Share on Facebook

Main News Page

ਦਿਲਾਂ ਦੇ ਵਲਵਲੇ
ਅਕਾਲ ਦੇ ਪੁਜਾਰੀ

ਕਿਸੀ ਵੀ ਇਮਾਰਤ ਨੂੰ ਢੰਗ ਨਾਲ ਖੜੇ ਰਹਿਣ ਲਈ ਪੱਕੀ ਨੀਂਹ ਚਾਹੀਦੀ ਹੈ, ਇਹ ਇੱਕ ਸਿਧਾਂਤ ਹੈ ! ਕੋਈ ਵੀ ਵਸਤੁ ਜੇਕਰ ਉਪਰ ਸੁੱਟੀ ਜਾਵੇ ਤੇ ਓਹ ਥੱਲੇ ਹੀ ਆ ਪਵੇਗੀ ਇਹ ਇੱਕ ਸਿਧਾਂਤ ਦਾ ਦ੍ਰਿਸ਼ਟਾਂਤ ਹੈ! ਸਿਧਾਂਤ ਤੋਂ ਬਿਨਾ (ਧੁਰੇ ਤੋਂ ਬਿਨਾ, without principle) ਸਭ ਕੁਝ ਡਾਵਾਂਡੋਲ ਹੁੰਦਾ ਹੈ ਤੇ ਉਸਦੀ ਕੋਈ ਮਹਤਤਾ ਜਾਂ ਪਕਿਆਈ ਨਹੀਂ ਹੁੰਦੀ ! ਸਿਧਾਂਤ ਤੇ ਰਹਿਣਾ (Stick to Basics) ਬਹੁਤ ਜਰੂਰੀ ਹੈ ਤੇ ਉਸ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ !

ਸਿਖ ਅਕਾਲ ਦਾ ਪੁਜਾਰੀ ਹੈ ਅੱਤੇ ਅਕਾਲ ਸ਼ਬਦ ਰੂਪ ਹੈ ! ਅਕਾਲ ਸਚ ਸਰੂਪ ਹੈ ! ਅਕਾਲ ਕਿਸੀ ਨਾਲ ਵੈਰ ਨਹੀਂ ਕਮਾਉਂਦਾ ! ਹਵਾ, ਪਾਣੀ, ਧਰਤੀ, ਸੂਰਜ ਆਦਿ ਸਭ ਇੱਕ ਨਿਅਮ-ਬਧ ਤਰੀਕੇ ਨਾਲ ਅਕਾਲ ਦੇ ਅਧੀਨ ਹਨ ! ਜਦੋਂ ਵੀ ਕੋਈ ਚੀਜ਼ ਨਿਅਮ ਤੋੜ ਕੇ ਚਲਦੀ ਹੈ ਤੇ ਓਹ ਅਕਸਰ ਵਿਨਾਸ਼ ਪੈਦਾ ਕਰਦੀ ਹੈ, ਭਾਵੇਂ ਓਹ ਹਵਾ ਹੋਵੇ, ਪਾਣੀ ਹੋਵੇ, ਕੋਈ ਇਨਸਾਨ ਹੋਵੇ ਜਾਂ ਹੋਵੇ ਕੋਈ ਵਿਚਾਰਧਾਰਾ !

