲਣ ਦੀ ਗੱਲ ਭਾਅ ਗਈ। ਇਥੇ ਨਵੀਂ ਸਿੱਖ ਲੀਡਰਸ਼ਿਪ ਪੈਦਾ ਹੋਈ ਜਿਨ੍ਹਾਂ ਨੇ ਕਾਂਗਰਸ ਨਾਲ ਮਿਲਵਰਤਨ ਅਤੇ ਅੰਗਰੇਜ਼ਾਂ ਦੇ ਖਿਲਾਫ ਝੰਡਾ ਚੱਕਿਆ। ਸਿੱਖ ਆਵਾਮ ਨੇ ਚੀਫੀਆਂ ਦੇ ਉਲਟ ਨਵੀਂ ਸਿੱਖ ਲੀਡਰਸ਼ਿਪ ਨੂੰ ਆਪਣੀ ਹਮਾਇਤ ਦੇ ਦਿੱਤੀ। ਜੀਹਨੂੰ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਗਿਆਨੀ ਕਰਤਾਰ ਸਿੰਘ ਬਗੈਰਾ ਦੀ ਲੀਡਰਸ਼ਿਪ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਲੀਡਰਸ਼ਿਪ ਪਹਿਲਾਂ ਸਿੱਖ ਲੀਗ ਦੇ ਝੰਡੇ ਥੱਲੇ ਕੰਮ ਕਰਦੀ ਰਹੀ ਤੇ ਬਾਅਦ ‘ਚ ਅਕਾਲੀ ਦਲ ਦੇ ਝੰਡੇ ਥੱਲੇ। ਇਹ ਲੀਡਰਸ਼ਿਪ ਨੇ ਜਦੋਂ ਵੀ ਕਦੇ ਕਾਂਗਰਸ ਦੀ ਮਨਸ਼ਾ ਪੂਰੀ ਕਰਨ ਖਾਤਰ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਤੋਂ ਹਮਾਇਤ ਮੰਗੀ ਤਾਂ ਸਿੱਖ ਆਵਾਮ ਨੇ ਵਧ ਚੜ੍ਹਕੇ ਇਸ ਲੀਡਰਸ਼ਿਪ ਨੂੰ ਆਪਣੀ ਹਮਾਇਤ ਦੇ ਕੇ ਕਾਮਯਾਬ ਕੀਤਾ। ਕਾਂਗਰਸ ਲੀਡਰਸ਼ਿਪ ਨੇ ਹਮੇਸ਼ਾ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਮਾਸਟਰ ਤਾਰਾ ਸਿੰਘ ਵਾਲੇ ਲੀਡਰਸ਼ਿਪ ਦੇ ਮਾਰਫਤ ਆਪਣੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਵਰਤਿਆ।

ਮਿਸਾਲ ਦੇ ਤੌਰ ‘ਤੇ 1920-21 ਵਿਚ ਜਦੋਂ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਕੱਢਣ ਲਈ ਕਰਤਾਰ ਸਿੰਘ ਝੱਬਰ ਦਾ ਜੱਥਾ ਕੰਮ ਕਰ ਰਿਹਾ ਸੀ ਤਾਂ ਸਮੁੱਚੀ ਕਾਂਗਰਸ ਲੀਡਰਸ਼ਿਪ ਇਹਦੇ ਖਿਲਾਫ ਸੀ। ਜਦੋਂ ਕਰਤਾਰ ਸਿੰਘ ਝੱਬਰ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ‘ਤੇ ਕਬਜ਼ੇ ਲਈ ਜਾਣ ਵਾਸਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਠਹਿਿਰਆ ਹੋਇਆ ਸੀ ਤਾਂ ਉਥੇ ਅਮਰ ਸਿੰਘ ਝਬਾਲ ਰਾਹੀਂ ਗਾਂਧੀ ਨੇ ਝੱਬਰ ਨੂੰ ਸੁਨੇਹਾ ਘੱਲਿਆ ਕਿ ਤੁਸੀਂ ਗੁਰਦੁਆਰਿਆਂ ‘ਤੇ ਕਬਜ਼ੇ ਨਾ ਕਰੋ, ਤੁਸੀਂ ਕਾਂਗਰਸ ਦਾ ਕੰਮ ਕਰੋ, ਜਦੋਂ ਆਪਾਂ ਨੂੰ ਆਜ਼ਾਦੀ ਮਿਲ ਗਈ ਤਾਂ ਇਹ ਕੰਮ ਅਸੀਂ ਫਿਰ ਦੇਖਾਂਗੇ। ਉਨ੍ਹਾਂ ਦਿਨਾਂ ਵਿਚ ਗਾਂਧੀ ਨੇ ਸਿੱਖ ਲੀਗ ਦੇ ਬਰੈਡਲੇ ਹਾਲ ਲਾਹੌਰ ਵਿਚ ਹੋਏ ਇਜਲਾਸ ਦੌਰਾਨ ਤਕਰੀਰ ਵਿਚ ਕਿਹਾ ਕਿ “ਮਹੰਤੋਂ ਕੋ ਗੁਰਦੁਆਰੋਂ ਸੇ ਨਿਕਾਲਨਾ ਜ਼ੁਲਮ ਹੈ। ਯੇਹ ਕਾਮ ਬੰਦ ਹੋਨਾ ਚਾਹੀਏ।” ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੇ ਇਕ ਮਤਾ ਪਾਸ ਕਰਾ ਕੇ ਕਬਜ਼ੇ ਰੋਕਣ ਦਾ ਹੁਕਮ ਸੁਣਾਇਆ। ਝੱਬਰ ਦਾ ਜੱਥਾ ਮਹੰਤਾਂ ਤੋਂ ਕਬਜ਼ੇ ਖੋਹ ਰਿਹਾ ਸੀ ਤੇ ਪ੍ਰਸ਼ਾਸਨ ਮਹੰਤਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਿਹਾ ਬਲਕਿ ਜਿੱਥੇ ਲੋੜ ਪੈਂਦੀ ਸੀ ਉਥੇ ਪ੍ਰਸ਼ਾਸਨ ਝੱਬਰ ਦੇ ਜੱਥੇ ਦੀ ਮਦਦ ਕਰ ਰਿਹਾ ਸੀ। ਗੁਰਦੁਆਰਾ ਪੰਜਾ ਸਾਹਿਬ ਵਿਚ ਪੁਲਿਸ ਨੇ ਲਾਠੀਚਾਰਜ ਕਰਕੇ ਮਹੰਤ ਦੇ ਹੱਕ ਵਿਚ ਆਏ ਬੰਦਿਆਂ ਨੂੰ ਦਵੱਲਿਆ। ਮਹੰਤ ਵਲੋਂ ਲੱਖ ਦਾਦ-ਫਰਿਆਦ ਦੇ ਬਾਵਜੂਦ ਡੀ.ਸੀ. ਨੇ ਮਹੰਤ ਨੂੰ ਗੁਰਦੁਆਰਾ ਛੱਡਣ ਦਾ ਹੁਕਮ ਸੁਣਾਇਆ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਵਲੋਂ ਹਾੜੇ ਕੱਢਣ ਦੇ ਬਾਵਜੂਦ ਵੀ ਸਰਕਾਰ ਨੇ ਉਹਦੀ ਕੋਈ ਮਦਦ ਨਹੀਂ ਕੀਤੀ। ਨਨਕਾਣਾ ਸਾਹਿਬ ਵਾਲਾ ਜਿਹੜਾ ਸਾਕਾ ਹੋਇਆ ਹੈ ਉਹਦੇ ਲਈ ਪੂਰੀ ਸੂਰੀ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ ਹੈ। ਇਹ ਸਾਬਤ ਕਰਨ ਲਈ ਇਸ ਲੇਖ ਦੇ ਲਿਖਾਰੀ ਨੇ ਇਕ ਵੱਖਰੀ ਲੇਖ ਲੜੀ ਵੀ ਲਿਖੀ ਹੈ।

ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਉਥੇ ਜਿਹੜਾ ਸ਼ਹੀਦੀ ਸਮਾਗਮ ਹੋਇਆ ਉਥੇ ਗਾਂਧੀ ਵੀ ਪਹੁੰਚਿਆ ਉਹਨੇ ਇਸ ਕਤਲੇਆਮ ਖਾਤਰ ਨਰੈਣ ਦਾਸ ਨੂੰ ਕਸੂਰਵਾਰ ਕਹਿਣ ਦੀ ਬਜਾਏ ਅੰਗਰੇਜ਼ ਸਰਕਾਰ ਨੂੰ ਹੀ ਕਸੂਰਵਾਰ ਕਿਹਾ। ਮਹੰਤ ਦੇ ਖਿਲਾਫ ਇਕ ਵੀ ਲਫਜ਼ ਗਾਂਧੀ ਦੀ ਜ਼ੁਬਾਨ ਤੋਂ ਨਹੀਂ ਫੁੱਟਿਆ। ਕਾਂਗਰਸੀ ਤੇ ਉਘੇ ਆਰੀਆ ਸਮਾਜੀ ਆਗੂ ਲਾਲਾ ਲਾਜਪਤ ਰਾਏ ਵੀ ਉਥੇ ਪਹੁੰਚਿਆ ਤੇ ਸਾਕੇ ਲਈ ਅੰਗਰੇਜ਼ਾਂ ਨੂੰ ਕਸੂਰਵਾਰ ਦੱਸਿਆ। ਇਹੀ ਲਾਲਾ ਪਹਿਲਾਂ ਮਹੰਤ ਦੇ ਹੱਕ ਵਿਚ ਡੱਟਕੇ ਖੜ੍ਹਾ ਸੀ ਆਪਦੇ ਰਸਾਲੇ ਵਿਚ ਮਹੰਤ ਦੇ ਹੱਕ ਵਿਚ ਲਿਖਦਾ ਸੀ ਤੇ ਮਹੰਤ ਨੂੰ ਕਬਜ਼ਾ ਬਰਕਰਾਰ ਰੱਖਣ ਖਾਤਰ ਕਾਨੂੰਨੀ ਜੁਗਤਾਂ ਦੱਸਦਾ ਸੀ। ਇਹੀ ਲਾਲਾ ਉਥੇ ਸਿੱਖਾਂ ਨੂੰ ਮੱਤਾਂ ਦੇ ਰਿਹਾ ਸੀ ਕਿ ਤੁਸੀਂ ਅੰਗਰੇਜ਼ਾਂ ਦੇ ਖਿਲਾਫ ਹੋਵੇ। ਗਾਂਧੀ ਨੇ ਨਨਕਾਣਾ ਸਾਹਿਬ ਕਤਲੇਆਮ ਨੂੰ ਜਲਿਆਂਵਾਲੇ ਬਾਗ ਦਾ ਦੂਜਾ ਐਡੀਸ਼ਨ ਦੱਸਦਿਆਂ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਹੋਣ ਦੀ ਅਪੀਲ ਕੀਤੀ। ਉਹਨੇ ਮਹੰਤ ਨੂੰ ਬਚਾਉਣ ਖਾਤਰ ਇਸ ਮੁਕੱਦਮੇ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰਨ ਦੀ ਅਪੀਲ ਕੀਤੀ। ਕਰਤਾਰ ਸਿੰਘ ਝੱਬਰ ਦੀ ਲੀਡਰਸ਼ਿਪ ਮੁਕੱਦਮੇ ਦਾ ਬਾਈਕਾਟ ਨਹੀਂ ਸੀ ਚਾਹੁੰਦੀ ਪਰ ਕਾਂਗਰਸ ਨਾਲ ਮਿਲ ਕੇ ਚੱਲਣ ਵਾਲੀ ਮਾਸਟਰ ਤਾਰਾ ਸਿੰਘ ਵਾਲੀ ਲੀਡਰਸ਼ਿਪ ਨੇ ਮੁਕੱਦਮੇ ਦੇ ਬਾਈਕਾਟ ਦੇ ਹੱਕ ਵਿਚ ਤਕਰੀਰ ਕੀਤੀ, ਜਿਸ ਨੂੰ ਸਿੱਖ ਆਵਾਮ ਨੇ ਕਬੂਲ ਕੀਤਾ। ਇਸ ਤਰੀਕੇ ਨਾਲ ਝੱਬਰ ਵਾਲੀ ਲੀਡਰਸ਼ਿਪ ਨੂੰ ਸਿੱਖਾਂ ਨੇ ਪਰਾਂ ਧੱਕ ਦਿੱਤਾ। ਦੇਖੋ ਜਿਹੜੀ ਲੀਡਰਸ਼ਿਪ ਨੇ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਉਣ ਦਾ ਵਿੱਢ-ਵਿੱਢਿਆ ਅਤੇ ਕਾਮਯਾਬੀ ਹਾਸਲ ਕੀਤੀ ਉਹਦੀ ਬਜਾਏ ਸਿੱਖਾਂ ਨੂੰ ਉਹ ਲੀਡਰਸ਼ਿਪ ਪਸੰਦ ਆਈ ਜਿਹੜੀ ਮਹੰਤਾਂ ਦੇ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਹੱਕ ਵਿਚ ਸੀ ਤੇ ਅੰਗਰੇਜ਼ਾਂ ਦੇ ਵਿਰੋਧ ‘ਚ ਸੀ। ਉਥੇ ਹਾਜ਼ਰ ਸਿੱਖ ਸੰਗਤ ਨੇ ਗਾਂਧੀ ਤੇ ਲਾਲੇ ਵਰਗੇ ਉਨ੍ਹਾਂ ਬੰਦਿਆਂ ਨੂੰ ਤਾਂ ਕਬੂਲ ਕੀਤਾ ਜਿਹੜੇ ਸ਼ਰੇਆਮ ਮਹੰਤਾਂ ਦੇ ਹੱਕ ਵਿਚ ਖੜ੍ਹੇ ਸਨ। ਜੇ ਸਿੱਖ ਸੰਗਤ ਇਹ ਕਬੂਲ ਨਾ ਕਰਦੀ ਤਾਂ ਸਿੱਖ ਲੀਡਰਸ਼ਿਪ ਦੀ ਕੀ ਮਜਾਲ ਸੀ ਕਿ ਉਹ ਉਨ੍ਹਾਂ ਨੂੰ ਇਥੇ ਸੱਦਦੀ ਤੇ ਉਨ੍ਹਾਂ ਵਲੋਂ ਦਿੱਤੀ ਗਈ ਬਾਈਕਾਟ ਦੀ ਸਲਾਹ ਨੂੰ ਖਿੜ੍ਹੇ ਮੱਥੇ ਕਬੂਲ ਕਰਦੀ। ਜਦੋਂ ਗੁਰਦੁਆਰਾ ਡੇਰਾ ਸਾਹਿਬ ਕਰਤਾਰ ਸਿੰਘ ਝੱਬਰ ਨੂੰ ਗਾਂਧੀ ਦਾ ਕਬਜ਼ਾ ਰੋਕਣ ਵਾਲਾ ਸੁਨੇਹਾ ਪੁੱਜਿਆ ਤਾਂ ਝੱਬਰ ਨੇ ਆਖਿਆ ਕਿ ਅਸੀਂ ਕਬਜ਼ੇ ਕਰ ਰਹੇ ਹਾਂ ਤੇ ਸਰਕਾਰ ਚੁੱਪ ਹੈ ਜਦੋਂ ਮੁਲਕ ਆਜ਼ਾਦ ਹੋ ਗਿਆ ਤਾਂ ਗੁਰਦੁਆਰਿਆਂ ਦੀ ਆਜ਼ਾਦੀ ਹੋਰ ਵੀ ਖਤਰੇ ਵਿਚ ਪੈ ਜਾਵੇਗੀ। ਅੰਗਰੇਜ਼ ਤੀਜੀ ਧਿਰ ਹੈ ਜੋ ਕਿ ਸਾਡੇ ਧਾਰਮਿਕ ਮਾਮਲਿਆਂ ਵਿਚ ਨਿਰਪੱਖ ਹੈ ਤੇ ਗਾਂਧੀ ਹੁਰੀਂ ਅੱਜ ਵੀ ਮਹੰਤਾਂ ਦੇ ਹੱਕ ਵਿਚ ਨੇ ਤੇ ਜਦੋਂ ਇਨ੍ਹਾਂ ਦੇ ਹੱਥ ਵਿਚ ਰਾਜ ਆਇਆ ਤਾਂ ਫਿਰ ਕਿਉਂ ਨਾ ਹੋਣਗੇ?

47. ਅੰਗਰੇਜਾਂ ਨੇ ਕਿਹਾ ਕਿ ਸਿੱਖੋ! ਕੁਝ ਆਪਦੇ ਖਾਤਰ ਮੰਗੋ, ਕਾਂਗਰਸ ਖਾਤਰ ਤੁਸੀਂ ਸਾਡੇ ਨਾਲ ਮੱਥਾ ਨਾ ਲਾਓ: ਇਹਤੋਂ ਬਾਅਦ ਜਦੋਂ ਕਾਂਗਰਸ ਨੇ ਨਾ-ਮਿਲਵਰਤਨ ਅੰਦੋਲਨ ਦਾ ਐਲਾਨ ਕੀਤਾ ਤਾਂ ਸਿੱਖਾਂ ਨੇ ਇਹਦੀ ਹਮਾਇਤ ਕੀਤੀ। ਅੰਗਰੇਜ਼ਾਂ ਨੇ ਸਿੱਖਾਂ ਨੂੰ ਬਕਾਇਦਾ ਤੌਰ ‘ਤੇ ਇਸ ਅੰਦੋਲਨ ਤੋਂ ਵੱਖ ਹੋ ਜਾਣ ਦੀ ਅਪੀਲ ਕੀਤੀ ਤੇ ਕਿਹਾ ਕਿ ਜੋ ਤੁਹਾਡੀਆਂ ਮੰਗਾਂ ਨੇ ਸਾਨੂੰ ਦੱਸੋ ਅਸੀਂ ਸਾਰੀਆਂ ਮੰਨਣ ਨੂੰ ਤਿਆਰ ਹਾਂ ਪਰ ਤੁਸੀਂ ਸਾਡੇ ਖਿਲਾਫ ਕਾਂਗਰਸ ਦੀ ਮੁਹਿੰਮ ਦਾ ਸਾਥ ਨਾ ਦਿਓ। ਇਹਤੋਂ ਬਾਅਦ ਅਕਾਲੀਆਂ ਨੇ ਜਿਹੜਾ ਗੁਰੂ ਕੇ ਬਾਗ ਮੋਰਚਾ ਲਾਇਆ ਉਹ ਵੀ ਅੰਗਰੇਜ਼ਾਂ ਨਾਲ ਸਿਆਸੀ ਟਕਰਾਅ ਵਿਚੋਂ ਨਿਕਲਿਆ ਸੀ ਨਾ ਕਿ ਧਾਰਮਿਕ ਟਕਰਾਅ ਵਿਚੋਂ। ਸਰਕਾਰ ਨੇ ਅਕਾਲੀਆਂ ‘ਤੇ ਉਦੋਂ ਸਖਤੀ ਸ਼ੁਰੂ ਕੀਤੀ ਜਦੋਂ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਅ ਕੇ ਸਰਕਾਰ ਨਾਲ ਸਿਆਸੀ ਟਕਰਾਅ ਲੈ ਰਹੇ ਸੀ। ਜੈਤੋਂ ਦਾ ਮੋਰਚਾ ਵੀ ਸਿਆਸੀ ਟਕਰਾਅ ‘ਚੋਂ ਹੀ ਨਿਕਲਿਆ ਸੀ। ਨਾਭੇ ਵਾਲੇ ਰਾਜੇ ਨੂੰ ਗੱਦੀਓਂ ਲਾਹੁਣਾ ਅੰਗਰੇਜ਼ਾਂ ਦਾ ਇਕ ਸਿਆਸੀ ਕਦਮ ਸੀ ਪਰ ਸਿੱਖਾਂ ਨੇ ਇਹਨੂੰ ਧਾਰਮਿਕ ਮੁੱਦਾ ਬਣਾਕੇ ਅੰਗਰੇਜ਼ਾਂ ਨਾਲ ਟੱਕਰ ਲਈ ਹਾਲਾਂਕਿ ਸਿੱਖ ਹਿੱਤਾਂ ਦੇ ਲਿਹਾਜ਼ ਨਾਲ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭੇ ਨਾਲੋਂ ਕਈ ਕਦਮ ਅੱਗੇ ਸੀ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਤੋਂ ਹਮਾਇਤ ਮੰਗਣ ਗਏ ਮਹੰਤ ਨਰੈਣ ਦਾਸ ਨੂੰ ਟਕੇ ਅਰਗਾ ਜਵਾਬ ਹੀ ਨਹੀਂ ਦਿੱਤਾ ਬਲਕਿ ਬੰਦਿਆਂ ਵਾਂਗੂੰ ਕਬਜ਼ਾ ਪੰਥ ਦੇ ਸਪੁਰਦ ਕਰਨ ਦੀ ਤਾਕੀਦ ਕੀਤੀ। ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਜਦੋਂ ਸ਼ਹੀਦੀ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਉਥੇ ਮਹਾਰਾਜਾ ਭੁਪਿੰਦਰ ਸਿੰਘ ਦੀ ਇਕ ਤਾਰ ਪੁੱਜੀ ਤਾਂ ਅਕਾਲੀ ਅਮਰ ਸਿੰਘ ਝਬਾਲ ਵਰਗਿਆਂ ਨੇ ਇਹ ਕਹਿ ਕੇ ਤਾਰ ਪੜ੍ਹਣੋਂ ਇਨਕਾਰ ਕਰ ਦਿੱਤਾ ਕਿ ਸਾਨੂੰ ਰਾਜੇ ਮਹਾਰਾਜਿਆਂ ਦੀ ਹਮਾਇਤ ਦੀ ਕੋਈ ਲੋੜ ਨਹੀਂ ਹੈ ਪਰ ਕਰਤਾਰ ਸਿੰਘ ਝੱਬਰ ਦੇ ਕਹਿਣ ‘ਤੇ ਇਹ ਤਾਰ ਪੜ੍ਹੀ ਗਈ ਜਿਸ ਵਿਚ ਮਹਾਰਾਜਾ ਭੁਪਿੰਦਰ ਸਿੰਘ ਨੇ ਸ਼ਹੀਦੀਆਂ ‘ਤੇ ਅਫਸੋਸ ਜ਼ਾਹਰ ਕਰਦਿਆਂ ਆਖਿਆ ਸੀ ਕਿ ਮੈਨੂੰ ਸ਼ਹੀਦ ਪਰਿਵਾਰਾਂ ਦੀ ਲਿਸਟ ਘੱਲ ਦਿੱਤੀ ਜਾਵੇ ਤਾਂ ਕਿ ਮੈਂ ਉਨ੍ਹਾਂ ਨੂੰ ਪੈਨਸ਼ਨ ਲਾ ਸਕਾਂ। ਉਹਤੋਂ ਬਾਅਦ ਵੀ ਜਦੋਂ ਸਿੱਖਾਂ ਹੱਥੋਂ ਨਰੈਣ ਦਾਸ ਦਾ ਸਾਲਾ ਬਿਸ਼ਨ ਦਾਸ ਕਤਲ ਹੋ ਗਿਆ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਸਿੱਖਾਂ ਨੂੰ ਬਰੀ ਕਰਾਉਣ ਵਿਚ ਅਹਿਮ ਰੋਲ ਅਦਾ ਕੀਤਾ। ਪਰ ਮਹਾਰਾਜਾ ਭੁਪਿੰਦਰ ਸਿੰਘ ਸਿੱਖਾਂ ਨੂੰ ਸਿਆਸੀ ਕਾਰਨਾਂ ਕਰਕੇ ਨਹੀਂ ਸੀ ਭਾਉਂਦਾ। ਕਾਰਨ ਇਹ ਸੀ ਕਿ ਉਹ ਅੰਗਰੇਜ਼ਾਂ ਦੇ ਹੱਕ ਵਿਚ ਸੀ ਜੋ ਕਿ ਕਾਂਗਰਸ ਨੂੰ ਚੰਗਾ ਨਹੀਂ ਸੀ ਲੱਗਦਾ। ਕਿਉਂਕਿ ਅਕਾਲੀਆਂ ਨੂੰ ਕਾਂਗਰਸ ਚੰਗੀ ਲੱਗਦੀ ਸੀ ਇਸ ਕਰਕੇ ਉਨ੍ਹਾਂ ਨੂੰ ਭੁਪਿੰਦਰ ਸਿੰਘ ਚੰਗਾ ਨਹੀਂ ਸੀ ਲੱਗਦਾ। ਜੇ ਅਕਾਲੀਆਂ ਦੀ ਨਾਂ-ਪਸੰਦੀ ਦਾ ਕਾਰਨ ਉਹਦਾ ਮਹਾਰਾਜਾ ਹੋਣਾ ਹੀ ਹੁੰਦਾ ਤਾਂ ਉਹ ਨਾਭੇ ਵਾਲੇ ਮਹਾਰਾਜੇ ਨਾਲ ਵੀ ਭੁਪਿੰਦਰ ਸਿੰਘ ਵਰਗਾ ਹੀ ਸਲੂਕ ਕਰਦੇ। ਪਰ ਨਾਭੇ ਵਾਲੇ ਦੀ ਗੱਦੀ ਖੁੱਸਣ ਦਾ ਅਕਾਲੀਆਂ ਨੂੰ ਐਨਾ ਦੁੱਖ ਹੋਇਆ ਕਿ ਉਹਦੇ ਪਿਛੇ ਹਜ਼ਾਰਾਂ ਗ੍ਰਿਫਤਾਰੀਆਂ ਤੇ ਸੈਂਕੜੇ ਸਿੱਖਾਂ ਦੀਆਂ ਸ਼ਹੀਦੀਆਂ ਤੋਂ ਇਲਾਵਾ ਜਾਇਦਾਦਾਂ ਜ਼ਬਤ ਕਰਾਈਆਂ ਅਤੇ ਨੌਕਰੀਆਂ ਛੁਡਵਾਈਆਂ।

48. ਮਹਾਰਾਜਾ ਪਟਿਆਲਾ ਦੇ ਖਿਲਾਫ ਤੇ ਮਹਾਰਾਜਾ ਨਾਭਾ ਦੇ ਹੱਕ ਵਿੱਚ ਕਿਉਂ ਹੋਏ ਸਿੱਖ?: ਇਹ ਗੱਲ ਨਹੀਂ ਸੀ ਕਿ ਇਕ ਸਿੱਖ ਰਾਜੇ ਨਾਲ ਧੱਕਾ ਹੋਣ ਕਰਕੇ ਹੀ ਅਕਾਲੀਆਂ ਨੇ ਉਹਦੇ ਹੱਕ ‘ਚ ਜੈਤੋਂ ਦਾ ਮੋਰਚਾ ਲਾਇਆ ਅਸਲ ‘ਚ ਗੱਲ ਇਹ ਸੀ ਕਿ ਨਾਭੇ ਵਾਲਾ ਅੰਗਰੇਜ਼ਾਂ ਦੇ ਖਿਲਾਫ ਤੇ ਕਾਂਗਰਸ ਦੇ ਹੱਕ ਵਿਚ ਸੀ। ਅਕਾਲੀਆਂ ਦੀ ਸਾਰੀ ਨਕਲੋ ਹਰਕਤ ਇਸੇ ਫਾਰਮੂਲੇ ਦੇ ਤਹਿਤ ਹੁੰਦੀ ਸੀ ਕਿ ਕਾਂਗਰਸ ਦੇ ਨਾਲ ਰਲ ਕੇ ਪੂਰਾ ਟਿੱਲ ਲਾ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਣੀ ਹੈ। ਹੁਣ ਨਾਭੇ ਵਾਲੇ ਮਹਾਰਾਜੇ ਦੀ ਸਿੱਖੀ ਦੇਖੋ, ਵੀਹਵੀਂ ਸਦੀ ਦੇ ਸ਼ੁਰੂ ਵਿਚ ਸਿੰਘ ਸਭਾ ਲਹਿਰ ਵੇਲੇ ਜਦੋਂ ਹਿੰਦੂਆਂ ਦਾ ਅਤੇ ਸਿੱਖਾਂ ਦਾ ਸਿਧਾਂਤਕ ਟਕਰਾਅ ਹੋਇਆ ਤਾਂ ਨਾਭੇ ਵਾਲੇ ਨੇ ਸਿੱਖਾਂ ਦੇ ਖਿਲਾਫ ਅਤੇ ਹਿੰਦੂਆਂ ਦੇ ਹੱਕ ਵਿਚ ਠੋਕਵਾਂ ਸਟੈਂਡ ਲਿਆ। ਉਦੋਂ ਆਰੀਆ ਸਮਾਜੀਆਂ ਨੇ ਸਿੱਖ ਬੰਦੇ ਦੇ ਨਾਂਅ ਥੱਲੇ ਇਕ ਕਿਤਾਬਚਾ ਛਪਾਇਆ ਜਿਸ ਦਾ ਸਿਰਲੇਖ ਸੀ ‘ਹਮ ਹਿੰਦੂ ਹੈਂ’ ਭਾਵ ਸਿੱਖ ਕਹਿ ਰਹੇ ਸੀ ਕਿ ਅਸੀਂ ਹਿੰਦੂ ਹਾਂ। ਉਨ੍ਹੀਂ ਦਿਨੀਂ ਉਘੇ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ, ਨਾਭਾ ਰਿਆਸਤ ਵਿਚ ਅਹਿਲਕਾਰ ਦੇ ਤੌਰ ‘ਤੇ ਤੈਨਾਤ ਸਨ। ਉਨ੍ਹਾਂ ਦਾ ਜੀਅ ਕੀਤਾ ਕਿ ਇਸ ਕਿਤਾਬਚੇ ਦਾ ਜੁਆਬ ਦਿੱਤਾ ਜਾਵੇ ਪਰ ਉਨ੍ਹਾਂ ਨੂੰ ਨਾਲੋਂ ਨਾਲ ਇਹ ਵੀ ਪਤਾ ਸੀ ਕਿ ਮਹਾਰਾਜਾ ਖੁਦ ਸਿੱਖਾਂ ਨੂੰ ਹਿੰਦੂ ਹੀ ਕਹਿੰਦਾ ਹੈ ਤੇ ਉਹ ਮੇਰੀ ਅਜਿਹੀ ਲਿਖਤ ਉਤੇ ਜ਼ਰੂਰ ਔਖਾ ਹੋਵੇਗਾ। ਭਾਈ ਕਾਨ੍ਹ ਸਿੰਘ ਨਾਭਾ ਨੇ ਆਰੀਆ ਸਮਾਜੀਆਂ ਦੇ ਕਿਤਾਬਚੇ ਦੇ ਜੁਆਬ ਵਿਚ ਇਕ ਕਿਤਾਬਚਾ ‘ਹਮ ਹਿੰਦੂ ਨਹੀਂ’ ਦੇ ਸਿਰਲੇਖ ਹੇਠ 1895 ਵਿਚ ਲਿਿਖਆ। ਪਰ ਨਾਭੇ ਵਾਲੇ ਰਾਜੇ ਤੋਂ ਡਰਦਿਆਂ ਉਨ੍ਹਾਂ ਨੇ ਇਹ ਕਿਤਾਬਚਾ ਰਿਆਸਤ ਤੋਂ ਦੂਰ ਜਾ ਕੇ ਲਾਹੌਰੋਂ ਛਪਵਾਇਆ ਅਤੇ ਲਿਖਾਰੀ ਦਾ ਨਾਮ ਵੀ ਕਾਨ੍ਹ ਸਿੰਘ ਨਾ ਲਿਖਦਿਆਂ ਆਪਣੇ ਉਪ ਨਾਮ ਹਰੀ ਬ੍ਰਿਜੇਸ਼ ਦੇ ਅੰਗਰੇਜ਼ੀ ਵਾਲੇ ਮੁਢਲੇ ਅੱਖਰ ਐੱਚ.ਬੀ. ਦੇ ਨਾਂ ਹੇਠ ਛਪਵਾਇਆ।

