Share on Facebook

Main News Page

ਪਿਆਰ ਦੀ ਭਾਸ਼ਾ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਪ੍ਰੇਮ ਸੇ ਹਮਕੋ ਜੀਨੇ ਦੋ .. ਜੀਨੇ ਦੋ... ਜੀਨੇ ਦੋ ! (ਸਾਰੇ ਜਾਨਵਰ ਧਰਨੇ 'ਤੇ ਬੈਠੇ ਜੰਗਲ ਦਾ ਗਾਣਾ ਗਾ ਰਹੇ ਸਨ)

ਇਤਨੀ ਦੇਰ ਵਿੱਚ ਸ਼ੇਰ ਰਾਜਾ (ਜਾਲਿਮ ਰਾਜਾ) ਆਪਣੇ ਅਹਿਲਕਾਰਾਂ ਨਾਲ ਆ ਜਾਉਂਦਾ ਹੈ ਤੇ ਇੱਕ ਇੱਕ ਕਰ ਕੇ ਉਨ੍ਹਾਂ ਨੂੰ ਮਾਰਣਾ-ਕੁੱਟਣਾ ਸ਼ੁਰੂ ਕਰ ਦਿੰਦਾ ਹੈ ! ਸਾਰੇ ਜਾਨਵਰ ਭੱਜਣਾ ਸ਼ੁਰੂ ਕਰ ਦਿੰਦੇ ਹਨ !

ਸ਼ੇਰ ਰਾਜਾ (ਗੁੱਸੇ ਵਿੱਚ) : ਜੇਕਰ ਤੁਸੀਂ ਮਰਣਾ ਨਹੀਂ ਚਾਹੁੰਦੇ ਤਾਂ ਤੁਹਾਨੂੰ ਮੇਰੀ ਹਰ ਗੱਲ ਮੰਨਣੀ ਪਵੇਗੀ, ਕਿਉਂਕਿ ਮੈਂ ਜੰਗਲ ਦਾ ਰਾਜਾ ਹਾਂ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਜੰਗਲ ਦੇ ਸਾਰੇ ਜਾਨਵਰ ਰਾਜਾ ਦੀ ਬੋਲੀ ਬੋਲਿਆ ਕਰਨ ! ਜੋ ਮੇਰੀ ਬੋਲੀ ਨਹੀਂ ਬੋਲੇਗਾ, ਉਸਨੂੰ ਮੈਂ ਖਾ ਜਾਵਾਂਗਾ ਤੇ ਮੇਰੇ ਅਹਿਲਕਾਰ ਉਸਦੇ ਪੂਰੇ ਇੱਜੜ ਨੂੰ ਖਤਮ ਕਰ ਦੇਣਗੇ !

ਖਰਗੋਸ਼ (ਹੌਸਲਾ ਕਰ ਕੇ) : ਸ਼ੇਰ ਰਾਜਾ ! ਰੱਬ ਨੇ ਸਾਨੂੰ ਵੱਖਰੀ ਵੱਖਰੀ ਜੂਨੀ ਵਿੱਚ ਪਾਇਆ ਹੈ ਤੇ ਵੱਖਰੀ ਵੱਖਰੀ ਭਾਸ਼ਾ ਬੋਲਣ ਨੂੰ ਦਿੱਤੀ ਹੈ ! ਜੇਕਰ ਰੱਬ ਨੂੰ ਭਾਉਂਦਾ, ਤਾਂ ਉਸਨੇ ਸਾਰੇ ਸੰਸਾਰ ਦੀ ਇੱਕ ਹੀ ਬੋਲੀ ਬਣਾ ਦੇਣੀ ਸੀ, ਪਰ ਰੱਬ ਦੀ ਕੁਦਰਤ ਬੇਅੰਤ ਹੈ ਤੇ ਵਿਲਖਣ ਵੀ ! ਇਸ ਤਰੀਕੇ ਨਾਲ ਆਪਣੀ ਭਾਸ਼ਾ ਸਾਡੇ 'ਤੇ ਜਬਰਦਸਤੀ (ਸਰਕਾਰੀ ਅੱਤੇ ਗੈਰ-ਸਰਕਾਰੀ ਤਰੀਕੇ ਨਾਲ) ਨਾ ਥੋਪੋ ਵਰਨਾ ਸਾਰੇ ਜੰਗਲ ਦੀ ਨਿਰਾਲੀ ਪਹਿਚਾਣ ਖਤਮ ਹੋ ਜਾਵੇਗੀ !

