Share on Facebook

Main News Page

ਝਾੜੂ ਉੱਤੇ ਝਾੜੂ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਇਹ ਕੀ? ਸਾਫ਼ ਹੋ ਚੁੱਕੀ ਸੜਕ ਉੱਤੇ ਹੀ ਤੁਸੀਂ ਝਾੜੂ ਕਿਉਂ ਮਾਰੀ ਜਾ ਰਹੇ ਹੋ? (ਮਨਜੀਤ ਸਿੰਘ ਨੇ ਝਾੜੂ ਜੱਥੇ ਦੇ ਸੇਵਾਦਾਰ ਕੁਲਜੀਤ ਸਿੰਘ ਨੂੰ ਪੁਛਿਆ)

ਕੁਲਜੀਤ ਸਿੰਘ : ਬਾਬਾ ਜੀ ਦੀ ਸਵਾਰੀ ਆ ਰਹੀ ਹੈ ! ਸਾਡਾ ਫਰਜ਼ ਹੈ ਕੀ ਸੜਕ ਨੂੰ ਸਾਫ਼ ਰਖੀਏ ! (ਇਹ ਕਹਿੰਦੇ ਹੋਏ ਮਨਜੀਤ ਸਿੰਘ ਨੇ ਝਾੜੂ ਚੁੱਕ ਲਿਆ, ਤੇ ਸਾਫ਼ ਹੋ ਚੁੱਕੀ ਸੜਕ 'ਤੇ ਫਿਰ ਮਾਰਣ ਲੱਗਾ)

ਮਨਜੀਤ ਸਿੰਘ : ਵੀਰ ! ਕੇਵਲ ਸੜਕ ਦਾ ਕੂੜਾ ਇੱਕ ਪਾਸੇ ਕਰ ਦੇਣ ਨਾਲ ਹੀ ਸਾਡਾ ਕੰਮ ਖਤਮ ਹੋ ਜਾਂਦਾ ਹੈ ? ਜਾਂ ਫਿਰ ਜੇਕਰ ਇਸ ਕੂੜੇ ਨੂੰ ਜੋ ਪਾਣੀ ਨਾਲ ਰਲ ਕੇ ਸੜਕ ਤੇ ਤਿਲਕਣ ਅਤੇ ਗੰਦਗੀ ਪੈਦਾ ਕਰ ਰਿਹਾ ਹੈ ਨੂੰ ਕਿਸੀ ਬੋਰੀ ਜਾਂ ਪੋਲੀਥੀਨ ਬੈਗ ਵਿੱਚ ਪਾ ਕੇ ਸਾੰਭ ਲਈਏ, ਤਾਂ ਕੀ ਨਗਰ ਕੀਰਤਨ ਤੋਂ ਬਾਅਦ ਇਸ ਸੜਕ ਤੋਂ ਲੰਘਣ ਵਾਲੀਆਂ ਸੰਗਤਾਂ ਅਤੇ ਹੋਰ ਆਮ ਲੋਕਾਂ ਨੂੰ ਕੋਈ ਤਕਲੀਫ਼ ਨਾ ਹੋਵੇ? ਅਤੇ ਮੁਨਿਸਿਪਲ ਕਮੇਟੀ ਵਾਲਿਆਂ ਨੂੰ ਵੀ ਸੌਖ ਹੋ ਜਾਵੇ ਸਫਾਈ ਰਖਣ ਵਿੱਚ ! ਨਾਲ ਹੀ ਜੋ ਲੋਗ ਵੰਨ-ਸੁਵੰਨੇ ਸਟਾਲ ਲਗਾਉਂਦੇ ਨੇ ਉਨ੍ਹਾਂ ਨੂੰ ਵੀ ਜਾਗਰੂਕ ਕਰੀਏ ਕੀ ਸਫਾਈ ਵਾਲੇ ਪਾਸੇ ਵੀ ਧਿਆਨ ਦਿੱਤਾ ਜਾਵੇ !

