Share on Facebook

Main News Page

ਜਦੋਂ ਵੀ ਕੋਈ ਮਨੁੱਖ 'ਸੱਚ' ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦਾ ਹੈ, ਤਾਂ ਉਹ ਮਨੁੱਖਤਾ ਨੂੰ ਕਲੰਕਤ ਕਰਨ ਵਾਲੇ ਕਰਮ ਹੀ ਕਰਦਾ ਹੈ
-: ਆਤਮਜੀਤ ਸਿੰਘ, ਕਾਨਪੁਰ

ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਦ੍ਰਿੜ ਕਰਵਾਈ ਗਈ ਹੈ, ਕਿ ਜਦੋਂ ਵੀ ਕੋਈ ਮਨੁੱਖ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦਾ ਹੈ, ਤਾਂ ਉਹ ਮਨੁੱਖਤਾ ਨੂੰ ਕਲੰਕਤ ਕਰਨ ਵਾਲੇ ਕਰਮ ਹੀ ਕਰਦਾ ਹੈ। ਉਸ ਦੇ ਅੰਦਰੋਂ ਸ਼ੁਭ ਗੁਣ ਖੰਭ ਲਾ ਕੇ ਉੱਡ-ਪੁੱਡ ਜਾਂਦੇ ਹਨ। ਅਜਿਹੇ ਪ੍ਰਾਣੀ ਜਿੱਥੇ ਵੀ ਹਨ, ਜਿਸ ਵੀ ਪ੍ਰਸਥਿੱਤੀ ਵਿੱਚ ਹਨ, ਆਪਣੀ ਖ਼ੁਦਗ਼ਰਜ਼ੀ ਨੂੰ ਹੀ ਮੁੱਖ ਰੱਖਦੇ ਹਨ। ਇਸ ਤਰ੍ਹਾਂ ਦੇ ਮਨੁੱਖ ਭਾਵੇਂ ਧਾਰਮਕ ਆਗੂ ਦੀ ਹੈਸੀਅਤ ਵਿੱਚ ਹੋਣ ਚਾਹੇ ਰਾਜਨੀਤਕ ਆਗੂ ਦੀ ਹੈਸੀਅਤ ਵਿੱਚ ਜਾਂ ਕਿਸੇ ਹੋਰ ਰੂਪ ਵਿੱਚ ਪਾਪ ਹੀ ਕਮਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸੱਚ ਨੂੰ ਇਉਂ ਬਿਆਨ ਕੀਤਾ ਗਿਆ ਹੈ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
(ਅੰਕ ੧੪੫)

ਅਰਥ:- ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ।

(ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ?

ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਹੈ ਕਿ:

ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ ੨॥ (ਪੰਨਾ ੧੪੫)

ਅਰਥ: ਇਸ ਕਲਜੁਗੀ ਸੁਭਾਵ (-ਰੂਪ ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤਿ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤਿ-ਸਾਲਾਹ) ਜਗਤ ਵਿੱਚ ਉੱਘਾ ਚਾਨਣ ਹੈ, (ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ।

ਹੇ ਨਾਨਕ! ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ ਹੈ। ੨।

ਜੇਕਰ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਦੀ ਰਾਜਨੀਤਕ, ਸਮਾਜਿਕ ਅਤੇ ਧਾਰਮਕ ਦਸ਼ਾ ਦਾ ਵਰਣਨ ਕਰਦਿਆਂ ਹੋਇਆਂ ਇਹ ਕਹਿੰਦੇ ਹਨ:

(੧)

ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾੑ ਪੜਿੑਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥
ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀੑ ਕਮਾਣਾ ਨਾਉ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ॥
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ ੨॥
(ਅੰਕ ੧੨੮੮)

ਅਰਥ: ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ “ਪੜ੍ਹੇ ਹੋਏ” ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।

ਜਿਸ ਜਿਸ ਨੇ ‘ਨਾਮ’ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿੱਚ ‘ਨਾਮ’ ਬੀਜੇ)।

