ਬਚਿੱਤਰ ਨਾਟਕ ਦੀਆਂ ਬਚਿੱਤਰ ਹੀ ਗੱਲਾਂ ਹਨ, ਬੜੀ
ਹੈਰਾਨੀ ਹੁੰਦੀ ਹੈ, ਜਦ ਕੋਈ ਇਸ ਗ੍ਰੰਥ ਨੂੰ ਬਿਨਾ ਪੜੇ, ਵੇਖੇ ਹੀ ਇਸ
ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਦਾ ਹੈ।
ਓਇ ਭਲਿਓ ਇੱਕ ਵਾਰੀ ਇਸ ਗ੍ਰੰਥ ਨੂੰ ਪੜ੍ਹ ਕੇ ਤਾਂ ਵੇਖ ਲਓ, ਜਿਸ ਨੂੰ
ਤੁਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਮੜੀ ਜਾ ਰਹੇ ਹੋ... ਹੋ ਸਕਦਾ
ਤੁਹਾਨੂੰ ਇਸ ਲਿਖਤ ਨਾਲ
ਤਕਲੀਫ਼ ਹੋਵੇ, ਪਰ ਜਿੰਨੀ ਦੇਰ ਗੱਡਾ ਲੀਹ ਵਿਚ ਚੱਲਦਾ ਜਾਏ, ਉਤਨੀ ਦੇਰ
ਬਲਦਾਂ ਦਾ ਪੂਰਾ ਜ਼ੋਰ ਨਹੀਂ ਲੱਗਦਾ, ਪਰ ਜਦੋਂ ਹੀ ਲੀਹ ਪਾੜਨੀ ਪੈ ਜਾਏ,
ਤਾਂ ਬਲਦਾਂ ਨੂੰ ਤਕਲੀਫ ਜ਼ਰੂਰ ਹੁੰਦੀ ਹੈ।
ਇਹੋ ਹਾਲ ਸਾਡਾ ਹੈ,
ਕਿਉਂਕਿ
ਅਸੀਂ ਪੜ੍ਹਨ ਦੇ ਆਦੀ ਨਹੀਂ, ਜਦ ਕਿਸੀ ਨੂੰ ਪੁਛੋ ਕੀ ਤੁਸੀਂ ਪੜ੍ਹਨ ਦਾ
ਸ਼ੌਕ ਰੱਖਦੇ ਹੋ? ਅੱਗੋ ਜਵਾਬ ਮਿਲਦਾ ਹੈ ਕੋਈ ਖਾਸ ਨਹੀਂ, ਇਹ ਹੀ ਕਾਰਣ
ਜੋ ਸਾਨੂੰ ਸੁਣਾਇਆ ਜਾਂਦਾ ਹੈ, ਅਸੀਂ ਉਸ ਨੂੰ ਹੀ ਅੱਖਾਂ ਬੰਦ ਕਰ ਕੇ ਸਹੀ
ਮੰਨ ਲੈਂਦੇ ਹੈ।
ਕਥਿਤ ਦਸਮ ਗ੍ਰੰਥ ਦਾ ਲਿਖਾਰੀ 'ਚੰਡੀ ਚਰਿਤ੍ਰ ਉਕਤਿ
ਬਿਲਾਸ' ਦੀ ੭੪ ਵੀਂ ਪਉੜੀ ਵਿੱਚ ਲਿਖਦਾ ਹੈ ਕਿ ਕਾਲੀ ਦੇਵੀ ਦੀ ਸੁੰਦਰਤਾ
ਨੂੰ ਵੇਖ ਕੇ ਉਸ ਦਾ ਮਨ ਰੀਝ ਗਿਆ...