ਇਤਨੀ ਦੇਰ ਵਿੱਚ ਚਲਾਕ ਮੰਤਰੀ ਲੋਮੜੀ (ਜੋ ਰਾਜਾ ਦੇ ਛੱਡੇ ਜੂਠ ਤੇ ਪਲਦੀ ਹੈ) ਵਿੱਚ ਆ ਕੇ ਗੁੱਸੇ ਵਿੱਚ ਕਹਿਣ ਲੱਗੀ "ਜੋ ਰਾਜਾ ਦੀ ਭਾਸ਼ਾ, ਉਹ ਪੂਰੇ ਜੰਗਲ ਦੀ ਭਾਸ਼ਾ, ਸਭਨਾ ਦੀ ਭਾਸ਼ਾ" ਤੇ ਜੋ ਇਸ ਗੱਲ ਤੋਂ ਮੁਨਕਰ ਹੋਵੇਗਾ, ਉਹ ਜੰਗਲ ਦੇ ਰਾਜ਼ ਦਾ ਬਾਗੀ ਹੋਵੇਗਾ ਤੇ ਅਸੀਂ ਫਿਰ ਸਾਮ-ਦਾਮ-ਦੰਡ-ਭੇਦ ਦੀ ਨੀਤੀ ਨਾਲ ਤੁਹਾਨੂੰ ਅੱਤੇ ਤੁਹਾਡੀ ਭਾਸ਼ਾ ਨੂੰ ਖਤਮ ਕਰਵਾ ਦੇਵਾਂਗੇ !

ਖਰਗੋਸ਼ (ਹੱਥ ਜੋੜ ਕੇ) : ਅਸੀਂ ਜੇਕਰ ਤੁਹਾਡੀ ਬੋਲੀ ਬੋਲ ਵੀ ਲਵਾਂਗੇ ਤਾਂ ਕੀ ਅਸੀਂ ਵੀ ਰਾਜਾ ਬਣ ਜਾਵਾਂਗੇ ? ਜੰਗਲ ਵਿੱਚ ਇਤਨੀ ਤਰਾਂ ਦੇ ਫੁੱਲ, ਫਲ, ਰੁੱਖ ਆਦਿ ਹਨ ਉਨ੍ਹਾਂ ਸਭਨਾ ਦਾ ਰੂਪ-ਰੰਗ ਵਖਰਾ ਵਖਰਾ ਹੈ ! ਕਿਧਰੇ ਇੱਕੋ ਰੰਗ ਦੀ ਹੀ ਕੁਦਰਤ ਹੁੰਦੀ, ਤਾਂ ਇਹ ਜੰਗਲ ਕਿਤਨਾ ਨੀਰਸ ਲੱਗਦਾ ? ਇਥੇ ਵਖਰੀ ਵਖਰੀ ਬੋਲੀਆਂ, ਵੱਖਰੇ ਵੱਖਰੇ ਕਿਸਮ ਦੇ ਜਾਨਵਰ, ਪੰਖੀ ਆਦਿ ਹਨ ਤੇ ਉਨ੍ਹਾਂ ਦੀ ਆਪਣੀ ਆਪਣੀ ਭਾਸ਼ਾ ਹੈ ! ਹਰ ਭਾਸ਼ਾ ਉੱਤਮ ਹੈ, ਪਰ ਰੱਬੀ ਹੁਕਮ ਵਿੱਚ ਜੋ ਵੀ ਮਾਂ-ਬੋਲੀ ਹਰ ਜੀਵ ਨੂੰ ਜਨਮ ਤੋਂ ਮਿੱਲੀ ਹੈ, ਤੇ ਜਿਸ ਬੋਲੀ ਵਿੱਚ ਉਸਦਾ ਕੀਮਤੀ ਵਿਰਸਾ ਹੈ, ਉਸਨੂੰ ਕਿਵੇਂ ਛੱਡਿਆ ਜਾ ਸਕਦਾ ਹੈ ? ਭਾਸ਼ਾ ਸਾਰੀਆਂ ਹੀ ਚੰਗੀਆਂ ਹੁੰਦੀਆਂ ਹਨ ਤੇ ਆਪਣੀ ਮਰਜ਼ੀ ਨਾਲ ਅਸੀਂ ਜਿਤਨੀਆਂ ਵੀ ਭਾਸ਼ਾ ਸਿਖੀਏ ਮੁਬਾਰਕ ਹੈ, ਪਰ ਤਲਵਾਰ ਦੇ ਜ਼ੋਰ ਨਾਲ ਧਰਮ ਅਤੇ ਭਾਸ਼ਾਵਾਂ (ਬੋਲੀਆਂ) ਬਦਲਣ ਵਾਲੇ ਪਤਾ ਨਹੀਂ ਕਿਤਨੇ ਹੀ ਆਏ ਤੇ ਮਰ-ਮੁੱਕ ਗਏ ! ਜੰਗਲ ਦੀ ਏਕਤਾ ਲਈ ਭਾਸ਼ਾ ਦੀ ਅਨੇਕਤਾ ਅੱਤ ਲਾਜ਼ਮੀ ਹੈ !