ਅਕਾਲ ਤਖ਼ਤ ਗੁਰਮਤ ਦੇ ਸਿਧਾਂਤ ਦਾ ਪ੍ਰਗਟਾਵਾ ਅਤੇ ਨਿਸ਼ਾਨ ਹੈ ਅਤੇ ਉਸ ਤਖ਼ਤ ਦੀ ਮਰਿਆਦਾ (ਅਕਾਲ ਦੇ ਗੁਣ) ਨੂੰ ਅਪਣਾਉਣ, ਵਰਤਾਉਣ ਤੇ ਚਲਾਉਣ ਦੀ ਜਿੰਮੇਵਾਰੀ ਉਸ ਗੁਰਮੁਖ ਸੇਵਾਦਾਰ ਦੇ ਹਿੱਸੇ ਹੈ ਜਿਸਨੂੰ ਕੀ ਅਸੀਂ ਜੱਥੇਦਾਰ ਕਹਿੰਦੇ ਹਾਂ ! ਅਸਲ ਵਿਚ ਜੇਕਰ ਇਸ ਸ਼ਬਦ ਦੇ ਸ਼ਬਦੀ ਅਰਥ ਕਿੱਤੇ ਜਾਣ ਤੇ ਇਸਦਾ ਮਤਲਬ ਨਿਕਲਦਾ ਹੈ ਕੀ ਓਹ ਵਿਅਕਤੀ ਜੋ ਕਿਸੀ ਜੱਥੇ ਦਾ ਮੁਖੀ ਹੈ, ਇਸਦੇ ਨਾਲ ਹੀ ਜੇਕਰ ਅਸੀਂ ਸਰਦਾਰ ਦੇ ਅਰਥ ਕਰੀਏ ਤਾਂ ਕਿਸੀ ਜੱਥੇ ਦੇ ਮੁਖੀ ਨੂੰ ਅਸੀਂ ਇਜੱਤ ਨਾਲ ਸਰਦਾਰ ਬੁਲਾਉਂਦੇ ਹਾਂ ! ਜਥੇਦਾਰ ਜਾਂ ਸਰਦਾਰ ਸ਼ਬਦ ਸਿੱਖਾਂ ਵਿੱਚ ਬਹੁਤ ਆਮ ਹਨ, ਤੇ ਗੁਰਮਤ ਦੇ ਅਧਾਰ ਤੇ ਹਰ ਤਿਆਰ ਬਰ ਤਿਆਰ ਸਿੱਖ ਆਪ ਗੁਰੂ ਰੂਪ ਹੈ ਤੇ ਓਹ ਆਪਣੇ ਆਪ ਵਿਚ ਹੀ ਸਰਦਾਰ (ਜੱਥੇਦਾਰ) ਹੈ !

ਧਿਆਨ ਨਾਲ ਵੇਖੀਏ ਤੇ ਸਿੱਖ ਦਾ ਮਤਲਬ ਹੁੰਦਾ ਹੈ ਸਿਖਣ ਵਾਲਾ (ਸਿਖਿਆਰਥੀ) ਤੇ ਸਰਦਾਰ ਦਾ ਮਤਲਬ ਜੱਥੇਦਾਰ (ਲੀਡਰ, ਮੁਖੀ) ! ਜਦੋਂ ਸਿੱਖ ਮੀਰੀ ਅੱਤੇ ਪੀਰੀ ਦੇ ਸਿਧਾਂਤ ਨੂੰ ਸਮਝਣ ਦਾ ਜਤਨ ਕਰਦਾ ਹੈ ਤੇ ਇਹ ਮਤਲਬ ਹੋਰ ਵੀ ਪੱਕਾ ਨਜ਼ਰ ਆਉਂਦਾ ਹੈ ! ਦੋ ਕਿਰਪਾਨਾ ਪ੍ਰਗਟਾਵਾ ਹਨ ਮੀਰੀ ਤੇ ਪੀਰੀ ਦਾ ਅਤੇ ਅਸਲ ਵਿਚ ਜਦੋਂ ਕੋਈ ਸਿੱਖ ਨਿਰਮਲ ਹਿਰਦੇ ਨਾਲ ਖੰਡੇ ਕੀ ਪਾਹੁਲ (ਵਿਖਾਵਾ ਕਰ ਕੇ ਨਹੀਂ) ਦੀ ਸੱਤਾ ਕਬੂਲ ਕਰਦਾ ਹੈ ਤੇ ਓਹ ਮੀਰੀ ਧਾਰਨ ਕਰਦਾ ਹੈ ਸ਼ਰੀਰ ਉਪਰ (ਕਿਰਪਾਨ ਰੂਪ) ਤੇ ਪੀਰੀ ਧਾਰਣ ਕਰਨ ਦੇ ਰਾਹ (ਗੁਰੂ ਦੇ ਦੱਸੇ ਗਾਡੀ ਰਾਹ) ਤੇ ਚਲਣ ਦੀ ਸਾਖੀ ਭਰਦਾ ਹੈ ! ਮੂਰਤ ਅਤੇ ਅਮੂਰਤ (ਦਿਸਣ ਵਾਲੀ ਮੀਰੀ ਤੇ ਅਦਰੋਂ ਪਰਗਟ ਹੋਣ ਵਾਲੀ ਪੀਰੀ) ਦਾ ਸੁਮੇਲ ਹੈ ਸਿੱਖੀ ਸਿਧਾਂਤ !

