Share on Facebook

Main News Page

ਦਿਲਾਂ ਦੇ ਵਲਵਲੇ (ਲੇਖ)
- ਬਲਵਿੰਦਰ ਸਿੰਘ ਬਾਈਸਨ

ਅਕਤੂਬਰ ਦਾ ਅੰਤ ਆ ਗਿਆ ਤੇ ਦੁਨਿਆ ਲਈ ਨਵਾਂ ਨਵੰਬਰ ਚੜਿਆ ! ਪਰ ਲੋਕ ਰਾਜ ਭਾਰਤ ਵਿਚ ਦਿੱਲੀ ਤੇ ਹੋਰ ਥਾਵਾਂ ਤੇ ਅਕਤੂਬਰ ਦੇ ਨਾਲ ਨਾਲ ਮਨੁਖੀ ਹੱਕਾਂ ਤੇ ਜਾਨਾਂ ਦਾ ਵੀ ਅੰਤ ਹੋਣਾ ਸ਼ੁਰੂ ਹੋ ਗਿਆ! ਚੁਰਾਸੀ ਦੇ ਗੇੜ ਵਿਚ ਫਸੇ ਰਾਕਸ਼ਸਾਂ ਨੇ ਆਪਣੀ ਨਵੀਂ ਚੁਰਾਸੀ ਦੇ ਗੇੜੇ ਕਟਣ ਦਾ ਸ਼ੁਭਾਰੰਭ ਕੀਤਾ ! ਨਿਰਦੋਸ਼ਾਂ ਤੇ ਮਾਸੂਮਾਂ ਦੇ ਕਤਲੇਆਮ ਨਾਲ ਉਨ੍ਹਾਂ ਆਪਣੇ ਸਿਆਸੀ ਆਗੂਆਂ ਦੀ ਅਖੌਤੀ ਹਉਮੇਂ ਨੂੰ ਲਾਸ਼ਾਂ ਰੂਪੀ ਪੱਠੇ ਪੇਸ਼ ਕੀਤੇ !

ਨਿਰਾਲੇ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਹਿੰਦੁਆਂ (ਵੈਸੇ ਤੇ ਹਤਿਆਰਿਆਂ ਦਾ ਕੋਈ ਧਰਮ ਨਹੀਂ ਹੁੰਦਾ) ਨੇ ਉਸ ਵੇਲੇ ਸਿੱਖ-ਸਿੱਖ ਕਿਹ ਕੇ ਆਰੂ ਲਾਏ ਤੇ ਭਰਾ ਮਾਰੂ ਇਤਿਹਾਸ ਦੁਹਰਾਇਆ !

ਅਕਾਲ ਅਕਾਲ ਜਪਣ ਵਾਲੇ ਸਿੱਖ ਵੀ ਸਿਆਸੀ ਜਾਲ ਵਿਚ ਫੱਸੇ ਤੇ ਉਨ੍ਹਾਂ ਮਨੁਖਾਂ ਪਾਸੋਂ ਹੀ ਹਰਜਾਨੇ ਮੰਗਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਜੁਲਮ ਢਾਹਿਆ ਸੀ! ਸ਼ਿਕਾਰ ਆਪ ਸ਼ਿਕਾਰੀ ਪਾਸੋਂ ਆਪਣੀ ਖੱਲ ਦਾ ਮੁੱਲ ਲਗਵਾਉਣ ਲੱਗ ਪਿਆ ! ਗੁਰੂ ਕਾ ਸਿੱਖ ਜੋ ਵੱਡਾ- ਛੋਟਾ ਘਲੂਕਾਰਾ, ਜਲਿਆਂਵਾਲਾ ਬਾਗ, ਸੰਤਾਲੀ ਵਰਗੇ ਵੱਡੇ ਸਿਆਸੀ ਖੇਡਾਂ ਵਿਚੋਂ ਸੁਰਖਰੂ ਹੋ ਕੇ ਚਮਕਿਆ ਸੀ, ਉਸ ਸਿੱਖ ਨੇ ਆਪਣੀ ਮਿਹਨਤ ਤੇ ਗੁਰੂ ਉਪਰ ਭਰੋਸਾ ਛੱਡ ਕੇ ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨੂੰ ਵੱਢ੍ਹਦਾ ਅਸੀਂ ਦੂਣ ਸਵਾਏ ਹੋਏ ਦਾ ਨਾਹਰਾ ਭੁਲਾ ਦਿੱਤਾ ! ਇਨਸਾਫ਼ ਮੰਗਦੇ ਮੰਗਦੇ ਪਿਛਲੇ ਦਰਵਾਜੇ ਤੋਂ ਸਹੂਲਤਾਂ ਤੇ ਮਾਇਆ ਦੇ ਗੱਫੇ ਸਾਂਭ ਸਿਆਸੀਆਂ ਨੇ ਕੌਮ ਨੂੰ ਇਕੱਲਾ ਛੱਡ ਦਿੱਤਾ ! ਕੌਮ ਇੱਕਜੁੱਟ ਨਾ ਰਿਹ ਸੱਕੀ, ਨਵੇਂ ਡੋਗਰਿਆਂ ਨੇ ਰਾਜ ਸਾਂਭ ਲਿਆ ਤੇ ਫਿਰ ਕੱਲੇ-ਕੱਲੇ ਨੂੰ ਵਖਰਾ ਰਖਣ ਲਈ ਕੌਮ ਨੂੰ ਧਰਮ ਦੇ ਠੇਕੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ !

ਅਚਾਨਕ ਹੀ ਕੂਕਰਮੁਤੇ ਵਾਂਗ ਅਖੌਤੀ ਸਾਧ ਦਿੱਸਣ ਲੱਗ ਪਾਏ ਜਿਨ੍ਹਾਂ ਨੇ ਆਮ ਤੇ ਭੋਲੇ-ਭਾਲੇ ਸਿੱਖ ਨੂੰ ਅਜਗਰ ਵਾਂਗੂੰ ਆਪਣੀ ਪਕੜ ਵਿਚ ਲੈ ਲਿਆ ਤੇ ਬਜਾਏ ਡਸਣ ਦੇ ਸਹਿਜੇ ਸਹਿਜੇ ਆਪਣੀ ਪਕੜ ਮਜਬੂਤ ਕਰਨੀ ਸ਼ੁਰੂ ਕੀਤੀ! ਜਿਵੇਂ-ਜਿਵੇਂ ਅਜਗਰ ਦੀ ਪਕੜ ਪੱਕੀ ਹੁੰਦੀ ਗਈ ਤਾਂ ਉਸ ਪਕੜ ਨਾਲ ਉਹ ਸਿਖ ਸਿਧਾਂਤਾ ਦੀਆਂ ਹਡੀਆਂ ਤੋੜਨ ਲੱਗਾ! ਦਰਦ ਦੀ ਲਹਿਰ ਦੌੜ ਗਈ ਤੇ ਪੰਥ ਦੇ ਇੱਕ ਹਿੱਸੇ ਨੂੰ ਸਮਝ ਆਉਣ ਲੱਗੀ ਕਿ ਹੁਣ ਇਹ ਅਜਗਰ ਸਿਖੀ ਨੂੰ ਨਿਗਲਨ ਦੀ ਤਿਆਰੀ ਵਿਚ ਹੈ !

ਇੱਕ ਪਾਸੇ ਸਿਆਸੀ ਚੋਟ ਤੇ ਦੂਜੇ ਪਾਸੇ ਧਾਰਮਿਕ ਚੋਟ ਨੇ ਪੰਥਕ ਧਿਰਾਂ ਨੂੰ ਸੁਚੇਤ ਕਰ ਦਿੱਤਾ! ਬਸ ਫਿਰ ਕੀ ਸੀ, ਦੋ ਤਰਫਾ ਹਮਲੇ ਦਾ ਜਵਾਬ ਦੇਣ ਲਈ ਕਮਰ ਕੱਸੀ ਜਾਣ ਲੱਗੀ ! ਆਤਮਿਕ ਤੌਰ ਤੇ ਕਮਜੋਰ ਸਿਆਸੀ ਰਾਜਾ ਆਪਣੇ ਧਾਰਮਿਕ ਸਿਪਾਹੀਆਂ (ਅਖੌਤੀ ਸੰਤਾਂ) ਦੇ ਘੇਰੇ ਵਿਚ ਬੈਠਾ ਆਪਣੀਆਂ ਮੁੱਛਾਂ ਨੂੰ ਤਾਓ ਦੇ ਰਿਹਾ ਸੀ ! ਇਸ ਮਜਬੂਤ ਘੇਰੇ ਨੂੰ ਭੰਨਣ ਲਈ ਵਖਰੇ-ਵਖਰੇ ਮੋਰਚਿਆਂ ਤੋੰਨ ਜਵਾਬ ਦੇਣਾ ਸ਼ੁਰੂ ਕੀਤਾ ਗਿਆ ! ਸਿਪਾਹੀਆਂ ਵਿਚ ਭਗਦੜ ਮਚ ਗਈ ਤੇ ਸਿਆਸੀ ਰਾਜਾ ਤਰਲੋ ਮੱਛੀ ਹੋਣ ਲੱਗਾ !

