ਸੁੰਡ ਬਿਨਾ ਹਾਥੀ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ
ਲੈ ਲੋ ਜੀ ਹਾਥੀ ! ਮੁੱਲ ਸਿਰਫ ਵੀਹ ਹਜ਼ਾਰ ਰੁਪਏ ! (ਹਾਥਿਆਂ ਦੇ ਮੇਲੇ ਵਿੱਚ ਇਹ ਕੀਮਤ ਸੁਣ ਕੇ ਹਰਪਾਲ ਸਿੰਘ ਹੈਰਾਨ ਹੋ ਕੇ ਰੁੱਕ ਗਿਆ)
 
ਹੈਂ ? ਸਿਰਫ ਵੀਹ ਹਜ਼ਾਰ ਵਿੱਚ ਹਾਥੀ ? ਬੀਮਾਰ-ਸ਼ਿਮਾਰ ਹੈ ਕੀ ? (ਹਰਪਾਲ ਸਿੰਘ ਨੇ ਪੁਛਿਆ)
 
ਸੌਦਾਗਰ ਗੁਣਹੀਣ ਸਿੰਘ : ਹੱਟਾ-ਕੱਟਾ ਹਾਥੀ ਹੈ ਜੀ ! ਕੋਈ ਬਿਮਾਰੀ ਨਹੀਂ ! ਸਿਰਫ ਇਸਦੀ ਸੁੰਡ ਨਹੀਂ ਹੈ, ਬਾਕੀ ਹਰ ਪੱਖ ਤੋਂ ਇਹ ਬਹੁਤ ਹੀ ਉੱਤਮ ਕਿਸਮ ਦਾ ਹਾਥੀ ਹੈ !
 
ਹਰਪਾਲ ਸਿੰਘ (ਹਸਦੇ ਹੋਏ) : ਫਿਰ ਤਾਂ ਵੀਹ ਹਜ਼ਾਰ ਦਾ ਵੀ ਮਹਿੰਗਾ ਹੈ ! ਇਹ ਭਾਵੇਂ ਦੂਰੋਂ-ਨੇੜਿਓ ਦਿਸਣ ਵਿੱਚ ਹਾਥੀ ਹੀ ਹੈ ਪਰ ਬਿਨਾ ਸੁੰਡ ਦੇ ਇਸਦਾ ਕੋਈ ਵੀ ਮੁੱਲ ਨਹੀਂ ਪੈ ਸਕਦਾ!
 
ਗੁਣਹੀਣ ਸਿੰਘ : ਜੇਕਰ ਸੁੰਡ ਹੁੰਦੀ ਤਾਂ ਫਿਰ ਲਖਾਂ ਦਾ ਮੁੱਲ ਪੈਂਦਾ ਇਸ ਸ਼ਾਨਦਾਰ ਹਾਥੀ ਦਾ ! ਸੁੰਡ ਨਹੀਂ ਹੈ ਇਸੀ ਕਰਕੇ ਮੁੱਲ ਵੀਹ ਹਜ਼ਾਰ ਰਖਿਆ ਹੈ !
 
ਹਰਪਾਲ ਸਿੰਘ : ਹਾਥੀ ਦਾ ਸ਼ਰੀਰ ਵੱਡਾ ਹੁੰਦੇ ਹੋਏ ਵੀ ਬਿਨਾ ਸੁੰਡ ਦੇ ਉਸਦੀ ਕੀਮਤ ਨਹੀਂ ਪੈ ਸਕਦੀ ! ਉਸਦੀ ਤਾਕਤ ਅੱਤੇ ਗੁਣਾਂ ਦੀ ਪਛਾਣ ਹੀ ਸੁੰਡ ਤੋ ਹੋ ਸਕਦੀ ਹੈ ! ਸੁੰਡ ਤੋਂ ਬਿਨਾ ਹਾਥੀ ਦੀ ਕੋਈ ਪਛਾਣ ਅੱਤੇ ਮੁੱਲ ਨਹੀਂ !
 