ਆਹ ! ਉੱਚੀ ਜਿਹੀ ਚੀਕ ਮਾਰ ਕੇ ਖਰਗੋਸ਼ ਡਿੱਗ ਪਿਆ, ਕਿਉਂਕਿ ਅਚਨਚੇਤ ਹੀ ਜਾਲਮ ਸਰਕਾਰ ਦੇ ਜ਼ੁਲਮ ਦੀ ਤਲਵਾਰ ਲਹਿਰਾਈ ਤੇ ਖਰਗੋਸ਼ ਦੀ ਹਿੱਕ ਤੋਂ ਪਾਰ ਹੋ ਗਈ !

ਆਹ ! ਉਫ਼ ! ਜੋ ਭਾਸ਼ਾ (ਬੋਲੀ) ਦੇ ਨਾਮ 'ਤੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਅਗਲੇ ਜਨਮ ਵਿੱਚ ਬੇਜੁਬਾਨ ਕੀੜੇ-ਮਕੌੜੇ ਬਣਨਗੇ ਤੇ ਯਾਤਰੂਆਂ ਦੇ ਪੈਰਾਂ ਹੇਠ ਆ ਕੇ ਮਰਨਗੇ, ਫਿਰ ਉਨ੍ਹਾਂ ਦੀ "ਗੂੰਗੀ ਚੀਖ" ਕੋਈ ਨਹੀਂ ਸੁਣੇਗਾ ! ਰੱਬੀ ਇਨਸਾਫ਼ ਜ਼ਰੂਰ ਹੁੰਦਾ ਹੈ ! ਫੈਲਾਉਣੀ ਹੈ ਤਾਂ "ਪਿਆਰ ਦੀ ਭਾਸ਼ਾ" ਫੈਲਾਓ, ਜੋ ਦੇਸ਼ਾਂ ਅੱਤੇ ਧਰਮਾਂ ਤੋਂ ਉਪਰ ਹੁੰਦੀ ਹੈ, ਤੇ ਹਰ ਕੋਈ ਸਮਝਦਾ ਹੈ! (ਕਹਿੰਦੇ ਹੋਏ ਖਰਗੋਸ਼ ਦੀ ਗਰਦਨ ਇੱਕ ਪਾਸੇ ਵੱਲ ਲਮਕ ਗਈ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top