ਭਾਲ ਕੋ ਫੋਰ ਕੈ ਕਾਲੀ ਭਈ ਲਖਿ ਤਾਂ ਛਬਿ ਕੋ
ਕਬਿ ਕੋ ਮਨ ਭੀਨੋ ॥
ਅਰਥ: ਦੁਰਗਾ ਦੇ ਮੱਥੇ ਨੂੰ
ਪਾੜ ਕੇ ਉਸ ਵਿਚੋਂ 'ਕਾਲੀ' ਪ੍ਰਗਟ ਹੋਈ, ਉਸ ਦੀ ਸੁੰਦਰਤਾ ਵੇਖ ਕੇ (ਮੈਂ)
ਕਵੀ ਦਾ ਮਨ (ਉਪਮਾ ਦੇਣ ਨੂੰ) {ਭੀਨੋ} ਲਲਚਾਇਆ ਹੈ।
ਹੁਣ ਇਥੇ ਵਿਚਾਰਨ ਵਾਲੀ ਗੱਲ ਇਹ ਹੈ:
(੧) ਇਹ ਕਵੀ ਕੌਣ ਹੈ ਜਿਸ ਦਾ ਜੀਅ ਦੇਵੀ ਦੀ ਸੁੰਦਰਤਾ ਨੂੰ ਵੇਖ ਕੇ
ਏਡਾ ਉਛਾਲੇ ਵਿੱਚ ਆ ਗਿਆ ਹੈ, ਕਿ ਕਈ ਤਰ੍ਹਾਂ ਦੀ ਝੂਠ ਉਪਮਾ ਲਿਖਣ ਲਈ
ਲਲਚਾ ਪਿਆ?
(੨) ਇਹ ਮੰਨਣੋ ਕਿਵੇਂ ਇਨਕਾਰ ਕੀਤਾ ਜਾਵੇ ਕਿ ਲਿਖਾਰੀ ਕੋਈ ਦੇਵੀ ਭਗਤ
ਹੈ? ਜਿਸਦਾ ਮਨ ਦੇਵੀ ਉੱਤੇ ਰੀਝ ਗਿਆ
ਅਗਲੀ ਪੰਕਤੀ :
ਦੈਤ ਸਮੂਹਿ ਬਿਨਾਸਨ ਕੋ ਜਮ ਰਾਜ ਤੇ ਮ੍ਰਿਤ ਮਨੋ
ਭਵ ਲੀਨੋ ॥੭੪॥
ਅਰਥ : ਮਾਨੋ ਸਾਰੇ ਦੈਤਾਂ ਨੂੰ ਨਾਸ ਕਰਨ ਵਸਤੇ 'ਜਮਰਾਜ' ਤੋਂ 'ਮੌਤ'
ਨੇ ਜਨਮ ਲਿਆ। ਇਸ ਗ੍ਰੰਥ ਦਾ ਕਵੀ ਅਦਭੁਤ ਹੀ ਹੈ, ਜਿਸ ਨੇ ਉੱਤੇ ਅਜੇ ਹੁਣੇ
ਹੀ, ਕਾਲੀ-ਰੂਪ ਇਸ ਮੌਤ ਦੀ ਜਨਮ-ਭੂਮੀ ਦੁਰਗਾ ਦਾ ਮੱਥਾ ਲਿਖਿਆ ਹੈ, ਪਰ
ਇਥੇ ਹੁਣ, ਕਾਲੀ ਦਾ ਜਨਮ ਦਾਤਾ ਜਮਰਾਜ ਤੋਂ ਹੋਇਆ ਮੰਨਣ ਦੀ ਗੱਲ ਲਿਖ
ਦਿੱਤੀ? ਕੀ, ਦੁਰਗਾ ਨੂੰ ਜਮਰਾਜ ਬਨਾਉਣ ਵਾਲੀ ਘਟੀਆ ਉਪਮਾ ਦੇਣ ਲਈ ਹੀ,
ਕਵੀ ਦਾ ਦਿਲ ਲਲਚਾਇਆ ਸੀ?