ਜਦੋਂ ਇਹ ਕਿਤਾਬਚਾ ਲੋਕਾਂ ਵਿਚ ਆਇਆ ਤਾਂ ਆਰੀਆ ਸਮਾਜੀ ਝੱਟ ਸਮਝ ਗਏ ਕਿ ਇਹਦਾ ਲਿਖਾਰੀ ਕਾਨ੍ਹ ਸਿੰਘ ਹੀ ਹੋ ਸਕਦਾ ਹੈ। ਆਰੀਆ ਸਮਾਜ ਦੀ ਅਗਵਾਈ ਹੇਠ ਹਿੰਦੂ ਮਹਾਰਾਜਾ ਨਾਭਾ ਨੂੰ ਮਿਲੇ ਤੇ ਕਿਹਾ ਆਹ ਦੇਖੋ ਆਪਦੇ ਕਾਨ੍ਹ ਸਿੰਘ ਦੀ ਕਰਤੂਤ ਉਹਨੇ ਇਹ ਲਿਖਕੇ ਵੱਡਾ ਜ਼ੁਲਮ ਕੀਤਾ ਹੈ ਕਿ ਸਿੱਖ ਹਿੰਦੂ ਨਹੀਂ ਹਨ। ਇਸ ਘੋਰ ਪਾਪ ਦੇ ਤਹਿਤ ਕਾਨ੍ਹ ਸਿੰਘ ਨੂੰ ਫੌਰੀਂ ਦਰਬਾਰ ਵਿਚੋਂ ਕੱਢਿਆ ਜਾਵੇ। ਮਹਾਰਾਜਾ ਝੱਟ ਸਹਿਮਤ ਹੋ ਗਿਆ। ਸੋ ਇਹ ਸੀ ਮਹਾਰਾਜਾ ਨਾਭੇ ਦੀ ਸਿੱਖੀ ਜੀਹਦੇ ਪਿਛੇ ਅਕਾਲੀਆਂ ਨੇ ਮੋਰਚਾ ਲਾਇਆ। ਇਥੇ ਹੀ ਬਸ ਨਹੀਂ ਆਰੀਆ ਸਮਾਜੀਆਂ ਨੇ ਦੁਬਾਰਾ ਫਿਰ ਕਾਨ੍ਹ ਸਿੰਘ ਨੂੰ ਨਿਸ਼ਾਨਾ ਬਣਾਇਆ। ਗੱਲ ਇਉਂ ਹੋਈ ਕਿ ਜਦੋਂ ਕਾਨ੍ਹ ਸਿੰਘ ਨਾਭਾ ਦੀ ਫਿਰ ਰਾਜੇ ਨੂੰ ਲੋੜ ਮਹਿਸੂਸ ਹੋਈ ਤਾਂ ਉਹਨੇ ਕਾਨ੍ਹ ਸਿੰਘ ਨੂੰ ਅੰਗਰੇਜ਼ੀ ਰਿਆਸਤ ਦਾ ਪ੍ਰਬੰਧ ਦੇਖਣ ਵਾਲੇ ਅੰਗਰੇਜ਼ੀ ਏਜੰਟ ਦੇ ਦਫਤਰ ਵਿਚ ਆਪਦੇ ਨੁਮਾਇੰਦੇ ਦੇ ਤੌਰ ‘ਤੇ ਤਾਇਨਾਤ ਕਰ ਦਿੱਤਾ। ਜੀਹਦਾ ਪ੍ਰਭਾਵ ਇਹੋ ਦਿੱਤਾ ਗਿਆ ਕਿ ਭਾਵੇਂ ਕਾਨ੍ਹ ਸਿੰਘ ਨੂੰ ਮੁੜ ਨੌਕਰੀ ‘ਤੇ ਰੱਖ ਲਿਆ ਗਿਆ ਹੈ ਪਰ ਉਹਦਾ ਰਾਜ ਦਰਬਾਰ ਵਿਚ ਕੋਈ ਦਖਲ ਨਹੀਂ। ਸਿੰਘ ਸਭਾ ਲਹਿਰ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਤੇ ਇਨ੍ਹਾਂ ਨੂੰ ਲੋਕ ਮੱਥਾ ਟੇਕਦੇ ਸਨ। ਪਰਕਰਮਾ ਦੇ ਇਕ ਕਮਰੇ ਵਿਚ ਚੌਂ-ਭੁਜਾ ਵਾਲੀ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਜੀਹਦੇ ਮੂਹਰੇ ਗੁਰੂ ਗੋਬਿੰਦ ਸਿੰਘ ਦੀ ਮੂਰਤੀ ਬਣਾਕੇ ਉਨ੍ਹਾਂ ਨੂੰ ਬੜੀ ਅਧੀਨਗੀ ਨਾਲ ਦੇਵੀ ਮੂਹਰੇ ਝੁਕੇ ਹੋਏ ਦਿਖਾਇਆ ਗਿਆ ਸੀ। ਸਿੰਘ ਸਭਾ ਨੇ ਡੀ.ਸੀ. ਅੰਮ੍ਰਿਤਸਰ ਨੂੰ ਮੂਰਤੀਆਂ ਚੁਕਾਉਣ ਖਾਤਰ ਅਪੀਲ ਕੀਤੀ। ਡੀ.ਸੀ. ਨੇ ਦਰਬਾਰ ਸਾਹਿਬ ਵਿਚੋਂ ਮੂਰਤੀਆਂ ਚੁਕਵਾ ਦਿੱਤੀਆਂ।

ਭਾਈ ਕਾਨ੍ਹ ਸਿੰਘ ਨਾਭਾ ਨੇ ਨਾਭਾ ਰਿਆਸਤ ਦੇ ਆਪਦੇ ਸਰਕਾਰੀ ਲੈਟਰਪੈੱਡ ਉਤੇ ਡੀ.ਸੀ. ਅੰਮ੍ਰਿਤਸਰ ਨੂੰ ਇਕ ਵਧਾਈਆਂ ਦੀ ਚਿੱਠੀ ਲਿਖ ਦਿੱਤੀ। ਦੂਜੇ ਪਾਸੇ ਮੂਰਤੀਆਂ ਚੱਕਣ ਦੇ ਖਿਲਾਫ ਹਿੰਦੂਆਂ ਨੇ ਜਲਸੇ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਸਨ। ਇਸ ਬਾਬਤ ਡੀ.ਸੀ. ਨੂੰ ਮਿਲਣ ਗਏ ਇਕ ਹਿੰਦੂ ਡੈਪੂਟੇਸ਼ਨ ਨੂੰ ਡੀ.ਸੀ. ਨੇ ਭਾਈ ਕਾਨ੍ਹ ਸਿੰਘ ਨਾਭਾ ਦੀ ਉਹ ਵਧਾਈ ਵਾਲੀ ਚਿੱਠੀ ਵਿਖਾ ਦਿੱਤੀ ਤੇ ਕਿਹਾ ਕਿ ਆਹ ਦੇਖੋ ਇਕ ਵੱਡਾ ਸਿੱਖ ਵਿਦਵਾਨ ਤਾਂ ਮੈਨੂੰ ਵਧਾਈ ਦੇ ਰਿਹਾ ਹੈ ਤੁਸੀਂ ਕਿਵੇਂ ਕਹਿੰਦੇ ਹੋ ਕਿ ਮੂਰਤੀਆਂ ਚੱਕਣੀਆਂ ਗਲਤ ਨੇ। ਬੱਸ ਵਿਚਾਰਾ ਕਾਨ੍ਹ ਸਿੰਘ ਫੇਰ ਫਸ ਗਿਆ। ਹਿੰਦੂਆਂ ਨੇ ਉਹੀ ਗੱਲ ਮਹਾਰਾਜਾ ਨਾਭਾ ਨੂੰ ਜਾ ਦੱਸੀ। ਮਹਾਰਾਜੇ ਨੇ ਕਾਨ੍ਹ ਸਿੰਘ ਨੂੰ ਇਹ ਦੋਸ਼ ਲਾ ਕੇ ਫੇਰ ਨੌਕਰੀਓਂ ਕੱਢ ਦਿੱਤਾ ਕਿ ਤੇਰੇ ਵਲੋਂ ਸਰਕਾਰੀ ਲੈਟਰਹੈੱਡ ‘ਤੇ ਡੀ.ਸੀ. ਨੂੰ ਵਧਾਈ ਦੇਣ ਦਾ ਮਤਲਬ ਇਹ ਹੋਇਆ ਕਿ ਨਾਭਾ ਰਿਆਸਤ ਵੀ ਮੂਰਤੀਆਂ ਚੱਕਣ ਦੇ ਖਿਲਾਫ ਹੈ। ਹੁਣ ਤੁਸੀਂ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ ਦੀ ਸਿੱਖੀ ਦੀ ਤੁਲਨਾ ਖੁਦ ਕਰ ਲਓ। ਇਥੇ ਇਹ ਜ਼ਿਕਰਯੋਗ ਹੈ ਕਿ ਸਿੱਖਾਂ ਨੇ ਮਹਾਰਾਜੇ ਨਾਭੇ ਦੇ ਹੱਕ ਵਿਚ ਇਕ ਸਿੱਖ ਰਾਜੇ ਨਾਲ ਹਮਦਰਦੀ ਦਾ ਬਹਾਨਾ ਲਾਉਂਦਿਆਂ ਮੋਰਚਾ ਲਾਇਆ ਦੂਜੇ ਪਾਸੇ ਮਹਾਰਾਜਾ ਪਟਿਆਲਾ ਦੇ ਖਿਲਾਫ ਸਿੱਖ ਮਹਾਰਾਜਾ ਹੁੰਦਿਆਂ ਹੋਇਆਂ ਮੋਰਚਾ ਲਾਇਆ। ਮਹਾਰਾਜਾ ਪਟਿਆਲਾ ਦੇ ਖਿਲਾਫ ਲੱਗੇ ਮੋਰਚੇ ਦੌਰਾਨ ਜੇਲ੍ਹ ਵਿਚ ਪ੍ਰਾਣ ਤਿਆਗਣ ਵਾਲਾ ਸੇਵਾ ਸਿੰਘ ਠੀਕਰੀਵਾਲਾ ਅੱਜ ਵੀ ਸਿੱਖਾਂ ਦਾ ਹੀਰੋ ਹੈ ਤੇ ਮਹਾਰਾਜਾ ਨਾਭੇ ਦੇ ਹੱਕ ਵਿਚ ਮੋਰਚੇ ਲਾਉਣ ਵਾਲੇ ਵੀ ਸਿੱਖਾਂ ਦੇ ਹੀਰੋ ਨੇ। ਇਥੇ ਇਹ ਮਿਸਾਲ ਦੇਣ ਦਾ ਮਤਲਬ ਇਹ ਹੈ ਕਿ ਸਿੱਖ ਆਵਾਮ ਨੇ ਪਿਛਲੀ ਲੀਡਰਸ਼ਿਪ ਨੂੰ ਦਰਕਿਨਾਰ ਕਰਦਿਆਂ ਉਹ ਲੀਡਰਸ਼ਿਪ ਨੂੰ ਸ਼ਹੀਦੀਆਂ ਦੇ ਕੇ ਕਾਮਯਾਬ ਕੀਤਾ ਜਿਹੜੀ ਸਿੱਖਾਂ ਦੇ ਹਿੱਤਾਂ ਦੀ ਤਾਂ ਕੋਈ ਗੱਲ ਨਹੀਂ ਸੀ ਕਰਦੀ ਬਲਕਿ ਅੰਗਰੇਜ਼ਾਂ ਨੂੰ ਮੁਲਕ ‘ਚੋਂ ਕੱਢਣ ਵਾਲੇ ਇਕ ਨੁਕਾਤੀ ਕਾਂਗਰਸ ਦੇ ਪ੍ਰੋਗਰਾਮ ਦੀ ਹਮਾਇਤ ਕਰਦੀ ਸੀ। ਇਹਦਾ ਸਿੱਧਾ ਭਾਵ ਇਹ ਹੈ ਕਿ ਸਿੱਖ ਲੀਡਰਸ਼ਿਪ ਸਿੱਖਾਂ ਦਾ ਮੁਫਾਦ ਮੂਹਰੇ ਰੱਖਣ ਦੀ ਬਜਾਇ ਅੱਖਾਂ ਮੀਚਕੇ ਕਾਂਗਰਸ ਦੀ ਪੈੜ ’ਚ ਪੈਰ ਧਰਦੀ ਸੀ।

ਸੋਚਣ ਵਾਲੀ ਗੱਲ ਇਹ ਹੈ ਕਿ ਉਦੋਂ ਜੇ ਸਿੱਖ ਆਵਾਮ ਵੱਖਰਾ ਮੁਲਕ ਚਾਹੁੰਦੀ ਹੁੰਦੀ ਤਾਂ ਕਾਂਗਰਸ ਨਾਲ ਅਤੇ ਹਿੰਦੁਸਤਾਨ ਨਾਲ ਰਹਿਣ ਵਾਲੀ ਅਕਾਲੀ ਲੀਡਰਸ਼ਿਪ ਉਨ੍ਹਾਂ ਦੀ ਕਦੀ ਵੀ ਲੀਡਰ ਨਹੀਂ ਸੀ ਰਹਿ ਸਕਦੀ। ਜੇ ਅਕਾਲੀ ਲੀਡਰਸ਼ਿਪ ਕਾਂਗਰਸ ਨਾਲ ਬੱਝੀ ਵੀ ਰਹਿੰਦੀ ਤਾਂ ਇਹਦੀ ਥਾਂ ਵੱਖਰੇ ਮੁਲਕ ਦੀ ਹਮਾਇਤ ਕਰਨ ਵਾਲੀ ਲੀਡਰਸ਼ਿਪ ਨੇ ਲੈ ਲੈਣੀ ਸੀ। ਇਹ ਸਭ ਕਾਸੇ ਦਾ ਨਿਚੋੜ ਇਹ ਹੈ ਕਿ ਲੀਡਰਸ਼ਿਪ ਨੇ ਉਹੀ ਕੁਝ ਕੀਤਾ ਜੋ ਕੌਮ ਚਾਹੁੰਦੀ ਸੀ। ਕੌਮ ਦਾ ਇਕ ਨੁਕਾਤੀ ਪ੍ਰੋਗਰਾਮ ਅੰਗਰੇਜ਼ਾਂ ਨੂੰ ਇਥੋਂ ਕੱਢਣਾ ਸੀ ਸੋ ਉਹ ਨਿਕਲ ਗਏ ਪੰਜਾਬ ਦੀ ਵੰਡ ਉਨ੍ਹਾਂ ਦੇ ਲੀਡਰਾਂ ਨੇ ਖੁਦ ਕਬੂਲ ਕੀਤੀ। ਸਿੱਖ ਕੌਮ ਨੇ ਲੀਡਰਸ਼ਿਪ ਦੇ ਇਸ ਫੈਸਲੇ ‘ਤੇ ਉਦੋਂ ਕੋਈ ਇਤਰਾਜ਼ ਨਹੀਂ ਕੀਤਾ। ਪੰਜਾਬ ਦੀ ਵੰਡ ਹੋ ਗਈ। ਆਬਾਦੀ ਦੇ ਤਬਾਦਲੇ ਦਾ ਸਿੱਖ ਲੀਡਰਸ਼ਿਪ ਨੇ ਕੋਈ ਅੰਦਾਜ਼ਾ ਨਹੀਂ ਲਾਇਆ। ਅੰਗਰੇਜ਼ਾਂ ਵਲੋਂ ਅਬਾਦੀ ਦੀ ਤਬਾਦਲੇ ਬਾਰੇ ਪੁੱਛਣ ‘ਤੇ ਨਹਿਰੂ ਨੇ ਕਿਹਾ ਕਿ ਇਹਦੀ ਕੋਈ ਲੋੜ ਨਹੀਂ। ਜੇ ਆਬਾਦੀ ਦੇ ਤਬਾਦਲੇ ਦਾ ਅੰਦਾਜ਼ਾ ਲਾਇਆ ਜਾਂਦਾ ਤਾਂ ਇਹਦੇ ਅਮਨ-ਅਮਾਨ ਨਾਲ ਤਬਾਦਲੇ ਦਾ ਵੀ ਅੰਗਰੇਜ਼ ਇੰਤਜ਼ਾਮ ਆਪਦੇ ਹੁੰਦੇ ਹੁੰਦੇ ਕਰਦੇ। ਪਰ ਸਾਰੀ ਸਿੱਖ ਲੀਡਰਸ਼ਿਪ ਦਾ ਇਕੋ ਇਕ ਬਿਆਨ ਸੀ ਕਿ ਅੰਗਰੇਜ਼ੋ ਤੁਸੀਂ ਇਥੋਂ ਛੇਤੀ ਨਿਕਲੋ ਸਾਡਾ ਫਿਕਰ ਨਾ ਕਰੋ ਸਾਨੂੰ ਜੋ ਲੋੜ ਹੋਈ ਉਹ ਸਾਰੀ ਨਹਿਰੂ ਹੁਰੀਂ ਪੂਰੀ ਕਰਨਗੇ। ਸੋ ਜਿਵੇਂ ਸਿੱਖਾਂ ਨੇ ਚਾਹਿਆ ਉਵੇਂ ਹੋ ਗਿਆ ਜੋ ਲੱਖਾਂ ਸਿੱਖਾਂ ਦੇ ਕਤਲ, ਬੇਪਤੀਆਂ ਤੇ ਅਰਬਾਂ ਦੀ ਜਾਇਦਾਦ ਦਾ ਜੋ ਨੁਕਸਾਨ ਹੋਇਆ ਉਹਦੇ ਬਦਲੇ ਖੁਦ ਨੂੰ ਜ਼ਿੰਮੇਵਾਰ ਕਹਿਣ ਦੀ ਬਜਾਏ ਇਹਦੀ ਜ਼ਿੰਮੇਵਾਰੀ ਅੰਗਰੇਜ਼ਾਂ ‘ਤੇ ਸੁੱਟ ਕੇ ਲੀਡਰਸ਼ਿਪ ਨੇ ਕੰਮ ਸਾਰ ਲਿਆ। ਉਨ੍ਹਾਂ ਨੇ ਮਗਰ ਮਗਰ ਸਿੱਖ ਕੌਮ ਵੀ ਇਹਦੇ ਲਈ ਲੀਡਰਸ਼ਿਪ ਨੂੰ ਜ਼ਿੰਮੇਵਾਰ ਕਹਿਣ ਦੀ ਬਜਾਏ ਇਹੀ ਕਹਿੰਦੀ ਹੈ ਕਿ “ਚੰਦਰਾ ਗੋਰਾ ਸਾਨੂੰ ਤਬਾਹ ਕਰ ਗਿਆ।” ਹਾਲਾਂਕਿ ਗੋਰੇ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਸਿੱਖਾਂ ਦੀ ਇਸ ਤਬਾਹੀ ਦੀ ਪੇਸ਼ਨਗੋਈ 3 ਜੂਨ 1947 ਨੂੰ ਆਪਦੇ ਰੇਡੀਓ ਭਾਸ਼ਨ ਵਿਚ ਕਰ ਦਿੱਤੀ ਸੀ ਤੇ ਇਹ ਵੀ ਆਖ ਦਿੱਤਾ ਸੀ ਕਿ ਥੋਡੀ ਲੀਡਰਸ਼ਿਪ ਇਹੀ ਚਾਹੁੰਦੀ ਹੈ। ਗੱਲ ਦਾ ਤੱਤਸਾਰ ਇਹ ਹੈ ਕਿ ਇਕੱਲੀ ਸਿੱਖ ਲੀਡਰਸ਼ਿਪ ਨੂੰ ਦੋਸ਼ ਦੇਣਾ ਇਕ ਅਧੂਰਾ ਸੱਚ ਹੈ। ਸਾਰਾ ਸੱਚ ਇਹ ਹੈ ਕਿ ਸਿੱਖ ਅਵਾਮ ਜੋ ਕੁਝ ਚਾਹੰੁਦਾ ਸੀ ਲੀਡਰਸ਼ਿਪ ਨੇ ਉਹੀ ਕੀਤਾ।

– ਖਤਮ –


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top