Share on Facebook

Main News Page

ਸ਼ੀਸ਼ੇ ਦਾ ਲਿਸ਼ਕਾਰਾ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਅਸੀਂ ਸ਼ਨੀਵਾਰ ਨੂੰ ਕੋਈ ਨਵਾਂ ਸਮਾਨ ਨਹੀਂ ਖਰੀਦਦੇ ਤੇ ਨਾ ਹੀ ਪੇਮੈਂਟ ਕਰਦੇ ਹਾਂ! ਕਲ ਸ਼ਾਮੀ ਇਹ ਸਮਾਨ ਲੈ ਆਉਂਦੇ ਤੇ ਠੀਕ ਸੀ, ਹੁਣ ਤੁਸੀਂ ਸੋਮਵਾਰ ਆਣਾ ! (ਰਮੇਸ਼ ਕੁਮਾਰ ਨੇ ਕਿਹਾ) !

ਹਰਮਸਤਕ ਸਿੰਘ (ਅੱਜ ਕਲ ਦਾ ਸਿਆਣਾ ਨੌਜਵਾਨ) : ਲਾਲਾ ਜੀ, ਇਹ ਕੀ ਗੱਲ ਹੈ ? ਸੋਮ ਹੋਵੇਂ ਭਾਵੇਂ ਸ਼ਨੀ, ਦਿਨ ਤੇ ਸਾਰੇ ਇੱਕੋ ਜਿਹੇ ਹੀ ਹੁੰਦੇ ਹਨ ! ਸਮਾਨ ਤੁਹਾਡੇ ਸਾਹਮਣੇ ਪਿਆ ਹੈ, ਤੇ ਤੁਸੀਂ ਹੀ ਮੰਗਵਾਇਆ ਸੀ, ਹੁਣ ਇਹ ਚੱਕਰ ਕਿਓ ?

ਰਮੇਸ਼ ਕੁਮਾਰ : ਵੱਡੇ ਬਜੁਰਗ ਕਹਿੰਦੇ ਸਨ ਕਿ ਸ਼ਨੀਵਾਰ ਨੂੰ ਕੋਈ ਸਮਾਨ ਨਹੀਂ ਲੈਣਾ ਤੇ ਨਾ ਹੀ ਪੈਸੇ ਹੀ ਦੇਣੇ ! ਅਪਸ਼ਗੁਨ ਹੁੰਦਾ ਹੈ ! ਮਾਇਆ ਘਰੋਂ ਚਲੀ ਜਾਂਦੀ ਹੈ ਰੁੱਸ ਕੇ !

ਹਰਮਸਤਕ ਸਿੰਘ : ਅੱਛਾ ? ਪੈਸੇ ਦਿੰਦੇ ਨਹੀਂ ਹੋ ਤੇ ਕੀ ਪੈਸੇ ਲੈਂਦੇ ਵੀ ਨਹੀਂ ਹੋ ?

ਰਮੇਸ਼ ਕੁਮਾਰ : ਕਿਓਂ ਨਹੀਂ ਲੈਂਦੇ ? ਪੈਸੇ ਆਉਂਦੇ ਕਿਸਨੂੰ ਬੁਰੇ ਲਗਦੇ ਨੇ ? (ਹਸਦਾ ਹੈ ) ਪੈਸੇ ਦੇਣ ਵਾਲੇ ਆ ਜਾ.. ਮੰਗਣ ਵਾਲੇ ਚਲੇ ਜਾ !

ਹਰਮਸਤਕ ਸਿੰਘ (ਸਟਾਇਲ ਮਾਰ ਕੇ) : “ਕਿਆ ਬਾਤ ਕਰ ਰਹੇ ਹੋ ?” ਦੇਣ ਵਾਸਤੇ ਸ਼ਨੀਵਾਰ ਬੁਰਾ ਤੇ ਲੈਣ ਵਾਸਤੇ ਚੰਗਾ ? ਦੋਗਲੀ ਨੀਤੀ ਸਮਝ ਨਹੀਂ ਆਈ ! ਧਰਮ ਦੇ ਨਾਮ 'ਤੇ ਆਪਣੇ ਫਾਇਦੇ ਵਾਸਤੇ ਇਨ੍ਹਾਂ ਵਹਿਮਾਂ-ਭਰਮਾਂ ਨੂੰ ਵਧਾਵਾ ਦਿੰਦੇ ਹੋ ? ਪਰ ਅਸਲ ਵਿਚ ਤੁਸੀਂ ਮਾਇਆ ਦੇ ਪੁੱਤਰ ਹੀ ਹੋ! ਤੁਹਾਡੇ ਤੋਂ ਵੱਡਾ ਕੋਈ ਆ ਜਾਵੇ, ਤੇ ਤੁਹਾਡੇ ਇਹ ਸਾਰੇ ਭਰਮ ਟੁੱਟ ਜਾਂਦੇ ਨੇ, ਪਰ ਜੇਕਰ ਕੋਈ ਵੇਂਡਰ ਜਾਂ ਸਪ੍ਲਾਇਰ ਆ ਜਾਵੇ ਤੇ ਤੁਹਾਡੇ ਨਖਰੇ ਹੀ ਮਾਣ ਨਹੀਂ ਆਉਂਦੇ ! ਕੀ ਤੁਸੀਂ ਸ਼ਨੀਵਾਰ ਨੂੰ ਸਫ਼ਰ ਨਹੀਂ ਕਰਦੇ ਜਾਂ ਸਫ਼ਰ ਤੇ ਕਰਦੇ ਹੋ ਪਰ ਟਿਕਟ ਨਹੀਂ ਲੈਂਦੇ? ਹਸਪਤਾਲ ਜਾਂਦੇ ਹੋਵੋਗੇ ਪਰ ਉਥੇ ਪੈਸੇ ਨਹੀਂ ਦਿੰਦੇ ? ਹੋਟਲ ਰੋਟੀ ਖਾਉਂਦੇ ਹੋ ਤੇ ਭਾਂਡੇ ਮਾਂਜ ਕੇ ਆ ਜਾਂਦੇ ਹੋ ਪਰ ਬਿਲ ਨਹੀਂ ਤਾਰਦੇ ?

ਰਮੇਸ਼ ਕੁਮਾਰ (ਹੈਰਾਨੀ ਨਾਲ ਕਹਿੰਦਾ ਹੈ) : ਬਸ ਕਰ ਕਾਕਾ ! ਸਾਰੀ ਪੱਤ ਅੱਜ ਹੀ ਲਾਉਣੀ ਆ ? ਅਸਲ ਵਿਚ ਇਨ੍ਹਾਂ ਪੁਜਾਰੀਆਂ ਨੇ ਸਾਨੂੰ ਵਹਿਮਾਂ-ਭਰਮਾਂ ਵਿਚ ਡਰਾ ਕੇ ਫਸਾ ਰਖਿਆ ਹੈ! ਪਰ ਅਸਲ ਗਲਤੀ ਸਾਡੀ ਆਪਣੀ ਹੈ ਕੀ ਅਸੀਂ ਆਪਣੇ ਫਾਇਦਾ ਵੇਖਦੇ ਹੋਏ ਇਨ੍ਹਾਂ ਵਿਚ ਫਸ ਕੇ ਬਹ ਜਾਂਦੇ ਹਾਂ ਤੇ ਵਕਤ ਪਾ ਕੇ ਇਹ ਵਹਿਮ ਭਰਮ ਵੇਖਾ-ਵੇਖੀ ਲੋਕਾਂ ਵਿਚ ਇਤਨੇ ਅੰਦਰ ਵੜ ਜਾਂਦੇ ਹਨ ਕੀ ਇੱਕ ਆਦਤ ਬਣ ਕੇ ਰਹ ਜਾਂਦੇ ਹਨ ! ਕਾਕਾ, ਤੇਰੇ ਵਿਖਾਏ ਸ਼ੀਸ਼ੇ ਨੇ ਮੇਰੇ ਮਨ ਵਿਚ ਹੁਣ ਲਿਸ਼ਕਾਰਾ ਮਾਰ ਦਿੱਤਾ ਹੈ, ਲਿਆ ਅੱਜ ਤੋਂ ਹੀ ਸ਼੍ਰੀ-ਗਣੇਸ਼ ਕਰੀਏ ! ਰੱਖ ਸਮਾਨ ਤੇ ਇਹ ਲੈ ਆਪਣੇ ਪੈਸੇ!

ਹਰਮਸਤਕ ਸਿੰਘ : ਦੇਰ ਆਇਦ ... ਦੁਰੁਸਤ ਆਇਦ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top