Share on Facebook

Main News Page

ਕਿੱਥੇ ਹੈ ਮੇਰਾ ਸ਼ਮਸ਼ਾਨ ? (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਕਿਸਦੀ ਇੰਤਜ਼ਾਰ ਹੈ ? ਲਾਸ਼ ਨੂੰ ਲੈ ਚਲੋ ਅੰਦਰ ਚਿਖਾ (ਚਿਤਾ) ਦੇ ਦੁਆਲੇ! (ਕੁਲਦੀਪ ਸਿੰਘ ਬੋਲਿਆ)

ਭੋਲਾ ਸਿੰਘ : ਰੁਕੋ ! ਅਜੇ ਪੰਡਿਤ ਜੀ ਆ ਰਹੇ ਨੇ ! ਇਹ ਕੱਚਾ ਘੜਾ ਉਨ੍ਹਾਂ ਨੇ ਮੰਗਵਾਇਆ ਹੈ, ਇਸਨੂੰ ਭੰਨ ਕੇ ਫਿਰ ਅੱਗੇ ਚਲਣਾ ਹੈ !

(ਕੁਲਦੀਪ ਸਿੰਘ ਕੁਝ ਬੋਲਣਾ ਚਾਹੁੰਦਾ ਸੀ, ਪਰ ਓਹ ਚੁੱਪ ਕਰ ਗਿਆ; ਕਿਓਂਕਿ ਓਹ ਹਰਦੀਪ ਸਿੰਘ (ਮੁਰਦੇ) ਦੇ ਪਰਿਵਾਰ ਨੂੰ ਜਿਆਦਾ ਚੰਗੀ ਤਰਾਂ ਨਹੀਂ ਜਾਣਦਾ ਸੀ !)

ਪੰਡਿਤ ਜੀ ਨੇ ਆ ਕੇ ਘੜਾ ਤੁੜਵਾਇਆ ਤੇ ਫਿਰ ਲਾਸ਼ ਚੁੱਕ ਕੇ ਨਾਲ ਵੱਗਦੀ ਨਦੀ ਦੇ ਘਾਟ ਤੇ ਡੁਬਕੀ ਲਗਵਾਉਣ ਲਈ ਲੈ ਜਾਈ ਗਈ ! (ਕੁਲਦੀਪ ਹੈਰਾਨ ਸੀ, ਕਿਓਂਕਿ ਘਰੋਂ ਲਾਸ਼ ਨੂੰ ਨੁਆ ਕੇ ਹੀ ਲਿਆਂਦਾ ਗਿਆ ਸੀ, ਫਿਰ ਇਹ ਦੁਬਾਰਾ ਇਸਨਾਨ ਕਿਓਂ ?)

ਖੈਰ, ਲਕੜਾਂ ਆ ਚੁੱਕੀਆਂ ਸਨ, ਗੁਰੁਦੁਆਰੇ ਤੋਂ ਆਏ ਭਾਈ ਸਾਹਿਬ ਨਾਲ ਨਾਲ ਜਪੁਜੀ ਸਾਹਿਬ ਦਾ ਪਾਠ ਪੜ ਰਹੇ ਸਨ ! ਲਾਸ਼ ਚੁੱਕ ਕੇ ਚਿਖਾ ਤੇ ਰਖਣ ਦੀ ਤਿਆਰੀ ਕੀਤੀ ਗਈ ਤਾਂ ਕੁਲਦੀਪ ਸਿੰਘ ਨੇ ਲਾਸ਼ ਨੂੰ ਬੰਨੀ ਹੋਈ ਰੱਸੀ ਕੱਟਣ ਲਈ ਚਾਕੂ (ਜੋ ਦੇਸੀ ਘਿਓ ਦਾ ਡੱਬਾ ਖੋਲਣ ਲਈ ਪਇਆ ਸੀ) ਚੁੱਕ ਲਿਆ ! ਇਤਨੇ ਵਿੱਚ ਹੀ ਭੋਲਾ ਸਿੰਘ ਨੇ ਆ ਉਸਦਾ ਹੱਥ ਫੜਿਆ !

