Share on Facebook

Main News Page

ਸਿੱਖੋ, ਲਕੀਰ ਖਿੱਚ ਕੇ ਹੀ ਕੰਮ ਹੋਣਾ ਹੈ, ਸਮਝੌਤਿਆਂ ਨਾਲ ਨਹੀਂ !
-: ਸੰਪਾਦਕ ਖ਼ਾਲਸਾ ਨਿਊਜ਼
12 Dec 2015

ਕਿਸੇ ਭਲੇ ਮਨੁੱਖ ਦਾ ਇਹ ਸਵਾਲ ਸੀ ਕਿ ਜੇ ਅਖੌਤੀ ਦਸਮ ਗ੍ਰੰਥ ਨੂੰ ਰੱਦ ਕਰ ਦਿੱਤਾ, ਤਾਂ ਸਾਡੇ ਨਿੱਤਨੇਮ, ਪਾਹੁਲ, ਅਰਦਾਸ ਦਾ ਕੀ ਬਣੂ?

ਭਲਿਆ ! ਗੁਰੂ ਸਾਹਿਬ ਨੇ ਨਿੱਤਨੇਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨਿਆਂ 'ਤੇ ਦਰਜ ਕੀਤਾ ਹੋਇਆ ਹੈ: ਜਪੁ, ਸੋ ਦਰੁ, ਸੋ ਪੁਰਖੁ, ਸੋਹਿਲਾ।

ਜੇ ਪੰਜ ਦੀ ਗਿਣਤੀ ਹੀ ਪੂਰੀ ਕਰਨੀ ਹੈ ਤਾਂ (ਨੋਟ: ਗੁਰਮਤਿ 'ਚ ਗਿਣਤੀਆਂ ਮਿਣਤੀਆਂ ਲਈ ਕੋਈ ਥਾਂ ਨਹੀਂ) ਅੰਨਦੁ ਦੀ ਬਾਣੀ ਪੜ੍ਹੀ ਜਾ ਸਕਦੀ ਹੈ, ਆਸਾ ਕੀ ਵਾਰ, ਸੁਖਮਨੀ, ... ਪੜ੍ਹੀ ਜਾ ਸਕਦੀ ਹੈ।

ਬਾਣੀ ਜਿੰਨੀ ਮਰਜ਼ੀ ਪੜ੍ਹੀ ਜਾਵੇ, ਗੁਰਬਾਣੀ ਦਾ ਹਰ ਰੋਜ਼ ਭਾਂਵੇਂ ਵੱਖਰਾ ਸ਼ਬਦ ਪੜ੍ਹੇ, ਪਰ ਤੱਤ ਇਹ ਹੈ, ਕਿ ਭਾਂਵੇਂ ਇੱਕ ਅੱਖਰ ਹੀ ਪੜ੍ਹ ਲਿਆ ਜਾਵੇ, ੳਸ ਨੂੰ ਸਮਝਿਆ ਜਾਵੇ ਅਤੇ ਜੀਵਨ ਵਿੱਚ ਵਰਤੋਂ ਵਿੱਚ ਲਿਆਇਆ ਜਾਵੇ। ਗੁਰਬਾਣੀ ਪਾਠ ਕਰਨ ਲਈ ਨਹੀਂ, ਜੀਵਨ ਸੇਧ ਲਈ ਹੈ।

ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਗ੍ਰੰਥ, ਸੰਤ, ਬਾਬਾ, ਜੱਥੇਦਾਰ, ਸ਼ਖਸੀਅਤ... ਗੁਰੂ ਦੀ ਥਾਂ ਨਹੀਂ ਲੈ ਸਕਦਾ। ਜਦੋਂ ਤੱਕ ਸਿੱਖ ਇਹ ਲਕੀਰ ਨਹੀਂ ਖਿੱਚਦੇ ਕਿ ਸਾਡੇ ਲਈ ਗੁਰਬਾਣੀ ਉਹੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਤੋਂ ਬਾਹਰ ਸਭ ਕੱਚੀ ਬਾਣੀ ਹੈ,  ਤਦੋਂ ਤੱਕ ਅਨਮਤੀ ਅਤੇ ਸਿੱਖੀ ਭੇਖ 'ਚ ਗੁਰਮਤਿ ਵਿਰੋਧੀ ਅਨਸਰ, ਕਈ ਤਰ੍ਹਾਂ ਦਾ ਕੂੜ ਕਬਾੜ ਸਿੱਖੀ ਦੇ ਵਿਹੜੇ 'ਚ ਸੁੱਟਦੇ ਰਹਿਣਗੇ, ਭਾਂਵੇਂ ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਨੱਥੀ ਕੀਤਾ ਜਾ ਰਿਹਾ ਅਖੌਤੀ ਦਸਮ ਗ੍ਰੰਥ ਹੋਵੇ।

