Share on Facebook

Main News Page

"ਰਹਿਰਾਸ" ਸਿਰਲੇਖ ਹੇਠ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀਂ
-: ਆਤਮਜੀਤ ਸਿੰਘ, ਕਾਨਪੁਰ
19 Mar 2018

ਰੋਜ਼ਾਨਾ ਜੀਵਨ ਨਾਲ ਸਬੰਧ ਰੱਖਣ ਵਾਲੀ ਰਚਨਾ ਜਿਸਦਾ ਪਹਿਲਾ ਨਾਮ "ਸੋਦਰ", ਅਤੇ ਦੂਜਾ ਬਦਲਿਆ ਹੋਇਆਂ ਨਾਮ "ਰਹਿਰਾਸ" ਹੈ … ਆਰੰਭ ਵਿੱਚ ਇਸ ਰਚਨਾ ਦਾ ਨਾਮ ਕੇਵਲ "ਸੋਦਰ" ਸੀ। ਇਹ ਰਚਨਾ "ਸੋਦਰ" ਨਾਮ ਹੇਠ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਸ਼ੁਰੂ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਜਦੋਂ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦਾ ਜ਼ਿਕਰ ਕੀਤਾ, ਤਾਂ ਉਨ੍ਹਾਂ ਨੇ ਵੀ ਲਫਜ਼ "ਸੋਦਰ" ਹੀ ਲਿਖਿਆ …

"ਸੋਦਰੁ ਆਰਤੀ ਗਾਵੀਆ ਅੰਮ੍ਰਿਤ ਵੇਲੇ ਜਾਪੁ ਉਚਾਰਾ ।" {ਭਾਈ ਗੁਰਦਾਸ ਜੀ}

ਭਾਈ ਗੁਰਦਾਸ ਜੀ ਨੇ ਦੋ ਗੱਲਾਂ ਸਪਸ਼ਟ ਕਰ ਦਿੱਤੀਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਨਿਤਨੇਮ ਵਿੱਚ ਸਵੇਰੇ "ਜਪੁ" ਬਾਣੀ ਦਾ ਉਚਾਰਣ ਕੀਤਾ ਜਾਂਦਾ ਸੀ ਤੇ ਸ਼ਾਮ ਵੇਲੇ "ਸੋਦਰ" ਤੇ "ਆਰਤੀ" ਗਾਈ ਜਾਂਦੀ ਸੀ …।

ਗੁਰੂ ਗ੍ਰੰਥ ਸਾਹਿਬ ਵਿੱਚ ‘ਰਹਿਰਾਸ’ ਨਾਂਅ ਜਾਂ ਸਿਰਲੇਖ ਹੇਠ ਕੋਈ ਬਾਣੀ ਦਰਜ ਨਹੀਂ ਹੈ, ਲੇਕਿਨ ਸਾਰਿਆਂ ਰਹਿਤਨਾਮਿਆਂ ਵਿੱਚ ਅਤੇ ਕੁੱਝ ਇਤਿਹਾਸਕ ਕਿਤਾਬਾਂ ਵਿੱਚ ਇਹ ਸਿਰਲੇਖ ਲਿਖਿਆ ਮਿਲਦਾ ਹੈ। ਇਹ ਕਦੋਂ ਅਤੇ ਕਿਵੇਂ ਪ੍ਰਚਲਤ ਹੋਇਆ, ਇਹ ਤਾਂ ਨਹੀਂ ਕਿਹਾ ਜਾ ਸਕਦਾ …

