ਓਏ
ਹੋਏ ... ਖੀਰ !! ਹੱਥ ਵਿੱਚ ਫੜੇ ਪੁਲਾਓ ਦੇ ਡੂਨੇ ਨੂੰ ਪਰੇ ਸੁੱਟਦਾ ਹੋਇਆ ਕੁਲਜੀਤ
ਖੀਰ ਦੀ ਲਾਈਨ ਵਿੱਚ ਜਾ ਲੱਗਾ ! ਖੀਰ ਅਜੇ ਖਤਮ ਵੀ ਨਹੀਂ ਹੋਈ ਸੀ, ਕੀ ਉਸਦੀ ਨਜ਼ਰ
ਕੋਕਾ-ਕੋਲਾ ਵਰਤਾ ਰਹੇ ਬੰਦੇ 'ਤੇ ਜਾ ਅਟਕੀ ! ਫ਼ਟਾਫ਼ਟ ਖੀਰ ਖਤਮ ਕਰ ਕੇ ਓਹ ਭੀੜ ਨੂੰ
ਚੀਰਦਾ ਹੋਇਆ ਕੋਕਾ-ਕੋਲਾ 'ਤੇ ਜਾ ਪਿਆ !
ਕੁਦਰਤੀ ਇਹ ਸਾਰਾ ਨਜ਼ਾਰਾ ਦੂਰ ਆਪਣੇ ਘਰ ਦੀ ਬਾਲਕੋਨੀ 'ਤੇ ਖੜਾ
ਨਰਿੰਦਰ ਸਿੰਘ ਵੇਖ ਕੇ ਹੈਰਾਨ ਹੋ ਰਿਹਾ ਸੀ !
ਇਤਨੀ ਦੇਰ ਵਿੱਚ ਹੀ ਇੱਕ ਕੇਲਾ ਉਡਦਾ ਹੋਇਆ ਸੜਕ 'ਤੇ ਜਾ
ਡਿੱਗਾ, ਤੇ ਨਾਲ ਹੀ ਨਾਲ ਭੀੜ ਵਿਚੋਂ ਕਿਸੀ ਦੇ ਪੈਰਾਂ ਥੱਲੇ ਕੁਚਲਿਆ ਗਿਆ ! ਸੜਕ
ਦੇ ਵਿਚਕਾਰ ਅੱਤੇ ਕਿਨਾਰਿਆਂ ਤੇ ਅਧ-ਖਾਦੇ ਹੋਏ ਡੂਨੇ, ਗੁਰੂ ਨਾਨਕ ਸਾਹਿਬ ਵੱਲੋਂ
ਚਲਾਏ ਗਏ ਲੰਗਰ ਦੇ ਸਿਧਾਂਤ ਨੂੰ ਮੁੰਹ ਚਿੜਾ ਰਹੇ ਪ੍ਰਤੀਤ ਹੋ ਰਹੇ ਸੀ !
ਸਟਾਲਾਂ 'ਤੇ ਲੱਗੇ ਡੀ.ਜੇ. ਅੱਤੇ ਲਾਊਡ-ਸਪੀਕਰ ਦੀਆਂ ਕੰਨ
ਪਾੜਵੀਆਂ ਆਵਾਜ਼ਾਂ, ਆਪਸ ਵਿੱਚ ਮਿਲ ਕੇ ਕਵਿਤਾ ਤੇ ਗੁਰਬਾਣੀ ਦੇ ਫ਼ਰਕ ਨੂੰ ਦੱਸਣ ਵਿਚ
ਨਾਕਾਬਿਲ ਸਿੱਧ ਹੋ ਰਹੀਆਂ ਸਨ ! ਹਰ ਪਾਸੇ ਅਫਰਾ-ਤਫਰੀ ਦਾ ਮਾਹੋਲ ਬਣਿਆ ਹੋਇਆ ਸੀ !
ਸਰਦਾਰ ਜੀ ! ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ? ਅਚਾਨਕ
ਪਿੱਛੋਂ ਨਰਿੰਦਰ ਸਿੰਘ ਦੇ ਮੋਢੇ 'ਤੇ ਵੋਹਟੀ ਮਨਜੀਤ ਕੌਰ ਨੇ ਹੱਥ ਰਖਿਆ ! ਨਰਿੰਦਰ
ਸਿੰਘ ਦੀਆਂ ਅੱਖਾਂ ਦੇ ਨੁੱਕਰ ਗਿੱਲੇ ਸਨ !
