Share on Facebook

Main News Page

ਸਿੱਖਾਂ ਵਿੱਚ ਧੜੇਬੰਦੀ
-: ਆਤਮਜੀਤ ਸਿੰਘ, ਕਾਨਪੁਰ
18 Apr 2018

ਅੱਜ ਸਿੱਖਾਂ ਦੇ ਧੜਿਆਂ ਦੀ ਗਿਣਤੀ ਕਰਨੀ ਸੰਭਵ ਨਹੀਂ! ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਦੇ ਸਾਰੇ ਅਹੁਦੇਦਾਰ ਸੁਆਰਥ ਤੇ ਧੜੇਬੰਦੀ ਦੇ ਮਾਨਸਿਕ ਮਰਜ਼ ਦੇ ਵੱਡੇ ਮਰੀਜ਼ ਹਨ। ਗੁਰਸਿੱਖੀ ਜੀਵਨ ਦਾ ਸਿਆਸਤ, ਜਿਸ ਦਾ ਆਧਾਰ ਹੀ ਧੜੇਬੰਦੀ ਹੈ, ਨਾਲ ਕੋਈ ਲੈਣਾ ਦੇਣਾ ਨਹੀਂ। ਪਰੰਤੂ ਅੱਜ ਗੁਰਸਿੱਖੀ ਦੇ ਸੁਹਾਵਣੇ ਰੁੱਖ ਉੱਤੇ ਸੜੀ ਸਿਆਸਤ ਪੂਰੀ ਤਰ੍ਹਾਂ ਛਾ ਚੁੱਕੀ ਹੈ। ਇਸ ਦੁਖਾਂਤ ਦਾ ਕਾਰਣ ਕੋਈ ਹੋਰ ਨਹੀਂ ਸਗੋਂ ਸਿੱਖਾਂ ਅਤੇ ਸਿੱਖਾਂ ਦੇ ਝੂਠੇ ਤੇ ਦੰਭੀ ਲੀਡਰਾਂ ਦਾ, ਸਵਾਰਥ ਦੀ ਖ਼ਾਤਿਰ, ਅਨੇਕ ਧੜਿਆਂ ਵਿੱਚ ਵੰਡਿਆ ਹੋਣਾ ਹੈ। ਸਿੱਖਾਂ ਦੇ ਵਿਆਪਕ ਧੜਿਆਂ ਉੱਤੇ ਸਰਸਰੀ ਜਿਹੀ ਨਿਗਾਹ ਮਾਰੀਏ ਤਾਂ ਇਹ ਸ਼ਰਮਨਾਕ ਸੱਚ ਬਿਨਾਂ ਸ਼ੱਕ ਸਾਬਤ ਹੁੰਦਾ ਹੈ।

ਅੱਜ ਧੜੇਬੰਦੀ ਗੁਰਮਤਿ ਦੇ ਛਾਂ ਦਾਰ ਸੁਹਾਵਨੇ ਰੁੱਖ ਉੱਤੇ ਮਾਰੂ ਵੇਲ ਦੀ ਤਰ੍ਹਾਂ ਛਾਈ ਹੋਈ ਹੈ। ਇਨ੍ਹਾਂ ਸਿਆਸੀ ਧੜਿਆਂ ਦੇ ਮਨਹੂਸ ਪਰਛਾਵੇਂ ਹੇਠ ਸੱਚੀ ਗੁਰਸਿੱਖੀ ਕਿਧਰੇ ਦਿਖਾਈ ਹੀ ਨਹੀਂ ਦਿੰਦੀ। ਸਿੱਖ ਲੀਡਰ, ਸੰਸਾਰਕ ਸਵਾਰਥਾਂ ਦੀ ਖ਼ਾਤਿਰ, ਆਪਣੀਆਂ ਜ਼ਮੀਰਾਂ ਗਹਿਣੇ ਧਰ ਕੇ ਗੁਰਮਤਿ-ਵਿਰੋਧੀ ਸਿਆਸੀ ਧੜਿਆਂ ਦਾ ਪੱਖ ਪੂਰਦੇ ਹਨ। ਧੜੇ ਦਾ ਪੱਖ ਪੂਰਨ ਲਈ ਸੱਚ ਵੱਲੋਂ ਮੂੰਹ ਮੋੜ ਕੇ ਹਮੇਸ਼ਾ ਝੂਠ ਬੋਲਣਾ ਤੇ ਕੁਫ਼ਰ ਤੋਲਣਾ ਪੈਂਦਾ ਹੈ। ਚਿੱਟਾ ਝੂਠ ਬੋਲਣ ਤੇ ਕੁਫ਼ਰ ਤੋਲਣ ਵਿੱਚ ਸਿੱਖ ਲੀਡਰਾਂ ਦੀ ਕੋਈ ਰੀਸ ਨਹੀਂ ਕਰ ਸਕਦਾ ।

ਦੇਸ-ਵਿਦੇਸ਼ ਦੇ ਤਕਰੀਬਨ ਸਾਰੇ ਗੁਰੂਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਸੱਚ ਨਾਲੋਂ ਨਾਤਾ ਤੋੜ ਕੇ ਧੜਿਆਂ ਵਿੱਚ ਵੰਡੀਆਂ ਹੋਈਆਂ ਹਨ। ਇਨ੍ਹਾਂ ਕਮੇਟੀਆਂ ਦੇ ਜ਼ਮੀਰ ਮਰੇ ਹੰਕਾਰੀ ਕਾਰਕੁਨਾਂ ਦੇ ਧੜੇ ਵੀ ਗੱਦੀਆਂ ਤੇ ਗੋਲਕਾਂ ਦੀ ਖ਼ਾਤਿਰ ਹਮੇਸ਼ਾ ਜੂਤ-ਪਤਾਂਗ ਹੁੰਦੇ ਰਹਿੰਦੇ ਹਨ ਅਤੇ ਸੰਗਤਾਂ ਤੋਂ ਗੁਰੂ ਦੇ ਨਾਮ 'ਤੇ ਠੱਗੀ ਮਾਇਆ ਕਚਹਿਰੀਆਂ ਵਿੱਚ ਬਰਬਾਦ ਕਰਦੇ ਰਹਿੰਦੇ ਹਨ! ਸ਼ਰਮ ਤੇ ਹਯਾ ਇਨ੍ਹਾਂ ਦੇ ਨੇੜਿਓਂ-ਤੇੜਿਓਂ ਨਹੀਂ ਲੰਘਦੀ!

ਬੇਸ਼ੁਮਾਰ ਸੰਤ, ਬਾਬੇ ਤੇ ਅਣਗਿਣਤ ਡੇਰਿਆਂ ਦੇ ਡੇਰੇਦਾਰ ਤੇ ਉਨ੍ਹਾਂ ਦੇ ਗੱਦੀ-ਨਸ਼ੀਨਾਂ ਦੇ ਆਪਣੇ ਆਪਣੇ ਧੜੇ ਹਨ, ਅਤੇ ਇਨ੍ਹਾਂ ਧੜਿਆਂ ਵਿੱਚ ਹਰ ਦਿਨ ਵਾਧਾ ਹੁੰਦਾ ਜਾ ਰਿਹਾ ਹੈ।

ਹੋਰ ਤਾਂ ਹੋਰ, ਕਹਿੰਦੇ ਕਹਾਉਂਦੇ ਸਕਾਲਰ, ਡਾਕਟਰ ਤੇ ਵਿਦਵਾਨ ਵਗ਼ੈਰਾ ਵੀ ਆਪਣੀ ਗ਼ਰਜ਼ ਦੀ ਖ਼ਾਤਿਰ ਉਕਤ ਧੜਿਆਂ ਦਾ ਪੱਖ ਪੂਰਦੇ ਹਨ।

ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਸੱਚੀ ਗੁਰ-ਸਿੱਖੀ ਦੇ ਧੜ ਦਾ ਹਰ ਇੱਕ ਅੰਗ ਧੜੇਬੰਦੀ ਦੇ ਕੈਂਸਰ ਨਾਲ ਪੀੜਤ ਹੋ ਚੁੱਕਿਆ ਹੈ। ਦੁੱਖ ਇਸ ਸੱਚ ਦਾ ਹੈ ਕਿ ਇਸ ਨਾਮੁਰਾਦ ਰੋਗ ਨੂੰ ਫੈਲਾਉਣ ਵਾਲੇ ਕੋਈ ਹੋਰ ਨਹੀਂ ਸਗੋਂ ਸਿੱਖਾਂ ਦੇ ਦੰਭੀ ਨੇਤਾ ਤੇ ਉਨ੍ਹਾਂ ਦੇ ਬੇਜ਼ਮੀਰੇ ਝੋਲੀਚੁੱਕ ਹੀ ਹਨ ।

ਅੱਜ, "ਇਕ ਗ੍ਰੰਥ ਇੱਕ ਪੰਥ" ਦੀਆਂ ਟਾਹਰਾਂ ਮਾਰਨ ਵਾਲੇ ਸਿੱਖਾਂ ਦੇ ਧੜਿਆਂ ਦੀ ਗਿਣਤੀ ਕਰਨੀ ਅਸੰਭਵ ਹੈ।

ਇਹ ਇੱਕ ਪ੍ਰਮਾਣਿਤ ਸੱਚਾਈ ਹੈ ਕਿ ਸੰਸਾਰਕ ਧੜੇਬੰਦੀ ਮਨੁੱਖਤਾ ਵਾਸਤੇ ਵੱਡਾ ਸ਼ਰਾਪ ਹੈ। ਇਸ ਸ਼ਰਾਪ ਤੋਂ ਬਚਣ ਵਾਸਤੇ ਇੱਕੋ ਇੱਕ ਰਾਹ ਹੈ, ਸੰਸਾਰਕ ਧੜਿਆਂ ਦਾ ਪਰਿਤਿਆਗ ਕਰਕੇ ਸਿਰਫ਼ ਸੱਚੇ ਸਰਬਵਿਆਪਕ ਪ੍ਰਭੂ ਨਾਲ ਸਦੀਵੀ ਧੜਾ ਬਣਾਈ ਰੱਖਣਾ । ਗੁਰਬਾਣੀ ਦਾ ਫੁਰਮਾਨ ਹੈ

ਰਾਗੁ ਆਸਾ ਘਰੁ 2 ਮਹਲਾ 4 ॥
ਕਿਸਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥ ਕਿਸਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥ ਕਿਸ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥ ਹਮਾਰਾ ਧੜਾ ਹਰਿ ਰਹਿਆ ਸਮਾਈ॥ ੧॥ ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ਹੈ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ॥ ਰਹਾਉ॥ ਜਿਨੑ ਸਿਉ ਧੜੇ ਕਰਹਿ ਸੇ ਜਾਹਿ॥ ਝੂਠੁ ਧੜੇ ਕਰਿ ਪਛੋਤਾਹਿ॥ ਥਿਰੁ ਨ ਰਹਹਿ ਮਨਿ ਖੋਟੁ ਕਮਾਹਿ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ॥ ੨॥ ਏਹਿ ਸਭਿ ਧੜੇ ਮਾਇਆ ਮੋਹ ਪਸਾਰੀ॥ ਮਾਇਆ ਕਉ ਲੂਝਹਿ ਗਾਵਾਰੀ॥ ਜਨਮਿ ਮਰਹਿ ਜੂਐ ਬਾਜੀ ਹਾਰੀ॥ ਹਮਰਾ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ॥ ੩॥ ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ॥ ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ॥ ੪॥ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ॥ ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ॥ ਜੈਸਾ ਬੀਜੈ ਤੈਸਾ ਖਾਵੈ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ॥ ੫॥
ਪੰਨਾਂ 366

ਉਪਰੋਕਤ ਗੁਰਬਾਣੀ ਦੇ ਫੁਰਮਾਨ ਅਨੁਸਾਰ, ਮਨੁੱਖ ਨੂੰ ਝੂਠੇ ਸੰਸਾਰਕ ਧੜਿਆਂ ਦਾ ਪਰਿਤਿਆਗ ਕਰਕੇ ਜੀਵਨ ਦੇ ਹਰ ਖੇਤਰ ਵਿੱਚ ਸੱਚ ਨਾਲ ਸਦੀਵੀ ਸਾਥ ਬਣਾਉਣਾ ਚਾਹੀਦਾ ਹੈ ਕਿਉਂਕਿ, ਸੱਚ ਦਾ ਸਾਥ-ਸਹਾਰਾ ਮਨੁੱਖ ਨੂੰ ਸੰਸਾਰਕ ਧੜਿਆਂ ਤੇ ਇਨ੍ਹਾਂ ਧੜਿਆਂ ਦੇ ਅਸਰ ਹੇਠ ਵਧਦੇ-ਫੁਲਦੇ ਵਿਕਾਰਾਂ ਦੀ ਗੰਦਗੀ ਤੋਂ ਬਚਾਈ ਰੱਖਦਾ ਹੈ। ਪਰੰਤੂ ਆਪਣੇ ਆਪ ਨੂੰ ਗੁਰੂ ਦੇ ਕਹਿੰਦੇ ਕਹਾਉਂਦੇ ਲਗ ਪਗ ਸਾਰੇ ਸਿੱਖ ਨਿੱਜੀ ਸਵਾਰਥਾਂ ਦੀ ਖ਼ਾਤਿਰ ਇਸ ਗੁਰੁ-ਸਿੱਖਿਆ ਦੇ ਬਿਲਕੁਲ ਉਲਟ, ਸੱਚ ਨਾਲੋਂ ਨਾਤਾ ਤੋੜ ਕੇ ਝੂਠੇ ਸੰਸਾਰਕ ਧੜਿਆਂ ਦੀ ਨਿਖਿੱਧ ਧੂੜ ਵਿੱਚ ਪੂਰੀ ਤਰ੍ਹਾਂ ਲਥ-ਪਥ ਹੋ ਚੁੱਕੇ ਹਨ। ਇਥੇ ਹੀ ਬਸ ਨਹੀਂ, ਸਾਨੂੰ ਸਿੱਖਾਂ ਨੂੰ ਆਪਣੇ ਇਸ ਮਾਨਸਿਕ ਕੋੜ੍ਹ ਦਾ ਫ਼ਖ਼ਰ ਵੀ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top