ਅਖੌਤੀ ਦਸਮ ਗ੍ਰੰਥ ਨੂੰ ਪੁਖ਼ਤਾ ਕਰਣ ਲਈ ਅਖਵਾਈ ਜਾਂਦੀ ਸਿੱਖ ਰਹਿਤ ਮਰਿਆਦਾ ਨੂੰ ਬਨਾਉਣ ਵਾਲੇ ਵੀ ਉਨੇ ਹੀ ਜਿੰਮੇਵਾਰ ਹਨ, ਜਿਨ੍ਹਾਂ ਨੇ ਬਿਪਰਵਾਦੀ ਤਾਕਤਾਂ ਨਾਲ ਸਮਝੌਤਾ ਕੀਤਾ ਅਤੇ ਗੁਰੂ ਦੀ ਬੇਅਦਬੀ ਕੀਤੀ, ਨਿੱਤਨੇਮ ਅਤੇ ਪਾਹੁਲ ਛੱਕਣ ਵਾਲੇ ਪੰਜਾਂ 'ਚੋਂ ਤਿੰਨ ਲਿਖਤਾਂ, ਅਰਦਾਸ ਦਾ ਆਰੰਭ ਇਸ ਕੂੜ੍ਹ ਗ੍ਰੰਥ 'ਚੋਂ, ਸਿੱਖ ਅਖਵਾਉਣ ਵਾਲਿਆਂ ਨੇ ਆਪਣੇ ਸਮਰੱਥ ਗੁਰੂ ਦੀ ਆਪ ਹੀ ਤੌਹੀਨ ਕੀਤੀ ਤੇ ਕਰ ਰਹੇ ਨੇ। ਇਸ ਲਈ ਹੁਣ ਵੇਲਾ ਹੈ ਸਿੱਖਾਂ ਨੂੰ ਅਖੌਤੀ ਦਸਮ ਗ੍ਰੰਥ ਅਤੇ ਹੋਰ ਇਸ ਤਰ੍ਹਾਂ ਦੇ ਕੂੜ੍ਹ ਗ੍ਰੰਥਾਂ ਨੂੰ ਸਿੱਖੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਪਵੇਗਾ ਅਤੇ ਅਖਵਾਈ ਜਾਂਦੀ ਸਿੱਖ ਰਹਿਤ ਮਰਿਆਦਾ ਨੂੰ ਵੀ ਗੁਰਮਤਿ ਅਨੁਸਾਰ ਸੋਧਣਾ ਪਵੇਗਾ।

ਗੁਰੂ ਸਾਹਿਬ ਦਾ ਤਾਂ  ਸਪਸ਼ਟ ਫੈਸਲਾ ਹੈ  (ਸਮਝੌਤਾ ਨਹੀਂ)

ਮ:3 
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ 
॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ 
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਪੰਨਾ 920, ਸਤਰ 7

ਮ:4
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥
ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥ ਪੰਨਾ 304, ਸਤਰ 17

ਪਰ ਜਿਨ੍ਹਾਂ ਨੇ ਅਕਲ ਦਾ ਭਾਂਡਾ ਹੀ ਪੁੱਠਾ ਕਰਕੇ ਰੱਖਿਆ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ:

ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ 

ਅਸੀਂ ਪਤਾ ਨਹੀਂ ਕਿਸ ਨੂੰ ਉਡੀਕ ਰਹੇ ਹਾਂ, ਕਿਸੇ ਸ਼੍ਰੋਮਣੀ ਕਮੇਟੀ, ਕਿਸੇ ਅਖੌਤੀ ਜੱਥੇਦਾਰ ਨੇ ਕੁੱਝ ਨਹੀਂ ਜੇ ਸਵਾਰਨਾ... ਜੇ ਸਿੱਖੀ ਦਾ ਕੁੱਝ ਸੰਵਰਨਾ ਹੈ ਤਾਂ ਗੁਰੂ ਦੀ ਦਿੱਤੀ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਹੀ ਸੰਵਰਨਾ ਹੈ।

ਸਾਡਾ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸੇ ਲਈ ਇਸ ਵਿੱਚੋਂ ਹੀ ਅਤੇ ਗੁਰਮਤਿ ਅਨੁਸਾਰੀ : ਸਾਡਾ ਨਿੱਤਨੇਮ ਹੈ, ਸਾਡੀ ਅਰਦਾਸ ਹੈ, ਸਾਡੀ ਪਾਹੁਲ ਹੈ, ਸਾਡੀ ਨਿੱਤ ਦੀ ਸੇਧ ਲਈ ਰਹਿਤ ਮਰਿਆਦਾ ਹੈ।

ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਤੀ ਦ੍ਰਿੜਤਾ 'ਤੇ ਜਿਸ ਕਿਸੇ ਨੂੰ ਬਹੁਤੀ ਔਖਆਈ ਹੈ, ਦਰਦ ਜ਼ਿਆਦਾ ਹੁੰਦਾ ਹੈ, ਤਾਂ ਆਪਣਾ ਇਲਾਜ਼ ਕਰਾਵੇ, ਇੱਥੇ ਤਾਂ ਇਹੋ ਕੁੱਝ ਹੀ ਹੋਣਾ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹੀ ਗੱਲ ਹੋਣੀ ਹੈ। ਇਸ ਨੂੰ ਉਹ ਲੋਕ ਅਜੈਂਸੀਆਂ ਦਾ ਨਾਮ ਦੇ ਦੇਣ, ਕੋਈ ਨਵੇਂ ਧੜੇ ਦਾ ਨਾਮ ਦੇਈ ਜਾਣ, ਜੋ ਮਰਜ਼ੀ ਕਹੀ ਜਾਣ, ਸਾਡਾ ਧੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ...

ਮ:4 ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਪੰਨਾ 366, ਸਤਰ 3

ਮ:4 ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥ ਪੰਨਾ 366, ਸਤਰ 5

ਇਹ ਜੋ ਛਿੰਝ ਪਈ ਹੈ, ਉਹ ਅਸੀਂ ਲੜਨੀ ਹੈ, ਉਹ ਵੀ ਲਕੀਰ ਖਿੱਚ ਕੇ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top