ਗੁਰੂ ਸਾਹਿਬਾਨ ਦੀ ਸੋਚ ਆਪਣੇ ਸਮੇਂ ਤੋਂ ਪੰਜ ਸਦੀਆਂ ਅੱਗੇ ਵਾਲੀ ਸੀ... ਪਰ ਭਾਰੀ ਅਫਸੋਸ ਹੈ ਕੀ ਸਾਡੇ ਵਿਚੋਂ ਬਹੁਤ ਸਾਰੇ ਲੋਗ ਅੱਜ ਦੇ ਸਮੇਂ ਤੋਂ ਵੀ ਪੰਜ ਸਦੀਆਂ ਪਿੱਛੇ ਦੀ ਜਿੰਦਗੀ ਭਾਲ ਰਹੇ ਹਨ ! ਗੁਰੂ ਅਗਾਂਹ ਸੋਚਦਾ ਹੈ ਤੇ ਅਸੀਂ ਪਿਛੋਕੜ ਨੂੰ ਹੀ ਫੜ੍ਹ ਕੇ ਬਹ ਚੁੱਕੇ ਹਾਂ ! ਗੁਰਮਤ ਰਾਹ ਦੇ ਹਿਸਾਬ ਨਾਲ ਸਿੱਖਾਂ ਦਾ ਆਗੂ, ਸਰਦਾਰ, ਗੁਰੂ ਜਾਂ ਕਹ ਲਵੋ ਕੀ ਜੱਥੇਦਾਰ (ਜੋ ਉਨ੍ਹਾਂ ਨੂੰ ਸਚ ਰਾਹ ਵਿਖਾਉਂਦਾ ਹੈ) ਕਹਿਲਾਉਣ ਦਾ ਹੱਕਦਾਰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ! ਓਹ ਇੱਕੋ ਇੱਕ ਐਸੀ ਜਾਗਤ ਜੋਤ ਹਨ ਜੋ ਪੂਰੀ ਕੌਮ ਨੂੰ ਬਿਨਾ ਕਿਸੀ ਧੜੇਬਾਜੀ ਜਾਂ ਵਿਤਕਰੇ ਦੇ ਸੇਧ ਦੇ ਸਕਦੇ ਹਨ !

ਚਲਦੀ ਰਵਾਇਤ ਅਨੁਸਾਰ ਬਜਰ ਕੁਰਹਿਤਾਂ ਕਰ ਕੇ ਸਿੱਖੀ ਤੋਂ ਖਾਰਿਜ਼ ਹੋਈਦਾ ਹੈ ਤੇ ਪੰਜ ਪਿਆਰਿਆਂ (ਗੁਰੂ ਦੀ ਰਾਹ ਦੇ ਧਾਰਣੀ ਪੰਜ ਸਿਖ) ਕੋਲੋਂ ਭੁਲ ਬਕ੍ਸ਼ਵਾ ਕੇ ਵਾਪਿਸ ਮੁਖ-ਧਾਰਾ ਵਿਚ ਵਾਪਿਸ ਆ ਸਕਦਾ ਹੈ ! ਜਿਸ ਵੇਲੇ ਤਕ ਓਹ ਭੁਲ ਨਹੀਂ ਬਕਸ਼ਵਾਉਂਦਾ ਤਦ ਤੱਕ ਉਸ ਨਾਲ ਸਮਾਜ ਮਿਲ-ਵਰਤਨ ਨਹੀਂ ਕਰਦਾ ! ਇਨ੍ਹਾਂ ਬਜਰ ਕੁਰਹਿਤਾਂ ਤੋ ਛੁੱਟ ਬਾਕੀ ਮਨਮਤਾਂ ਹਨ ਜੋ ਇਨਸਾਨੀ ਕਮਜੋਰੀ ਦਿਆਂ ਨਿਸ਼ਾਨੀਆਂ ਹਨ ! ਮਨਮਤ ਮਤਲਬ ਗੁਰੂ ਦੀ ਮਤ ਤੋ ਉਲਟ ਆਪਣੀ ਮੱਤ ਨੂੰ ਤਰਜੀਹ ਦੇਣੀ ਤੇ ਆਪ ਹੁਦਰੀ ਕਰਨੀ ! ਕੁਰਹਿਤ ਅੱਤੇ ਮਨਮਤ ਦਾ ਇਲਾਜ਼ ਕੇਵਲ ਗਿਆਨ (ਸ੍ਰੀ ਗੁਰੂ ਗ੍ਰੰਥ ਸਾਹਿਬ) ਜਾਂ ਗਿਆਨੀ (ਉਤਮ ਪੁਰੁਸ਼, ਗੁਰਮੁਖ) ਦੀ ਸੰਗਤ ਕਰਨਾ ਹੈ !