ਭੋਲਾ ਸਿੰਘ : ਕੀ ਕਰਦੇ ਹੋ ਵੀਰ ਜੀ ? ਪੰਡਿਤ ਜੀ ਕਹਿੰਦੇ ਹਨ ਕੀ ਇਹ ਰੱਸੀ ਕੱਟੀ ਨਹੀਂ ਜਾਂਦੀ ਬਲਕਿ ਹੱਥ ਨਾਲ ਜੋਰ ਲਾ ਕੇ ਤੋੜੀ ਜਾਂਦੀ ਹੈ ਵਰਨਾ ਮੁਰਦੇ ਨੂੰ ਅੱਗੇ ਜਾ ਕੇ ਜਖਮ ਹੋ ਜਾਂਦੇ ਹਨ! ਅੱਗੇ ਵਧ ਕੇ ਰੱਸੀ ਤੋੜ ਦਿੰਦਾ ਹੈ !

ਲਾਸ਼ ਚਿਖਾ ਤੇ ਰੱਖ ਦਿੱਤੀ ਗਈ ਤੇ ਪੰਡਿਤ ਜੀ ਨੇ ਸਾਰੀ ਸਮਗਰੀ (ਵਿਧੀ ਵਿਧਾਨ ਨਾਲ) ਰਖਣੀ ਸ਼ੁਰੂ ਕਰ ਦਿੱਤੀ ! ਇਸ ਪੂਰੇ ਕਾਰਜ ਦੌਰਾਨ ਗੁਰੁਦੁਆਰੇ ਤੋਂ ਆਏ ਭਾਈ ਸਾਹਿਬ ਅਰਦਾਸ ਕਰਨ ਲਈ ਹੱਥ ਬੰਨੀ ਖੜੇ ਰਹੇ, ਪਰ ਉਨ੍ਹਾਂ ਨੇ ਗੁਰਮਤ ਅਨੁਸਾਰ ਕੋਈ ਵੀ ਗੱਲ ਸੰਗਤਾਂ ਨਾਲ ਸਾਂਝੀ ਨਹੀਂ ਕੀਤੀ ! ਜਿਵੇਂ ਪੰਡਿਤ ਜੀ ਕਹਿੰਦੇ ਰਹੇ, ਪੁੱਤਰ ਉਸੀ ਤਰਾਂ ਕਰਦੇ ਰਹੇ !

ਕੁਲਦੀਪ ਸਿੰਘ (ਹਿੰਮਤ ਕਰ ਕੇ) : ਪੰਡਿਤ ਜੀ ਇੱਕ ਗੱਲ ਦੱਸੋ; ਇਹ ਜੋ ਰਸਮਾਂ ਆਪ ਕਰਵਾ ਰਹੇ ਹੋ ਇਹ ਸਿੱਖਾਂ ਦੀਆਂ ਰਸਮਾਂ ਹਨ ?

ਪੰਡਿਤ ਜੀ (ਪ੍ਰੋੜਤਾ ਕਰਦੇ ਹੋਏ ) : ਮੇਰੀ ਜਾਣਕਾਰੀ ਕੇ ਅਨੁਸਾਰ ਸਿੱਖ ਐਸੇ ਕਰਮ ਕਾਂਡ ਨਹੀਂ ਕਰਤੇ ! ਪਰ ਹਮ ਭੀ ਕਿਆ ਕਰੇਂ ? ਆਪ ਕੇ ਭਾਈ ਸਾਹਿਬ ਤੋ ਘੁੱਗੂ ਬਨ ਕਰ ਖੜੇ ਰਹਤੇ ਹੈਂ, ਅਸਲ ਮੇ ਤੋ ਉਨ੍ਹੇਂ ਚਾਹਿਏ ਕੀ ਹਮੇਂ ਆਪਣੇ ਰੀਤੀ-ਰਿਵਾਜ਼ ਬਤਾਏਂ, ਪਰ ਉਨ ਕੇ ਚੁੱਪ ਰਹਨੇ ਸੇ ਹਮੇਂ ਫਿਰ ਜੋ ਆਤਾ ਹੈ, ਹਮ ਤੋ ਵਹੀ ਕਰਵਾਏਂਗੇ ਨਾ ? (ਇਤਨੀ ਦੇਰ ਵਿੱਚ ਕੁਝ ਰਿਸ਼ਤੇਦਾਰ ਵਿੱਚ ਆ ਦਖਲ ਦਿੰਦੇ ਹਨ ਤੇ ਕਹਿੰਦੇ ਹਨ ਤੂੰ ਜਿਆਦਾ ਚੌਧਰੀ ਨਾ ਬਣ ! ਇਹ ਸਾਡੀਆਂ ਪੁਰਾਤਨ ਰੀਤੀਆਂ ਹਨ ! ਵੱਡਾ ਆਇਆ ਸਿੱਖੀ ਦਾ ਸੁਧਾਰਕ ?

