ਅਜੋਕੇ
ਸਮੇਂ ਵਿੱਚ ਜੇ ਅਪਣੇ ਵੇੜ੍ਹੇ ਵਿੱਚ ਝਾਤ ਮਾਰੀਏ ਤਾਂ ਲੋਕ ਭੀੜ ਨੂੰ ਮਾਪਦੰਡ ਬਣਾਈ ਬੈਠੇ
ਹਨ, ਜੇ ਭੀੜ ਹੀ ਮਾਪਦੰਡ ਹੈ ਤਾਂ ਭੀੜ ਰਾਧਾ ਸੁਆਮੀਆਂ ਦੇ
ਸਮਾਗਮ ਵਿੱਚ ਵੀ ਹੁੰਦੀ, ਨਾਮਧਾਰੀ, ਨੀਲਧਾਰੀ, ਪਿਪਲੀ ਵਾਲੇ ਸਾਧ ਅਤੇ ਹੋਰ ਸਾਧਾਂ ਦੇ
ਸਮਾਗਮਾਂ ਵਿੱਚ ਵੀ ਬਹੁਤ ਭੀੜ ਹੁੰਦੀ ਹੈ .... ਭੀੜ ਕੋਈ ਮਾਪਦੰਡ ਨਹੀਂ, ਜੇ
ਭੀੜ ਹੀ ਮਾਪਦੰਡ ਹੁੰਦੀ ਤੇ ਬਾਬਾ ਕਬੀਰ ਜੀ ਨੂੰ ਇਹ ਨਾ ਕਹਿਣਾ ਪੈਂਦਾ ....
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥165॥ (ਪੰਨਾ 1373)
ਸੱਚ ਦੇ ਮਾਰਗ
'ਤੇ
ਚਲਣ ਲਈ ਭੀੜ ਦੀ ਲੋੜ ਨਹੀਂ ਹੁੰਦੀ, ਗੁਰੂ ਨਾਨਕ ਸਾਹਿਬ ਨੇ ਗੁਰਮਤਿ ਆਧਾਰਿਤ ਖਰਾ
ਸੱਚ ਪੇਸ਼ ਕਰਨ ਵੇਲੇ ਇਸ ਗੱਲ ਦੀ ਕਦੇ ਪ੍ਰਵਾਹ ਨਹੀਂ ਕੀਤੀ ਕਿ ਇਸ ਨਾਲ ਕਿੰਨੇ ਲੋਕ ਹਨ
ਜਾਂ ਭੀੜ ਹੈ, ਜੇ ਭੀੜ ਹੀ ਇੱਕਠੀ ਕਰਨੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਵੀ ਕਰਮਕਾਂਡੀ
ਰਸਮਾਂ ਨੂੰ ਅਪਣਾ ਸਕਦੇ ਸੀ ਪਰ ਗੁਰੂ ਸਾਹਿਬ ਨੇ ਭੀੜ ਦੀ ਥਾਂ ਸਿਧਾਂਤ ਨੂੰ ਤਰਜੀਹ ਦਿੱਤੀ
.... ਪਰ ਅਜੋਕੇ ਸਮਯ ਵਿੱਚ ਸੱਚ ਨਾਲੋਂ ਵੱਧ ਭੀੜਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ....
ਅਸੀਂ ਉਸ ਨਾਨਕ ਜੀ ਦੇ ਪੈਰੋਕਾਰ ਕਹਾਉਂਦੇ ਹਾਂ, ਜਿਨ੍ਹਾਂ ਨੇ ਜਗਨਨਾਥ ਪੁਰੀ, ਮੱਕੇ ਜਾ
ਕੇ ਉੱਥੇ ਹੁੰਦੀ ਮਨਮੱਤ ਬਾਰੇ ਪਹਿਲਾਂ ਗੱਲ ਕੀਤੀ, ਪਰ ਵਿਵਹਾਰ ਵਿੱਚ ਤਾਂ ਅਸੀਂ ਬਾਬਾ
ਨਾਨਕ ਜੀ ਦੀ ਪ੍ਰਚਾਰ ਸੇਧ ਨੂੰ ਸਟੇਜ ’ਤੇ ਜਾਣ ਤੋਂ ਪਹਿਲਾਂ ਤਾਲੇ ਵਿੱਚ ਬੰਦ ਕਰ ਆਉਂਦੇ
ਹਾਂ ....
ਅਤੇ ਯਾਦ ਰੱਖੋ ਗੁਰੂ ਨਾਨਕ ਸਾਹਿਬ ਜੀ ਵਲੋਂ ਖਰਾ ਸੱਚ ਪੇਸ਼ ਕਰਨ ਦੀ ਸੇਧ ਨੂੰ ਵਿਸਾਰ ਕੇ
ਡੇਰੇਦਾਰਾਂ ਦੀ ਤਰਜ਼ ’ਤੇ ਸਟੇਜਾਂ ਅਤੇ ਭੀੜਾਂ ਦੀ ਲਾਲਸਾ ਨਾਲ ਗੁਰਮਤਿ ਇਨਕਲਾਬ ਦੇ ਸੱਚੇ
ਪਾਂਧੀ ਨਹੀਂ ਬਣਿਆ ਜਾ ਸਕਦਾ ਅਤੇ ਨਾ ਹੀ ਹਮਸਫਰਾਂ ਨਾਲ ਸਹੀ ਏਕਤਾ ਹੋ ਸਕਦੀ ਹੈ ....
ਅਸਲ ਵਿੱਚ ਸਾਨੂੰ ਭੀੜ ਦੇ ਮਗਰ ਨਾ ਲੱਗ ਕੇ ਸੱਚ ਨੂੰ ਪਛਾਨਣਾ ਚਾਹੀਦਾ ਹੈ, ਚਾਹੇ ਉਹ
ਗੱਲ ਇੱਕਲਾ ਬੰਦਾ ਹੀ ਕਿਉਂ ਨਾ ਕਰ ਰਿਹਾ ਹੋਵੇ .. ਗੁਰੂ ਰਾਖਾ ।