ਇੱਕ ਗਰੰਥ ਤੇ ਇੱਕ ਪੰਥ ਦੇ ਵੱਡਮੁੱਲੇ ਸਿਧਾਂਤ ਵਿਚ ਕ੍ਰਿਕਟ ਦੇ ਦੂਜਾ ਗੇੰਦ ਵਾਂਗ ਦੂਜਾ ਸ਼ਰੀਕ ਲਿਆਉਣ ਦੇ ਮੈਲੇ ਮੰਸੂਬੇ ਦਾ ਜਾਲ ਸੁੱਟ ਦਿੱਤਾ ਗਿਆ ! ਗੁਰਬਾਣੀ (ਇਕਾ ਬਾਣੀ ਇਕ ਗੁਰੁ ਇਕੋ ਸ਼ਬਦੁ ਵੀਚਾਰਿ) ਤੋਂ ਕੋਰੇ ਤੇ ਇੱਕ ਖਾਸ ਵਿਚਾਰਧਾਰਾ ਵਾਲੇ ਸਿੱਖ ਉਨ੍ਹਾਂ ਤੋਤਿਆਂ ਵਾਂਗ ਇਸ ਜਾਲ ਵਿਚ ਫਸ ਗਏ, ਜਿਨ੍ਹਾਂ ਨੇ ਸਿਖ ਲਿੱਤੀ ਸੀ ਕੀ ਸ਼ਿਕਾਰੀ ਆਏਗਾ, ਜਾਲ ਸੁੱਟੇਗਾ, ਦਾਣਾ ਨਹੀਂ ਚੁਗਣਾ! ਪਰ ਅਖੀਰ ਕੁਝ ਤੋਤੇਆਂ ਨੇ ਦਾਣਾ ਚੁੱਗ ਲਿਆ ਤੇ ਜਾਲ ਵਿਚ ਫਸ ਗਏ ! ਪਰ ਓਹ ਅਜੇ ਵੀ ਬੋਲੀ ਜਾ ਰਹੇ ਸੀ ਕੀ ਸ਼ਿਕਾਰੀ ਆਏਗਾ, ਜਾਲ ਸੁੱਟੇਗਾ, ਦਾਣਾ ਨਹੀਂ ਚੁਗਣਾ! ਅਖੀਰ ਸ਼ਿਕਾਰੀ ਆਇਆ ਤੇ ਉਨ੍ਹਾਂ ਤੋਤਿਆਂ ਨੂੰ ਉਨ੍ਹਾਂ ਦੇ ਭਰਾਵਾਂ ਤੇ ਰਿਸ਼ਤੇਦਾਰਾਂ ਨਾਲੋਂ ਤੋੜ ਕੇ ਲੈ ਗਿਆ ! ਸਿਆਸੀ ਤੇ ਧਾਰਮਿਕ ਅਨਪੜਤਾ ਨੇ ਇਹ ਭਰਾ-ਮਾਰੂ ਖੇਡ ਹੋਣ ਦਿੱਤੀ !

ਤੀਜੇ ਮੋਰਚੇ (ਆਪਸੀ ਫੁੱਟ) ਨੇ ਰਾਹ ਹੋਰ ਵੀ ਔਖਾ ਕਰ ਦਿੱਤਾ ! ਚੰਗੀ ਲੀਡਰਸ਼ਿਪ ਦੀ ਘਾਟ ਸਾਫ਼ ਸਾਫ਼ ਦਿੱਸਣ ਲੱਗੀ ! ਤਿੰਨੋ ਧਿਰਾਂ ਨੇ ਆਪਣੀ ਆਪਣੀ ਡਫਲੀ ਤੇ ਆਪਣਾ ਆਪਣਾ ਰਾਗ ਸ਼ੁਰੂ ਕਰ ਦਿੱਤਾ ! ਚਿੱਟੀ ਦਿਖ ਵਾਲੇ ਬਗੁਲੇ ਹੰਸ ਰੂਪ ਧਾਰ ਕੇ ਆਮ ਸਿਖ ਨੂੰ ਬਰਗਲਾਉਣ ਲੱਗ ਪਏ ਤੇ ਮੌਕਾ ਵੇਖ ਕੇ ਮੱਛੀ ਵਾਂਗ ਚਟਕਾਰੇ ਲੈ ਕੇ ਖਾਉਣ ਲੱਗੇ ! ਗੁਰਮਤ ਤਲਾਬ ਵਿਚ ਮੱਛੀਆਂ ਘਟ ਹੋਣੀਆ ਸ਼ੁਰੂ ਹੋ ਗਈਆਂ !