ਦੋਹਾਂ ਦੀ ਗੱਲ-ਬਾਤ ਸੁਣਦੇ ਹੋਏ ਨਾਲ ਹੀ ਖੜਾ ਹਰਪਾਲ ਸਿੰਘ ਦਾ ਮਿੱਤਰ ਸਹਿਜਸੁਭਾ ਸਿੰਘ ਵਖਰੀ ਹੀ ਦੁਨੀਆਂ ਵਿੱਚ ਪੁੱਜ ਗਿਆ ਸੀ...."ਸਿਖ ਪੰਥ ਦਾ ਇੱਕ ਵੱਡਾ ਹਿੱਸਾ ਅੱਜ ਬਿਨਾ ਸੁੰਡ ਦਾ ਹਾਥੀ ਬਣ ਕੇ ਰਹ ਗਿਆ ਹੈ ਜੋ ਬਾਹਰੋਂ ਦਿਸਣ ਵਿੱਚ ਤਾਂ ਬਹੁਤ ਵੱਡਾ ਅੱਤੇ ਉੱਤਮ ਪ੍ਰਤੀਤ ਹੁੰਦਾ ਹੈ ਪਰ ਉਸਦੀ ਤਾਕਤ ਉਸਦੀ ਸੁੰਡ (ਉਸਦੀ ਗੁਰਮਤ) ਉਸ ਕੋਲੋਂ ਖੁੱਸ ਚੁੱਕੀ ਹੈ ! ਇਸ ਕਰਕੇ ਦੁਨੀਆਂ ਵਿੱਚ ਉਸਦਾ ਮੁੱਲ (ਚੜ੍ਹਦੀ ਕਲਾ ਨਹੀਂ ਹੋ ਰਹੀ) ਨਹੀਂ ਪੈ ਰਿਹਾ ! ਇੱਕ ਗ੍ਰੰਥ ਦੇ ਸਿਧਾਂਤ ਨਾਲੋਂ ਟੁੱਟ ਕੇ ਓਹ ਭਰਾ ਮਾਰੂ ਜੰਗ ਵਿੱਚ ਆਪਣੀ ਸੁੰਡ (ਆਤਮਿਕ ਤਾਕਤ) ਗੁਆ ਚੁੱਕਾ ਹੈ ! ਧਰਮ ਅਸਥਾਨਾਂ ਤੇ ਡਿਕਟੇਟਰ ਵਾਂਗ ਕਾਬਿਜ਼ ਹੋਏ ਜਿਆਦਾਤਰ ਪ੍ਰਧਾਨ-ਸੱਕਤਰ ਗੁਰਮਤ ਦੀ ਜੜਾਂ ਵਿੱਚ ਤੇਲ ਪਾ ਕੇ ਮਨਮਤ ਦੇ ਦੀਵੇ ਜਗਾ ਰਹੇ ਹਨ ! "ਅਕਲੀ ਸਾਹਿਬੁ ਸੇਵੀਐ" ਤੋਂ ਉਲਟ ਅੰਨੀ ਸ਼ਰਧਾ ਅੱਤੇ ਪੁਰਾਤਨ ਮਰਿਆਦਾ ਦੇ ਨਾਮ ਤੇ ਸੰਗਤਾਂ ਨੂੰ ਮਨਮਤਾਂ ਦੇ ਹਾਥੀ ਦੀ ਤਾਰੀਫਾਂ ਨਾਲ ਭਰਮਾਇਆ ਜਾ ਰਿਹਾ ਹੈ !
 
ਚਲ ਯਾਰ ! ਇਸ ਵਾਰ ਆਪਣੇ ਕੰਮ ਦਾ ਹਾਥੀ ਨਹੀਂ ਮਿਲਿਆ, ਅਗਲੀ ਵਾਰੀ ਵੇਖਾਂਗੇ ! (ਹਰਪਾਲ ਸਿੰਘ ਨੇ ਵਿਚਾਰਾਂ ਵਿੱਚ ਗੁੰਮ ਸਹਿਜਸੁਭਾ ਸਿੰਘ ਦਾ ਹੱਥ ਫੜ ਕੇ ਖਿਚਿਆ ਤਾਂ ਉਸਦਾ ਸੁਪਨਾ ਜਿਹਾ ਟੁੱਟ ਗਿਆ )
 
ਅਜੇ ਦੇਰ ਨਹੀਂ ਹੋਈ ! "ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦੁ ਵੀਚਾਰਿ" ਦੇ ਆਪ੍ਰੇਸ਼ਨ ਨਾਲ ਟੁੱਟ ਚੁੱਕੀ ਸੁੰਡ (ਗੁਰਮਤ, ਆਪਸੀ ਪਿਆਰ ਅੱਤੇ ਏਕਾ) ਵਾਪਿਸ ਜੋੜੀ ਜਾ ਸਕਦੀ ਹੈ ! (ਸਹਿਜਸੁਭਾ ਸਿੰਘ ਦੇ ਮੂੰਹੋਂ ਸਹਿਜੇ ਹੀ ਨਿਕਲਿਆ)