Share on Facebook

Main News Page

ਤਖ਼ਤ ਕੋਈ ਇਮਾਰਤ ਨਹੀਂ, ਇਹ ਅਕਾਲ ਦਾ ਸਿਧਾਂਤ ਹੈ
-: ਆਤਮਜੀਤ ਸਿੰਘ, ਕਾਨਪੁਰ

ਤਖ਼ਤ ਤੋਂ ਭਾਵ ਰਾਜ ਸਿੰਘਾਸਨ, ਬੈਠਣ ਦੀ ਚੌਕੀ ।

"ਤਖਤਿ ਬਹੈ ਤਖਤੈ ਕੀ ਲਾਇਕ"

ਦੁਨਿਆਵੀ ਤੌਰ 'ਤੇ ਵੇਖੀਏ ਤਾਂ ਦੁਨੀਆਂ ਵਿੱਚ ਕਿਸੇ ਵੀ ਕੌਮ, ਮੁਲਕ, ਰਾਜਸਤਾ ਦਾ ਕੇਵਲ ਇਕ ਹੀ ਤਖ਼ਤ ਹੁੰਦਾ ਹੈ। ਹਾਂ ਕਈ ਵਾਰੀ ਉਸ ਦਾ ਕਾਰਜ ਸਥਾਨ, ਸਮੇਂ ਅਤੇ ਲੋੜ ਅਨੁਸਾਰ ਬਦਲ ਲਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ, ਅੰਗਰੇਜ਼ਾਂ ਦੇ ਰਾਜ ਸਮੇਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਪਰ ਗਰਮੀਆਂ ਵਿੱਚ ਇਸ ਨੂੰ ਸ਼ਿਮਲੇ ਬਦਲ ਲਿਆ ਜਾਂਦਾ ਸੀ। ਅੱਜ ਵੀ ਜੰਮੂ ਕਸ਼ਮੀਰ ਰਿਆਸਤ ਦੀ ਰਾਜਧਾਨੀ ਸ੍ਰੀ ਨਗਰ ਹੈ, ਪਰ ਸਰਦੀਆਂ ਵਿੱਚ ਇਸ ਨੂੰ ਜੰਮੂ ਬਦਲ ਲਿਆ ਜਾਂਦਾ ਹੈ। ਦੁਨੀਆਂ ਵਿੱਚ ਸ਼ਾਇਦ ਇਕੋ ਕੌਮ ਦੇ ਕਈ ਤਖ਼ਤਾਂ ਦਾ, ਇਕੋ ਵਿਲੱਖਣ ਪ੍ਰਮਾਣ ਸਿੱਖ ਕੌਮ ਦਾ ਹੈ।

ਤਖ਼ਤ ਦੇ ਮਾਮਲੇ ਵਿੱਚ ਸਿੱਖ ਕੌਮ ਵਿੱਚ ਬੜੀ ਦੁਖਦਾਈ ਅਤੇ ਹਾਸੋਹੀਣੀ ਸਥਿਤੀ ਹੈ ਕਿ ਸਾਡਾ ਇੱਕ ਨਹੀਂ, ਬਲਕਿ ਪੰਜ ਤਖ਼ਤ ਬਣਾ ਦਿੱਤੇ ਗਏ।। ਇੱਥੇ ਇਹ ਮਹਤੱਵ ਪੂਰਨ ਗੱਲ ਵਿਚਾਰ ਲੈਣੀ ਵੀ ਯੋਗ ਹੋਵੇਗੀ ਕਿ ਤਖਤ ਕਿਤਨੇ ਹਨ ਯਾ ਹੋ ਸਕਦੇ ਹਨ? ਇਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੁਰਮਾਂਉਂਦੀ ਹੈ:

ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥” {ਬਸੰਤੁ ਮਹਲਾ ੧, ਪੰਨਾ ੧੧੮੮}

ਗੁਰੂ ਸਾਹਿਬ ਦੇ ਪ੍ਰਮਾਣ ਤੋਂ ਸਪਸ਼ਟ ਹੁੰਦਾ ਹੈ ਕਿ ਤਖ਼ਤ 'ਇਕ ਹੀ ਹੈ ਅਤੇ ਉਸ 'ਤੇ ਬਹਿਣ ਵਾਲਾ ਵੀ 'ਮਾਲਕ ਪ੍ਰਭੂ ਆਪ ਹੈ, ਹੋਰ ਕੋਈ ਨਹੀਂ। ਪਰ ਅੱਜ ਅਸੀਂ ਤਖ਼ਤ 'ਤੇ ਉਨਾਂ ਨੂੰ ਬਿਠਾਇਆ ਹੋਇਆ ਜਿੰਨਾਂ ਦੀ ਜ਼ਮੀਰ 'ਖਿਨ-ਖਿਨ' ਡੋਲਦੀ ਹੈ। ਜੋ ਚੰਦ ਟੁਕੜਿਆਂ ਪਿੱਛੇ 'ਗੁਰੂ ਦੇ ਹੁਕਮ' ਨੂੰ ਵੀ ਢਾਹ ਲਾ ਦੇਂਦੇ ਹਨ।

"ਰੋਟੀਆ ਕਾਰਣਿ ਪੂਰਹਿ ਤਾਲ"

ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਕਾਲ-ਪੁਰਖ ਨੂੰ ਕਿਸੇ ਦੁਨਿਆਵੀ ਤਖ਼ਤ ਦੀ ਲੋੜ ਵੀ ਹੈ? ਕੀ ਅਕਾਲ-ਪੁਰਖ ਕਿਸੇ ਦੁਨਿਆਵੀ ਤਖ਼ਤ ਦਾ ਮੁਹਤਾਜ ਹੈ? ਅਕਾਲ ਦਾ ਸ਼ਬਦੀ ਅਰਥ ਹੈ: ਸਦੀਵ ਸਥਾਈ, ਸਮੇਂ ਦੀ ਪਹੁੰਚ ਅਤੇ ਪ੍ਰਭਾਵ ਤੋਂ ਬਾਹਰ।

ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥”{ਸਿਰੀਰਾਗੁ ਮਹਲਾ ੫, ਪੰਨਾ ੪੮}
ਕਾਇਮੁ ਦਾਇਮੁ ਸਦਾ ਪਾਤਿਸਾਹੀ ॥” {ਰਾਗੁ ਗਉੜੀ ਰਵਿਦਾਸ ਜੀ, ਪੰਨਾ ੩੪੫}
ਸਾਚਾ ਤਖਤੁ ਸਚੀ ਪਾਤਿਸਾਹੀ ॥ ਸਚੁ ਖਜੀਨਾ ਸਾਚਾ ਸਾਹੀ ॥” {ਮਾਰੂ ਸੋਲਹੇ ਮਹਲਾ ੫, ਪੰਨਾ ੧੦੭੩}
ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥”{ਰਾਮਕਲੀ ਕੀ ਵਾਰ ਮਹਲਾ ੩, ਪੰਨਾ ੯੪੭}
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥”{ਸਲੋਕ ਮਃ ੫, ਪੰਨਾ ੯੬੪}

ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੈ ਕਿ ਉਸ ਅਕਾਲ-ਪੁਰਖ ਦਾ ਤਖ਼ਤ ਤਾਂ ਅਟੱਲ ਹੈ, ਉਦੋਂ ਤੋਂ ਜਦੋਂ ਤੋ ਇਹ ਸ੍ਰਿਸ਼ਟੀ ਬਣੀ ਹੈ। ਕੀ ਗੁਰਬਾਣੀ ਦੇ ਇਹ ਪ੍ਰਮਾਣ, ਕਿਸੇ ਇੱਟਾਂ-ਗਾਰੇ ਦੀ ਬਣੀ ਦੁਨਿਆਵੀ ਇਮਾਰਤ ਵਾਸਤੇ ਅੰਕਿਤ ਕੀਤੇ ਗਏ ਹਨ? ਨਾਲੇ ਜੇ ਸੱਚਮੁਚ ਅਕਾਲ-ਪੁਰਖ ਦਾ ਤਖ਼ਤ ਹੀ ਬਨਾਉਣਾ ਹੋਵੇ ਤਾਂ ਉਸ ਦੀ ਬਣਤਰ ਤਾਂ ਵੈਸੀ ਹੀ ਹੋ ਸਕਦੀ, ਜੈਸੀ ਸਤਿਗੁਰੂ ਨਾਨਕ ਪਾਤਿਸ਼ਾਹ ਨੇ ਸੋ ਦਰ ਦੇ ਸ਼ਬਦ, “ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥” {ਸੋ ਦਰੁ ਰਾਗੁ ਆਸਾ ਮਹਲਾ ੧, ਪੰਨਾ ੬, ੮ ਅਤੇ ੩੪੭} ਵਿੱਚ ਚਿਤਵੀ ਹੈ । ਸੋ ਇਹ ਗੱਲ ਭਾਵੁਕਤਾ ਤੋਂ ਵਧੇਰੇ ਹੋਰ ਕੁਝ ਨਹੀਂ ਜਾਪਦੀ।

ਇਕ ਹੋਰ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ, ਕਿ ਕੀ ਅਕਾਲ-ਪੁਰਖ ਕਿਸੇ ਇਕ ਕੌਮ, ਇਲਾਕੇ ਜਾਂ ਭਾਈ ਚਾਰੇ ਨਾਲ ਸਬੰਧਤ ਹੈ? ਜਦਕਿ ਗੁਰਬਾਣੀ ਦੇ ਪਾਵਨ ਫੁਰਮਾਨ ਹਨ:

ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥” {ਧਨਾਸਰੀ ਮਹਲਾ ੧, ਪੰਨਾ ੬੬੩}
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥” {ਸੋਰਠਿ ਮਹਲਾ ੫, ਪੰਨਾ ੬੧੨}
ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ ॥… ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥” {ਰਾਗੁ ਮਾਝ ਮਹਲਾ ੫, ਪੰਨਾ ੯੭}
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥” (ਪ੍ਰਭਾਤੀ,ਭਗਤ ਕਬੀਰ ਜੀ, ਪੰਨਾ ੧੩੪੯)

ਜਦ ਅਕਾਲ-ਪੁਰਖ ਸਾਰੀ ਮਨੁੱਖਤਾ ਦਾ ਸਾਂਝਾ ਪਿਤਾ ਹੈ, ਸਾਰੀ ਸ੍ਰਿਸ਼ਟੀ ਵਿੱਚ ਉਸ ਦੀ ਹੀ ਜੋਤ ਪਸਰੀ ਹੋਈ ਹੈ ਤਾਂ ਉਸ ਦਾ ਤਖਤ ਵੀ ਸਾਰਿਆਂ ਲਈ ਸਾਂਝਾ ਹੈ। ਨਾਲ ਹੀ ਸਿੱਖ ਕੇਵਲ ਅਕਾਲ-ਪੁਰਖ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਅਤੇ ਵਾਹਿਦ ਰਾਜਾ ਮੰਨਦਾ ਹੈ, ਕਿਉਂਕਿ ਗੁਰਬਾਣੀ ਤੋਂ ਇਹੀ ਅਗਵਾਈ ਮਿਲਦੀ ਹੈ:

ੜਾੜੈ, ਰੂੜਾ ਹਰਿ ਜੀਉ ਸੋਈ ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥” {ਰਾਮਕਲੀ ਮਹਲਾ ੧, ਪੰਨਾ ੯੩੬}
ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥” (ਰਾਮਕਲੀ ਮਹਲਾ ੩, ਪੰਨਾ ੯੧੧)
ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥” (ਬਿਲਾਵਲੁ ਬਾਣੀ ਕਬੀਰ ਜੀਉ ਕੀ, ਪੰਨਾ ੮੫੬)

ਸੋ ਤਖ਼ਤ ਕੇਵਲ ਇਕ ਇਮਾਰਤ ਨਹੀਂ ਬਲਕਿ ਫਲਸਫ਼ਾ ਹੈ, ਸਿਧਾਂਤ ਹੈ, ਇਮਾਰਤ ਤਾਂ ਕੇਵਲ ਸੰਕੇਤਕ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top