ਚਲ
ਬਈ ਲੈ ਆ ਕੋਕਾ-ਕੋਲਾ ! ਸਾਰੇ ਰੱਲ-ਮਿਲ ਪੀਆਂਗੇ ! (ਹਰਜੀਤ ਸਿੰਘ ਵੱਲੋਂ ਕੀਤੀ ਜਾ
ਰਹੀ ਭੁਖ-ਹੜਤਾਲ ਵਿਚਕਾਰ, ਬਾਹਰੋਂ ਆਇਆ ਕੁਲਜੀਤ ਸਿੰਘ ਉਥੇ ਮੌਜੂਦ ਲੋਕਾਂ ਨੂੰ
ਕਹਿਣ ਲੱਗਾ ! )
ਹਰਜਸ ਸਿੰਘ : ਵੀਰ, ਤੁਸੀਂ ਕੀ ਕਰ ਰਹੇ ਹੋ ?
ਇੱਕ ਤਰਫ਼ ਤਾਂ ਅਸੀਂ ਸਾਰੇ ਆਪਣੀ ਗੱਲ ਮਨਵਾਉਣ ਲਈ, ਹਰਜੀਤ ਸਿੰਘ ਵੀਰ ਜੀ ਨਾਲ
ਭੁੱਖ-ਹੜਤਾਲ 'ਤੇ ਬੈਠੇ ਹਾਂ ਤੇ ਦੂਜੀ ਤਰਫ਼ ਤੁਸੀਂ ਨਾਲ ਬਹਿਣ ਦੀ ਬਜਾਏ, ਇੱਥੇ
ਪਾਰਟੀ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ?
ਕੁਲਜੀਤ ਸਿੰਘ (ਸ਼ੈਤਾਨੀ ਹਸੀ ਹਸਦਾ ਹੋਇਆ) :
ਫਿਰ ਕੀ ਹੋਇਆ ? ਜਿਹੜੇ ਨਾਲ ਬੈਠੇ ਨੇ, ਉਨ੍ਹਾਂ ਦਾ ਤਾਂ ਹੱਕ ਬਣਦਾ ਹੈ, ਆਪਣੀ
ਸਿਹਤ ਦਾ ਖਿਆਲ ਰਖਣ ਦਾ ! ਇੱਕ ਇੱਕ ਗਲਾਸ ਪੈਪਸੀ-ਕੋਲਾ ਪੀ ਲਵਾਂਗੇ, ਤਾਂ ਕੀ ਵਿਗੜ
ਜਾਣਾ ਹੈ ! ਚਲ ਭਾਈ ਚਲ, ਖੋਲ ਬੋਤਲ ! (ਕਹਿੰਦੇ ਹੋਏ ਕੁਲਜੀਤ ਨੇ ਇੱਕ ਬੋਤਲ ਨੂੰ
ਖੋਲਣ ਲਈ ਚੁੱਕ ਲਿਆ)
ਹਰਜਸ ਸਿੰਘ : ਕਿਸੀ ਵੀ ਮੁਹਿੰਮ ਨੂੰ ਕਮਜ਼ੋਰ
ਜਾਂ ਖਤਮ ਕਰਨ ਲਈ, ਅਕਸਰ ਕਮਜ਼ੋਰ ਕੜੀ ਉਸੀ ਜ਼ੰਜੀਰ ਵਿਚੋਂ ਹੀ ਲਭੀ ਜਾਂਦੀ ਹੈ, ਜੋ
ਅਖੀਰ ਉਸ ਪੂਰੀ ਜ਼ੰਜੀਰ ਦੀ ਮਜਬੂਤੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੰਦੀ ਹੈ ! ਕਿਰਪਾ
ਕਰ ਕੇ ਇਹ ਪੇਪ੍ਸੀ-ਕੋਲਾ ਚੁੱਕੋ, ਤੇ ਭਾਵੇਂ ਭੁੱਖ-ਹੜਤਾਲ ਖਤਮ ਹੋਣ ਤੋਂ ਬਾਅਦ
ਜਿੰਨਾ ਮਰਜ਼ੀ ਪਿਲਾ ਦੇਣਾ !
ਕੁਲਜੀਤ ਸਿੰਘ : ਤੁਸੀਂ ਵੀ ਨਾ ! ਕਿਹੋ ਜਿਹੀਆਂ
ਗੱਲਾਂ ਕਰਦੇ ਹੋ ਵੀਰ ? ਅਸੀਂ ਕੀ ਦੁਸ਼ਮਣ ਹੈਗੇ ਹਾਂ ਹਰਜੀਤ ਸਿੰਘ ਜੀ ਦੇ ?)
ਹਰਜਸ ਸਿੰਘ (ਥੋੜੇ ਜਿਹੇ ਸਖਤ ਸ਼ਬਦਾਂ ਵਿੱਚ) :
ਅਸੀਂ ਪੂਰੀ ਇਮਾਨਦਾਰੀ ਨਾਲ ਇਸ ਭੁਖ-ਹੜਤਾਲ ਨੂੰ ਪੂਰਾ ਕਰਾਂਗੇ ਅੱਤੇ ਆਪਣੇ ਉਦੇਸ਼
ਨੂੰ ਪੂਰਾ ਕਰ ਕੇ ਹੀ ਦੰਮ ਲਵਾਂਗੇ ! ਤੁਸੀਂ ਇਹ ਆਪਣਾ ਟੀਨ-ਟੱਪਰ ਚੁੱਕੋ, ਤੇ ਸਾਨੂੰ
ਸਾਡਾ ਕੰਮ ਕਰਨ ਦਿਓ ! ਸਾਨੂੰ ਕਿਸੀ ਵੀ ਤਰੀਕੇ ਦੀ ਕਮਜ਼ੋਰ ਕੜੀ ਨਹੀਂ ਚਾਹੀਦੀ !
ਹੁੰਹ ! .... ਕੁਲਜੀਤ ਸਿੰਘ ਬੁਰਾ ਜਿਹਾ ਮੁੰਹ ਬਣਾ ਕੇ ਚਲਾ ਜਾਂਦਾ ਹੈ !
ਹਰਜਸ ਸਿੰਘ ਤੇ ਉਸਦੇ ਸਾਥੀ ਆਪਣੇ ਟੀਚੇ ਪ੍ਰਤੀ ਪੂਰੀ ਇਮਾਨਦਾਰੀ ਨਾਲ ਆਪਣੀ ਭੁੱਖ
ਹੜਤਾਲ ਜਾਰੀ ਰਖਦੇ ਹਨ !