ਕੁਲਦੀਪ ਸਿੰਘ ਸੋਚਣ ਲੱਗਾ ਕੀ ਪੰਡਤ ਜੀ ਨੂੰ ਵੀ ਪਤਾ ਹੈ ਕਿ ਸਿੱਖ ਆਹ ਕੰਮ ਨਹੀਂ ਕਰਦੇ , ਪਰ ਇਹਨਾਂ ਸਿੱਖ ਰੂਪ ਬ੍ਰਾਹਮਣਾ ਨੂੰ ਕੋਣ ਦੱਸੇ? ਕਿ ਗੁਰਮਤਿ ਕੀਹ ਹੈ? ਸਾਡਾ ਤੇ ਮਰਨਾ ਵੀ ਆਪਣਾ ਨਹੀਂ ਹੈ .. ਓਹ ਵੀ ਪਿਆਰੇ ਪਿਆਰੇ ਪੰਡਿਤ ਜੀ ਦੇ ਹੱਥ ਹੀ ਹੈ ... ਮਾਰੋ ਸੋਟੀਆਂ ਤੇ ਕਰੋ ਕਪਾਲ ਕਿਰਿਆ ਤੇ ਕਰ ਦਿਓ ਆਤਮਾ ਆਜ਼ਾਦ ! (ਪਤਾ ਨਹੀਂ ਹੋਰ ਕਿਤਨੇ ਵਹਿਮ-ਭਰਮ ਅਜੇ ਬਾਕੀ ਨੇ?) ਅਜੇ ਤੇ ਲੋਕਾਂ ਦੇ ਬਾਹਰ ਜਾਂਦੇ ਹੋਏ ਹੱਥ ਵੀ ਧੋਣੇ ਹਨ, ਤਾਂ ਕੀ ਬੁਰੀ ਆਤਮਾਵਾਂ ਉਨ੍ਹਾਂ ਦੇ ਨਾਲ ਨਾ ਜਾਣ !

ਗਿਆਨ ਦੇ ਪੁਜਾਰੀ ਅੱਜ ਗਿਆਨ ਤੋਂ ਸੱਖਣੇ ਹਨ ! (ਕਲਪਦਾ ਹੋਇਆ ਬਿਨਾ ਮੁੰਹ-ਹੱਥ ਧੋਤੇ ਹੀ ਸ਼ਮਸ਼ਾਨ ਤੋਂ ਬਾਹਰ ਆ ਜਾਂਦਾ ਹੈ) ! ਅਚਾਨਕ ਪਿੱਛੋਂ ਆਵਾਜ਼ ਆਉਂਦੀ ਹੈ ਕੁਲਦੀਪੇ, ਸਿਧਾ ਘਰ ਨਾ ਜਾਵੀਂ ! ਗੁਰੁਦੁਆਰੇ ਹੋ ਕੇ ਜਾਵੀਂ !

ਸਾਡੇ ਬੱਚੇ ਵੇਖਣਗੇ ਕੀ ਕੋਈ ਹੋਰ ਸਾਡਾ ਅੰਤਿਮ ਸੰਸਕਾਰ ਕਰਵਾਉਂਦਾ ਹੈ ਤਾਂ ਉਸਦਾ ਪ੍ਰਭਾਵ ਜਾਣੇ-ਅਨਜਾਣੇ ਵਿੱਚ ਹੀ ਓਹ ਕਬੂਲ ਕਰ ਲੈਣਗੇ ! ਕਿੱਥੇ ਹੈ ਸਿੱਖਾਂ ਦਾ ਸ਼ਮਸ਼ਾਨ ? ਕਿਸਨੂੰ ਫ਼ਿਕਰ ਹੈ? ਕਹਿੰਦੇ ਹੋਏ ਕੁਲਦੀਪ ਸਿੰਘ ਚਿੰਤਾ ਵਿੱਚ ਡੁੱਬ ਜਾਂਦਾ ਹੈ !)

ਨਿੱਕੀ ਕਹਾਣੀ ਦੇ ਲੰਮੇ ਹੋਣ ਕਰਕੇ ਮਾਫ਼ੀ ਦਾ ਚਾਹਵਾਨ ਹਾਂ ! ਪਰ ਇਹ ਜਰੂਰੀ ਸੀ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top