ਅੱਜ
ਅਸੀਂ ਧਰਮ ਨੂੰ ਸ਼ਰਧਾ ਤੇ ਵਿਸ਼ਵਾਸ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਜਦ 'ਕਿ ਬਾਬਾ ਕਬੀਰ
ਜੀ ਦਾ ਬਚਨ ਹੈ .. "ਕਬੀਰਾ ਜਹਾ ਗਿਆਨੁ ਤਹ ਧਰਮੁ ਹੈ"
.. ਨਿਰੀ ਸ਼ਰਧਾ ਨਿਰਾ ਵਿਸ਼ਵਾਸ ਮਨੁੱਖ ਨੂੰ ਅੰਨਾ ਬਣਾ ਦੇਂਦਾ ਹੈ, ਧਰਮ ਦੀ ਗੱਲ ਮਨੁੱਖ
ਦੇ ਮਨ ਅੰਦਰੋਂ ਤੇ ਉਸ ਦੀ ਸੋਚ ਵਿੱਚੋਂ ਸ਼ੁਰੂ ਹੁੰਦੀ ਹੈ, ਜੇਕਰ ਧਰਮ ਬਾਹਰੀ ਕਰਮ ਕਾਂਡ
ਤਾਂ ਵਿਖਾਵਾ ਹੀ ਹੈ ਤਾਂ ਅਜਿਹਾ ਧਰਮ ਇੱਕ ਪਾਖੰਡ ਬਣ ਕੇ ਹੀ ਰਹਿ ਜਾਂਦਾ ਹੈ ..
ਅੱਜ ਇਹ ਹੀ ਹਾਲਾਤ ਹੈ 'ਕਿ ਲੋਕਾਂ ਅੰਦਰ ਧਰਮ ਪ੍ਰਤੀ ਵਿਸ਼ਵਾਸ
ਤਾਂ ਹੈ, ਪਰ ਗਿਆਨ ਨਹੀਂ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਅਜੇਹੇ ਲੋਕਾਂ ਅੰਦਰ
ਅੰਧ ਵਿਸ਼ਵਾਸ ਬਹੁਤ ਪੈਦਾ ਹੋ ਗਿਆ ਹੈ, ਕਈ ਲੋਕ ਅਜੇਹੇ ਵੀ ਹਨ, ਜਿਨ੍ਹਾਂ ਨੂੰ ਦੁਨਿਆਵੀ
ਗਿਆਨ ਤਾਂ ਹੈ, ਪਰ ਧਰਮ ਪ੍ਰਤੀ ਵਿਸ਼ਵਾਸ ਨਹੀਂ, ਉਸ ਦਾ ਨਤੀਜਾ ਇਹ ਹੁੰਦਾ ਹੈ ਕਿ ਅਜੇਹੇ
ਲੋਕਾਂ ਅੰਦਰ ਹੰਕਾਰ ਵਸ ਜਾਂਦਾ ਹੈ ..।
ਅੱਜ ਅਸੀਂ ਸਿਰਫ਼ ਗੁਰਦੁਆਰੇ ਜਾਉਣ ਨੂੰ, ਗੁਰੂ ਗ੍ਰੰਥ ਸਾਹਿਬ
ਦਾ ਸਤਿਕਾਰ ਕਰਨ ਨੂੰ, ਨਗਰ ਕੀਰਤਨ ਕੱਢਣ ਨੂੰ, ਪ੍ਰਭਾਤ ਫੇਰੀਆਂ ਕੱਢਣ ਨੂੰ, ਗੁਰੂ
ਗ੍ਰੰਥ ਸਾਹਿਬ ਅੱਗੇ ਦੀਵੇ ਬਾਲ ਕੇ ਥਾਲ ਘੁਮਾਣ ਨੂੰ, ਗੁਰੂ ਦਰਬਾਰਾਂ ਵਿੱਚ ਦੇਸੀ ਘਿਉ
ਦੀ ਜੋਤ ਜਗਾਉਣ ਨੂੰ, ਜੀਵਾਂ ਦੀ ਬਲੀ ਦੇਣ ਨੂੰ, ਅੱਖਾਂ ਮੀਚੱਣ ਨੂੰ, ਇੱਕੋ ਅੱਖਰ ਦੇ
ਵਾਰ ਵਾਰ ਰਟਣ ਨੂੰ ਧਰਮ ਸਮਝ ਲਿਆ ਹੈ, ਜਿਥੋਂ ਸਾਨੂੰ ਗਿਆਨ ਮਿਲਣਾ ਸੀ ਅਸੀਂ ਉਥੇ ਮੱਥਾ
ਟੇਕਣ ਤਕ ਸੀਮਿਤ ਰਹਿ ਗਏ .. ਕਿੰਨੀ ਹੈਰਾਨਗੀ ਦੀ ਗੱਲ ਹੈ ..
ਅੱਜ ਅਸੀਂ ਕਿੱਥੇ ਖੜੇ ਹੋ ਗਏ ਹਾਂ ?
ਇਹ ਹੀ ਕਾਰਣ ਹੈ ਨਿਰੀ ਸ਼ਰਧਾ ਤੇ ਨਿਰਾ ਮੱਥਾ ਟੇਕਣ ਤਕ ਸੀਮਿਤ ਹੋਣ ਕਰਕੇ ਅਸੀਂ ਅਖੌਤੀ
ਗ੍ਰੰਥਾਂ ਅੱਗੇ ਵੀ ਸ਼ੀਸ਼ ਝੁਕਾਈ ਜਾ ਰਹੇ ਹਾਂ, ਸਿਰਫ਼ ਇੰਨਾਂ ਹੀ ਨਹੀਂ ਅਸੀਂ ਵੇਖਾ ਵੇਖੀ
ਜੋ ਕਰਦੇ ਹਾਂ, ਉਸ ਉਪਰ ਆਪਣੀ ਧਰਮ ਦੀ ਮੋਹਰ ਲਾ ਦਿੰਦੇ ਹਾਂ, ਗੁਰਬਾਣੀ ਦਾ ਫੁਰਮਾਨ ਹੈ
.. "ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ" ..
