ਅੱਜ
ਤਾਂ ਮੇਰੇ ਲਈ ਘੱਟੋ ਘੱਟ ਪੰਜਾਹ ਰੋਟੀਆਂ ਪਕਾਉਣਾ, ਕਿਓਂਕਿ ਮੇਰਾ ਕਦ ਬਹੁਤ ਵੱਡਾ
ਹੋ ਗਿਆ ਹੈ ! (ਸਵੇਰ ਵੇਲੇ ਸੂਰਜ ਦੀ ਰੋਸ਼ਿਨੀ ਵਿੱਚ ਆਪਣਾ ਲੰਬਾ ਪਰਛਾਵਾਂ ਵੇਖ ਕੇ
ਨਿੱਕਾ ਹਰਜੀਤ ਸਿੰਘ ਆਪਣੀ ਮਾਂ ਬਲਜੀਤ ਕੌਰ ਨੂੰ ਬੋਲਿਆ)
ਬਲਜੀਤ ਕੌਰ ਉਸਦਾ ਭੋਲਾਪਣ ਵੇਖ ਕੇ ਹੱਸ ਪਈ !
ਹੁਣ ਮੇਰੇ ਲਈ ਸਿਰਫ ਇੱਕ ਰੋਟੀ ਪਕਾਉਣਾ ਕਿਓਂਕਿ ਮੇਰਾ ਕਦ
ਬਹੁਤ ਛੋਟਾ ਹੋ ਗਿਆ ਹੈ ! (ਦੁਪਹਿਰ ਵੇਲੇ ਆਪਣਾ ਨਿੱਕਾ ਜਿਹਾ ਪਰਛਾਵਾਂ ਵੇਖ ਕੇ
ਹਰਜੀਤ ਪਰੇਸ਼ਾਨ ਹੁੰਦਾ ਬੋਲਿਆ)
ਬਲਜੀਤ ਕੌਰ ਫਿਰ ਹੱਸਣ ਲੱਗੀ !
ਤੁਸੀਂ ਸਵੇਰੇ ਵੀ ਹੱਸ ਰਹੇ ਸੀ ਤੇ ਹੁਣ ਵੀ ਹੱਸ ਰਹੇ ਹੋ !
ਮੈਂ ਕੁਝ ਗਲਤ ਗੱਲ ਕੀਤੀ ਹੈ ? (ਹਰਜੀਤ ਨੇ ਪੁਛਿਆ)
ਬਲਜੀਤ ਕੌਰ (ਸਮਝਾਉਂਦੇ ਹੋਏ) : ਅਕਸਰ ਮਨੁੱਖ
ਚੰਗੇ ਸਮੇਂ ਵਿੱਚ ਆਪਣੇ ਬਾਰੇ ਵੱਡੇ ਵੱਡੇ ਦਾਅਵੇ ਕਰਦਾ ਹੈ ਕਿਓਂਕਿ ਉਸਨੂੰ ਸਵੇਰ
ਦੀ ਧੁੱਪ ਵਾਂਗ ਜੋ ਕੀ ਪਿਛੋਂ ਪੈ ਰਹੀ ਹੁੰਦੀ ਹੈ ਵਿੱਚ ਆਪਣਾ ਅਕਸ ਅੱਤੇ ਸੁਪਨੇ
ਵੱਡੇ ਭਾਸਦੇ ਹਨ (ਸਭ ਕੁਝ ਹਾਸਿਲ ਕਰ ਲੈਣਾ ਲੋਚਦਾ ਹੈ), ਪਰ ਦੁਪਹਿਰ ਹੁੰਦੇ ਹੁੰਦੇ
ਪਰਛਾਵੇਂ ਛੋਟੇ ਹੁੰਦੇ ਜਾਂਦੇ ਹਨ (ਉਸਨੂੰ ਜਿੰਦਗੀ ਦੀਆਂ ਸੱਚਾਈਆਂ ਵੇਖ ਕੇ ਆਪਣੇ
ਉੱਤੇ ਵਿਸ਼ਵਾਸ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ) ! ਦੁਪਹਿਰ ਦੀ ਗਰਮੀ (ਮਾੜੇ ਸਮੇਂ)
ਵਿੱਚ ਜਿਆਦਾਤਰ ਲੋਗ ਆਪਣਾ ਵਿਸ਼ਵਾਸ ਗੁਆ ਬੈਠਦੇ ਹਨ ਤੇ ਹਾਰ ਮੰਨ ਲੈਂਦੇ ਹਨ !
