ਜਦੋਂ ਕੋਈ ਰੋਗ ਲੱਗ ਜਾਵੇ, ਨਾਸੂਰ ਬਣ
ਜਾਵੇ, ਉਸਨੂੰ ਠੀਕ ਕਰਣ ਲੱਗਿਆਂ ਕੌੜੀ ਦਵਾਈ, ਟੀਕੇ, ਕਈ ਵਾਰੀ ਆਪ੍ਰੇਸ਼ਨ ਵੀ ਕਰਨਾ ਪੈਂਦਾ
ਹੈ। ਜੇ ਜ਼ਿਆਦਾ ਰੋਗ ਫੈਲ ਜਾਵੇ ਤਾਂ ਕਈ ਵਾਰੀ ਸਰੀਰ ਦਾ ਅੰਗ ਵੀ ਕੱਟਣਾ ਪੈਂਦਾ
ਹੈ, ਫਿਰ ਜਾਕੇ ਕਿਤੇ ਰੋਗ ਥੋੜ੍ਹਾ ਜਾਂ ਪੂਰਾ ਠੀਕ ਹੁੰਦਾ ਹੈ ਜਾਂ ਨਹੀਂ ਵੀ ਹੁੰਦਾ। ਕਈ
ਵਾਰੀ ਰੋਗੀ ਡਾਕਟਰ ਨੂੰ ਗਾਹਲਾਂ ਵੀ ਕੱਢਣ ਲੱਗ ਜਾਂਦਾ ਹੈ, ਪਰ ਜੇ ਠੀਕ ਹੋਣਾ ਹੈ ਤਾਂ
ਨਾ ਤਾਂ ਮਰੀਜ਼ ਨੂੰ ਦਵਾਈ ਛੱਡਣੀ ਚਾਹੀਦੀ ਹੈ, ਤੇ ਨਾ ਹੀ ਡਾਕਟਰ ਨੂੰ ਮਰੀਜ਼ ਦੀਆਂ ਚੀਕਾਂ
ਜਾਂ ਗਾਹਲਾਂ ਤੋਂ ਇਲਾਜ਼ ਛੱਡ ਦੇਣਾ ਚਾਹੀਦਾ ਹੈ। ਠੀਕ ਹੋਣ ਵਾਲੇ ਤੇ ਕਰਣ ਵਾਲੇ ਨੂੰ ਆਪਣੀ
ਮੁਸ਼ਕੱਤ ਕਰਨੀ ਹੀ ਪੈਂਦੀ ਹੈ।
ਇਹੀ
ਹਾਲਤ ਅੱਜ ਸਿੱਖ ਕੌਮ ਦੀ ਹੈ, ਜਿਸਨੂੰ ਕਈ ਅਸਾਧ ਰੋਗ ਲੱਗ ਚੁਕੇ ਹਨ, ਜਿਨ੍ਹਾਂ
ਨੂੰ ਠੀਕ ਕਰਣ ਲਈ ਮਰੀਜ਼ ਵੀ ਚੀਕਾਂ ਮਾਰ ਰਿਹਾ, ਤੇ ਠੀਕ ਕਰਣ ਵਾਲੇ ਨੂੰ ਹੀ ਗਾਹਲਾਂ ਕੱਢ
ਰਿਹਾ ਹੈ। ਐਸੇ ਕਈ ਅਸਾਧ ਰੋਗ ਲੱਗ ਗਏ ਹਨ ਜਿਵੇਂ...
- ਗੁਰੂ ਨਾਨਕ ਸਾਹਿਬ ਦੇ
ਨਾਂ 'ਤੇ ਮਾਰੀਆਂ ਗੱਪ ਸਾਖੀਆਂ, ਪੱਥਰ 'ਤੇ ਪੰਜੇ ਵਾਲੀ ਸਾਖੀ, ਬਾਲੇ ਵਾਲੀ ਜਨਮ
ਸਾਖੀ, ਆਦਿ
- ਕੱਚੀਆਂ ਧਾਰਨਾਵਾਂ ਜਿਸ ਵਿੱਚ
ਮਿਹਰਬਾਨ ਵੱਲੋਂ ਲਿਖਿਆਂ ਕਈ ਐਸੀਆਂ ਧਾਰਨਾਵਾਂ ਹਨ, ਜੋ ਕਿ ਗੁਰਬਾਣੀ ਦਾ
ਭੁਲੇਖਾ ਪਾਉਂਦੀਆਂ ਹਨ, ਜਿਵੇਂ "ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤਿ", ਆਦਿ
- ਬਾਬਾ ਬੁੱਢਾ ਜੀ ਦੇ ਨਾਮ 'ਤੇ ਨੱਥੀ
ਗੰਡਾ ਭੰਨਣ ਵਾਲੀ ਸਾਖੀ
- ਸੋਢੀ ਪਿਰਥੀਚੰਦ ਦੀ ਰਚਨਾ ਦੇ ਨਾਮ ਹੇਠ, ਗੁਰੂ
ਹਰਗੋਬਿੰਦ ਸਾਹਿਬ ਦੇ ਨਾਮ 'ਤੇ "ਮਹਲਾ 6" ਦੀ ਰਚਨਾ,
- ਗੁਰੂ ਤੇਗ ਬਹਾਦਰ ਸਾਹਿਬ ਨੂੰ
21 ਸਾਲ ਭੋਰੇ 'ਚ ਤੱਪ ਕਰਦਿਆਂ ਦੀ ਸਾਖੀ,
- ਤੇ ਸਭ ਤੋਂ ਵੱਧ ਕੁਫਰ ਗੁਰੂ
ਗੋਬਿੰਦ ਸਿੰਘ ਜੀ ਦੇ ਨਾਮ 'ਤੇ ਤੋਲਿਆ ਗਿਆ ਹੈ, ਜਿਸ ਵਿੱਚ ਅਖੌਤੀ ਦਸਮ
ਗ੍ਰੰਥ, ਸਰਬ ਲੋਹ ਗ੍ਰੰਥ ਪ੍ਰੇਮ ਸੁਮਾਰਗ ਗ੍ਰੰਥ ਅਤੇ ਕਈ ਹੋਰ,
- ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਅਖੀਰ 'ਤੇ ਰਾਗਮਾਲਾ ਆਦਿ...
...ਤੇ ਫਿਰ ਭਾਈ ਗੁਰਦਾਸ ਜੀ ਦੇ ਨਾਮ
ਅਤੇ ਵਾਰਾਂ ਦਾ ਭੁਲੇਖਾ ਪਾਉਣ ਭਾਈ ਗੁਰਦਾਸ ਦੂਜੇ ਦੀ ਵਾਰ। ਸਾਡਾ ਅੱਜ ਦਾ ਵਿਸ਼ਾ
ਇਹੀ ਹੈ।
ਅੱਜ ਜੇ ਕੋਈ ਗੁਰੂ ਨਾਨਕ ਦਾ ਨਾਮ ਰੱਖ ਲਏ, ਕੀ ਉਹ ਗੁਰੂ ਨਾਨਕ ਬਣ
ਜਾਵੇਗਾ? ਕੀ ਕੋਈ ਤੁਹਾਡਾ ਹੀ ਨਾਮ ਵਰਤ ਕੇ ਤੁਹਾਡੇ ਘਰ ਆ ਜਾਵੇ, ਤੇ ਕਹੇ ਕਿ ਮੈਂ ਹੀ
ਫਲਾਣਾ ਸਿੰਘ ਹਾਂ, ਕੀ ਤੁਸੀਂ ਆਪਣਾ ਘਰ ਛੱਡ ਦਿਉਗੇ? ਕੀ ਤੁਹਾਡੇ ਬੱਚੇ ਉਸਨੂੰ ਆਪਣਾ
ਪਿਓ ਕਹਿਣ ਲੱਗ ਪੈਣਗੇ?
ਇਹ ਕਿਸਨੇ ਹੱਕ ਦਿੱਤਾ ਕਿ ਭਾਈ ਗੁਰਦਾਸ
ਜੀ ਦੀਆਂ 40 ਵਾਰਾਂ ਤੋਂ ਅਗਾਂਹ ਭਾਈ ਗੁਰਦਾਸ ਦੂਜਾ 41ਵੀਂ ਵਾਰ ਲਿੱਖ ਦਵੇ?
ਇੱਕ ਕੁਮੈਂਟ ਕਰਣ ਵਾਲੇ ਨੇ ਤਾਂ ਕਮਾਲ ਹੀ ਕਰ ਦਿੱਤੀ ਕਿ ਅਖੇ "ਮਿਕਸ
ਨਹੀਂ ਕੀਤੀ, ਜੋੜੀ ਹੈ"। ਵਾਹ,
ਜੋੜਨ ਦਾ ਹੱਕ ਕਿਸਨੇ ਦਿੱਤਾ? ਜੇ ਜੋੜਨਾ ਹੀ ਸੀ ਤਾਂ 41ਵੀਂ ਵਾਰ ਦੀ ਥਾਂ ਆਪਣਾ ਨਾਮ ਤੇ
ਵਾਰ 1 ਲਿਖਣਾ ਸੀ, ਕੀ ਇਹ ਧੋਖਾ
ਨਹੀਂ ?
