Share on Facebook

Main News Page

"ਬੇਨਤੀ ਚੌਪਈ" ਦੀ ਅਧੂਰੀ ਅਤੇ ਗਲਤ ਕਥਾ ਕਰ ਰਹੇ ਭਾਈ ਪਰਮਜੀਤ ਸਿੰਘ
-: ਆਤਮਜੀਤ ਸਿੰਘ ਕਾਨਪੁਰ
02.02.2023
#KhalsaNews #AtamjitSingh #InderjitSIngh #Kanpur #DSGMC #Chaupayi #Katha #ParamjitSingh #AnandpurSahib

ਇਹ ਹਨ ਭਾਈ ਪਰਮਜੀਤ ਸਿੰਘ ਅਨੰਦਪੁਰ ਸਾਹਿਬ ਜਿੰਨਾ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਤੋਂ "ਬੇਨਤੀ ਚੌਪਈ" ਦੀ ਕਥਾ ਕਰਦਿਆਂ ਆਖਿਆ ਇਹ ਬੇਨਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਆਪ ਨੂੰ ਕਵਿ ਮੁਖਾਤਬ ਹੋ ਕੇ ਸਤਿਗੁਰ ਅੱਗੇ ਅਕਾਲ ਪੁਰਖ ਅੱਗੇ ਜੋਦੜੀ ਕੀਤੀ ਹੈ ਅਤੇ "ਹਮਰੀ ਕਰੋ ਹਾਥ ਦੇ ਰੱਛਾ" ਦੇ ਅਰਥ ਕਰਦੇ ਹੋਏ ਭਾਈ ਜੀ ਨੇ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ ਹੇ ਅਕਾਲ ਪੁਰਖ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ... ਅਤੇ ਭਾਈ ਜੀ ਨੇ "ਹਮਰੇ ਦੁਸਟ ਸਭੇ ਤੁਮ ਘਾਵਹੁ, ਸਭ ਬੈਰਨਿ ਕੋ ਆਜ ਸੰਘਰਿਯੈ ਤੇ ਚੁਨ ਚੁਨ ਸਤ੍ਰ ਹਮਾਰੇ ਮਾਰੀਅਹਿ ਪੰਕਤੀਆਂ ਦੇ ਅਰਥ ਕਰਦਿਆਂ ਕਹਿਆ ਇਹ ਦੁਸਟ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹਨ ਅਤੇ ਜਿਹੜੇ ਧਰਮ ਦੇ ਦੁਸਟ ਹਨ ਬਾਣੀ ਬਾਣੇ ਦੇ ਦੁਸ਼ਮਨ ਹਨ ਉਹਨਾਂ ਨੂੰ ਚੁਨ ਚੁਨ ਕੇ ਮਾਰ ਦਿਓ ....

ਭਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਝੂਠ ਇਹ ਹੈ ਕੀ ਤੁਸੀਂ ਆਖਿਆ ਇਹ ਬੇਨਤੀ ਚੌਪਈ ਪਾ: ੧੦ਵੀਂ ਦੀ ਉਚਾਰੀ ਹੋਈ ਹੈ ਅਤੇ ਇਹ ਬੇਨਤੀ ਸਤਿਗੁਰ ਅੱਗੇ ਅਕਾਲਪੁਰਖ ਅੱਗੇ ਹੈ। ਭਾਈ ਜੀ ਤੁਹਾਨੂੰ ਇਸੇ ਲਈ ਪਹਿਲਾਂ ਬੇਨਤੀ ਕੀਤੀ ਸੀ ਪੂਰੀ ਇਮਾਨਦਾਰੀ ਨਾਲ ਇਸ ਬੇਨਤੀ ਚੌਪਈ ਦੇ ਪੂਰੇ ੪੦੫ ਬੰਦਾਂ (ਪਉੜੀਆਂ) ਦੀ ਕਥਾ ਕਰਿਆ ਜੇ, ਪਰ ਅੱਧੀ ਅਧੂਰੀ ਵਿਚਕਾਰੋ ਹੀ ਕਥਾ ਸ਼ੁਰੂ ਕਰਕੇ ਤੁਸੀਂ ਦੱਸ ਦਿੱਤਾ ਤੁਹਾਨੂੰ ਇਸ ਬੇਨਤੀ ਚੌਪਈ ਵਾਰੇ ਕੁੱਝ ਨਹੀਂ ਪਤਾ, ਜਾਂ ਜਾਣੇ ਅਣਜਾਣੇ ਵਿਚ ਲੁਕਾਈ ((ਸੰਗਤ)) ਨੂੰ ਗੁਮਰਾਹ ਕਰ ਰਹੇ ਹੋ। ਭਾਈ ਜੀ ਸਭ ਤੋਂ ਪਹਿਲੀ ਗੱਲ ਇਸ 'ਬੇਨਤੀ ਚੌਪਈ' ਉਪਰ ਪੁਰਾਤਨ ਕਿਸੇ ਵੀ ਕਥਿਤ ਦਸਮ ਗ੍ਰੰਥ ਉਪਰ ਪਾ:੧੦ਵੀਂ ਲਿਖਿਆ ਨਹੀਂ ਮਿਲਦਾ ਤੁਹਾਡੀ ਤੱਸਲੀ ਲਈ ਫੋਟੋ ਨਾਲ ਨੱਥੀ ਕਰ ਰਿਹਾ ਹਾਂ। ਦੂਜੀ ਗੱਲ ਇਹ ਬੇਨਤੀ ਸਤਿਗੁਰ ਅੱਗੇ ਜਾਂ ਅਕਾਲ ਪੁਰਖ ਅੱਗੇ ਨਹੀਂ ਸਗੋਂ "ਮਹਾਕਾਲ" ਅੱਗੇ ਹੈ।

ਆਓ ਭਾਈ ਜੀ, ਹੁਣ ਤੁਹਾਡੀ ਅਗਲੀ ਗੱਲ ਵੱਲ ਵੱਧਦੇ ਹਾਂ। ਤੁਸੀਂ "ਹਮਰੀ ਕਰੋ ਹਾਥ ਦੇ ਰੱਛਾ" ਦੇ ਅਰਥ ਕਰਦੇ ਹੋਏ ਆਖ ਰਹੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ ਕੀ ਹੇ ਅਕਾਲ ਪੁਰਖ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ। ਭਾਈ ਜੀ ਜਿਹੜਾ ਗੁਰੂ ਅਪਣੇ ਲਈ ਨਹੀਂ ਜਿਉਂਦਾ, ਜਿਸ ਗੁਰੂ ਨੇ ਸਾਡੇ ਲਈ ਸਰਬੰਸ ਵਾਰ ਦਿੱਤਾ ਭਲਾ ਉਹ ਅਪਣੀ ਰਸਨਾ ਤੋਂ ਅਪਣੀ ਗੱਲ ਕਿਵੇਂ ਆਖ ਸਕਦਾ ਹੈ। "ਹਮਰੀ ਕਰੋ ਹਾਥ ਦੇ ਰੱਛਾ" .. ਸਾਨੂੰ ਪਛਾਨਣ ਦੀ ਲੋੜ ਹੈ, ਗੁਰੂ ਨੇ ਗੁਰਬਾਣੀ ਵਿਚ ਅਪਣੀ ਗੱਲ ਤਾਂ ਕੀਤੀ ਹੀ ਨਹੀਂ .. "ਜਗਤੁ ਜਲੰਦਾ ਰਖਿ ਅਪਣੀ ਕਿਰਪਾ ਧਾਰਿ" ਦੀ ਗੱਲ ਕੀਤੀ ਹੈ। ਭਾਈ ਜੀ ਜਿਹੜਾ ਗੁਰੂ ਮੌਤ ਨੂੰ ਖਿਡੌਣਾ ਸਮਝਦਾ ਹੋਵੇ, ਉਹ ਅਪਣੀ ਰਸਨਾ ਤੋਂ ਇਹ ਕਦੀ ਨਹੀਂ ਆਖੇਗਾ "ਹਮਰੀ ਕਰੋ ਹਾਥ ਦੇ ਰੱਛਾ" ਅਤੇ ਜੋ ਇਹ ਪੜ੍ਹ ਰਿਹਾ ਉਹ ਸਮਝ ਲਵੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਸਮਝ ਸਕਿਆ, ਭਲਿਓ ਜੇ ਦਸਮ ਪਾਤਸ਼ਾਹ ਨੂੰ ਸਮਝਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਸਮਝੋ।

