Share on Facebook

Main News Page

1699 ਵੈਸਾਖੀ ਵਾਲੇ ਦਿਹਾੜੇ ਜਿਹੜੇ ਪੰਜ ਪਿਆਰੇ ਨਿੱਤਰੇ ਸੀ,
ਕੀ ਉਹ ਉਸੇ ਵੇਲੇ ਤਿਆਰ ਹੋਏ ਸੀ, ਜਾਂ ਉਹ ਗੁਰੂ ਸਾਹਿਬ ਕੋਲ ਪਹਿਲਾਂ ਹੀ ਸੇਵਾ ਵਿੱਚ ਰਹਿੰਦੇ ਸੀ ?... ਆਓ ਜਾਣੀਏ

-: ਸੰਪਾਦਕ ਖ਼ਾਲਸਾ ਨਿਊਜ਼
30 Apr 2018

ਥੱਲੇ ਦਿੱਤਾ ਵਿਰਤਾਂਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ "ਗੁਰ ਸ਼ਬਦ ਰਤਨਾਕਰ ਮਹਾਨ ਕੋਸ਼" ਵਿੱਚੋਂ ਲਿਆ ਗਿਆ ਹੈ, ਜੋ ਮਹਾਨ ਕੋਸ਼ ਦੀ PDF file ਦੇ ਪੰਨਾਂ ਨੰ: 2781 'ਤੇ ਦਰਜ ਹੈ ਤੇ ਇਸ ਲਿੰਕ http://punjabipedia.org/topic.aspx?txt=ਪੰਜ ਪਿਆਰੇ  'ਤੇ ਵੀ ਮੌਜੂਦ ਹੈ।

ਗੁਰੂ ਨਾਨਕ ਦੇਵ ਤੋਂ ਲੈ ਕੇ ਪੰਜ ਪ੍ਯਾਰੇ ਚੁਣੇ ਜਾਂਦੇ ਰਹੇ ਹਨ, ਪਰ ਇਤਿਹਾਸ ਵਿੱਚ ਸਾਰਿਆਂ ਦੇ ਨਾਮ ਨਹੀਂ ਲਿਖੇ, ਕੇਵਲ ਥੋੜੇ ਨਾਮ ਦਿੱਤੇ ਹਨ, ਜੇਹਾ ਕਿ—

ਗੁਰੂ ਅਰਜਨਦੇਵ ਦੇ ਪੰਜ ਪ੍ਯਾਰੇ — ਬਿਧੀਚੰਦ, ਜੇਠਾ, ਲੰਗਾਹ, ਪਿਰਾਣਾ ਅਤੇ ਭਾਈ ਪੈੜਾ।

ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਆਤਮਗ੍ਯਾਨੀ ਪੰਜ ਪ੍ਯਾਰੇ— ਦੀਵਾਨ ਮਤੀਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ, ਊਦਾ ਅਤੇ ਜੈਤਾ ।

੨ ਖ਼ਾਸ ਕਰਕੇ ਭਾਈ ਦਯਾ ਸਿੰਘ ਜੀ, ਧਰਮ ਸਿੰਘ ਜੀ, ਮੁਹਕਮ ਸਿੰਘ ਜੀ, ਸਾਹਿਬ ਸਿੰਘ ਜੀ ਅਤੇ ਹਿੰਮਤ ਸਿੰਘ ਜੀ। ਇਹ ਪੰਜ ਮਹਾਪੁਰਖ “ਪ੍ਯਾਰੇ” ਇਸ ਲਈ ਕਹੇ ਜਾਂਦੇ ਹਨ ਕਿ ੧ ਵੈਸਾਖ ਸੰਮਤ ੧੭੫੬ ਨੂੰ ਕੇਸ਼ਗੜ੍ਹ ਦੇ ਦੀਵਾਨ ਵਿੱਚ ਜਦ ਦਸਮੇਸ਼ ਨੇ ਨੰਗੀ ਤਲਵਾਰ ਧੂਹਕੇ ਫਰਮਾਇਆ ਕਿ ਜੋ ਮੇਰਾ ਪਿਆਰਾ ਸਿੱਖ ਹੈ ਉਹ ਮੈਨੂੰ ਸੀਸ ਅਰਪਣ ਕਰੇ, ਕ੍ਯੋਂਕਿ ਇਸ ਵੇਲੇ ਕੁਰਬਾਨੀ ਦੀ ਜ਼ਰੂਰਤ ਹੈ, ਤਦ ਸਭ ਤੋਂ ਪਹਿਲਾਂ ਇਨ੍ਹਾਂ ਪੰਜਾਂ ਨੇ ਸੀਸ ਅਰਪਣ ਕੀਤੇ। ਪਰਮਪਿਤਾ ਨੇ ਇਨ੍ਹਾਂ ਨੂੰ ਛਾਤੀ ਨਾਲ ਲਾਕੇ “ਪ੍ਯਾਰਾ” ਕਹਿਕੇ ਸੰਬੋਧਨ ਕੀਤਾ ਅਰ ਅੰਮ੍ਰਿਤ ਛਕਾਕੇ ਖਾਲਸਾ ਪੰਥ ਦੀ ਨਿਉਂ ਰੱਖੀ।