ਤੇ ਅੱਗੇ ਕੁਮੈਂਟ ਕਰਣ ਵਾਲੇ ਭਾਈ ਕਹਿੰਦੇ ਕਿ "41ਵੀਂ
ਵਾਰ ਪੜ੍ਹ ਕੇ ਤਾਂ ਦੇਖੋ, ਪਤਾ ਚੱਲ ਜਾਵੇਗਾ।" ਸਹੀ
ਕਿਹਾ ਇੱਕ ਵਾਰੀ ਪੜ੍ਹ ਕੇ ਤਾਂ ਦੇਖੋ... ਪਤਾ ਚੱਲੇ ਕੀ ਲਿਖਿਆ... ਆਓ ਦੇਖੀਏ...
ਫਿਰ ਕੱਢ ਲਿਓ ਸਾਨੂੰ ਗਾਹਲਾਂ... ਪਰ ਬਿਨਾਂ ਪੜ੍ਹੇ ਨਹੀਂ...
ਜਿਸ ਵਾਰ ਦਾ ਇਥੇ ਜ਼ਿਕਰ ਹੋ ਰਿਹਾ ਹੈ ਉਹ ਹੈ "ਵਾਹ
ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ"।
ਇਸ ਵਾਰ ਨੂੰ ਪੜ ਕੇ ਹੀ ਸਪਸ਼ਟ ਹੋ ਜਾਂਦਾ
ਹੈ ਕਿ ਇਹ ਵਾਰ ਸੰਨ 1699 ਤੋਂ ਬਾਅਦ ਲਿਖੀ ਗਈ ਹੈ ਕਿਉਂਕਿ ਇਸ ਵਿੱਚ 1699 ਵਾਲੇ ਖੰਡੇ
ਦੀ ਪਾਹੁਲ ਦੇ ਕੌਤਕ ਦਾ ਜ਼ਿਕਰ ਹੈ। ਜਦੋਂ ਕਿ ਅਸਲੀ ਭਾਈ ਗੁਰਦਾਸ ਜੀ ਉਸ ਤੋਂ
ਕਾਫੀ ਸਮਾਂ ਪਹਿਲਾਂ ਸ਼ਰੀਰ ਤਿਆਗ ਚੁਕੇ ਸਨ। ਇਸ ਕਰਕੇ
ਜ਼ਿਆਦਾਤਰ ਟੀਕਾਕਾਰਾਂ ਨੇ ਝੁਠੇ ਸਾਬਿਤ ਹੋਣ ਦੇ ਡਰੋਂ ਲੁਕਾ ਛਿਪਾ ਕੇ ਨੋਟ ਵੀ ਦਿਤੇ ਕਿ
ਇਹ 41 ਵੀਂ ਵਾਰ ਕਿਸੇ ਭਾਈ ਗੁਰਦਾਸ ਸਿੰਘ ਦੀ ਹੈ, ਜੋ 1699 ਤੋਂ ਬਾਅਦ ਰਚੀ ਗਈ।
ਪਰ ਫੇਰ ਵੀ ਉਹ ਸਾਰੇ ਟੀਕਾਕਾਰ ਇਸ ਸਾਜਿਸ਼ ਦਾ ਜਾਣੇ-ਅੰਜਾਣੇ ਹਿੱਸਾ ਬਨਣ ਦੇ ਭਾਗੀਦਾਰ
ਜ਼ਰੂਰ ਹਨ, ਜਿਹਨਾਂ ਨੇ ਇਸ ਵਾਰ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਅੱਜ ਤੱਕ ਜੋੜੀ
ਰਖਿਆ। ਇਸ ਵਿੱਚ "ਅੰਮ੍ਰਿਤ ਕੀਰਤਨ ਪੋਥੀ" ਦਾ ਵੀ ਬਹੁਤ ਵੱਡਾ ਹੱਥ ਹੈ, ਕਿ ਜਿਸ ਵਿਚ
ਗੁਰਬਾਣੀ ਦੇ ਨਾਲ ਨਾਲ ਹੋਰ ਗੁਰਮਤਿ ਵਿਰੋਧੀ ਗ੍ਰੰਥਾਂ ਦੀ ਰਚਨਾਵਾਂ ਵੀ ਸ਼ਾਮਿਲ ਕੀਤੀਆਂ
ਹੋਈਆਂ ਹਨ, ਜਿਸ ਨਾਲ ਆਮ ਸਿੱਖ ਦੇ ਨਾਲ ਨਾਲ ਰਾਗੀ - ਪ੍ਰਚਾਰਕ ਵੀ ਧੋਖਾ ਖਾ ਗਏ, ਕਈ
ਜਾਗ ਪਏ, ਪਰ ਹਾਲੇ ਬਹੁਤੇ ਇਸੀ ਪੋਥੀ ਦੇ ਬਣਾਏ ਜਾਲ 'ਚ ਫਸੇ ਹੋਏ ਹਨ।
ਹਰ ਪੰਥ ਦਰਦੀ ਸਿੱਖ ਇਹ ਚੰਗੀ ਤਰ੍ਹਾਂ
ਸਮਝਦਾ ਹੈ ਕਿ ਇਹ ਵਾਰ ਨਿਰੋਲ ਗੁਰਮਤਿ ਵਿਰੋਧੀ ਹੈ ਤੇ ਕਿਸੇ ਪੰਥ ਦੋਖੀ ਤਾਕਤ (ਲੇਖਕ)