ਅੰਤਿਕਾ : ਵਿਗਾੜ ਪੈ ਚੁਕਿਆ ਹੈ, ਇਸ ਤੋਂ ਕੋਈ ਮੁਨਕਰ ਨਹੀਂ ਹੈ! ਪਰ ਇਲਾਜ਼ ਕੀ ਹੈ ? ਇਲਾਜ਼ ਹੈ ਕੀ ਸਿੱਖੀ ਸਿਧਾਂਤਾਂ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ ! ਇੱਕ ਬਾਣੀ, ਇੱਕ ਗੁਰ ਦੇ ਫਲਸਫੇ ਨੂੰ ਮੁੜ ਜੀਵਣ ਦਿੱਤਾ ਜਾਵੇ ! ਨੌਜਵਾਨ ਅੱਗੇ ਆਉਣ ਤੇ ਗੁਰੂ ਆਸ਼ੇ ਅਨੁਸਾਰ ਚਲਦੇ ਹੋਏ ਸਿਆਸਤ ਤੇ ਧਰਮ ਦੇ ਸੁਮੇਲ ਨੂੰ ਲਾਗੂ ਕਰਵਾਉਣ ! ਸੁੱਚਜੀ ਲੀਡਰਸ਼ਿਪ ਪੈਦਾ ਕਰਨ ਦੀ ਕੋਸ਼ਿਸ਼ ਕਿੱਤੀ ਜਾਵੇ ! ਚਾਬੀਆਂ ਦੇ ਮੋਰਚੇ ਵਾਂਗੂੰ ਇਸ ਵਾਰ ਵੀ ਚਾਬੀਆਂ ਦਾ ਮੋਰਚਾ ਚਾਲੂ ਕੀਤਾ ਜਾਵੇ ਤੇ ਜਿਵੇਂ ਮਹੰਤਾਂ ਪਾਸੋਂ ਸ਼ਾਂਤੀਪੂਰਨ ਢੰਗ ਨਾਲ ਗੁਰੂਦਵਾਰਾ ਪ੍ਰਬੰਧ ਦਾ ਕਬਜਾ ਲੈ ਲਿਆ ਗਿਆ ਸੀ, ਉਸੀ ਤਰਾਂ ਕਰਨ ਦਾ ਪ੍ਰੋਗਰਾਮ ਉਲੀਕੀਆਂ ਜਾਵੇ ! ਕੌਮ ਦਾ ਪੈਸਾ ਪੜ੍ਹਾਈ ਲਿਖਾਈ ਵੱਲ ਲਗਾਇਆ ਜਾਏ ਨਾ ਕੀ ਹੋਰ ਕੰਮਾਂ ਵੱਲ ! ਪੜੀ-ਲਿਖੀ ਕੌਮ (ਦੁਨਿਆਵੀ ਗਿਆਨ ਤੇ ਗੁਰਮਤ ਗਿਆਨ ਦੀ ਧਾਰਨੀ) ਹੀ ਉਡਾਰੀ ਮਾਰ ਸਕਦੀ ਹੈ ! ਸਰਕਾਰੀ ਤੇ ਫੌਜੀ ਨੌਕਰੀਆਂ ਵਿਚ ਚੰਗੇ ਬੰਦੇ ਭੇਜੇ ਜਾਣ ਤੇ ਸਿੱਖੀ ਦਾ ਅਸਲ ਰੂਹਾਨੀ ਚਿਹਰਾ ਲੋਕਾਈ ਨੂੰ ਪੇਸ਼ ਕਿੱਤਾ ਜਾਵੇ !

( ਆਪ ਜੀ ਦੇ ਵਿਚਾਰ ਵੱਡਮੁੱਲੇ ਹਨ ਜੀ, ਜ਼ਰੂਰ ਸਾਂਝੇ ਕਰੋ ਜੀ )


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top