ਅੱਗੇ ਹੋਰ ਵੇਖੋ ਇਸ ਲਿਖਾਰੀ ਦੀ ਬਚਿੱਤਰ ਨਾਟਕ ਦੀਆਂ ਬਚਿੱਤਰ ਗੱਲਾਂ,
ਅਗਲੀ ਪਉੜੀ ਵਿੱਚ ਲਿਖਾਰੀ ਲਿਖਦਾ ਹੈ ਕਿ ਕਾਲੀ ਨੇ ਤਲਵਾਰ ਫੜ ਲਈ ਅਤੇ
ਕ੍ਰੋਧ ਨਾਲ ਬਿਜਲੀ ਵਾਂਗ ਕੜਕੀ ਤਾਂ ਸੁਮੇਰ ਪਰਬਤ ਸਮੇਤ ਸਾਰੇ ਵੱਡੇ ਵੱਡੇ
ਪਹਾੜ ਹਿੱਲ ਗਏ, ਸਿਰਫ ਇਨ੍ਹਾ ਹੀ ਨਹੀਂ ਸ਼ੇਸ਼ਨਾਗ ਦੇ ਸਿਰ ਉਤਲੀ ਧਰਤੀ,
ਭਾਵ ਸਾਰੀ ਦੀ ਸਾਰੀ ਧਰਤੀ ਹਿੱਲ ਗਈ, ਕੇਵਲ ਧਰਤੀ ਹੀ ਨਹੀਂ ਦੇਵੀ ਦੀ ਕੜਕ
ਨੇ ਅਸਮਾਨੀ ਵੱਸਦੇ ਬ੍ਰਹਮਾ, ਕੁਬੇਰ ਤੇ ਸੂਰਜ ਵੀ ਡਰਾ ਦਿੱਤੇ, ਏਥੋਂ ਤਕ
ਦੇਵੀ ਦੇ ਪਤੀ (ਹਰਿ) ਸ਼ਿਵਾ ਜੀ ਦੀ ਛਾਤੀ ਵੀ ਹਿੱਲ ਗਈ, ਭਾਵ ਦੇਵੀ ਅਜੇਹੀ
ਕਿਲਕਾਰੀ ਮਾਰੀ ਕੀ ਰੱਬ ਵੀ ਡਰ ਗਿਆ?
ਪਾਨ ਕ੍ਰਿਪਾਨ ਧਰੇ ਬਲਵਾਨ ਸੁ ਕੋਪ ਕੈ ਬਿੱਜੁਲ
ਜਿਉ ਗਰਜੀ ਹੈ ॥ ਮੇਰ ਸਮੇਤ ਹਲੇ ਗਰੂਏ ਗਿਰ ਸੇਸ ਕੇ ਸੀਸ ਧਰਾ ਲਰਜੀ ਹੈ ॥
ਬ੍ਰਹਮ ਧਨੇਸ ਦਿਨੇਸ ਡਰਿਓ ਸੁਨਿ ਕੈ ਹਰਿ ਕੀ ਛਤੀਆ ਤਰਜੀ ਹੈ ॥ ਚੰਡ
ਪ੍ਰਚੰਡ ਅਖੰਡ ਲੀਏ ਕਰ ਕਾਲਕਾ ਕਾਲ ਹੀ ਜਿਉ ਅਰਜੀ ਹੈ ॥੭੫॥
ਓਇ ਭਲਿਓ ਪੜੋ ਅਤੇ ਵਿਚਾਰੋ ਕਿ ਇਸ ਗ੍ਰੰਥ ਦੇ ਲਿਖਾਰੀ ਗੁਰੂ ਗੋਬਿੰਦ
ਸਿੰਘ ਜੀ ਹੋ ਸਕਦੇ ਹਨ, ਜਿਵੇਂ ਕੀ ਉੱਤੇ ਪੜਿਆ ਕੀ ਲਿਖਾਰੀ ਦੇਵੀ ਦੀ
ਸੁੰਦਰਤਾ ਨੂੰ ਵੇਖ ਰੀਝ ਗਇਆ ਅਤੇ ਬਿਨਾ ਮਾਤਾ ਪਿਤਾ ਦੇ ਹੀ ਕਾਲੀ ਦਾ ਜਨਮ
ਵਿਖਾ ਦਿੱਤਾ, ਜਦ ਕਿ ਗੁਰਬਾਣੀ ਅਨੁਸਾਰ
"ਜੈਸੇ ਮਾਤ ਪਿਤਾ ਬਿਨੁ ਬਾਲੁ ਨ
ਹੋਈ" ਅਤੇ ਉਸ ਦੀ ਕੜਕ ਤੋਂ ਰੱਬ ਵੀ ਡਰ ਗਿਆ।