Share on Facebook

Main News Page

ਛਬੀਲ ਤੇ ਗਿਆਨ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਅੰਕਲ, ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ ਅੱਤੇ ਮੇਰੇ ਮਾਤਾ-ਪਿਤਾ ਜੀ ਮੇਰੀ ਏਮ.ਬੀ.ਏ. ਦੀ ਫੀਸ ਨਹੀ ਭਰ ਸਕਦੇ ! ਆਪ ਜੀ ਆਪਣਾ ਦਸਵੰਧ ਕਢਦੇ ਹੀ ਹੋ ! ਕੋਈ ਐਸਾ ਤਰੀਕਾ ਹੈ ਕੀ ਜੋ ਆਪ ਜੀ ਮੇਰੀ ਮਦਦ ਕਰ ਸਕੋ ? ਮੈਂ ਜਦੋਂ ਕਮਾਣਾ ਸ਼ੁਰੂ ਕਰਾਂਗਾ ਤੇ ਆਪ ਜੀ ਦਾ ਪੈਸਾ ਜਰੂਰ ਵਾਪਿਸ ਕਰ ਦਿਆਂਗਾ ! (ਕੁਲਜੀਤ ਸਿੰਘ ਇਲਾਕੇ ਦੇ ਪਤਵੰਤੇ ਬੰਦੇ ਪਤਵੰਤ ਸਿੰਘ ਨੂੰ ਮਿਲਣ ਗਿਆ ਸੀ)

ਮੇਰੇ ਕੋਲ ਇਨ੍ਹਾਂ ਕੰਮਾਂ ਲਈ ਵਾਧੂ ਪੈਸਾ ਨਹੀ ਹੈ, ਮੈਂ ਆਪਣਾ ਦਸਵੰਧ ਲੰਗਰ ਅਤੇ ਬਿਲਡਿੰਗ ਫੰਡ ਵਾਸਤੇ ਰਖਿਆ ਹੈ ! ਹੁਣ ਛਬੀਲ ਲਗਾਣੀ ਹੈ ਤੇ ਇਸ ਵਿਚ ਵੀ ਬਹੁਤ ਖਰਚਾ ਹੋ ਜਾਵੇਗਾ ! (ਪਤਵੰਤ ਸਿੰਘ ਬੋਲਿਆ)

ਕੁਲਜੀਤ ਸਿੰਘ : ਤੁਸੀਂ ਮੁਸਲਮਾਨ ਵੀਰਾਂ ਨੂੰ ਪੈਸੇ ਦੇ ਕੇ ਉੱਚੀ ਪੜ੍ਹਾਈ (Higher Studies) ਕਰਵਾ ਸਕਦੇ ਹੋ, ਪਰ ਆਪਣੇ ਹੀ ਬਚੇਆਂ ਨੂੰ ਨਹੀ ?

ਪਤਵੰਤ ਸਿੰਘ (ਅਉਖਾ ਜਿਹਾ ਹੋ ਕੇ) : ਓਏ ਕੀ ਬਕਵਾਸ ਲਾਈ ਹੈ, ਮੈਂ ਕਦੋਂ ਪੈਸੇ ਦਿੱਤੇ ਉਨ੍ਹਾਂ ਨੂੰ ?

ਕੁਲਜੀਤ ਸਿੰਘ : ਹਰ ਸਾਲ ਤੁਸੀਂ (ਅਸੀਂ ਲੋਗ) ਛਬੀਲ ਦੇ ਨਾਮ ਤੇ ਇੱਕ ਕਰੋੜ ਰੁਪਈਏ ਤੋਂ ਵਧ ਦਾ ਰੂਹ-ਅਫ਼ਜ਼ਾ, ਤਕਰੀਬਨ ਇਤਨੇ ਦਾ ਹੀ ਦੁਧ, ਚੀਨੀ ਵਰਤਾ ਦਿੰਦੇ ਹਾਂ ! ਇਹ ਰੂਹ-ਅਫ਼ਜ਼ਾ ਵਾਲੇ ਰੁਪਈਏ ਮੁਸਲਿਮ ਵੀਰਾਂ ਦੀ ਉੱਚੀ ਪੜ੍ਹਾਈ (Higher Studies) ਉੱਤੇ ਓਹ ਕੰਪਨੀ ਖਰਚ ਕਰਦੀ ਹੈ ਜੋ ਕੀ ਤਕਰੀਬਨ ਮਾਰਕੀਟ ਦੇ ਹਿਸਾਬ ਨਾਲ ਪੰਜਾਹ-ਸਠ ਲੱਖ ਬਣਦਾ ਹੈ ! ਇਸਦਾ ਮਤਲਬ ਹੈ ਕੀ ਅਸੀਂ ਆਪਣੇ ਬੱਚੇ ਤੇ ਮੁਫ਼ਤ ਪੜਾਉਣ ਨੂੰ ਤਿਆਰ ਨਹੀ ਪਰ ਧਰਮ ਦੇ ਨਾਮ ਤੇ ਆਪਣਾ ਪੈਸਾ ਰੋੜ ਕੇ ਆਪਣੀ ਹੱਕ ਦੀ ਕਮਾਈ ਨਾਲ ਬਾਕੀ ਦੁਨੀਆਂ ਨੂੰ ਗਿਆਨ ਵਰਤਾ ਰਹੇ ਹਾਂ !