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਗ੍ਯਾ ਸੀ ਕਿ ਦੀਵਾਨ ਵਿੱਚ ਜੋ ਪ੍ਰਸਾਦ ਵਰਤੇ, ਉਹ ਸਭ ਸਿੱਖਾਂ ਤੋਂ ਪਹਿਲਾਂ ਇਨ੍ਹਾਂ ਪੰਜਾਂ ਨੂੰ ਦਿੱਤਾ ਜਾਇਆ ਕਰੇ. ਉਸ ਰੀਤਿ ਦੀ ਨਕਲ ਹੁਣ ਤੀਕ ਕੜਾਹਪ੍ਰਸਾਦ ਵਰਤਣ ਸਮੇਂ ਦੇਖੀ ਜਾਂਦੀ ਹੈ।

ਅਫਸੋਸ ਹੈ ਕਿ ਇਨ੍ਹਾਂ ਮਹਾਨ ਪਰੋਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਜਤਨ ਕਰਨ ਤੇ ਭੀ ਪ੍ਰਾਪਤ ਨਹੀਂ ਹੋਇਆ, ਜੋ ਕੁਝ ਲਿਖਿਆ ਮਿਲਿਆ ਹੈ ਉਸ ਨਾਲ ਸਾਡੀ ਪੂਰੀ ਸੰਮਤੀ ਨਹੀਂ, ਪਰ ਪਾਠਕਾਂ ਦੇ ਗ੍ਯਾਨ ਅਤੇ ਵਿਚਾਰ ਹਿਤ ਪੇਸ਼ ਕਰਦੇ ਹਾਂ— ਭਾਈ ਠਾਕੁਰ ਸਿੰਘ ਜੀ ਗ੍ਯਾਨੀ “ ਗੁਰਦੁਆਰੇਦਰਸ਼ਨ” ਵਿੱਚ ਇਉਂ ਲਿਖਦੇ ਹਨ :

( ੧ ) ਡੱਲਾ ਨਿਵਾਸੀ ਭਾਈ ਪਾਰੋ ਖਤ੍ਰੀ ਦੀ ਕੁਲ ਵਿੱਚ ਸੁੱਧੇ ਦੇ ਘਰ ਮਾਈ ਦਿਆਲੀ ਦੀ ਕੁੱਖ ਤੋਂ ਸੰਮਤ ੧੭੧੮ ਭਾਦੋਂ ਪ੍ਰਵਿ੄਍੠ ੧੧ ਨੂੰ ਦਯਾ ਸਿੰਘ ਜੀ ਦਾ ਜਨਮ ਲਹੌਰ ਹੋਇਆ। ਇਨ੍ਹਾਂ ਦਾ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਦਾ ਸੇਵਕ ਸੀ। ਦਯਾ ਸਿੰਘ ਜੀ ਸੰਮਤ ੧੭੩੪ ਵਿੱਚ ਆਨੰਦਪੁਰ ਆਕੇ ਕਲਗੀਧਰ ਦੀ ਸੇਵਾ ਕਰਨ ਲੱਗੇ। ੧ ਵੈਸਾਖ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਅੰਮ੍ਰਿਤ ਛਕਿਆ।
ਸੰਮਤ ੧੭੬੫ ਅੱਸੂ ੧੧ ਨੂੰ ਅਬਿਚਲਨਗਰ ਪਰਲੋਕ ਸਿਧਾਰੇ। ਦਯਾ ਸਿੰਘ ਜੀ ਦਾ ਪਰਿਵਾਰ ਮਾਤਾ ਸੁੰਦਰੀ ਜੀ ਨਾਲ ਦਿੱਲੀ ਰਿਹਾ, ਜਦ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਜੀ ਦੇ ਗ੍ਰੰਥੀ ਹੋਏ, ਤਦ ਉਹ ਭੀ ਅੰਮ੍ਰਿਤਸਰ ਜੀ ਆ ਗਿਆ। ਇਸ ਵੰਸ਼ ਵਿੱਚੋਂ ਪੁਜਾਰੀ ਜਵਾਹਰ ਸਿੰਘ ਜੀ ਹਨ।