ਹੁਣ ਅਸਲ ਗੱਲ ਆਉਂਦੀ ਹੈ ਇਸ ਬਾਣੀ ਹੇਠ ਬੇਨਤੀ "ਚੌਪਈ" ਨੂੰ ਕਿਉਂ ਦਰਜ਼ ਕੀਤਾ …? ਇਥੇ ਇਕ ਬਹੁਤ ਵੱਡਾ ਅਤੇ ਗੰਭੀਰ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ? ਕੀ ਗੁਰੂ ਸਾਹਿਬ ਨੇ ਅਧੂਰੀ ਬਾਣੀ ਨੂੰ ਗੁਰੂ ਰੂਪ ਵਿੱਚ ਮਾਨਤਾ ਦਿੱਤੀ ਹੈ? ਐਸਾ ਸੋਚਣਾ ਵੀ ਭਾਰੀ ਭੁੱਲ ਹੀ ਨਹੀਂ, ਬਲਕਿ ਭਾਰੀ ਮੂਰਖਤਾ ਕਹੀ ਜਾ ਸਕਦੀ ਹੈ। ਗੁਰੂ ਪੂਰਨ ਅਤੇ ਸਮਰੱਥ ਹੈ। ਗੁਰੂ ਦੇ ਕੀਤੇ ਨੂੰ, ਕਿਸੇ ਤਰ੍ਹਾਂ ਵੀ ਬਦਲਣਾ ਜਾਂ ਵਾਧ-ਘਾਟ ਕਰਨੀ, ਕਿਸੇ ਵਿਅਕਤੀ ਜਾਂ ਵਿਅਕਤੀ-ਸਮੂਹ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅਸੀਂ ਤਾਂ ਪ੍ਰਵਾਨਕਤਾ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਬਾਹਰ ਚਲੇ ਗਏ ਹਾਂ, ਇਸ ਵਿੱਚ ਕਬਿਯੋ ਬਾਚ ‘ਬੇਨਤੀ ਚੌਪਈ’ ਨਾਮਕ ਰਚਨਾ, ਬਚਿਤ੍ਰ ਨਾਟਕ ਪੋਥੇ ਵਿੱਚੋਂ ਜੋੜ ਲਈ।

ਇਹ ਕਬਿਯੋ ਬਾਚ ‘ਬੇਨਤੀ ਚੌਪਈ’ ਰਚਨਾ, ਇਸ ਬਚਿਤ੍ਰ ਨਾਟਕ ਪੋਥੇ ਦੇ ਪਖਯਾਨ ਚਰਿਤ੍ਰ (ਪ੍ਰਚਲਤ ਨਾਂ: ਤ੍ਰਿਆ ਚਰਿਤ੍ਰ) ਦਾ ਹਿੱਸਾ ਹੈ। “ਪਖਯਾਨ ਚਰਿਤ੍ਰ” ਇੱਕ ਬਹੁਤ ਲੰਬੀ ਕਾਵ-ਰਚਨਾ ਹੈ। ਇਹ ਇਸ ਪੋਥੇ ਦੇ ਪੰਨਾ ੮੦੯ ਤੋਂ ਸ਼ੁਰੂ ਹੋ ਕੇ ਪੰਨਾ ੧੩੮੮ ਤੱਕ ਚਲਦੀ ਹੈ, ਜਿਸ ਵਿੱਚ ਕਈ ਪ੍ਰਕਾਰ ਦੀਆˆ ਚੌਪਈਆˆ, ਦੋਹਰੇ, ਸੋਰਠਾ, ਅੜਿਲ, ਆਦਿਕ ਕੁਲ ਮਿਲਾ ਕੇ ੭੫੩੯ ਬੰਦ ਹਨ (ਹਾਲਾਂਕਿ ਪਖਯਾਨ ਚਰਿਤ੍ਰ ਦੇ ਅੰਤ ਤੇ ਇਹ ਗਿਣਤੀ ੭੫੫੫ ਦਿੱਤੀ ਗਈ ਹੈ) ਅਤੇ ਇਨ੍ਹਾਂ ਨੂੰ ੪੦੪ ਚਰਿਤ੍ਰਾˆ ਵਿੱਚ ਅੰਕਤਿ ਕੀਤਾ ਹੋਇਆ ਹੈ (ਚਰਿਤ੍ਰ ਨੰਬਰ ੧ ਤੋਂ ਲੈ ਕੇ ੪੦੪ ਤੱਕ)। ਇਹ ਚਰਿਤ੍ਰ ਕੁੱਝ ਜਾਇਜ਼-ਨਾਜਾਇਜ਼ ਸਬੰਧਾਂ ਦੀਆਂ ਪ੍ਰੇਮ ਕਹਾਣੀਆਂ ਹਨ, ਜਿਨ੍ਹਾਂ ਵਿੱਚ ਅਤਿ ਨੰਗੇਜ਼ ਭਰਪੂਰ, ਕਾਮ-ਉਕਸਾਊ, ਅਸ਼ਲੀਲ ਭਾਸ਼ਾ ਵਰਤੀ ਗਈ ਹੈ। ਇਸ ਭਾਗ ਦੀ ਸ਼ੁਰੂਆਤ ਵੀ “ਸ੍ਰੀ ਭਗਉਤੀ ਜੀ ਸਹਾਇ” ਨਾਲ ਸ਼ੁਰੂ ਹੁੰਦੀ ਹੈ। ਇਸ ਰਚਨਾ ਦਾ ਪਹਿਲਾ ਛੰਦ ਹੈ:

ਤੁਹੀ ਖੜਗਧਾਰਾ ਤੁਹੀ ਬਾਢਵਾਰੀ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ॥
ਹਲਬੀ ਜੁਨਬੀ ਮਗਰਬੀ ਤੁਹੀ ਹੈ॥ ਨਿਹਾਰੌ ਜਹਾ ਆਪੁ ਠਾਢੀ ਵਹੀ ਹੈ॥੧॥


ਅਰਥ: ਸ੍ਰੀ ਭਗੌਤੀ ਨੂੰ ਨਮਸਕਾਰ ਕਰਕੇ, ਪਾਖਿਆਨ ਦਾ ਪਹਿਲਾ ਚਰਿਤ੍ਰ ਸ਼ੁਰੂ ਹੁੰਦਾ ਹੈ। ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈ। ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ, ਹਲਬੀ, ਜੁਨਬੀ, ਮਗਰਬੀ (ਆਦਿ ਇਲਾਕਿਆˆ ਦੇ ਸ਼ਸਤ੍ਰ ਅਸਤ੍ਰ) ਹੈਂ। ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੈ।

ਜਿਵੇਂ ਅੱਜ ਅਸੀਂ ਸੋ ਦਰੁ, ਸੋ ਪੁਰਖੁ ਬਾਣੀਆਂ ਦੇ ਅੱਗੇ ਪਿੱਛੇ ਆਪਣੀ ਮਰਜ਼ੀ ਨਾਲ ਕੁਝ ਸ਼ਬਦ ਜੋੜ ਲਏ, ਉਸੇ ਤਰ੍ਹਾਂ ਕੁੱਝ ਡੇਰਿਆਂ ਵਲੋਂ ਰੱਖਿਆ ਦੇ ਸ਼ਬਦਾਂ ਦੇ ਕੁਝ ਸ਼ਬਦ ਜੋੜ ਲਏ ਗਏ ਹਨ।

'ਬੇਨਤੀ ਚੌਪਈ' ਮਹਾਕਾਲ ਅੱਗੇ ਕੀਤੀ ਗਈ ਬੇਨਤੀ ਹੈ, ਇਸ ਨੂੰ ਦਰਜ਼ ਕਰਨ ਦਾ ਮੁੱਖ ਕਾਰਣ ਇਹ ਹੀ ਜਾਪਦਾ ਹੈ ਕਿ ਬੇਨਤੀ ਚੌਪਈ ਰਾਹੀਂ ਸਿੱਖਾਂ ਨੂੰ ਮਹਾਕਾਲ ਦਾ ਉਪਾਸਕ ਬਣਾਇਆ ਜਾ ਸਕੇ, ਇਸ ਲਈ ਇਸ ਨੂੰ "ਰਹਿਰਾਸ" ਨਾਮ ਦੇ ਸਿਰਲੇਖ ਹੇਠ ਦਰਜ਼ ਕੀਤਾ ਗਿਆ ਹੈ, ਜਦ ਕਿ ਇਸ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਬਾਣੀ ਦਰਜ਼ ਨਹੀਂ ਹੈ।

ਭਲਿਓ ਜਦੋਂ ਗੁਰੂ ਸਾਹਿਬਾਨ ਆਪ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲਾਂ ੧੩ ਪੰਨਿਆਂ ਦਾ ਨਿਤਨੇਮ ਬਣਾਕੇ ਦਿੱਤਾ ਹੈ 'ਤੇ ਉਸ ਵਿੱਚ ਤਬਦੀਲੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ …। ਹਰ ਸਿੱਖ ਨੂੰ ਸਤਿਗੁਰੂ ਦੀ ਬਣਾਈ ਮਰਯਾਦਾ ‘ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਵੱਧ ਤੋਂ ਵੱਧ ਜਿਨਾਂ ਸਮਾਂ ਹੋ ਸਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਦਾ ਪਾਠ ਵਿਚਾਰ ਕੇ ਕਰਨਾ ਅਤੇ ਉਸ ਅਨੁਸਾਰ ਅਮਲੀ ਜੀਵਨ ਬਤੀਤ ਕਰਨਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top