ਦੀ ਲਿਖੀ ਹੋਈ ਹੈ। ਆਉ ਇਸ ਵਾਰ ਬਾਰੇ ਵੀ ਵਿਚਾਰ ਕਰ ਲੈਣਾ ਲਾਹੇਵੰਦਾ ਰਹੇਗਾ।
ਇਸੇ ਵਾਰ ਵਿੱਚ ਲਿਖਿਆ ਮਿਲਦਾ ਹੈ:
“ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ॥”
ਭਾਵ
ਦਸ਼ਮੇਸ਼ ਜੀ ਨੇ ‘ਖੰਡੇ ਦੀ ਪਾਹੁਲ’ ਵਾਲੇ ਕੌਤਕ ਸਮੇਂ ਦੇਵੀ "ਕਾਲਕਾ" ਦੀ ਪੂਜਾ ਕੀਤੀ। ਇਸ
ਵਾਰ ਨੂੰ ਗੁਰਮਤਿ ਵਿਰੋਧੀ ਸਾਬਿਤ ਕਰਦੇ ਕੁੱਝ ਹੋਰ ਨੁੱਕਤੇ ਵਿਚਾਰ ਲੈਂਣੇ ਲਾਹੇਵੰਦ
ਰਹਿਣਗੇ। ਇਸਲਾਮ ਕੌਮ ਪ੍ਰਤੀ ਸਿੱਖਾਂ ਵਿੱਚ ਨਫਰਤ ਪੈਦਾ ਕਰਨ ਦੇ ਮਨੋਰਥ ਨਾਲ ਲਿਖੀ ਗਈ
ਇਸ ਵਾਰ ਦੇ ਕੁੱਝ ਅੰਸ਼ ਹੇਠ ਲਿਖੇ ਅਨੁਸਾਰ ਹਨ:
1. ਤੁਰਕ ਦੁਸਟ ਸਭ ਛੈ ਕੀਏ
ਹਰਿਨਾਮੁ ਉਚਾਰਾ॥ (ਪਉੜੀ 15 ਤੁੱਕ 10ਵੀਂ)
2. ਤਬ ਸੁੰਨਤ ਕੋਇ ਨ ਕਰ ਸਕੈ ਕਾਂਪਿਉ ਤੁਰਕਾਨਾ॥ ਇਉਂ
ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ॥ (ਪਉੜੀ 16 ਤੁੱਕ 16-17)
3. ਦੀਨ ਮੁਹੰਮਦ ਉਠ ਗਇਉ ਹਿੰਦਕ ਠਹਿਰਾਏ॥ ਤਹਿ
ਕਲਮਾ ਕੋਇ ਨ ਪੜਿ ਸਕੇ ਨਹੀਂ ਜ਼ਿਕਰ ਅਲਾਏ॥ ਨਿਵਾਜ਼
ਦਰੂਦ ਨ ਫਾਤਿਹਾ ਨਹ ਲੰਡ ਕਟਾਏ॥ ਯਹ ਰਾਹ ਸ਼ਰੀਅਤ
ਮੇਟ ਕਰਿ ਮੁਸਲਿਮ ਭਰਮਾਏ॥ (ਪਉੜੀ 17 ਤੁੱਕ 2-5)
4. ਸਭ ਜਗ ਤਿਨਹੂੰ ਲੁਟ ਕਰਿ ਤੁਰਕਾ ਚੁਣਿ ਖਾਏ॥
(ਪਉੜੀ 17 ਤੁੱਕ 7)
5. ਸਭ ਤੁਰਕ ਮਲੇਛ ਖਪਾਇ ਕਰਿ ਸਚ ਬਣਤ ਬਣਾਏ॥ (ਪਉੜੀ
17 ਤੁੱਕ13ਵੀਂ)
6. ਤਬ ਸਭ ਤੁਰਕਨ ਕੋ ਛੇਦਿ ਕਰਿ ਆਕਾਲ ਜਪਾਏ॥ (ਪਉੜੀ
19 ਤੁੱਕ 10ਵੀਂ)
7. ਔਰੰਗੇ ਇਹ ਬਾਦ ਰਚਾਇਉ, ਤਿਹ ਅਪਨਾ ਕੁਲ ਨਾਸ ਕਰਾਇਉ॥
(ਪਉੜੀ 22 ਤੁੱਕ 15-16)
8. ਤੁਰਕ ਦੁਸਟ ਸਭ ਮਾਰ ਬਿਦਾਰੇ॥ (ਪਉੜੀ 24
ਤੁੱਕ 3)
16ਵੀਂ ਵਾਰ ਤੋਂ ਪਹਿਲਾਂ ਖੰਡ ਲਪੇਟਣੀ
ਸ਼ੁਰੂ ਕੀਤੀ ਗਈ ਹੈ, ਤੇ 16ਵੀਂ ਵਾਰ ਤੋਂ ਲੈ ਕੇ ਅੱਗੇ
ਜ਼ਹਿਰ ਘੋਲੀ ਗਈ ਹੈ।
ਜ਼ਰਾ