ਕੁਲਜੀਤ ਸਿੰਘ (ਔਖਾ ਹੁੰਦਾ ਹੋਇਆ) : ਇਹ ਸਾਡਾ ਕੰਮ ਨਹੀਂ ਹੈ ! ਸਾਡਾ ਕੰਮ ਹੈ ਝਾੜੂ ਦੀ ਸੇਵਾ ਕਰਨਾ ਤੇ ਅਸੀਂ ਬਹੁਤ ਸਾਲਾਂ ਤੋਂ ਇਹੀ ਕਰਦੇ ਆ ਰਹੇ ਹਾਂ ! ਤੁਹਾਨੂੰ ਜਿਆਦਾ ਦਰਦ ਹੈ ਤੇ ਤੁਸੀਂ ਆਪ ਕਰ ਲਵੋ ਸਫਾਈ ਤੇ ਲੋਕਾਂ ਨੂੰ ਜਾਗਰੂਕ !

ਮਨਜੀਤ ਸਿੰਘ : ਸਾਫ਼ ਹੋ ਚੁਕੀ ਸੜਕ ਤੇ ਤੁਸੀਂ ਦਸ-ਦਸ ਵਾਰ ਸ਼ਰਧਾ ਦੇ ਨਾਮ ਤੇ ਝਾੜੂ ਉੱਤੇ ਝਾੜੂ ਮਾਰ ਸਕਦੇ ਹੋ, ਪਰ ਉਸ ਕੂੜੇ ਦੀ ਸੰਭਾਲ ਕਰਨ ਲਈ ਤਿਆਰ ਨਹੀਂ ਹੋ ! ਆਪ ਜੀ ਪਾਸ ਨਿਸ਼ਕਾਮ ਸੇਵਾਦਾਰ ਵੀ ਹਨ ਇਸ ਕੂੜੇ ਦੀ ਸੰਭਾਲ ਲਈ ਪਰ ਵਿਚਾਰ ਕਿਉਂ ਨਹੀਂ ਕਰਨਾ ਚਾਹੁੰਦੇ ? ਆਪਨੇ ਘਰਾਂ ਵਿੱਚ ਵੀ ਤੇ ਅਸੀਂ ਝਾੜੂ ਮਾਰਣ ਤੋਂ ਬਾਅਦ ਕੂੜਾ ਇਕੱਠਾ ਕਰ ਕੇ ਡਸਟ ਬਿਨ ਵਿੱਚ ਪਾਉਂਦੇ ਹਾਂ; ਫਿਰ ਇੱਥੇ ਕੀ ਦਿੱਕਤ ਹੈ ?

ਕੁਲਜੀਤ ਸਿੰਘ : ਜਾਓ ਤੁਸੀਂ ਭਾਈ ਸਾਹਿਬ; ਕਿਉਂ ਸਾਡਾ ਸਮਾਂ ਖਰਾਬ ਕਰ ਰਹੇ ਹੋ ? (ਕਹਿੰਦਾ ਹੋਇਆ ਆਪਣੇ ਦੋਸਤਾਂ ਨਾਲ ਜਾ ਕੇ ਖੜਾ ਹੋ ਜਾਂਦਾ ਹੈ, ਜੋ ਘੱਟੋ ਘੱਟ ਦਸ ਵਾਰ ਸਾਫ਼ ਸੜਕ ਤੇ ਝਾੜੂ ਮਾਰਣ ਤੋਂ ਬਾਅਦ ਨਗਰ ਕੀਰਤਨ ਦੇ ਅੱਗੇ ਚਲਣ ਦਾ ਇੰਤੀਜ਼ਾਰ ਕਰ ਰਹੇ ਸੀ !

ਮਨਜੀਤ ਸਿੰਘ : ਵੀਰ ਸ਼ਾਇਦ ਇਸੀ ਕਰਕੇ ਆਮ ਲੋਗ "ਨਗਰ ਕੀਰਤਨ" ਦੇ ਜਾਣ ਤੋਂ ਬਾਅਦ ਸੜਕਾਂ 'ਤੇ ਪਇਆ ਕੂੜਾ ਵੇਖ ਕੇ ਕਹਿੰਦੇ ਨੇ ਕੀ ਅੱਜ ਸਿੱਖਾਂ ਦਾ "ਜਲੂਸ" ਨਿਕਲਿਆ ਸੀ ! (ਮਨ ਹੀ ਮਨ ਫੈਸਲਾ ਕਰਦਾ ਹੈ ਕੀ ਸੰਗਤਾਂ ਅੱਤੇ ਸਟਾਲ ਵਾਲਿਆਂ ਨੂੰ ਖੁਦ ਉਸ ਕੂੜੇ ਦੀ ਸਫਾਈ ਅਤੇ ਸਾੰਭ ਕਰ ਕੇ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇ !)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top