Share on Facebook

Main News Page

ਸੋ ਕਿਉ ਮੰਦਾ ਆਖੀਐ ਤੇ ਸਾਡਾ ਦੋਗਲਾਪਣ (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਪਿੱਛੇ ਨੂੰ ਹੱਟ ਜਾ ਬੀਬੀ, ਤੈਨੂੰ ਪਤਾ ਨਹੀਂ ਕੀ ਜਨਾਨੀਆਂ ਗੁਰੂ ਸਾਹਿਬ ਦੀ ਪਾਲਕੀ ਨਹੀਂ ਚੁੱਕ ਸਕਦੀਆਂ, ਇਹ ਮਰਿਆਦਾ ਦੇ ਖਿਲਾਫ਼ ਹੈ ! ਸੁਰਜੀਤ ਕੌਰ ਹੈਰਾਨੀ ਨਾਲ ਉਨ੍ਹਾਂ ਹੰਸ ਰੂਪੀ ਚਿੱਟੇ ਬਗੁਲੇ ਭਾਈ ਸਾਹਿਬ ਨੂੰ ਵੇਖਣ ਲੱਗੀ, ਜਿਨ੍ਹਾਂ ਨੇ ਧੱਕਾ ਮਾਰ ਕੇ ਉਸਨੂੰ ਪਾਸੇ ਕਰ ਦਿੱਤਾ ਸੀ !

ਸੁਰਜੀਤ ਨੂੰ ਪੱਕਾ ਪਤਾ ਸੀ ਕੀ ਮਰਦ ਹੋਵੇਂ ਭਾਵੇਂ ਔਰਤ, ਖਾਲਸਾ ਦੋਨਾਂ ਵਾਸਤੇ ਹੀ ਇਸਤੇਮਾਲ ਕੀਤਾ ਗਿਆ ਹੈ ! ਖਾਲੀ ਮਰਦ ਕੋਲੋਂ ਖਾਲਸਾ ਹੋਣ ਦਾ ਹੱਕ ਨਹੀਂ ਹੈ ! ਤੇ ਸਭ ਤੋਂ ਵੱਡੀ ਗੱਲ ਕੀ ਗੁਰੂ ਸਾਹਿਬਾਨ ਨੇ ਰੱਬ ਨੂੰ ਮਰਦ ਸਦਿਆ ਹੈ ਤੇ ਮਨੁਖੀ ਜਾਮੇ ਵਿਚਲੀ ਆਤਮਾ ਨੂੰ ਇਸਤਰੀ ਰੂਪ ! ਗੁਰਮਤਿ ਦੇ ਹਿਸਾਬ ਨਾਲ ਤੇ ਇਸਤਰੀ ਬਿਨਾ ਤੇ ਸਿੱਖ ਪੂਰਾ ਹੀ ਨਹੀਂ ਹੁੰਦਾ ! ਫਿਰ ਉਸੀ ਇਸਤਰੀ ਰੂਪ ਨਾਲ ਕਿਹੋ ਜੇਹਾ ਵਿਤਕਰਾ ? ਇਹ ਵਿਤਕਰਾ ਤੇ ਇਨ੍ਹਾਂ ਪੁਜਾਰੀਆਂ ਤੇ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਹੀ ਪਾਇਆ ਹੈ !

ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥


ਅੱਖਾਂ ਭਰੀ ਖੜੀ ਨੂੰ ਦਿਖਿਆ ਹੀ ਨਹੀਂ ਕੀ ਹਰਨਾਮ ਕੌਰ ਉਸ ਦੇ ਪਿੱਛੇ ਹੀ ਖੜੀ ਹੈ ! ਉਸ ਨੇ ਸੁਰਜੀਤ ਦੇ ਮੋਢੇ ਤੇ ਪਿਆਰ ਭਰਿਆ ਹੱਥ ਰਖਿਆ ਤੇ ਘੁੱਟ ਕੇ ਗਲੇ ਲਗਾ ਲਿਆ !

ਹਰਨਾਮ ਕੌਰ : ਇਨ੍ਹਾਂ ਦੀ ਇਹੀ ਦੋਗਲੀ ਨੀਤੀ ਹੈ ਭੈਣੇ ! ਇੱਕ ਪਾਸੇ ਸਟੇਜਾਂ ਤੋਂ ਦੁੱਜੇ ਧਰਮਾਂ ਨੂੰ ਤਾੜਨਾ ਕਰਦੇ ਨੇ ਤੇ ਆਪਣੀ ਵਡਿਆਈ ਦਰਸ਼ਾਉਂਦੇ ਨੇ ਕੀ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥" ਤੇ ਦੂਜੇ ਪਾਸੇ ਸਾਨੂੰ ਦਰਬਾਰ ਸਾਹਿਬ ਕੀਰਤਨ ਨਹੀਂ ਕਰਨ ਦਿੰਦੇ ! ਮੈਂ ਇੱਕ ਵਾਰ ਕਾਰਣ ਪੁਛਿਆ ਤੇ ਇੱਕ ਭਾਈ ਸਾਹਿਬ ਬੋਲੇ ਕੀ ਬੀਬੀ ਕਿਓਂਕਿ ਤੁਸੀਂ ਅੰਦਰੋਂ ਪਵਿਤਰ ਨਹੀਂ ਹੋ, ਇਸੀ ਲਈ ਤੁਹਾਨੂੰ ਅਸਾਂ ਇਥੋਂ ਕੀਰਤਨ ਨਹੀਂ ਕਰਨ ਦਿੰਦੇ, ਤੂੰ ਸੁਣਿਆ ਨਹੀਂ ਕੀ "ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥"

ਸੁਰਜੀਤ ਕੌਰ : ਹੈਂ ? ਇਹ ਕੀ ਅਨਰਥ ਕਰਦੇ ਨੇ ਇਹ ਅਨਪੜ੍ਹ ? ਇੱਕ ਤੁੱਕ ਨੂੰ ਆਪਣੀ ਮਰਜੀ ਨਾਲ ਤੋੜ ਮਰੋੜ ਕੇ ਆਪਣੇ ਪੱਖ ਵਿਚ ਕਰ ਲਿਆ ! ਇਸ ਨੂੰ ਪੂਰਾ ਪੜੋ ਤੇ ਵਿਚਾਰੋ "ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥" ਹੁਣ ਕਰੋ ਇਸ ਦੇ ਅਰਥ !

ਰੋਹ ਵਿਚ ਸੁਰਜੀਤ ਕਹਿੰਦੀ ਰਹੀ : ਅਰਦਾਸ ਵਿਚ ਸਾਡਾ ਜਿਕਰ ਹੈ ਕੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ! ਯਾਦ ਰਖਣਾ ਕੇਵਲ ਸਿੰਘ ਨਹੀ ਕਿਹਾ, ਬਲਕਿ ਸਿੰਘਣੀਆਂ ਨੇ ਵੀ ਪੂਰਾ ਇਤਿਹਾਸ ਰਚਿਆ ਹੈ !

ਆਓ, ਅਸੀਂ ਮਿਲ ਕੇ ਤਕੜੇ ਹੋਈਏ ਤੇ ਆਪਣੇ ਗੁਰੂ ਵੱਲੋਂ ਬਕਸ਼ੇ ਹੱਕ ਨੂੰ ਵਾਪਿਸ ਮੋੜ ਲੈ ਆਈਏ ! ਇਨ੍ਹਾਂ ਅਖੌਤੀ ਧਰਮੀਆਂ ਨੂੰ ਯਾਦ ਦੁਵਾਈਏ ਗੁਰੂ ਦਾ ਸੰਦੇਸ਼ ਜੋ ਕੀ ਇਨ੍ਹਾਂ ਨੂੰ ਸਿਆਸਤ ਵਾਲਿਆਂ ਦੀ ਸੰਗਤ ਕਰ ਕੇ ਭੁੱਲ ਗਿਆ ਹੈ ! ਆਓ ਇੱਕ ਹਮਲਾ ਮਾਰੀਏ ਜਦੋਂ ਇਸਤਰੀ ਰੂਪੀ ਆਤਮਾ ਇਸਤਰੀ ਰੂਪ ਵਿਚ ਦਰਬਾਰ ਸਾਹਿਬ ਵਿਚ ਆਪਣੇ ਕੰਤ ਪਰਮਾਤਮਾ ਦੇ ਗੁਣ ਗਾਵੇਗੀ ਤੇ ਵੇਖਣਾ ਪਰਮਾਤਮਾ ਆਪਣੇ ਨਿਆਰੇ (ਮਰਦ-ਇਸਤਰੀ) ਖਾਲਸੇ ਉੱਤੇ ਨਿਹਾਲ ਹੋਵੇਗਾ!

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥ ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top