ਕਰੋ ਦਰਸ਼ਨ ਅਖੌਤੀ16 ਵੀਂ ਵਾਰ ਦੇ:
ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ
ਬਿਗਿਆਨਾ॥ ਤਬ
ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ॥
ਇਉਂ ਉਠੇ ਸਿੰਘ ਭਭਕਾਰਿ ਕੈ ਸਭ ਜਗ
ਡਰਪਾਨਾ॥ ਮੜੀ
ਦੇਵਲ ਗੋਰ ਮਸੀਤਿ ਢਾਹਿ ਕੀਏ ਮੈਦਾਨਾ॥
ਬੇਦ ਪੁਰਾਨ ਖਟ ਸਾਸਤ੍ਰਾ ਫੁਨ ਮਿਟੇ
ਕੁਰਾਨਾ॥ ਬਾਂਗ
ਸਲਾਤ ਹਟਾਇ ਕਰਿ ਮਾਰੇ ਸੁਲਤਾਨਾ॥
ਮੀਰ ਪੀਰ ਸਭ ਛਪਿ ਗਏ ਮਜਹਬ ਉਲਟਾਨਾ॥ ਮਲਵਾਨੇ
ਕਾਜੀ ਪੜਿ ਥਕੇ ਕਛੁ ਮਰਮੁ ਨ ਜਾਨ॥
ਲਖ ਪੰਡਤਿ ਬ੍ਰਹਮਨ ਜੋਤਕੀ ਬਿਖ ਸਿਉ ਉਰਝਾਨਾ॥ ਫੁਨ
ਪਾਥਰ ਦੇਵਲ ਪੂਜਿ ਕੈ ਅਤਿ ਹੀ ਭਰਮਾਨਾ॥
ਇਉਂ ਦੋਨੋ ਫਿਰਕੇ ਕਪਟ ਮੋਂ ਰਚ ਰਹੇ
ਨਿਦਾਨਾ॥ ਇਉਂ
ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ॥
ਜਿਨਿ ਗੁਰੁ ਗੋਬਿੰਦ ਕੇ ਹੁਕਮ ਸਿਉ
ਗਹਿ ਖੜਗ ਦਿਖਾਨਾ॥ ਤਿਹ
ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ॥
ਫਿਰ ਐਸਾ ਹੁਕਮ ਅਕਾਲ ਕਾ ਜਗ ਮੈ
ਪ੍ਰਗਟਾਨਾ॥ ਅਬ
ਸੁੰਨਤ ਕੋਇ ਨ ਕਰ ਸਕੈ ਕਾਂਪਤਿ ਤੁਰਕਾਨਾ॥
ਇਉਂ ਉਮਤ ਸਭ ਮੁਹੰਮਦੀ ਖਪਿ ਗਈ
ਨਿਦਾਨਾ॥ ਤਬ
ਫਤੇ ਡੰਕ ਜਗ ਮੋ ਘੁਰੇ ਦੁਖ ਦੁੰਦ ਮਿਟਾਨਾ॥
ਇਉਂ ਤੀਸਰ ਪੰਥ ਰਚਾਇਨੁ ਵਡ ਸੂਰ ਗਹੇਲਾ॥ ਵਾਹ
ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥16॥
ਕੀ
ਗੁਰੂ ਗੋਬਿੰਦ ਐਸਾ ਹੁਕਮ ਕਰ ਸਕਦੇ ਸਨ ਕਿ ਹਿੰਦੂ - ਮੁਸਲਮਾਨਾਂ ਦੇ ਮੰਦਿਰ, ਮਸੀਤਾਂ,
ਮੜੀਆਂ ਢਾਹ ਕੇ, ਮੈਦਾਨ ਬਣਾ ਦਿਓ? ਦੂਜੇ ਧਰਮਾਂ ਨੂੰ
ਮੰਨਣ ਵਾਲਿਆਂ ਨੂੰ ਦੁਸ਼ਟ ਕਹਿਣਾ "ਤਿਹ ਸਭ ਦੁਸਟਨ ਕਉ
ਛੇਦਿ ਕੈ..." ਕੀ ਇਹ ਗੁਰੂ ਸਾਹਿਬ ਕਹਿ ਸਕਦੇ ਹਨ? ਹੁਣ
ਕੋਈ ਸੁੰਨਤ ਨਹੀਂ ਕਰ ਸਕਦਾ, ਸਾਰੇ ਤੁਰਕ ਕੰਬਣ ਲੱਗ ਪਏ "ਅਬ
ਸੁੰਨਤ ਕੋਇ ਨ ਕਰ ਸਕੈ ਕਾਂਪਤਿ
ਤੁਰਕਾਨਾ"...