ਹਰਜੀਤ ਸਿੰਘ (ਹੈਰਾਨ ਹੁੰਦੇ ਹੋਏ) : ਇਹ
ਵਿਸ਼ਵਾਸ ਵਾਪਿਸ ਕਿਵੇਂ ਪਰਤਦਾ ਹੈ ?
ਬਲਜੀਤ ਕੌਰ : ਜਿਸ ਨੂੰ ਪਰਛਾਵੇਂ ਦੀ ਖੇਡ ਅੱਤੇ
ਉਸਦੀ ਸੱਚਾਈ ਸਮਝ ਆ ਗਈ ਓਹ ਹੀ ਇਹ ਵਿਸ਼ਵਾਸ ਵਾਪਿਸ ਹਾਸਿਲ ਕਰ ਸਕਦਾ ਹੈ ! ਮਨੁੱਖ
ਜੇਕਰ ਆਪਣਾ ਅਸਲ ਕੱਦ (ਆਪਣੇ ਗਿਰੇਬਾਨ ਵਿੱਚ ਵੇਖਣਾ ਤੇ ਸੱਚਾਈ ਦਾ ਪੱਲਾ ਫੜ ਕੇ
ਰਖਣਾ) ਪਛਾਣ ਲਵੇ ਤਾਂ ਓਹ ਇਸ ਸੁਪਨ ਜਾਲ ਤੋ ਬਾਹਰ ਆ ਸਕਦਾ ਹੈ ! ਅੱਜ ਸਿੱਖਾਂ ਨੂੰ
ਬਾਬਾਣੀਆਂ ਕਹਾਣੀਆਂ (ਸਿੱਖੀ ਸਿਧਾਂਤ ਦੇ ਪੂਰਨੇਆਂ) ਦੀ ਪਿਛੋਂ ਆ ਰਹੀ ਰੋਸ਼ਿਨੀ
ਵਿੱਚ ਆਪਣਾ ਪਰਛਾਵਾਂ (ਅਕਸ) ਬਹੁਤ ਵੱਡਾ ਨਜ਼ਰ ਆ ਰਿਹਾ ਹੈ ਤੇ ਆਪਣੇ ਅਸਲ ਰੂਪ ਨੂੰ
ਵਿਸਾਰ ਕੇ ਓਹ ਵੱਡੇ ਵੱਡੇ ਦਮਗੱਜੇ ਮਾਰ ਰਹੇ ਹਨ !
ਤੁਹਾਡੀਆਂ ਗੱਲਾਂ ਮੇਰੇ ਸਿਰ ਉੱਤੋਂ ਨਿਕਲ ਗਈਆਂ ਹਨ ! ਮੈਂ
ਤਾਂ ਅਜੇ ਛੋਟਾ ਹਾਂ ਨਾ ! (ਹਰਜੀਤ ਸਿੰਘ ਨੇ ਉਬਾਸੀ ਮਾਰਦੇ ਹੋਏ ਆਪਣੀ ਗੱਲ ਪੂਰੀ
ਕੀਤੀ)
ਮੁਕਦੀ ਗੱਲ ਹੈ ਪੁੱਤਰ ਕੀ "ਕਲਪਿਤ ਪਰਛਾਵੇਂ" ਨੂੰ ਸਚ ਨਾ
ਸਮਝੀ, ਬਲਕਿ ਅਜੇਹਾ ਸਮਾਂ ਆਉਣ ਤੇ ਆਪਣੇ ਗੁਰੂ ਦੀ ਸ਼ਰਣ ਜਾ ਕੇ ਬਿਬੇਕ ਬੁਧਿ ਦੀ
ਮੰਗ ਕਰੀਂ ! ਬਾਕੀ ਗੱਲਾਂ ਤੈਨੂੰ ਸਮਾਂ ਆਪੇ ਸਮਝਾ ਦੇਵੇਗਾ ! (ਬਲਜੀਤ ਕੌਰ ਨੇ ਲਾਡ
ਨਾਲ ਪੁੱਤਰ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ)