ਕੁੱਝ
ਦਿਨ ਪਹਿਲਾਂ ਅਖੌਤੀ ਦਸਮ ਗ੍ਰੰਥ ਦੇ ਸਮਰਥਕਾਂ ਨਾਲ ਵਿਚਾਰ ਚਰਚਾ ਹੋਈ, ਉਸ
ਵਿਚਾਰ ਚਰਚਾ ਵਿਚ ਜੋ ਗੱਲਾਂ ਹੋਈਆਂ ਉਸ ਵਿੱਚ ਕੁੱਝ ਗੱਲਾਂ ਇਹੋ ਜਿਹੀਆਂ ਸਨ ਜੋ ਹੈਰਾਨ
ਕਰਨ ਵਾਲੀਆਂ ਸਨ … ਕੁੱਝ ਵੀਰਾਂ ਦਾ ਇਕ ਹੀ ਰੌਲਾ ਸੀ 'ਤੁਹਾਨੂੰ ਦਸਮ ਗ੍ਰੰਥ ਤੋਂ ਇਲਾਵਾ
ਹੋਰ ਕੁੱਝ ਵਿਖਾਈ ਹੀ ਨਹੀਂ ਪੈਂਦਾ, ਜਦੋਂ ਵੇਖੋ ਦਸਮ ਗ੍ਰੰਥ ਦੀਆਂ ਹੀ ਗੱਲਾਂ ਕਰਦਾ ਹੋ
…
ਮੇਰਾ ਜਵਾਬ ਸੀ … ਵੀਰਾ ਜਿਸ ਤਰਾਂ ਜਦੋਂ ਕਿਸੇ ਵੈਦ
ਕੋਲ ਜਾਵੋ, ਜਦ ਤੱਕ ਉਸ ਨੂੰ ਅਪਣੀ ਮਰਜ਼ ਨਹੀਂ ਦੱਸੋਗੇ ਤਦ ਤਕ ਉਹ ਤੁਹਾਡਾ ਇਲਾਜ਼ ਨਹੀਂ
ਕਰ ਸਕਦਾ … ਉਸੇ ਤਰਾਂ ਜਦੋਂ ਇਸ ਗ੍ਰੰਥ ਨੂੰ ਰੁਮਾਲਿਆਂ ਹੇਠ ਢੱਕਿਆ ਹੋਇਆ ਸੀ ਤਦੋਂ ਤਕ
ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਵਿਚ ਕੀ ਲਿਖਿਆ, ਜਦੋਂ ਪੜ੍ਹਿਆ ਗਿਆ ਤਦ ਪਤਾ ਚਲਿਆ ਇਹ
ਗ੍ਰੰਥ ਤਾਂ ਭਗਉਤੀ, ਮਹਾਕਾਲ, ਕਾਲਕਾ ਦੀ ਉਸਤਤਿ, ਸ਼ਸਤਰਾਂ ਦੀ ਪੂਜਾ ਅਤੇ ੪੦੪ ਅਸ਼ਲੀਲ
ਕਹਾਣੀਆਂ ਨਾਲ ਭਰਿਆ ਪਿਆ …
ਭਲਿਆ ਜੇ ਹੁਣ ਇਸ ਗ੍ਰੰਥ ਦੀ ਸਚਾਈ ਨਾ
ਦੱਸੀ ਤੇ ਆਉਣ ਵਾਲੇ ਸਮੇਂ ਵਿੱਚ ਇਸ ਨੇ ਜ਼ਹਿਰ ਘੋਲ ਦੇਣਾ, ਭਾਵ ਸਾਨੂੰ
ਮਹਾਂਕਾਲ ਦਾ ਭਗਉਤੀ ਉਪਾਸਕ ਸਾਬਿਤ ਕਰ ਦੇਣਾ, ਭਲਿਓ ਇਸ ਲਈ ਇਕ ਵੈਦ ਵਾਂਗ ਰੋਗ ਨੂੰ
ਪਛਾਣ ਕੇ ਇਸ ਗ੍ਰੰਥ ਦੀ ਸੱਚਾਈ ਦੱਸਣਾ ਜ਼ਰੂਰੀ ਹੈ …
"ਵੈਦਾ ਵੈਦੁ ਸੁਵੈਦੁ ਤੂ ਪਹਿਲਾ ਰੋਗੁ ਪਛਾਣੁ॥"
{ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ: ੧੨੭੯}
ਇੰਨਾਂ ਕਹਿਣ ਦੀ ਦੇਰ ਉਨਾਂ ਵਿਚੋਂ ਕੁਝ ਵੀਰ ਬੋਲ ਉਠੇ, ਤੁਹਾਡੇ ਕੋਲ ਹੈ ਕਿ …?
ਮੈਂ ਕਹਿਆ ਵੀਰਾਂ ਮੇਰੇ ਕੋਲ ਕੀ ਨਹੀਂ ਹੈ, ਜੋ ਤੁਹਾਡੇ ਕੋਲ ਹੈ …
ਕਹਿੰਦਾ ਸਾਡੇ ਕੋਲ
ਸਿਮਰਨ ਹੈ, ਬੰਦਗੀ ਹੈ, ਅੰਮ੍ਰਿਤ ਵੇਲੇ ਦਾ ਜਾਪ ਅਤੇ ਤਕੜਾ ਨਿਤਨੇਮ ਹੈ, ਬੀਰ ਰਸੀ
ਬਾਣੀਆਂ ਹਨ, ਸਰੋਵਰ ਹੈ, ਸੰਗਰਾਂਦ ਹੈ, ਮੱਸਿਆ ਹੈ, ਪੁੰਨਿਆ ਹੈ, ਰੱਖੜੀ ਹੈ, ਦੀਵਾਲੀ
ਹੈ, ਮਾਘੀ ਹੈ, ਲੋਹੜੀ ਹੈ, ਥਿੱਤ ਹੈ, ਤਿਉਹਾਰ ਹੈ, ਜਲ ਹੈ, ਧੂਪ ਹੈ, ਕੁੰਭ ਹੈ,
ਨਾਰੀਅਲ ਹੈ, ਅਗਰਬੱਤੀ ਹੈ, ਸ਼ਹੀਦੀ ਦੇਗਾਂ ਹਨ, ਇਕੋਤਰੀਆਂ ਵਾਲੇ ਅਖੰਡ ਪਾਠ ਹਨ, ਸਵਾ
ਲੱਖ ਸੰਪਟ ਪਾਠ ਹਨ, ਚਲੀਹਾ ਹੈ, ਚੁਪਹਿਰਾ ਹੈ, ਭੋਰਾ ਹੈ, ਮਾਲਾ ਹੈ, ਜਪ-ਤਪ ਹੈ, ਨੌਂ
ਨਿਧੀਆਂ ਤੇ ਅਠਾਰਾਂ ਸਿੱਧੀਆਂ ਹਨ …
ਤੇਰੇ ਕੋਲ ਕੀ ਹੈ …?
ਤੇ ਮੈਂ ਉਨਾਂ ਨੂੰ ਹਿੱਕ ਠੋਕ ਕੇ ਕਿਹਾ, ਮੇਰੇ ਕੋਲ ਪਿਓ ਦਾਦੇ
ਦਾ ਸ਼ਬਦ ਗੁਰੂ ਖਜ਼ਾਨਾ ਧੰਨ ਸ਼੍ਰੀ "ਗੁਰੂ ਗ੍ਰੰਥ ਸਾਹਿਬ" ਹੈ …
ਇਹ ਜਵਾਬ ਸੁਣਦਿਆਂ ਹੀ ਕੁੱਝ ਦੇ ਮੂੰਹਾਂ ਦੇ ਬੋਲ ਅੰਦਰ ਹੀ ਰਹਿ ਗਏ ਤੇ ਕੁੱਝ ਅੱਗ ਬਬੂਲਾ
ਹੋ ਕੇ ਕੁੜ੍ਹ-ਕੁੜ੍ਹ ਕਰਦੇ ਹੋਏ ਅਪਣੇ ਰਾਹ ਵੱਲ ਵੱਧ ਗਏ …।