ਗੁਰੂ ਦੇ ਦੱਸੇ ਰਾਹ ਅਨੁਸਾਰ ਗੁਰਮਤ ਵਿਚਾਰ ਕਰਨਾ ਕੋਈ ਕੁਰਹਿਤ ਨਹੀਂ ! ਅਕਲੀ ਸਾਹਿਬ ਸੇਵਣ ਦਾ ਸਿਧਾਂਤ ਗੁਰੂ ਸਾਹਿਬ ਸਾਨੂੰ ਆਪ ਸਮਝਾਉਂਦੇ ਹਨ ! ਕਿਸੀ ਗੁਰਮਤ ਸਿਧਾਂਤ (ਅਕਾਲ ਦੇ ਗੁਣਾ ਤੇ ਅਧਾਰਿਤ) ਉਪਰ ਕਿੰਤੂ-ਪਰੰਤੂ ਨਹੀਂ ਹੋ ਸਕਦਾ ਪਰ ਮਨਮਤ ਸਿਧਾਂਤ (ਜੋ ਕੀ ਸਿਆਸੀ ਸ਼ਰੇਣੀ ਵੱਲੋਂ ਪੁਜਾਰੀ ਸ਼ਰੇਣੀ ਉਪਰ ਥੋਪਿਆ ਗਿਆ ਹੋਵੇ ਤੇ ਲਾਗੂ ਕਰਵਾ ਲਿਆ ਗਿਆ ਹੋਵੇ) ਨੂੰ ਵਿਚਾਰ ਕਰ ਕੇ ਸਹੀ ਕਰਨਾ ਤੇ ਉਸ ਪ੍ਰਤੀ ਦੂਸਰੇ ਵੀਰਾਂ ਨੂੰ ਜਾਗਰੂਕ ਕਰਨਾ ਗੁਰੂ ਕੇ ਸਿੱਖ ਪ੍ਰਚਾਰਕ ਦਾ ਇਖਲਾਕੀ ਫਰਜ ਹੈ ! ਕਿਸੀ ਧਰਮ ਨੂੰ ਮੰਨਣਾ ਇੱਕ ਨਿਜੀ ਮਸਲਾ ਹੈ ਪਰ ਉਸ ਧਰਮ ਦੇ ਸਿਧਾਂਤਾਂ ਤੇ ਚਲਣਾ ਕੌਮੀ ਮਸਲਾ ਹੁੰਦਾ ਹੈ !

ਗੁਰੂ ਦੀ ਮੱਤ ਦੇ ਹਿਸਾਬ ਨਾਲ ਅੱਜ ਸਿੱਖਾਂ ਨੂੰ ਬੇਲੋੜੇ ਵਿਵਾਦਾਂ ਤੋ ਬਾਹਰ ਆਉਣ ਦੀ ਬਹੁਤ ਭਾਰੀ ਜਰੂਰਤ ਹੈ ਤੇ ਇਹ ਕਾਰਜ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਰਾਹ ਨਾਲ ਹੀ ਹੋ ਸਕਦਾ ਹੈ ਨਾ ਕੀ ਆਪ-ਹੁਦਰੀਆਂ ਕਰਕੇ ! ਅਕਾਲ ਦੇ ਤਖ਼ਤ ਤੇ ਬਹਿਣ (ਸੇਵਾ ਸੰਭਾਲ) ਦਾ ਹਕਦਾਰ ਓਹੀ ਹੋ ਸਕਦਾ ਹੈ ਜੋ ਉਸ ਤਖ਼ਤ ਦੇ ਬੈਠਣ ਦੇ ਲਾਇਕ ਹੋਵੇ (ਅਕਾਲੀ ਗੁਣਾ ਦਾ ਅਧਿਕਾਰੀ ਹੋਵੇ) ! ਤਖ਼ਤ ਤੋਂ ਜਦੋਂ ਗੁਰਮਤ ਇਨਸਾਫ਼ ਹੋਵੇਗਾ ਤਾਂ ਹਰ ਸਿੱਖ ਉਸ ਹੁਕਮ ਨੂੰ ਖਿੜੇ ਮੱਥੇ ਲਵੇਗਾ ਪਰ ਜਦੋਂ ਵੀ ਮਨਮਤ ਇਨਸਾਫ਼ ਹੋਵੇਗਾ ਤੇ ਗੁਰੂ ਨੇ ਹਰ ਸਿੱਖ ਨੂੰ ਤਾਕਤ ਬਕਸ਼ੀ ਹੈ ਕੀ ਓਹ ਆਪ ਗੁਰੂ ਦਾ ਸਪੁੱਤ ਬਣ ਕੇ ਗਲਤੀ ਸਮਝਾਵੇ ਜਿਵੇਂ ਗੁਰੂ ਕੇ ਸਿੱਖਾਂ ਨੇ ਆਪ ਗੁਰੂ ਗੋਬਿੰਦ ਸਿੰਘ ਜੀ ਨੂੰ ਦਾਦੂ ਦੀ ਮਜਾਰ ਤੇ ਤੀਰ ਮਾਰਣ ਤੋਂ ਬਾਅਦ ਸਮਝਾਈ ਸੀ (ਗੁਰੂ ਕੀਆਂ ਚੋਜਾਂ) ਤੇ ਗੁਰੂ ਕੇ ਸਪੁੱਤ ਸਿੱਖਾਂ ਨੇ ਜਿਵੇਂ ਬਾਹਮਣ ਪਾਸੋ ਤੇਲ, ਲੋਹਾ ਆਦਿ ਵਾਪਿਸ ਲੈ ਆਉਂਦਾ ਸੀ !