ਉਪਰੋਕਤ ਤੁੱਕਾਂ ਦੀ ਵਿਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਵਾਰ ਦੀ ਰਚਨਾ ਦਾ ਇਕੋ
ਇੱਕ ਮਕਸਦ ਆਮ ਸਿੱਖਾਂ ਦੇ ਮਨ ਵਿੱਚ ਮੁਸਲਮਾਨਾਂ ਅਤੇ ਹੋਰ ਧਰਮਾਂ ਪ੍ਰਤੀ ਨਫਰਤ ਪੈਦਾ
ਕਰਨਾ ਸੀ, ਜਿਸ ਵਿੱਚ ਲੇਖਕ ਨੂੰ ਕਾਫੀ ਹੱਦ ਤਕ ਸਫਲਤਾ ਵੀ ਮਿਲੀ ਹੈ। ਬਿਲਕੁਲ
ਐਸੀ ਹੀ ਬੋਲੀ ਕਈ ਫਿਰਕੂ ਜਥੇਬੰਦੀਆਂ ਅੱਜ ਵੀ ਵਰਤ ਰਹੀਆਂ ਹਨ। ਬੇਸ਼ਕ ਉਸ ਸਮੇਂ ਮੁਗਲ
ਸ਼ਾਸ਼ਕ ਜ਼ਾਲਮ ਸਨ, ਫਿਰ ਵੀ ਇੱਕ ਗੱਲ ਖਾਸ ਧਿਆਨਯੋਗ ਇਹ ਹੈ ਕਿ ਜਿਹਨਾਂ ਹਿੰਦੂ ਪਹਾੜੀ
ਰਾਜਿਆਂ ਕਾਰਨ ਸਿੱਖ-ਮੁਸਲਮ ਜੰਗ ਹੋਏ ਉਹਨਾਂ ਦਾ ਜ਼ਿਕਰ ਵੀ ਇਸ ਵਾਰ ਵਿੱਚ ਨਹੀਂ ਕੀਤਾ
ਗਿਆ। ਨਾਲ ਹੀ ਸੁੰਨੱਤ ਲਈ ‘ਲੰਡ ਕਟਾਏ’ ਜਿਹੇ ਅਸ਼ਲੀਲ
ਅਤੇ ਸੱਚ ਵਿਰੋਧੀ ਲਫਜ਼ ਵਰਤਨੇ, ਇਸ ਵਾਰ ਨੂੰ ਯਕੀਕਨ ਗੁਰਮਤਿ ਵਿਰੋਧੀ ਸਾਬਿਤ ਕਰਦੇ ਹਨ।
ਇਸ ਵਾਰ ਦੀਆਂ ਉਨ੍ਹਾਂ ਤੁੱਕਾਂ ਨੂੰ
ਵਿਚਾਰਨਾ ਵੀ ਅਤਿ ਜਰੂਰੀ ਹੈ ਜੋ ਇਸ ਦੇ ਲੇਖਕ
ਨੂੰ "ਦੇਵੀ
ਭਗੌਤੀ" ਦਾ ਪੁਜਾਰੀ ਸਾਬਿਤ ਕਰਦੀਆਂ ਹਨ। ਨਾਲ
ਹੀ ਇਸ ਵਾਰ ਦੇ ਪੜ੍ਹਨ/ਰਟਨ ਕਰਨ ਨਾਲ ਇਸ ਤੋਂ ਮਿਲਦੇ ਫੱਲਾਂ ਦੇ ਗੁਰਮਤਿ ਵਿਰੋਧੀ
ਭਰਮਜਾਲ ਵਿੱਚ ਫਸਾਉਂਣ ਵਾਲੀਆਂ ਇਨ੍ਹਾਂ ਤੁੱਕਾਂ ਦੀ ਵਿਚਾਰ ਕਰ ਲੈਣੀ ਲਾਹੇਵੰਦ ਰਹੇਗੀ।
1. ਯਹ ਵਾਰ ਭਗਉਤੀ ਜੋ ਪੜੈ
ਅਮਰਾਪਦੁ ਪਾਏ। ਤਹ ਦੁਖ ਸੰਤਾਪ ਨ ਕਛੂ ਲਗੈ
ਆਨੰਦ ਵਰਤਾਏ॥ (ਪਉੜੀ 20 ਤੁੱਕ 11-12)
2. ਇਹ ਵਾਰ ਭਗਉਤੀ ਮਹਾਂ ਪੁਨੀਤੇ॥ (ਪਉੜੀ 41
ਤੁੱਕ 1)
3. ਜੋ ਨਿਸ ਬਾਸਰ ਰਟਹਿ ਇਹ ਵਾਰੇ ਸੋ ਪਹੁੰਚੈ ਧੁਰ ਹਰਿ
ਦਰਬਾਰੇ॥ (ਪਉੜੀ 41 ਤੁੱਕ 7-8) ਫੇਰ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਨ ਦੀ ਕੀ ਲੋੜ ਹੈ? ਇਸੇ "ਵਾਰ" ਨੂੰ
ਬਾਰ-ਬਾਰ ਕਿਉਂ ਨਾ ਰੱਟਦੇ ਰਹੀਏ?
ਇਸ ਵਾਰ ਦੀ ਇੱਕ ਹੋਰ ਦਿਲਚਸਪ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਇਸਦਾ
ਸਿਰਲੇਖ ‘ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10’
ਹੈ, ਬਿਲਕੁਲ ਐਸਾ ਹੀ ਸਿਰਲੇਖ "ਚੰਡੀ ਦੀ ਵਾਰ" ਦਾ
ਵੀ ਹੈ, ਜਿਸ ਵਿਚੋਂ ਪ੍ਰਚਲਿਤ ਅਰਦਾਸ ਦੀ ਸ਼ੁਰੂਆਤ ਵਾਲਾ ਬੰਦ ‘ਪ੍ਰਿਥਮ
ਭਗੌਤੀ ਸਿਮਰਿ ਕੈ’ ਲਿਆ ਗਿਆ ਹੈ। ਇਹ
ਸਾਬਿਤ ਕਰਦਾ ਹੈ ਕਿ ਦੋਵੇਂ ਰਚਨਾਵਾਂ ਇਕੋ ਹੀ ਲਿਖਾਰੀ ਦੀਆਂ ਹਨ।
ਉਪਰੋਕਤ ਵਿਚਾਰ ਤੋਂ ਉਪਰੰਤ ਇਹ ਸਾਬਿਤ ਕਰਨ ਲਈ ਸ਼ਾਇਦ ਹੀ ਕੋਈ ਗੁੰਜਾਇਸ਼ ਬਚਦੀ ਹੋਵੇ ਕਿ
ਇਹ ਵਾਰ ਪੰਥ ਵਿਰੋਧੀ ਤਾਕਤਾਂ ਵਲੋਂ ਪੰਥ ਦੇ ਵਿਹੜੇ ਵਿੱਚ "ਖੰਡ ਲਪੇਟੇ ਜ਼ਹਿਰ" ਵਜੋਂ
ਸੁਟੀਆਂ ਗਈਆਂ ਰਚਨਾਵਾਂ ਦਾ ਹੀ ਹਿੱਸਾ ਹੈ। ਵੈਸੇ ਵੀ ਇਸ ਵਾਰ ਦੀ 19 ਵੀਂ ਪਉੜੀ
ਦੀ ਇਹ ਤੁੱਕ “ਯਹ ਬਾਰਹ ਸਦੀ ਨਿਬੇੜ ਕਰਿ ਗੁਰ ਫਤੇ ਬੁਲਾਏ।”
ਇਹ ਸਾਬਿਤ ਕਰਦੀ ਹੈ ਕਿ ਇਹ ਦਸ਼ਮੇਸ਼ ਜੀ ਤੋਂ ਬਹੁਤ ਸਮਾਂ ਬਾਅਦ ਦੀ ਲਿਖਤ ਹੈ।
ਪਰ ਅਫਸੋਸ ਹੈ ਕਿ ਇਹ ਵਾਰ ਸਿੱਖ ਪੰਥ ਵਿੱਚ
ਪੂਰੀ ਤਰਾਂ ਪ੍ਰਮਾਣਿਕ ਮੰਨ ਲਈ ਗਈ। ਹੋਰ ਤਾਂ ਹੋਰ ਗੁਰਬਾਣੀ ਦੀ ਤਰਾਂ ਪ੍ਰਚਲਿਤ ਇਸ ਵਾਰ