( ੨ ) ਪਿੰਡ ਜਟਵਾੜਾ ( ਜਿਲਾ ਸਹਾਰਨਪੁਰ ) ਵਿੱਚ ਸੰਤਰਾਮ ਜੱਟ ਦੇ ਘਰ ਮਾਤਾ ਜੱਸੀ ( ਜਾਂ ਸਾਵੋ ) ਦੀ ਕੁੱਖ ਤੋਂ ਸੰਮਤ ੧੭੨੪ ਕੱਤਕ ੭ ਨੂੰ ਧਰਮ ਸਿੰਘ ਜੀ ਦਾ ਜਨਮ ਹੋਇਆ। ਸੰਮਤ ੧੭੩੫ ਵਿੱਚ ਕਲਗੀਧਰ ਦੀ ਸ਼ਰਣ ਆਏ। ਵੈਸਾਖੀ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਸਿੰਘ ਸਜੇ। ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੀ ਵੰਸ਼ ਵਿੱਚੋਂ ਸਰਦਾਰ ਨੌਧ ਸਿੰਘ ਜੀ ਰਾਜਾ ਸਾਹਿਬ ਕਲਸੀਆਂ ਦੇ ਰਸਾਲਦਾਰ ਰਹੇ ਹਨ।

( ੩ ) ਨੰਗਲਸ਼ਹੀਦਾਂ ( ਜਿਲਾ ਹੁਸ਼ਿਆਰਪੁਰ ) ਵਿੱਚ ਤੁਲਸੀ ( ਜਾਂ ਚਮਨਰਾਮ ) ਨਾਈ ਦੇ ਘਰ ਮਾਤਾ ਬਿਸਨਦੇਈ ਦੀ ਕੁੱਖ ਤੋਂ ੪ ਹਾੜ੍ਹ ਸੰਮਤ ੧੭੨੨ ਨੂੰ ਸਾਹਿਬ ਸਿੰਘ ਜੀ ਦਾ ਜਨਮ ਹੋਇਆ। ਸੰਮਤ ੧੭੩੮ ਵਿੱਚ ਆਨੰਦਪੁਰ ਆਕੇ ਸਤਿਗੁਰੂ ਦੀ ਸ਼ਰਣ ਰਹੇ। ਸੰਮਤ ੧੭੫੬ ਵਿੱਚ ਸੀਸ ਭੇਟ ਕਰਕੇ ਸਿੰਘ ਸਜੇ। ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ। ਇਨ੍ਹਾਂ ਦੀ ਸੰਤਾਨ ਦੇ ਲੋਕ ਨੰਗਲਸ਼ਹੀਦਾਂ ਵਿੱਚ ਵਸਦੇ ਹਨ।

( ੪ ) ਪਿੰਡ ਸੰਗਤਪੁਰਾ ( ਰਾਜ ਪਟਿਆਲਾ ) ਵਿੱਚ ਜੋਤੀਰਾਮ ਝਿਉਰ ਦੇ ਘਰ ਮਾਈ ਰਾਮੋ ਦੀ ਕੁੱਖ ਤੋਂ ੫ ਮਾਘ ਸੰਮਤ ੧੭੧੮ ਨੂੰ ਹਿੰਮਤ ਸਿੰਘ ਜੀ ਜਨਮੇ। ਸੰਮਤ ੧੭੩੫ ਵਿੱਚ ਕਲਗੀਧਰ ਦੀ ਸਰਣ ਆਏ। ਸੰਮਤ ੧੭੫੬ ਵਿੱਚ ਸੀਸ ਭੇਟ ਕਰਕੇ ਸਿੰਘ ਸਜੇ। ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ. ਇਨ੍ਹਾਂ ਦੇ ਸੰਤਾਨ ਨਹੀਂ ਹੋਈ।

( ੫ ) ਬੂੜੀਏ ਪਿੰਡ ਵਿੱਚ ਤੀਰਥਰਾਮ ਛੀਂਬੇ ਦੇ ਘਰ ਮਾਤਾ ਸੁਖਦੇਵੀ ਦੀ ਕੁੱਖ ਤੋਂ ੨੨ ਜੇਠ ਸੰਮਤ ੧੭੩੩ ਨੂੰ ਮੁਹਕਮ ਸਿੰਘ ਜੀ ਦਾ ਜਨਮ ਹੋਇਆ। ਸੰਮਤ ੧੭੪੨ ਵਿੱਚ ਆਨੰਦਪੁਰ ਨਿਵਾਸ ਕੀਤਾ। ਵੈਸਾਖੀ ਸੰਮਤ ੧੭੫੬ ਨੂੰ ਸੀਸ ਭੇਟ ਕਰਕੇ ਸਿੰਘ ਸਜੇ। ੮ ਪੋਹ ਸੰਮਤ ੧੭੬੧ ਨੂੰ ਚਮਕੌਰ ਸ਼ਹੀਦ ਹੋਏ। ਕਵਿਰਾਜ ਭਾਈ ਸੰਤੋਖ ਸਿੰਘ ਜੀ ਕਰਤਾ ਗੁਰੁ ਪ੍ਰਤਾਪ ਸੂਰਯ ਇਨ੍ਹਾਂ ਦੀ ਹੀ ਵੰਸ਼ ਵਿੱਚੋਂ ਸਨ।
 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top