(‘ਨਾਮ’ ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।

ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ)।

(੨)

ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥
(ਅੰਕ ੧੨੪੩)

ਅਰਥ: (ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।

(੩)

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥
(ਅੰਕ ੬੬੨)

ਅਰਥ: ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ–ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਨ੍ਹਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ।

ਗੁਰੂ ਸਾਹਿਬ ਇਨ੍ਹਾਂ ਉਪਰੋਕਤ ਫ਼ਰਮਾਨਾਂ ਵਿੱਚ ਕੇਵਲ ਆਪਣੀ ਸਮੇਂ ਦੀ ਹੀ ਨਹੀਂ, ਸਗੋਂ ਹਰੇਕ ਸਮੇਂ ਦੀ ਗੱਲ ਕਰਦਿਆਂ ਹੋਇਆਂ ਇਹ ਦਰਸਾ ਰਹੇ ਹਨ ਕਿ ਜਦ ਕਦੀ ਵੀ ਕੋਈ ਪ੍ਰਾਣੀ ਮਨੁੱਖੀ ਕਦਰਾਂ-ਕੀਮਤਾਂ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਭਾਵੇਂ ਉਹ ਰਾਜਨੀਤਕ ਖੇਤਰ ਵਿੱਚ ਵਿਚਰ ਰਿਹਾ ਹੈ ਜਾਂ ਧਾਰਮਕ ਜਾਂ ਸਮਾਜਕ ਖੇਤਰ ਵਿੱਚ ਉਹ ਪਸ਼ੂਪੁਣੇ ਦਾ ਹੀ ਪ੍ਰਗਟਾਵਾ ਕਰੇਗਾ। ਇਸ ਲਈ ਵਰਤਮਾਨ ਰਾਜਨੀਤਕ ਦੁਨੀਆਂ ਵਿੱਚ ਅੱਜ ਵੀ ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਹੈ; ਪਾਤਰ ਅਤੇ ਢੰਗ ਜ਼ਰੂਰ ਬਦਲ ਗਏ ਹਨ, ਪਰੰਤੂ ਅਨਿਆਂ ਅਤੇ ਧੱਕੇ ਸ਼ਾਹੀ ਅੱਜ ਵੀ ਬਰਕਰਾਰ ਹੈ। ਜਿਨ੍ਹਾਂ ਦੇ ਹੱਥ ਵਿੱਚ ਕਿਸੇ ਤਰ੍ਹਾਂ ਦੀ ਵੀ ਤਾਕਤ ਹੈ ਉਹ ਅਤੇ ਇਨ੍ਹਾਂ ਦੇ ਸੰਗੀ ਸਾਥੀਆਂ ਦੇ ਵਤੀਰੇ ਤੋਂ ਇਹ ਗੱਲ ਚੰਗੀ ਤਰ੍ਹਾਂ ਉਘੜ ਕੇ ਸਾਹਮਣੇ ਆਉਂਦੀ ਹੈ।

ਅੱਜ ਵੀ ਧਾਰਮਕ ਆਗੂਆਂ ਦਾ ਇਹ ਹੀ ਹਾਲ ਹੈ। ਅਸੀਂ ਸਿੱਖ ਜਗਤ ਵਲ ਹੀ ਨਿਗਾਹ ਮਾਰ ਕੇ ਦੇਖੀਏ ਇਸ ਦਾ ਉੱਤਰ ਸਾਨੂੰ ਮਿਲ ਜਾਵੇਗਾ। ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ ਪਰਵਾਰਕ ਜੀਵਨ ਦਾ ਇਹੋ ਜਿਹਾ ਹੀ ਹਾਲ ਹੈ। ਆਲੇ-ਦੁਆਲੇ ਵਲ ਝਾਤੀ ਮਾਰਿਆਂ ਇਸ ਦੀਆਂ ਇੱਕ ਨਹੀਂ ਅਨੇਕਾਂ ਉਦਾਹਰਣ ਮਿਲਦੀਆਂ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top