ਤਖ਼ਤ ਤੇ ਬੈਠਾ ਫਿਰ ਹੋਵੇ ਅਕਾਲੀ ਸੋਚ ਦਾ ਜੋ ਕਿਸੀ ਵੀ ਸਿਆਸੀ ਦਾਓ ਤੋਂ ਉਪਰ ਹੋਵੇ ਤੇ ਕੇਵਲ ਗੁਰੂ ਦੀ ਮੱਤ ਨੂੰ ਅੱਗੇ ਰੱਖੇ ਨਾ ਕੀ ਕਿਸੀ ਵੀ ਮਨਮਤ ਨੂੰ, ਫਿਰ ਹੋਵੇਗਾ ਇਨਸਾਫ਼ ਤੇ ਸਿੰਘਾਂ ਦੀ ਚੜਦੀ ਕਲਾ ਨੂੰ ਰੋਕਣ ਵਾਲਾ ਇਸ ਕਾਇਨਾਤ ਵਿਚ ਕੋਈ ਨਦਰੀ ਨਹੀਂ ਆਵੇਗਾ ! ਇਹ ਹੋਵੇਗਾ ਆਪਣੇ ਗੁਰੂ ਦੇ ਦਾਵੇ ਨੂੰ ਪੱਕਾ ਕਰਨਾ ਕੀ ਹਰ ਗੁਰੂ ਕਾ ਸਿੱਖ ਆਪ ਅਕਾਲ ਰੂਪ ਹੈ, ਜਦੋਂ ਕੋਈ ਵੀ ਆਗੂ (ਸਰਦਾਰ, ਜੱਥੇਦਾਰ) ਆਪਣੇ ਗੁਰੂ ਦੀ ਮੱਤ ਨੂੰ ਬੇਦਾਵਾ ਨਹੀਂ ਦੇਵੇਗਾ ਤੇ ਸਿਆਸੀਆਂ ਦੇ ਭੇਜੇ ਹੋਏ ਆਪ-ਹੁਦਰੇ ਮਨਮਤ ਦੇ ਹੁਕਮਾਂ ਨੂੰ ਵਾਪਿਸ ਮੋੜ ਦੇਵੇਗਾ !

ਇੱਕ ਦਿਨ ਐਸਾ ਆਵੇਗਾ ... ਇੱਕ ਦਿਨ ਐਸਾ ਆਵੇਗਾ ! ਇੱਕ ਦਿਨ ਐਸਾ ਜਰੂਰ ਆਵੇਗਾ ਜਦੋਂ ਮਨਮਤ ਦਾ ਮਿੱਟੀ-ਘੱਟਾ ਸਾਫ਼ ਹੋ ਜਾਵੇਗਾ ਤੇ ਗੁਰਮਤ ਪ੍ਰਕਾਸ਼ ਹਰ ਤਰਫ਼ ਫੈਲ ਜਾਵੇਗਾ !

ਆਮੀਨ ! ਆਮੀਨ ! ਆਮੀਨ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top