ਦਾ ਕੀਰਤਨ ਅਕਸਰ ਹੀ ਗੁਰਦੁਆਰਿਆਂ ਵਿੱਚ ਕੀਤਾ ਜਾ ਰਿਹਾ ਹੈ।
ਕਈ
ਕਹਿੰਦੇ ਹਨ ਕਿ ਆਹ ਕੰਮ ਤਾਂ ਬਾਅਦ ਵਿੱਚ ਵੀ ਹੋ ਸਕਦੇ ਹਨ, ਹੁਣ ਸਾਨੂੰ ਸਿੱਖ ਵਿਰੋਧੀਆਂ
ਤੋਂ ਸਾਵਧਾਨ ਹੋਣ ਦੀ ਲੋੜ੍ਹ ਹੈ। ਭੋਲਿਓ, ਸਾਡੇ ਗੁਰੂ 'ਤੇ, ਸਿਧਾਂਤ 'ਤੇ,
ਗ੍ਰੰਥ 'ਤੇ ਘੁਸਪੈਠ ਹੋ ਚੁਕੀ ਹੈ, ਗੰਦਗੀ ਬੁਰੀ ਤਰ੍ਹਾਂ ਨਾਲ ਫੈਲ ਚੁਕੀ ਹੈ, ਵਿਰੋਧੀ
ਸਿਰਫ ਬਾਹਰ ਹੀ ਨਹੀਂ, ਬਹੁਤੇ ਅੰਦਰ ਹੀ ਹਨ। ਜਦੋਂ ਤੋਂ ਗੁਰੂ
ਨਾਨਕ ਸਾਹਿਬ ਨੇ ਜਨੇਊ ਨਾ ਪਹਿਨਿਆ, ਉਸੇ ਦਿਨ ਤੋਂ ਲੈਕੇ ਅੱਜ ਤੱਕ ਗੁਰਮਤਿ ਵਿਰੋਧੀ
ਤਤਪਰ ਹਨ, ਕਦੇ ਵੀ ਚੈਨ ਨਹੀਂ ਲੈਣ ਦਿੱਤਾ ਗਿਆ... ਫਿਰ
ਕਿਹੜੇ ਦਿਨ ਦੀ ਉਡੀਕ ਕੀਤੀ ਜਾਵੇ? ਇਸੇ ਲਈ ਅੱਜ ਹੀ ਦਾ ਹੀ ਦਿਨ, ਵਰਤਮਾਨ ਹੀ
ਹੈ ਕੰਮ ਕਰਣ ਦਾ, ਬਾਹਰੋਂ ਹੋ ਰਹੇ ਹਮਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਦਾ, ਅਤੇ ਅੰਦਰਲੇ
ਬਹਰੂਪੀਆਂ ਤੋਂ ਬਚਣ ਦਾ। ਭੂਤਕਾਲ
ਬੀਤ ਗਿਆ, ਭਵਿੱਖ... ਵਰਤਮਾਨ 'ਤੇ ਨਿਰਭਰ ਹੈ, ਇਸੇ ਲਈ ਅੱਜ ਹੀ ਕਰੋ ਜੋ ਕਰਨਾ ਹੈ...
ਸਿੱਖ ਅਖਵਾਉਣ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ ਸਭ
ਤੋਂ ਜ਼ਿਆਦਾ ਧੋਖਾ ਦਿੱਤਾ ਜਾਂਦਾ ਹੈ, ਤੇ ਸਿੱਖ ਅਖੀਂ ਦੇਖ ਕੇ
ਵੀ ਮੱਖੀ ਨਿਗਲ਼ੀ ਜਾਂਦੇ ਹਨ। ਭਾਈ, ਸਾਡੇ ਕੋਲੋਂ ਤਾਂ
ਨਹੀਂ ਨਿਗਲ ਹੁੰਦੀ ਗੰਦੀ ਮੱਖੀ, ਜਿਨ੍ਹਾਂ ਨੇ ਨਿਗਲਣੀ ਹੈ, ਜੀ ਸਦਕੇ ਨਿਗਲਣ।