ਭਾਈ ਜੀ ਤੁਸੀਂ ਇੰਨਾ ਪੰਕਤੀਆਂ ਦੇ "ਹਮਰੇ ਦੁਸਟ ਸਭੇ ਤੁਮ ਘਾਵਹੁ ਤੇ ਸਭ ਬੈਰਨਿ ਕੋ ਆਜ ਸੰਘਰਿਯੈ ਤੇ ਚੁਨ ਚੁਨ ਸਤ੍ਰ ਹਮਾਰੇ ਮਾਰੀਅਹਿ" ਦੇ ਅਰਥ ਕਰਦੇ ਹੋਏ ਆਖ ਰਹੇ ਹੋ ਇਹ ਦੁਸਟ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹਨ ਅਤੇ ਧਰਮ ਦੇ ਦੁਸਟ ਅਤੇ ਬਾਣੀ ਬਾਣੇ ਦੇ ਦੁਸ਼ਮਨ ਹਨ ਉਹਨਾਂ ਨੂੰ ਚੁਨ ਚੁਨ ਕੇ ਮਾਰ ਦਿਓ। ਭਾਈ ਜੀ ਗੁਰੂ ਦੀ ਨਿਗਾਹ ਵਿਚ ਕੋਈ ਬੈਰੀ ਨਹੀਂ ਗੁਰਬਾਣੀ ਦਾ ਫੁਰਮਾਨ ਹੈ...

ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਗੁਰਬਾਣੀ ਤਾਂ ਸਾਰਿਆਂ ਨੂੰ ਆਪਣਾ ਮੀਤ ਦੱਸਦੀ ਹੈ ..
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ ਭਾਈ ਜੀ ਗੁਰੂ ਸਾਹਿਬ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਵੱਸ ਵਿਚ ਕਰਨ ਅਤੇ ਤੱਜਣ ਦੀ ਭਾਵ ਦੂਰ ਰਹਿਣ ਦੀ ਗੱਲ ਕੀਤੀ ਹੈ, ਪੜ੍ਹੋ ਗੁਰਬਾਣੀ ਫੁਰਮਾਨ ..
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਕਾਮ ਕ੍ਰੋਧ ਲੋਭੁ ਮੋਹੁ ਤਜੋ ॥ ਜਨਮ ਮਰਨ ਦੁਹੁ ਤੇ ਰਹਿਓ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ ਭਾਈ ਜੀ ਗੁਰੂ ਦੀ ਨਜ਼ਰ ਵਿਚ ਕੋਈ ਵੀ ਧਰਮ ਦਾ ਦੁਸ਼ਮਣ ਨਹੀਂ ਜਿਥੇ ਵੀ ਗੁਰੂ ਸਾਹਿਬ ਦੇ ਵਿਚਾਰ ਨਹੀਂ ਮਿਲਦੇ ਸਨ ਉੱਥੇ ਗੁਰੂ ਸਾਹਿਬ ਨੇ ਪਹਿਲਾਂ ਸਫ਼ਾ ਵਿਛਾਈ ਹੈ ਫਿ਼ਰ ਸ਼ਹਾਦਤ ਤੇ ਫਿ਼ਰ ਲੋੜ੍ਹ ਪੈਣ ਤੇ 'ਸ਼ਸਤਰ ਚੁੱਕੇ ਹਨ .. ਕਈ ਦਿਨਾਂ ਤੱਕ ਸਿੰਘ ਅਨੰਦਪੁਰ ਸਾਹਿਬ ਦੇ ਕਿੱਲੇ ਵਿੱਚ ਭੁੱਖੇ ਬੈਠੇ ਰਹੇ ਕੋਈ ਜੰਗ ਦੀ ਸ਼ੁਰਆਤ ਨਹੀਂ ਕੀਤੀ ਜਦੋਂ ਜ਼ਾਲਮ ਨੇ ਸ਼ਸਤਰ ਚੁੱਕੇ ਤਾਂ ਚੁੱਕੇ ਸੀ ਨਾ ਕੀ ਪਹਿਲਾਂ ਸ਼ਸਤਰ ਚੁੱਕ ਕੇ ਸ਼ੁਰਆਤ ਕੀਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਸ਼ਮੀਰੀ ਪੰਡਤਾਂ ਦੇ ਫ਼ਰਿਯਾਦ ਤੇ ਮਨੁੱਖਤਾ ਦੀ ਖ਼ਾਤਰ ਸ਼ਾਹਦਤ ਦੇ ਦਿੱਤੀ ਸੀ ਨਾ ਕਿ ਜ਼ਾਲਮ ਹਕੂਮਤ ਨੂੰ ਧਰਮ ਦਾ ਦੁਸ਼ਮਨ ਸਮਝਿਆ ਸੀ। ਗੁਰੂ ਤਾਂ ਹਰ ਕਿਸੇ ਨੂੰ ਗੱਲ ਨਾਲ ਲਾਉਂਦਾ ਹੈ।