ਨਰਿੰਦਰ ਸਿੰਘ : ਨਗਰ
ਕੀਰਤਨ ਦਾ ਅਰਥ ਹੁੰਦਾ ਹੈ .. ਗੁਰੂ ਦੇ ਜੱਸ (ਕੀਰਤਣ) ਗਾਇਣ ਕਰਦੇ ਹੋਏ ਸਿੱਖ ਧਰਮ
ਅੱਤੇ ਸਦਾਚਾਰ (ਸਦ-ਆਚਾਰ) ਬਾਰੇ ਸਮਾਜ ਨੂੰ ਜਾਗਰੂਕ ਕਰਨਾ ! ਕਿਤਨਾ ਸੋਹਣਾ ਦ੍ਰਿਸ਼
ਹੁੰਦਾ ਹੋਵੇਗਾ, ਜਦੋਂ ਗੁਰੂ ਕੇ ਪਿਆਰੇ ਗੁਰੂ ਜੱਸ ਗਾਇਣ ਕਰਦੇ ਕਰਦੇ ਨਗਰ ਕੀਰਤਨ
ਵਿੱਚ ਸ਼ਾਮਿਲ ਹੁੰਦੇ ਸਨ ! ਅੱਜ ਤੇ ਕੇਵਲ ਜਗਤ ਦਿਖਾਵਾ ਹੀ ਹੈ ! ਢੋਲਕੀ ਚੁੱਕੇ ਕੇ
ਕੱਚੀ ਪੱਕੀ 'ਤੇ ਧਾਰਨਾਵਾਂ ਨਾਲ ਪੜ੍ਹਨਾ ਹੀ ਨਗਰ ਕੀਰਤਨ ਵਿਚ ਸ਼ਬਦ ਪੜ੍ਹਨਾ ਬਣਾ
ਦਿੱਤਾ ਗਿਆ ਹੈ ! ਸਾਰਾ ਧਿਆਨ ਤੇ ਲੰਗਰ ਵਰਤਾਉਣ ਅੱਤੇ ਖਾਣ ਵਿੱਚ ਅਟਕਿਆ ਹੋਇਆ ਹੈ
!
ਮਨਜੀਤ ਕੌਰ : ਆਤਮਾ ਦੀ ਖੁਰਾਕ (ਆਤਮਿਕ ਸ਼ਾਂਤੀ)
ਲਈ ਨਗਰ ਕੀਰਤਨ ਹੁੰਦੇ ਹਨ, ਪਰ ਅੱਜ ਤੇ ਕੇਵਲ ਸ਼ਰੀਰ ਦੀ ਖੁਰਾਕ (ਭਾਂਤ ਭਾਂਤ ਦੇ
ਵੰਨ-ਸੁਵੰਨੇ ਪਦਾਰਥ) ਹੀ ਪ੍ਰਧਾਨ ਹੈ, ਜਿਸਦਾ ਅਸਰ ਕੇਵਲ ਇੱਕ ਦਿਨ ਤੋਂ ਵੱਧ ਨਹੀਂ
ਹੁੰਦਾ !
ਨਰਿੰਦਰ ਸਿੰਘ : ਇਸ ਤਰੀਕੇ ਨਾਲ ਗੁਰੂ ਜਾ ਜੱਸ
ਅਸੀਂ ਕੀ ਕਰਵਾਉਣਾ ਹੈ, ਬਲਕਿ ਆਪਨੇ ਗੁਰੂ ਦੀ ਬਦਨਾਮੀ ਹੀ ਕਰ ਰਹੇ ਹਾਂ ! ਕੀ ਵਾਕਈ
ਹੀ ਇਹ "ਸਿੱਖ ਜੀਵਨ ਜਾਚ" ਦਾ ਪ੍ਰਗਟਾਵਾ ਹੈ ?
ਮਨਜੀਤ ਕੌਰ ਪਿਆਰ ਨਾਲ ਹੱਥ ਫੜ ਕੇ ਅੰਦਰ ਲੈ
ਜਾਂਦੀ ਹੈ ਤੇ ਕਹਿੰਦੀ ਹੈ ... ਆਓ ਸਰਦਾਰ ਜੀ, ਘੰਟਾ ਕੁ ਵਿਚਾਰ ਕੇ ਸਹਿਜ-ਪਾਠ ਕਰ
ਲਈਏ ! ਆਤਮਿਕ ਭੁੱਖ ਇਸੀ ਤਰੀਕੇ ਸ਼ਾਂਤ ਹੋਵੇਗੀ !