ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ
॥
ਅੱਜ
ਸਾਨੂੰ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ" ਦੇ ਨਾਲੋਂ ਤੋੜਨ ਦਾ ਜਤਨ ਬਹੁਤ ਜ਼ੋਰਾਂ 'ਤੇ ਚਲ ਰਿਹਾ
ਹੈ, ਇਹ ਜਤਨ ਸਿਰਫ ਅਜੋਕੇ ਸਮੇਂ ਵਿੱਚ ਹੀ ਨਹੀਂ, ਗੁਰੂ ਕਾਲ ਤੋਂ ਚਲਦਾ ਆ
ਰਿਹਾ ਹੈ। ਉਸ ਸਮੇਂ ਵਿੱਚ ਵੀ ਇਹ ਕੰਮ ਬ੍ਰਾਹਮਣ ਕਰ ਰਿਹਾ ਸੀ, ਪਰ ਉਸ ਸਮੇਂ
ਗੁਰੂ ਸਾਹਿਬ ਨੇ ਸਮੁੱਚੀ ਲੋਕਾਈ ਨੂੰ ਵਹਿਮਾਂ ਅਤੇ ਕਰਮਕਾਂਡਾਂ ਤੋਂ ਬਾਹਰ
ਕੱਢ ਕੇ, ਇਹਨਾਂ ਤੋਂ ਸੁਚੇਤ ਹੋਣ ਦਾ ਰਾਹ ਵਿਖਾਇਆ।
ਜਦ ਬ੍ਰਾਹਮਣ ਇਸ ਸਭ ਕੁੱਝ ਰੋਕਣ ਤੋਂ ਕਾਮਯਾਬ ਨਾ
ਹੋ ਸਕਿਆ ਤੇ ਉਸ ਨੇ ਬਾਣੀ ਵਿਚ ਰੱਲ ਗੱਡ ਕਰਨੀ ਸ਼ੁਰੂ ਕਰ ਦਿੱਤੀ। ਪਰ ਉਸ
ਸਮੇਂ ਦੇ ਸਿੱਖ ਸੁਚੇਤ ਸਨ ਅਤੇ ਗੁਰੂ ਦੇ ਹੁਕਮ 'ਤੇ ਪਹਿਰਾ ਦੇਂਦੇ ਸਨ
"ਸਤਿਗੁਰ ਬਿਨਾ ਹੋਰ ਕਚੀ ਹੈ ਬਾਣੀ"।
ਪਰ ਅੱਜ ਦਾ ਸਿੱਖ ਗੁਰੂ ਦਾ ਹੁਕਮ ਮੰਨਣਾ ਛੱਡ ਕੇ ਉਹਨਾਂ ਅਖੌਤੀ ਆਗੂਆਂ
ਦੇ ਹੁਕਮ ਨੂੰ ਮੰਨ ਰਿਹਾ ਹੈ, ਜੋ ਸਿੱਖੀ ਦੇ ਰੂਪ ਵਿਚ ਕੇਸਾਧਾਰੀ
ਬ੍ਰਾਹਮਣ ਹਨ ਅਤੇ ਇਸ ਵੇਸ ਵਿੱਚ ਕੌਮ ਦਾ ਬਹੁਤ ਵੱਡਾ ਘਾਣ ਕਰ ਰਹੇ ਹਨ।
ਪਰ ੳੇਹਨਾਂ ਕੇਸਾਧਾਰੀ ਬਾਹਮਣਾਂ ਨੂੰ ਇਹ ਨਹੀਂ ਪਤਾ ਜੇ ਉਸ ਸਮੇਂ ਵੀ
ਸਿੱਖ ਸੁਚੇਤ ਸਨ, ਤੇ ਅੱਜ ਵੀ ਸਿੱਖ ਸੁਚੇਤ ਹੈ, ਉਹ ਕੇਸਾਧਾਰੀ ਬਾਹਮਣ
ਜਿੰਨ੍ਹੇ ਮਰਜੀ ਫਤਵੇ ਜਾਰੀ ਕਰ ਲੈਣ, ਪਰ ਸਿੱਖ ਗੁਰੂ ਤੋਂ ਬੇਮੁਖ ਨਹੀਂ
ਹੋ ਸਕਦਾ।
ਸਿਆਸੀ ਫਤਵੇ ਜਾਰੀ ਕਰਨ ਵਾਲੇ ਬ੍ਰਾਹਮਣੋ, ਗੁਰੂ ਹੋਕਾ ਦੇ ਦੱਸ ਰਿਹਾ ਹੈ
"ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ
ਅਗਿਆਨੁ ਮੁਠਾ ਬਿਖੁ ਮਾਇਆ" ਗੁਰੂ ਦੇ ਹੁਕਮ ਨੂੰ ਪਛਾਣੋ ਅਤੇ
ਸਿੱਖੀ 'ਤੇ ਤਰਸ ਕਰੋ, ਇਸ ਨੂੰ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਨਾਲ ਜੋੜਨ ਦਾ ਜਤਨ ਕਰੋ।
ਸਿੱਖੋ ਯਾਦ ਰੱਖੋ ਪੇੜ ਦੀ ਟਾਹਣੀਆਂ ਨੂੰ ਵੱਢ ਦਿਉਗੇ ਤਾਂ ਇੱਕ ਦਿਨ ਵਾਪਸ
ਆ ਜਾਂਦੀਆਂ ਹਨ, ਪਰ ਜੇ ਪੇੜ ਦੀਆਂ ਜੜ੍ਹਾਂ ਨੂੰ ਹੀ ਵੱਢ ਦਿਉ ਤਾਂ ਉਹ
ਫਿਰ ਮੁੜ ਨਹੀਂ ਉਗਦਾ।
ਗਉੜੀ ਕੀ ਵਾਰ ਮਹਲਾ 4
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥12॥
ਪੰਨਾਂ 306
ਅੱਜ ਸਾਡੀ ਜੜ੍ਹਾਂ 'ਤੇ ਵਾਰ ਹੋ ਰਿਹਾ ਹੈ, ਸੁਚੇਤ ਹੋ ਜਾਵੋ ਅਤੇ
ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਿਤੀਤ ਕਰੋ ਅਤੇ
ਇਕ ਗੱਲ ਹੋਰ ਯਾਦ ਰੱਖੋ ਗੁਰੂ ਦੇ ਹੁਕਮ ਤੋਂ ਬਾਹਰ ਜਗਤ ਵਿਚ ਜਿਉਣਾ
ਫਿਟਕਾਰ ਜੋਗ ਹੈ।
"ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ॥"