ਆਓ ਭਾਈ ਜੀ ਹੁਣ ਤੁਹਾਨੂੰ ਦੱਸਦੇ ਹਾਂ ਇਸ ਬੇਨਤੀ ਚੌਪਈ ਦੇ ਚੁਨ ਚੁਨ ਸਤ੍ਰੂ' ਅਤੇ ਦੁਸ਼ਟ ਕੌਣ ਹਨ …? ਇਹ ਕਬਿਓ ਬਾਚ ਬੇਨਤੀ ਚੌਪਈ ਦਾ ਲਿਖਾਰੀ ਆਪ ਇਸ ੪੦੪ ਨੰ. ਚਰਿਤ੍ਰ ਦੀ ਪਉੜੀ ਨੰ. ੨੭੯, ੨੮੦, ੨੮੧ … 'ਤੇ ਆਪ ਕਬੂਲ ਰਿਹਾ ਇਹ ਕੌਣ ਹਨ ....

ਇਹ ਬਿਧਿ ਕੋਪ ਕਾਲ ਜਬ ਭਰਾ। ਦੁਸਟਨ ਕੋ ਛਿਨ ਮੈ ਬਧੁ ਕਰਾ। ਆਪੁ ਹਾਥ ਦੈ ਸਾਧ ਉਬਾਰੇ। ਸਤ੍ਰੁ ਅਨੇਕ ਛਿਨਕ ਮੋ ਟਾਰੇ।੨੭੯। {ਕਥਿਤ ਦਸਮ ਗ੍ਰੰਥ}

ਅਸਿਧੁਜ ਜੂ ਕੋਪਾ ਜਬ ਹੀ ਰਨ। ਮਾਰਤ ਭਯੋ ਸਤ੍ਰੁਗਨ ਚੁਨ ਚੁਨ। ਸਭ ਸਿਵਕਨ ਕਹ ਲਿਓ ਉਭਾਰਾ। ਦੁਸਟ ਗਠਨ ਕੋ ਕਰਾ ਪ੍ਰਹਾਰਾ।੨੮੦। {ਕਥਿਤ ਦਸਮ ਗ੍ਰੰਥ}

ਇਹ ਬਿਧਿ ਹਨੇ ਦੁਸਟ ਜਬ ਕਾਲਾ। ਗਿਰਿ ਗਿਰਿ ਪਰੇ ਧਰਨਿ ਬਿਕਰਾਲਾ। ਨਿਜ ਹਾਥਨ ਦੈ ਸੰਤ ਉਬਾਰੇ। ਸਤ੍ਰੁ ਅਨੇਕ ਤਨਕ ਮਹਿ ਹਾਰੇ।੨੮੧। {ਕਥਿਤ ਦਸਮ ਗ੍ਰੰਥ}