ਪਤਵੰਤ ਸਿੰਘ (ਗੁੱਸੇ ਨਾਲ) : ਤੇ ਫਿਰ ਕੀ ਚਾਹੁੰਦੇ ਹੋ ? ਨਾ ਮਨਾਈਏ ਆਪਣੇ ਗੁਰੂ ਦਾ ਸ਼ਹੀਦੀ ਦਿਹਾੜਾ ? ਤੁਸੀਂ ਨੌਜਵਾਨਾਂ ਨੇ ਤੇ ਸਾਰਾ ਕੁਝ ਹੀ ਸਵਾਹ ਕਰ ਦੇਣਾ ਹੈ !

ਕੁਲਜੀਤ ਸਿੰਘ (ਥੋੜੀ ਹੋਰ ਨਿਮਰਤਾ ਨਾਲ) : ਨਹੀ ਵੀਰ ਜੀ, ਇਹ ਕਿਸ ਨੇ ਕਿਹਾ ਕੀ ਗੁਰੂ ਸਾਹਿਬ ਦਾ ਸ਼ਹੀਦਾ ਦਿਹਾੜਾ ਨਾ ਮਨਾਇਆ ਜਾਵੇ, ਅਸੀਂ ਤੇ ਕੇਵਲ ਫਜੂਲ ਖਰਚੀ ਦੇ ਹੱਕ ਵਿਚ ਨਹੀ! ਨਾਲ ਸਿਰਫ ਇੱਕ ਦਿਹਾੜਾ ਕਿਓਂ ? ਇਸ ਸਾਰੇ ਗਰਮੀ ਦੇ ਮਹੀਨੇ ਵਿਚ ਛਬੀਲ ਲਗਾਓ ਸਾਦੇ ਪਾਣੀ ਦੀ ! ਪਿਆਸੇਆਂ ਦੀ ਪਿਆਸ ਭੁਝਾਓ ਪਰ ਸਿਰਫ ਇੱਕ ਦਿਨ ਹੀ ਕਿਓਂ ? ਪੂਰਾ ਮਹੀਨਾ ਠੰਡਾ ਜਲ ਵਰਤਾਓ ਨਾਲ ਗੁਰੂ ਜੀ ਦੀ ਲਾਸਾਨੀ ਸ਼ਹੀਦੀ ਬਾਰੇ ਜਾਣਕਾਰੀ ਦੇਓ ! ਜਗਤ ਦਿਖਾਵੇ ਲਈ ਪੰਜਾਹ ਪੰਜਾਹ ਗੱਜ ਤੇ ਸਟਾਲ ਲਗਾਉਣਾ ਕਿਸੀ ਦੀ ਪਿਆਸ ਬੁਝਾਉਣ ਨਹੀ ਹੋ ਸਕਦਾ ਹਾਂ ਆਪਣੀ ਹਉਮੇ ਨੂੰ ਸ਼ਾਂਤ ਕਰਨਾ ਜਰੂਰ ਹੋ ਸਕਦਾ ਹੈ !

ਪਤਵੰਤ ਸਿੰਘ (ਹੈਰਾਨੀ ਨਾਲ) : ਕਾਕੇ, ਤੂੰ ਤੇ ਅੱਜ ਕੇ ਮੁੰਡੇਆਂ ਵਾਂਗ ਨਹੀ ਹੈਂ ! ਤੇਰੀ ਇਨ੍ਹਾਂ ਗੱਲਾਂ ਨੇ ਮੇਰੀ ਅੰਨੀ ਸ਼ਰਧਾ ਜੋ ਸਿਰਫ ਵੇਖਾ-ਵੇਖੀ ਹੀ ਸੀ ਨੂੰ ਗਿਆਨ ਦੀ ਰੋਸ਼ਿਨੀ ਵਿਖਾ ਦਿੱਤੀ ਹੈ ! ਸਾਡਾ ਗੁਰੂ ਗਿਆਨ ਹੈ ਤੇ ਕਿਓਂ ਸਾਡੇ ਸਿੱਖ ਬੱਚੇ ਗਿਆਨ ਤੋ ਵਾਂਝੇ ਰਹਿਣ ? ਇਨ੍ਹਾਂ ਨੂੰ ਵੀ ਪੂਰਾ ਹੱਕ ਹੈ ਅੱਗੇ ਵਧਣ ਦਾ ! ਕੱਲ ਸਵੇਰੇ ਆ ਜਾ ਆਪਣੇ ਪੇਪਰ ਲੈ ਕੇ, ਤੇਰਾ ਅਗਲੀ ਪੜ੍ਹਾਈ ਦਾ ਪੂਰਾ ਖਰਚ ਮੈਂ ਚੁੱਕਾਂਗਾ ! ਪਰ ਛਬੀਲ ਤੇ ਮੈਂ ਜਰੂਰ ਲਗਾਵਾਂਗਾ ਸਾਦੇ ਪਾਣੀ ਦੀ ! (ਹਸਦਾ ਹੈ)

ਕੁਲਜੀਤ ਸਿੰਘ (ਖੁਸ਼ੀ ਵਿਚ) : ਹੁਣ ਵਰਤੇਗੀ ਗਿਆਨ ਦੀ ਛਬੀਲ! ਬਾਣੀ ਦੇ ਬੋਹਿਥ ਗੁਰੂ ਜੋ ਆਪ ਗਿਆਨ ਦੇ ਭੰਡਾਰ ਸਨ, ਉਨ੍ਹਾਂ ਨੂੰ ਇਸ ਤੋਂ ਵਧ ਪਿਆਰ ਸੰਗਤ ਕਿਵੇਂ ਕਰ ਸਕਦੀ ਹੈ ! ਉਨ੍ਹਾਂ ਦੇ ਪੂਰਨਿਆਂ ਤੇ ਚੱਲ ਕੇ ਹੀ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦਿਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦਿਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top