ਬਹੁਤ ਘੱਟ ਲੋਕ ਹਨ ਜੋ ਵਿਚਾਰਦੇ ਹਨ, ਕਿ ਜੋ ਕੁੱਝ ਅਸੀਂ ਕਰ ਰਹੇ ਹਾਂ, ਉਹ ਸਹੀ ਵੀ ਹੈ
ਜਾਂ ਨਹੀਂ? ਬਾਬਾ ਕਬੀਰ ਜੀ ਗੁਰਬਾਣੀ ਵਿੱਚ ਸਮਝਾਂਉਂਦੇ ਹਨ, ਕਿ ਗ਼ਾਫ਼ਲ ਮਨੁੱਖ ਨੇ ਦੁਨੀਆਂ
ਦੇ ਧਨ ਪਦਾਰਥ ਤੇ ਕਰਮ ਕਾਂਡਾਂ ਦੀ ਖ਼ਾਤਰ ਆਪਣਾ ਅਸਲੀ ਦੀਨ ਗਵਾ ਲਿਆ ਹੈ ..
"ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ"
.. ਮਨੁੱਖ ਲੋਕਾਚਾਰੀ ਬਾਰੇ ਤਾਂ ਬਹੁਤ ਸੋਚਦਾ ਹੈ, ਪਰ ਅਖ਼ੀਰ ਵੇਲੇ ਇਹ ਦੁਨੀਆਂ ਮਨੁੱਖ
ਦੇ ਨਾਲ ਨਹੀਂ ਤੁਰਦੀ, ਵੇਖਾ ਵੇਖੀ ਕਰਨ ਵਿੱਚ ਅਣਜਾਣ ਤੇ ਲਾਪਰਵਾਹ ਮਨੁੱਖ, ਆਪਣੇ ਪੈਰ
ਉਪਰ, ਆਪਣੇ ਹੀ ਹੱਥ ਨਾਲ, ਆਪ ਹੀ ਕੁਹਾੜਾ ਮਾਰ ਰਿਹਾ ਹੈ ..
"ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ" ..।
ਧਰਮ ਇੱਕ ਮੂਲ ਤੱਤ ਤੇ ਸਚਿਆਈ ਹੈ, ਜਿਸ ਦੇ ਆਸਰੇ ਸੰਸਾਰ
ਕਾਇਮ ਹੈ। ਪਰ ਦੁਨੀਆਂ ਵਿੱਚ ਵੱਖ ਵੱਖ ਮਜ੍ਹਬ ਹਨ। ਜਿਸ ਅਨੁਸਾਰ ਅਨੇਕਾਂ ਤਰ੍ਹਾਂ
ਦੇ ਮਜ੍ਹਬ ਜਾਂ ਵਿਚਾਰਧਾਰਾਵਾਂ ਪੈਦਾ ਹੋ ਜਾਂਦੀਆਂ ਹਨ। ਸਿਰਫ਼ ਇੰਨਾ ਹੀ ਨਹੀਂ ਹਰੇਕ
ਧਰਮ ਨੇ ਆਪਣੇ ਆਪਣੇ ਚਿੰਨ੍ਹ ਵੀ ਬਣਾ ਲਏ ਜਨੇਊ,
ਸੁੰਨਤ .. ਆਦਿ। ਜਦ ਕਿ ਧਰਮ ਹੈ ਹੀ ਉਥੇ
ਜਿਥੇ ਗਿਆਨ ਹੈ "ਕਬੀਰਾ ਜਹਾ ਗਿਆਨੁ ਤਹ ਧਰਮੁ ਹੈ" .. ਧਰਮ ਇੱਕ ਸਦਾਚਾਰਕ ਜੀਵਨ ਜਾਂਚ
ਦਾ ਨਾਮ ਹੈ, ਗੁਰਬਾਣੀ ਦਾ ਫੁਰਮਾਨ ਹੈ ..
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ
ਕਰਮੁ ॥
ਅਰਥ:- ਹੇ ਮਨ! ਪ੍ਰਭੂ ਦਾ ਨਾਮ ਜਪ ਤੇ ਪਵਿਤ੍ਰ ਆਚਰਣ ਬਣਾ-ਇਹ ਧਰਮ ਸਾਰੇ ਧਰਮਾਂ ਨਾਲੋਂ
ਚੰਗਾ ਹੈ।
ਧਰਮ ਸੱਚ ਦੇ ਆਧਾਰ 'ਤੇ ਟਿੱਕ ਸਕਦਾ ਹੈ, ਝੂਠ ਦੇ ਆਧਾਰ 'ਤੇ ਨਹੀਂ, ਕਰਮ ਕਾਂਡ ਤੇ ਨਹੀਂ,
ਨਿਰੀ ਸ਼ਰਧਾ 'ਤੇ ਨਹੀਂ .. "ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ"
.. ਸੱਚ ਨੂੰ ਜੀਵਨ ਵਿੱਚ ਅਪਣਾਉਣਾ ਹੀ ਅਸਲ ਵਿੱਚ ਧਰਮ ਦੇ ਰਾਹ 'ਤੇ ਚਲਣਾ ਹੈ ।