ਭਾਈ ਜੀ ਤੁਹਾਨੂੰ ਇਸ ਲਈ ਹੀ ਬੇਨਤੀ ਕੀਤੀ ਸੀ ਕੀ ਪੂਰੀ ਚੌਪਈ ਦੀ ਕਥਾ ਕਰੋ ਨਾ ਕੀ ਅੱਧੀ ਅਧੂਰੀ ਚੌਪਈ ਦੀ ਤਾਂ ਕਿ ਸੰਗਤ ਵੀ ਜਾਣੂ ਹੋ ਸਕੇ, ਭਾਈ ਜੀ ਇਹ ਬੇਨਤੀ ਕਿਸੇ ਹੋਰ ਅੱਗੇ ਨਹੀਂ ਮਹਾਕਾਲ ਅੱਗੇ ਹੈ .... ਅਤੇ ਭਾਈ ਜੀ ਇਹ ਬੇਨਤੀ ਚੌਪਈ ਗੁਰੂ ਕ੍ਰਿਤ ਨਹੀਂ

ਗੁਰੂ ਰਾਖਾ

ਆਤਮਜੀਤ ਸਿੰਘ, ਕਾਨਪੁਰ

----------------------------- X -----------------------------

ਦਿੱਲੀ ਕਮੇਟੀ ਦੇ ਪ੍ਰਬੰਧਕੋ! ਤੁਹਾਨੂੰ ਸਾਡਾ ਇਹ ਸਿੱਧਾ ਚੈਲੇਂਜ ਹੈ ਕਿ ਜੇ ਤੁਹਾਨੂੰ ਜ਼ਰਾ ਜਿਹਾ ਵੀ ਗਿਆਨ ਹੈ ਤਾਂ ਇਸ ਕੋਲੋਂ ਪੂਰੀ ੨੯ ਪੰਨਿਆਂ ਦੀ ਚੌਪਈ, ਪੌੜ੍ਹੀ ੧ ਤੋਂ ਲੈ ਕੇ ਪੌੜ੍ਹੀ ੪੦੫ ਤਕ ਕਥਾ ਅਤੇ ਉਸਦੇ ਅਰਥ ਕਰਵਾਉ ! ਇਹ ਸਾਰੀ ਚੌਪਈ ਅਪਣੇ ਆਪ ਹੀ ਉਧੜ ਜਾਏਗੀ। ਕਿਉਂਕਿ ਮਹਾਕਾਲ,ਅਸਿਧੁਜ, ਖੜਗ ਕੇਤੁ ਤੇ ਜਗਮਾਤਾ ਕੌਣ ਹਨ, ਇਹ ਸਾਰਾ ਭੇਦ ਖੁਲ ਜਾਏਗਾ!

ਪਿਛਲੀਆਂ ਪੌੜ੍ਹੀਆਂ ਵਿਚ ਤਾਂ ਇਹ ਸਾਰੇ ਖੂਨ ਦੇ ਪਿਆਸੇ ਹੋਏ, ਇਕ ਦੂਜੇ ਨਾਲ ਯੁੱਧ ਕਰ ਰਹੇ ਨੇ! ਇਹ ਤੁਹਾਡਾ ਵਿਦਵਾਨ ਇਨ੍ਹਾਂ ਨੂੰ ਵਾਹਿਗੁਰੂ ਦਸ ਰਿਹਾ ਹੈ। ਤੁਹਾਨੂੰ ਬਿਨਤੀ ਹੈ ਕਿ ਪੂਰੀ ਚੌਪਈ ਦੇ ਅਰਥ ਕਰਵਾਉ! ਪੁੱਠੇ ਸਿੱਧੇ ਅਰਥ ਕਰਵਾ ਕੇ, ਭੋਲੀ ਭਾਲੀਆਂ ਸੰਗਤਾਂ ਨੂੰ ਗੁੰਮਰਾਹ ਨਾ ਕਰੋ!

ਇੰਦਰਜੀਤ ਸਿੰਘ, ਕਾਨਪੁਰ



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top