Share on Facebook

Main News Page

ਗਰੀਬ, ਦਸਤਾਰ ਤੇ ਦਸਵੰਧ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ

“ਅੱਠ ਮੀਟਰ ਦੇ ਹੋ ਗਏ ਚਾਰ ਸੌ ਰੁਪਈਏ” ਦੁਕਾਨਦਾਰ ਨੇ ਕਿਹਾ ! ਕੱਟਾਂ? ਦਰਸ਼ਨ ਸਿੰਘ ਦਾ ਦਿੱਲ ਅੰਦਰੋਂ ਕੰਬਿਆ, ਭਾਈ ਸਾਹਿਬ, ਇੱਕ ਕੰਮ ਕਰੋ ਕੀ ਦਸਤਾਰ ਛੇ ਮੀਟਰ ਹੀ ਕਰ ਦੇਓ ! ਕਹਿੰਦੇ ਕਹਿੰਦੇ ਉਸਦਾ ਦਿਲ ਅੰਦਰੋਂ ਭਰ ਆਇਆ, ਦੋ ਪਟਕੇ ਵੀ ਦੇ ਦੇਣਾ ਬੱਚੇ ਲਈ ! ਉਚੇਚੇ ਹੀ ਉਸਦਾ ਹੱਥ ਆਪਣੀ ਫਟੀ ਹੋਈ ਪੱਗ ਵੱਲ ਚਲਾ ਗਿਆ !

ਘਰ ਵੜ੍ਹਦਿਆਂ ਹੀ ਘਰਵਾਲੀ ਬਲਜੀਤ ਕੌਰ ਨੇ ਪੁਛਿਆ “ਕਾਕੇ ਦੇ ਪਟਕੇ ਲੈ ਆਏ ਹੋ”? ਇੱਕ ਦਮ ਫੱਟ ਪਿਆ ਦਰਸ਼ਨ! ਚਾਰ ਸੌ ਦੀ ਦਸਤਾਰ, ਚਾਲੀ ਰੁਪੈ ਤੋਂ ਘਟ ਪਟਕਾ ਹੀ ਨਹੀਂ! ਕਿਰਪਾਨ, ਕੜੇ, ਕਛਹਿਰੇ, ਗੁਟਕੇ, ਪੰਜਾਬੀ ਦਿਆਂ ਕਿਤਾਬਾਂ, ਰੁਮਾਲੇ, ਸਭ ਮਹਿੰਗੇ! ਲੰਗਰ ਲਾਉਣ ਦੇ ਸ਼ੌਕੀਨ ਸਿੱਖਾਂ ਕੋਲ ਬਹੁਤ ਪੈਸਾ ਹੈ, ਕਾਰ ਸੇਵਾ ਵਾਸਤੇ ਸਿੱਖਾਂ ਕੋਲ ਬਹੁਤ ਪੈਸਾ ਹੈ, ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਛੇ ਸੌ ਪੰਜਾਹ ਕਰੋੜ ਰੁਪਈਏ ਦਾ ਹੈ! ਪਰ ਓਹ ਪੈਸਾ ਸਿੱਖਾਂ ਵਾਸਤੇ, ਸਿੱਖੀ ਵਾਸਤੇ ਨਹੀਂ ਹੈ ! ਉਸ ਪੈਸੇ ਨਾਲ ਦਸਤਾਰ ਦੀ ਤੇ ਹੋਰ ਸਿੱਖੀ ਜਰੂਰਤ ਦੇ ਸਮਾਨ ਦੀ ਫੈਕਟਰੀ ਨਹੀਂ ਲਗਾਈ ਜਾਂਦੀ, ਬਲਕਿ ਓਹ ਸਾਰਾ ਪੈਸਾ ਸਿੱਖਾਂ ਨੂੰ ਵਹਿਮ-ਭਰਮ ਦੇ ਜਾਲ ਵਿਚ ਫਸਾਉਣ ਲਈ ਖਰਚ ਕਿੱਤਾ ਜਾਂਦਾ ਹੈ! ਨਵੇਂ ਨਵੇਂ ਧਾਮ (ਕਾਰ ਸੇਵਾ ਦੇ ਪੈਸੇ ਨਾਲ) ਬਣਾਉਣ ਵੱਲ ਧਿਆਨ ਹੈ ਇਨ੍ਹਾਂ ਦਾ ਕੀ ਕਿਵੇਂ ਆਮ ਬੰਦੇ ਨੂੰ ਭੰਬਲਭੂਸੇ ਵਿਚ ਪਾ ਕੇ ਹੋਰ ਹੋਰ ਮਾਇਆ ਕੱਠੀ ਕਿੱਤੀ ਜਾਵੇ !

ਬਲਜੀਤ ਕੌਰ ਹੈਰਾਨੀ ਭਰੀ ਨਜ਼ਰਾਂ ਨਾਲ ਦਰਸ਼ਨ ਸਿੰਘ ਨੂੰ ਵੇਖ ਰਹੀ ਸੀ !

ਦਰਸ਼ਨ ਸਿੰਘ ਬੋਲਦਾ ਰਿਹਾ .... ਜਿਤਨਾ ਪੈਸਾ ਅਸੀਂ ਜਗਤ ਵਿਖਾਵੇ (ਕੀਰਤਨ ਦਰਬਾਰ, ਨਗਰ ਕੀਰਤਨ, ਲੰਗਰ ਹਾਲ ਤੋਂ ਬਾਹਰ ਮਿੱਠੇ ਤੇ ਚਾਹ ਦਾ ਵਨਸੁਵੰਨਾ ਆਪਣਾ ਨਿਜੀ ਲੰਗਰ (ਗੁਰੂ ਦਾ ਨਹੀਂ) ਤੇ ਇੱਕ ਸਮੇਂ ਪਾਉਣ ਲਈ ਰੁਮਾਲਿਆਂ ਵਾਸਤੇ ਖਰਚ ਦਿੰਦੇ ਹਾਂ ਜੇਕਰ ਉਸਦੇ ਵਿਚੋਂ ਅਧੀ ਰਕਮ ਵੀ ਚੰਗੇ ਪਾਸੇ ਖਰਚ ਹੋ ਜਾਵੇ, ਤੇ ਸਾਡੇ ਬੱਚੇ ਚੰਗੇ ਸਕੂਲ ਜਾਣ, ਉਨ੍ਹਾਂ ਨੂੰ ਚੰਗਾ ਇਲਾਜ਼ ਮਿਲੇ! ਕੌਮ ਦੀ ਤਰੱਕੀ ਹੋਵੇ! ਲੰਗਰ ਖੁਆ ਕੇ ਸਿੱਖ ਕਿਸੀ ਦਾ ਭਲਾ ਕਰਨ ਜਾਂ ਨਹੀਂ, ਪਰ ਜੇਕਰ ਇੱਕ ਸਿੱਖ ਬੱਚਾ ਜੇਕਰ ਕਿਸੀ ਦੇ ਦਸਵੰਧ ਨਾਲ ਡਾਕਟਰ ਬਣ ਗਿਆ, ਤੇ ਸਿੱਖੀ ਅਸੂਲਾਂ ਬਾਰੇ ਦੁਨੀਆਂ ਨੂੰ ਦਸਣਾ ਨਹੀਂ ਪਵੇਗਾ, ਬਲਕਿ ਓਹ ਇੱਕ ਡਾਕਟਰ ਹੀ ਚਲਦਾ ਫਿਰਦਾ ਗੁਰਮਤਿ ਪ੍ਰਚਾਰਕ ਆਪੇ ਹੀ ਬਣ ਜਾਵੇਗਾ! ਅੱਜ ਭਾਰਤ ਦੀ ਸਿਵਿਲ ਸਰਵਿਸ ਵਿਚ ਸਿੱਖ ਨਾ ਦੇ ਬਰਾਬਰ ਹਨ, ਜੇਕਰ ਦਸ-ਵੀਹ ਬੱਚੇ ਵੀ ਸਿਵਿਲ ਸਰਵਿਸ ਵਿਚ ਆ ਗਏ ਤੇ ਆਪਣੇ ਆਪ ਹੀ ਸਿੱਖਾਂ ਦਾ ਅਕਸ ਚਮਕ ਉਠੇਗਾ! ਦੇਸ਼ ਤੇ ਰਾਜ ਕਰਨ ਲਈ ਵਖਰਾ ਦੇਸ਼ ਨਹੀਂ ਬਲਕਿ ਵਖਰੀ ਸੋਚ ਚਾਹੀਦੀ ਹੈ! ਦਸਵੰਧ ਦਾ ਪੈਸਾ ਇਨ੍ਹਾਂ ਨੌਜਵਾਨਾਂ ਦੀ ਕਾਰ-ਸੇਵਾ (ਪੜ੍ਹਾਈ-ਲਿਖਾਈ, ਮਾਇਕ ਮਦਦ) ਉਪਰ ਲਗਾਓ ਤਾਂਕਿ ਇਨ੍ਹਾਂ ਵਿਚੋਂ ਹਰ ਬੱਚਾ ਆਪਣੇ ਆਪ ਵਿਚ ਇੱਕ ਗੁਰੂਦੁਆਰਾ ਬਣ ਜਾਵੇ! ਸੰਗਮਰਮਰ ਦੇ ਪੱਥਰਾਂ ਨਾਲੋਂ ਜਿਆਦਾ ਸੋਹਣਾ ਨਜ਼ਰਾਂ ਤੱਦ ਆਵੇਗਾ ਜਦੋਂ ਗਿਆਨ ਦੇ ਪੁਜਾਰੀ ਦੁਨਿਆ ਵਿਚ ਆਪਣੇ ਗਿਆਨ ਦਾ ਸਿੱਕਾ ਮਾਰਨਗੇ !

ਦਰਸ਼ਨ ਦੀ ਸਾਹ ਲਗਾਤਾਰ ਬੋਲਣ ਕਰ ਕੇ ਤੇਜ ਚਲਨ ਲੱਗ ਪਈ ਸੀ! ਪਾਣੀ ਦਾ ਘੁੱਟ ਭਰ ਕੇ ਉਸਨੇ ਕਿਹਾ .... ਸਿੱਖੀ ਨੂੰ ਕਮਾਈ ਦਾ ਜਰਿਆ ਨਹੀਂ ਬਲਕਿ ਸਿੱਖਾਂ ਨੂੰ ਸਿੱਖੀ ਕਮਾਉਣ ਦੀ ਜਾਚ ਸਿਖਾਉਣਾ ਹੀ ਗੁਰਮਤਿ ਰਾਹ ਹੈ ! ਕਾਸ਼ ਕੋਈ ਸਮਝ ਲਵੇ .... ਭਾਵੇਂ ਇੱਕ ਇੱਕ ਕਰ ਕੇ ਹੀ ਸਮਝੇ!

<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top