Main News Page

ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ

ਅਵਤਾਰ ਸਿੰਘ ਮਿਸ਼ਨਰੀ 5104325827singhstudent@gmail.com

ਕਾਦਰ ਨੇ ਕੁਦਰਤਿ ਵਿੱਚ ਅਨੇਕ ਰੰਗ ਭਰੇ ਹਨ। ਦੁਨੀਆਂ ਰੰਗ ਬਰੰਗੀ ਹੈ। ਪਸ਼ੂ ਪੰਛੀ ਵੀ ਅਨੇਕ ਰੰਗੇ ਹਨ। ਹਰੇਕ ਰੰਗ ਦੀ ਆਪਣੀ-ਆਪਣੀ ਥਾਂ ਅਤੇ ਮਹਾਨਤਾ ਹੈ। ਚਿੱਟਾ ਰੰਗ ਅਮਨ ਦਾ ਪ੍ਰਤੀਕ ਹੈ, ਹਰਿਆਲਵਤਾ ਦਾ ਪ੍ਰਤੀਕ ਹਰਿਆ ਰੰਗ ਸਭ ਨੂੰ ਚੰਗਾ ਲਗਦਾ ਹੈ। ਚੰਗੀ ਸਿਹਤ ਲਈ ਲਾਲ (ਚੇਹਰਾ ਲਾਲ ਸੁਰਖ ਹੋਣਾਂ) ਤੇ ਹਰਾ ਅਤੇ ਪੀਲਾ ਬੀਮਾਰੀਆਂ ਦਾ ਪ੍ਰਤੀਕ ਮੰਨਿਆਂ ਗਿਆ ਹੈ। ਹਰਿਆ-ਪੀਲਾ ਰੰਗ ਖੁਸ਼ੀਆਂ, ਖੇੜਿਆਂ ਅਤੇ ਸਗਨਾਂ ਦਾ ਵੀ ਹੈ। ਲਾਲ ਰੰਗ ਨੂੰ ਖਤਰੇ ਦਾ ਪ੍ਰਤੀਕ ਮੰਨਿਆਂ ਗਿਆ ਹੈ। ਕਾਲਾ ਰੰਗ ਸੋਗ ਦਾ, ਨੀਲਾ ਤੇ ਸੁਰਮਈ ਰੰਗ ਖੁਸ਼ੀ ਅਤੇ ਬਹਾਦਰੀ ਦੇ ਪ੍ਰਤੀਕ ਹਨ। ਚਿੱਟਾ ਰੰਗ ਚਾਨਣ, ਠੰਡ, ਅਮਨ, ਕਾਲਾ ਰੰਗ ਹਨੇਰਾ, ਸੋਗ, ਗਰਮੀ ਅਤੇ ਲਾਲ ਰੰਗ ਖਤਰੇ ਅਤੇ ਰੁਕ ਜਾਣ ਦਾ ਵੀ ਪ੍ਰਤੀਕ ਹੈ। ਰੰਗ ਡਸਿਪਲਨ ਨਾਲ ਵੀ ਸਬੰਧ ਰੱਖਦੇ ਹਨ ਜਿਵੇਂ ਕਿਸੇ ਸਕੂਲ, ਜਮਾਤ ਜਾਂ ਫੌਜ਼ ਦੀ ਵਰਦੀ ਦੇ ਵੱਖਰੇ ਵੱਖਰੇ ਰੰਗ ਹੁੰਦੇ ਹਨ ਜੋ ਡਸਿਪਲਨ ਦੀ ਮਾਲਾ ਵਿੱਚ ਪਰੋਂਦੇ ਹਨ। ਹਰੇਕ ਦੇਸ਼ ਦੇ ਕੌਮੀ ਝੰਡਿਆਂ ਦੇ ਰੰਗ ਵੱਖ ਵੱਖ ਹੁੰਦੇ ਹਨ। ਰੰਗਾਂ ਨੂੰ ਧਰਮਾਂ ਨਾਲ ਵੀ ਜੋੜ ਦਿੱਤਾ ਗਿਆ ਹੈ ਜਿਵੇਂ ਚਿੱਟਾ ਈਸਾਈਆਂ ਦਾ, ਹਰਿਆ ਇਸਲਾਮ ਦਾ, ਇਨ੍ਹਾਂ ਦੇ ਝੰਡੇ ਹਰੇ ਹੁੰਦੇ ਹਨ। ਪੀਲਾ ਤੇ ਲਾਲ ਹਿੰਦੂਆਂ ਦਾ ਜਿਵੇਂ ਮੰਦਰਾਂ ਦੇ ਝੰਡੇ ਅਤੇ ਦੇਵੀਆਂ ਦੀਆਂ ਚੁੰਨੀਆਂ ਲਾਲ ਪੀਲੀਆਂ ਹੁੰਦੀਆਂ ਹਨ। ਗੂੜਾ ਸੂਹੀ ਬੋਧੀਆਂ ਦਾ, ਨੀਲਾ, ਸੁਰਮਈ ਅਤੇ ਕੇਸਰੀ ਸਿੱਖਾਂ ਦੇ ਜਿਵੇਂ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਨੀਲੇ, ਕੇਸਰੀ ਅਤੇ ਸੁਰਮਈ ਰੰਗੇ ਹੁੰਦੇ ਹਨ (ਨੋਟ- ਸਿੱਖ ਧਰਮ ਕਿਸੇ ਰੰਗ ਦਾ ਮੁਥਾਜ ਅਤੇ ਵਿਰੋਧੀ ਨਹੀਂ) ਬਿਜਨਸ ਵਿੱਚ ਰੰਗਾਂ ਦੀ ਚੋਣ ਕਰਕੇ ਬੁੱਕ ਵੀ ਕਰਾਉਣੇ ਪੈਂਦੇ ਹਨ ਜਿਵੇਂ ਟੈਕਸੀ ਕੰਪਨੀਆਂ ਨੇ ਆਪੋ ਆਪਣੀਆਂ ਟੈਕਸੀਆਂ ਦੇ ਰੰਗ ਚੁਣੇ ਹੁੰਦੇ ਹਨ ਆਦਿਕ।

ਆਪਾਂ ਗੱਲ ਕਰ ਰਹੇ ਸੀ ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ ਬਾਰੇ ਜਿਵੇਂ ਅੱਜ ਕਲ੍ਹ ਹਰੇਕ ਵਿਗਸਤ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਦੇ ਚੌਂਕਾਂ-ਚੌਰਾਹਿਆਂ ਤੇ ਇਹ ਬੱਤੀਆਂ ਲੱਗੀਆਂ ਹੁੰਦੀਆਂ ਹਨ। ਹਰੀ ਬੱਤੀ ਜਾਣ ਦੀ, ਪੀਲੀ ਰੁਕਣ ਦੇ ਅਗਾਊਂ ਇਸ਼ਾਰੇ ਲਈ ਅਤੇ ਲਾਲ ਬੱਤੀ ਬਿਲਕੁਲ ਰੁਕ ਜਾਣ ਦਾ ਸੰਕੇਤ ਦਿੰਦੀ ਹੈ। ਇਹ ਟ੍ਰੈਫਕ ਦੇ ਰੂਲ ਹਨ ਜੋ ਡਰਾਈਵਰ ਇਨ੍ਹਾਂ ਦੀ ਪਾਲਣਾ ਕਰਦੇ ਹਨ ਉਹ ਸੇਫ ਰਹਿੰਦੇ ਹਨ ਅਤੇ ਇਨ੍ਹਾਂ ਰੂਲਾਂ ਦੀ ਅਵੱਗਿਆ ਕਰਨ ਵਾਲੇ ਐਕਸੀਡੈਂਟ ਆਦਿਕ ਰਾਹੀਂ ਆਪਣਾ ਅਤੇ ਦੂਜਿਆਂ ਦਾ ਨੁਕਸਾਨ ਵੀ ਕਰ ਕਰਵਾ ਲੈਂਦੇ ਹਨ। ਉਨ੍ਹਾਂ ਨੂੰ ਕੋਟ ਕਚਹਿਰੀਆਂ ਦੇ ਚੱਕਰ ਕੱਟਣੇ ਪੈਂਦੇ ਅਤੇ ਟਿਕਟਾਂ ਆਦਿਕ ਦਾ ਖਰਚਾ ਵੀ ਭਰਨਾ ਪੈਂਦਾ ਹੈ। ਲਾਲ ਬੱਤੀ ਦੀ ਪ੍ਰਵਾਹ ਨਾਂ ਕਰਕੇ ਜਿੱਥੇ ਡਰੀਵਿੰਗ ਰੈਕਟ ਖਰਾਬ ਹੋ ਜਾਂਦਾ ਹੈ ਓਥੇ ਅਜਿਹਾ ਬਾਰ ਬਾਰ ਕਰਨ ਤੇ ਡਰਾਈਵਿੰਗ ਲਾਇਸੰਸ ਤੋਂ ਵੀ ਹੱਥ ਧੋਣੇ ਪੈਂਦੇ ਹਨ।

ਗੁਰਮਤਿ ਅਨੁਸਾਰ ਗੁਰਬਾਣੀ ਰਹਿਤ ਮਰਯਾਦਾ ਅਤੇ ਚੰਗੇ ਗੁਣ ਧਾਰਨੇ ਹਰੀ ਬੱਤੀ ਅਤੇ ਗੁਰਬਾਣੀ ਮਰਯਾਦਾ ਦੀ ਪ੍ਰਵਾਹ ਨਾਂ ਕਰਦੇ ਹੋਏ ਅਉਗੁਣਾਂ ਅਤੇ ਥੋਥੇ ਕਰਮਕਾਂਡਾਂ ਵਿੱਚ ਗਲਤਾਨ ਹੋਣਾ ਲਾਲ ਬੱਤੀ ਦਾ ਪ੍ਰਤੀਕ ਹੈ। ਜਿਵੇਂ ਅਸੀਂ ਟ੍ਰੈਫਕ (ਆਵਾਜਾਈ) ਦੇ ਨਿਯਮਾਂ ਦੀ ਪਾਲਣਾ ਕਰਕੇ ਐਕਸੀਡੈਂਟ ਆਦਿਕ ਖਤਰਿਆਂ ਤੋਂ ਬਚ ਸਕਦੇ ਹਾਂ ਇਵੇਂ ਹੀ ਜੇ ਅਸੀਂ ਗੁਰਬਾਣੀ ਦੀ ਸਿਖਿਆ, ਮਰਯਾਦਾ ਦੀ ਪਾਲਣਾ ਅਤੇ ਚੰਗੇ ਗੁਣ ਧਾਰਨ ਕਰਾਂਗੇ ਤਾਂ ਥੋਥੇ ਕਰਮਕਾਂਡਾਂ (ਉਹ ਕਰਮ ਜਿਨ੍ਹਾਂ ਦਾ ਆਪ ਅਤੇ ਦੂਜਿਆਂ ਨੂੰ ਕੋਈ ਫਾਇਦਾ ਨਾਂ ਹੋਵੇ ਸਗੋਂ ਧੰਨ ਤੇ ਸਮਾਂ ਬਰਬਾਦ ਹੋਵੇ ਅਤੇ ਭੇਖੀਆਂ ਦਾ ਤੋਰੀ ਫੁਲਕਾ ਚੱਲੇ ਆਦਿਕ) ਪਾਖੰਡੀ ਸਾਧਾਂ ਸੰਤਾਂ ਬਾਬਿਆਂ ਦੇ ਭਰਮਜਾਲ ਤੋਂ ਬਚਾਂਗੇ, ਚੰਗੇ ਕਰਮ ਅਤੇ ਗੁਣ ਧਾਰਨ ਕਰਕੇ ਆਪਣਾ, ਪ੍ਰਵਾਰ ਅਤੇ ਸਮਾਜ ਦਾ ਵੀ ਭਲਾ ਕਰਾਂਗੇ। ਕਿਰਤ ਕਰਨੀ, ਵੰਡ ਛੱਕਣਾ, ਨਾਮ ਜਪਣਾ ਹਰੀ ਬੱਤੀ, ਵਿਹਲੜ ਰਹਿ ਕੇ, ਦੂਜਿਆਂ ਤੇ ਬੋਝ ਬਣਨਾ ਅਤੇ ਕਰਤਾਰ ਨੂੰ ਭੁੱਲਣਾ ਹੀ ਲਾਲ ਬੱਤੀ ਦੇ ਪ੍ਰਤੀਕ ਹਨ। ਗੁਰਬਾਣੀ ਆਪ ਪੜ੍ਹਨੀ, ਵਿਚਾਰਨੀ ਅਤੇ ਧਾਰਨੀ ਹਰੀ ਬੱਤੀ ਅਤੇ ਇਸ ਦੇ ਉਲਟ ਭਾੜੇ ਦੇ ਪਾਠ, ਕੀਰਤਨ ਤੇ ਵਖਿਆਣ ਠੇਕੇ ਤੇ ਕਰਾਉਣੇ ਅਤੇ ਗੁਰਬਾਣੀ ਨੂੰ ਫਾਲੋ ਨਾਂ ਕਰਨਾ ਲਾਲ ਬੱਤੀ ਪਾਰ ਕਰਨਾ ਹੈ। ਜਿਵੇਂ ਲਾਲ ਤੋਂ ਪਹਿਲੇ ਪੀਲੀ ਬੱਤੀ ਜਗਦੀ ਹੈ ਜੋ ਰੁਕਣ ਲਈ ਇਸ਼ਾਰਾ ਕਰਦੀ ਹੈ ਇਸੇ ਤਰ੍ਹਾਂ ਜ਼ਮੀਰ ਦੀ ਅਵਾਜ਼ ਵੀ ਸਾਨੂੰ ਸੁਚੇਤ ਕਰਦੀ ਹੈ ਕਿ ਕੀ ਮਾੜਾ ਤੇ ਕੀ ਚੰਗਾ ਹੈ। ਜੇ ਅਸੀਂ ਸੁਣ ਕੇ ਰੁਕੀਏ ਅਤੇ ਵਿਚਾਰ ਕਰੀਏ ਤਾਂ ਸੁਖ ਨਹੀਂ ਤਾਂ ਲਾਲ ਬੱਤੀ ਪਾਰ ਕਰਦੇ ਭਾਵ ਗੁਰਬਾਣੀ ਸਿਧਾਤਾਂ ਨੂੰ ਵਿਸਾਰਦੇ ਦੁਖ ਪਾਵਾਂਗੇ। ਲਾਲ ਬੱਤੀ ਪਾਰ ਕਰਦੇ ਜੇ ਕੈਮਰੇ ਨੇ ਕੈਚ ਕਰ ਲਿਆ ਤਾਂ ਟਿਕਟ ਜੇ ਪੁਲਿਸ ਨੇ ਰੋਕ ਲਿਆ ਤਾਂ ਵੀ ਟਿਕਟ ਮਿਲੇਗੀ ਅਤੇ ਕੋਟ ਕਚਹਿਰੀਆਂ ਦਾ ਚੱਕਰ ਸ਼ੁਰੂ ਹੋ ਜਾਵੇਗਾ।

ਮਨੁੱਖਤਾ ਦੇ ਦਾਇਰੇ ਵਿੱਚ ਰਹਿਣਾ ਹਰੀ ਬੱਤੀ ਤੇ ਇਸ ਤੋਂ ਬਾਹਰ ਜਾਣਾ ਲਾਲ ਬੱਤੀ ਪਾਰ ਕਰਨਾ ਹੈ। ਸ਼ਬਦ ਗੁਰੂ ਨੂੰ ਛੱਡ ਕੇ ਪਾਖੰਡੀ ਦੇਹਧਾਰੀ ਗੁਰੂਆਂ ਦੇ ਮੱਗਰ ਲੱਗ ਕੇ ਧੰਨ, ਸਮਾਂ ਅਤੇ ਇਜ਼ਤ-ਆਬਰੂ ਬਰਬਾਦ ਕਰਨੀ ਲਾਲ ਬੱਤੀ ਪਾਰ ਕਰਨਾ ਹੈ। ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰੀ ਬੱਤੀ ਅਤੇ ਕੱਚੀ ਬਾਣੀ ਲਾਲ ਬੱਤੀ ਦੀ ਪ੍ਰਤੀਕ ਹੈ। ਬਾਕੀ ਗ੍ਰੰਥਾਂ ਦਾ ਅਧਿਐਨ ਅਤੇ ਕੰਮਪੈਰੇਟਿਵ ਸਟੱਡੀ ਕਰਨਾ ਪੀਲੀ ਬੱਤੀ ਦਾ ਪ੍ਰਤੀਕ ਹੈ ਪਰ ਬੁਰਬਾਣੀ ਨੂੰ ਛੱਡ ਕੇ ਉਨ੍ਹਾਂ ਦੇ ਹੀ ਮੱਗਰ ਲੱਗ ਜਾਣਾ ਲਾਲ ਬੱਤੀ ਲੰਘ ਜਾਣਾ ਹੈ। ਸਿੱਖ ਰਹਿਤ ਮਰਯਾਦਾ ਸਿੱਖ ਲਈ ਹਰੀ ਬੱਤੀ ਅਤੇ ਡੇਰਾਵਾਦੀ ਸਾਧਾਂ ਸੰਪ੍ਰਦਾਈਆਂ ਦੀ ਮਰਯਾਦਾ ਲਾਲ ਬੱਤੀ ਪਾਰ ਕਰਨਾ ਹੈ। ਸਿੱਖ ਲਈ ਰਹਿਤਾਂ ਰੱਖਣੀਆਂ ਹਰੀ ਬੱਤੀ ਅਤੇ ਕੁਰਹਿਤਾਂ ਕਰਨੀਆਂ ਲਾਲ ਬੱਤੀ ਦੀਆਂ ਪ੍ਰਤੀਕ ਹਨ। ਪਤੀ ਪਤਨੀ ਦਾ ਪਰਸਪਰ ਪਿਆਰ ਹਰੀ ਅਤੇ ਇਸ ਦੇ ਉਲਟ ਆਪ ਹੁਦਰੇ ਹੋ ਕੇ ਪਰ ਇਸਤ੍ਰੀ ਤੇ ਪਰ ਮਰਦ ਨਾਲ ਜਿਸਮਾਨੀ ਪਿਆਰ ਕਰਨਾਂ ਲਾਲ ਬੱਤੀ ਹੈ। ਜਾਤ-ਪਾਤ, ਛੂਆ-ਛਾਤ, ਊਚ-ਨੀਚ, ਚੁਗਲੀ ਨਿੰਦਿਆ, ਈਰਖਾ, ਸਾੜਾ, ਦਵੈਤ ਭਾਵਨਾ ਅਤੇ ਦੂਜਿਆਂ ਨਾਲ ਨਫਰਤ ਕਰਨੀ ਲਾਲ ਬੱਤੀ ਪਾਰ ਕਰਨਾ ਹੈ। ਸਤਿ, ਸੰਤੋਖ, ਦਇਆ, ਧਰਮ, ਹਲੀਮੀ, ਪ੍ਰੇਮ ਪਿਆਰ, ਸਤਿਕਾਰ, ਸਾਂਝੀਵਾਲਤਾ, ਸੇਵਾ, ਸਿਮਰਨ ਅਤੇ ਪਰਉਪਕਾਰ ਵਰਰਗੇ ਸਦ ਗੁਣ ਧਾਰਨ ਕਰਨੇ ਹਰੀ ਬੱਤੀ ਦੇ ਪ੍ਰਤੀਕ ਹਨ। ਧੜੇਬੰਦੀਆਂ ਅਤੇ ਵੱਖਵਾਦ ਪੈਦਾ ਕਰਕੇ ਪੰਥ ਨੂੰ ਖੇਰੂੰ-ਖੇਰੂੰ ਕਰਨਾ ਲਾਲ ਬੱਤੀ ਅਤੇ ਦੂਜੇ ਪਾਸੇ ਵੱਖ-ਵੱਖ ਜਥੇਬੰਦੀਆਂ ਹੁੰਦੇ ਹੋਏ ਪੰਥਕ ਏਕਤਾ ਦੀ ਮਾਲਾ ਦੇ ਮਣਕੇ ਬਣ ਕੇ ਰਹਿਣਾ ਹਰੀ ਬੱਤੀ ਵਿੱਚ ਚਲਣ ਦਾ ਪ੍ਰਤੀਕ ਹੈ।

ਜੇ ਕੋਈ ਪਹਿਲੀ ਵਾਰ ਲਾਲ ਬੱਤੀਆਂ ਟੱਪਣ ਦੀ ਉਲੰਘਣਾ ਕਰਦਾ ਹੈ ਤਾਂ ਟਿਕਟ ਮਿਲਦੀ ਹੈ, ਜਦ ਕੋਰਟ ਵਿਖੇ ਜੱਜ ਦੇ ਪੇਸ਼ ਹੁੰਦਾ ਹੈ ਤਾਂ ਬੇਨਤੀ ਕਰਨ ਤੇ ਜਾਂ ਜੱਜ ਦੇ ਮਨ ਮਿਹਰ ਪੈ ਜਾਵੇ ਤਾਂ ਉਹ ਕਮਿਊਨਟੀ ਸੇਵਾ ਲਾ ਕੇ ਸਜਾ ਮੁਆਫ ਕਰ ਦਿੰਦਾ ਹੈ ਪਰ ਦੂਜੀ ਵਾਰ ਜਾਂ ਬਾਰ ਬਾਰ ਅਜਿਹੀ ਗਲਤੀ ਦਾ ਜੁਰਮਾਨਾ ਭਰਨਾ ਹੀ ਪੈਂਦਾ ਹੈ। ਨਾਂ ਭਰਨ ਤੇ ਡ੍ਰਾਈਵੰਗ ਲਾਈਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਹੈ। ਇਵੇਂ ਹੀ ਗੁਰਮਤਿ ਵਿੱਚ ਗਲਤੀ ਮੰਨ ਲੈਣ ਤੇ ਮੁਆਫ ਕਰ ਦਿੱਤਾ ਜਾਂਦਾ ਹੈ ਪਰ ਬਾਰ ਬਾਰ ਵੱਡੀ ਗਲਤੀ (ਕੁਰਹਿਤ) ਕਰਨ ਤੇ ਹੱਥੀਂ ਸੇਵਾ ਕਰਨ ਦੀ ਸਜਾ ਲਾਈ ਜਾਂਦੀ ਹੈ ਤਾਂ ਕਿ ਉਸ ਵਿਆਕਤੀ ਦਾ ਮਨ ਸਾਫ ਹੋ ਜਾਵੇ। ਵਿਤ ਮੁਤਾਬਕ ਧੰਨ ਦੀ ਸਜਾ (ਡੰਨ) ਵੀ ਲਗਾਇਆ ਜਾ ਸਕਦਾ ਹੈ। ਗੁਰੂ ਪ੍ਰਮੇਸ਼ਰ ਸਦਾ ਬਖਸ਼ੰਦ ਹੈ-ਜੈਸਾ ਬਾਲਕੁ ਭਾਇ ਸੁਭਾਇ ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਂਤੀ ਬਹੁੜਿ ਪਿਤਾ ਗਲਿ ਲਾਵੈ॥ ਪਿਛਲੇ ਅਉਗੁਣ ਬਖਸ਼ਿ ਲੈ ਪ੍ਰਭੁ ਆਗੈ ਮਾਰਗਿ ਪਾਵੈ॥ (624) ਪਰ ਪ੍ਰਮਾਤਮਾਂ ਪਾਪੀਆਂ ਨੂੰ ਡੰਡ ਵੀ ਦਿੰਦਾ ਹੈ-ਪਾਪੀ ਕਉ ਡੰਡੁ ਦੀਓਇ॥ (89) ਸੋ ਸਿੱਖ ਨੇ ਜਾਣ ਬੁੱਝ ਕੇ ਲਾਲ ਬੱਤੀਆਂ ਪਾਰ ਨਹੀਂ ਕਰਨੀਆਂ ਹਾਂ ਅਣਜਾਣੇ ਜਾਂ ਐਂਮਰਜੰਸੀ ਅਜਿਹਾ ਹੋ ਜਾਵੇ ਤਾਂ ਵੱਖਰੀ ਗੱਲ ਹੈ।

ਸਿੱਖ ਵਾਸਤੇ ਸਭ ਤੋਂ ਵੱਡੀ ਭੁੱਲ ਗੁਰੂ ਪ੍ਰਮੇਸ਼ਰ ਨੂੰ ਭੁੱਲ ਜਾਣਾ ਜਾਂ ਗੁਰੂ ਦੇ ਬਰਾਬਰ ਕਿਸੇ ਮਨੁੱਖ ਨੂੰ ਮਾਨਤਾ ਦੇਣਾ ਹੈ। ਅਜੋਕੇ ਅਣਜਾਣ, ਮਨਮੁਖ ਅਤੇ ਮਾਇਆਧਾਰੀ ਸਿੱਖ ਮਨਮਤਿ ਕਰਨ ਰੂਪ ਲਾਲ ਬੱਤੀਆਂ ਪਾਰ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਭਾਰੀ ਅਵੱਗਿਆ ਰੂਪੀ ਲਾਲ ਬੱਤੀ ਪਾਰ ਕਰਨਾ ਹੈ। ਇਹ ਸਭ ਕੁਝ ਸੰਪ੍ਰਦਾਈ ਡੇਰੇਦਾਰ ਕਰੀ ਕਰਾਈ ਜਾ ਰਹੇ ਹਨ ਜੋ ਪਾਠੀਆਂ, ਗ੍ਰੰਥੀਆਂ, ਰਾਗੀਆਂ, ਕਥਾਵਾਚਕਾਂ, ਸੰਤ ਬਾਬਿਆਂ, ਪ੍ਰਬੰਧਕਾਂ ਅਤੇ ਅਖੌਤੀ ਸਿੰਘ ਸਹਿਬਾਨਾਂ ਦੇ ਰੂਪ ਵਿੱਚ ਸੇਵਾ ਕਰਨ ਦੇ ਬਹਾਨੇ ਧਰਮ ਅਸਥਾਨਾਂ ਵਿੱਚ ਕਾਬਜ ਹੋ ਕੇ ਕਰ ਰਹੇ ਹਨ। ਗੁਰਬਾਣੀ ਦੇ ਪ੍ਰਚਾਰ ਨਾਲੋਂ ਕੱਚੀ ਬਾਣੀ, ਧੜੇਬੰਧੀ, ਬੇਲੋੜੀਆਂ ਸੰਗਮਰੀ ਬਿਲਡਿੰਗਾਂ ਉਸਾਰਨ ਅਤੇ ਸੋਨੇ ਦੇ ਕਲਸ ਚੜ੍ਹਾਉਣ ਦਾ ਵੱਧ ਪ੍ਰਚਾਰ ਹੋ ਰਿਹਾ ਹੈ। ਅਨਮਤੀ ਮਰਯਾਦਾ, ਕਰਮਕਾਂਡ ਅਤੇ ਤਿਉਹਾਰ ਜਿਵੇਂ ਮਸਿਆ, ਪੁੰਨਿਆਂ, ਸੰਗਰਾਂਦ, ਦਸਵੀਂ, ਪੰਚਕਾਂ ਆਦਿਕ ਗੁਰਦੁਆਰਿਆਂ ਵਿੱਚ ਮਨਾ ਕੇ ਲਾਲ ਬੱਤੀਆਂ ਪਾਰ ਕੀਤੀਆਂ ਜਾ ਰਹੀਆਂ ਹਨ। ਰਾਜਨੀਕ ਤੇ ਧਾਰਮਿਕ ਸਿੱਖ ਵੋਟਾਂ ਖਾਤਰ ਗੁਰਮਤਿ ਵਿਰੋਧੀ ਡੇਰਿਆਂ ਤੇ ਜਾਣ ਰੂਪ ਲਾਲ ਬੱਤੀਆਂ ਪਾਰ ਕਰੀ ਜਾ ਰਹੇ ਹਨ। ਪੈਸਾ, ਚੌਧਰ ਤੇ ਵੋਟਾਂ ਹੀ ਲੀਡਰਾਂ ਦਾ ਨਿਸ਼ਾਨਾ ਬਣਦਾ ਜਾ ਰਿਹਾ ਹੈ। ਕੌਮ ਦੇ ਵੱਡੇ ਧਾਰਮਿਕ ਆਗੂ ਰਾਜਨੀਤਕਾਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੇ ਦਬਾਅ ਹੇਠ ਗਲਤ ਫੈਸਲੇ ਕਰਕੇ ਆਏ ਦਿਨ ਲਾਲ ਬੱਤੀਆਂ ਪਾਰ ਕਰੀ ਜਾ ਰਹੇ ਹਨ।

ਸੋ ਗੁਰਸਿੱਖੋ! ਸਿੱਖ ਅਸੀਂ ਸ਼ਬਦ ਗੁਰੂ ਗ੍ਰੰਥ ਜੀ ਦੇ ਹਾਂ ਇਸ ਕਰਕੇ ਗੁਰੂ ਦੀ ਸਿਖਿਆ ਤੇ ਚੱਲਣ ਰੂਪ ਹਰੀ ਬੱਤੀ ਹੀ ਪਾਰ ਕਰੀਏ ਨਾਂ ਕਿ ਅਖੌਤੀ ਸਾਧਾਂ ਦੀ ਬ੍ਰਾਹਮਣਵਾਦੀ ਸਿਖਿਆ ਲੈ ਕੇ ਲਾਲ ਬੱਤੀਆਂ ਪਾਰ ਕਰੀ ਜਾਈਏ। ਲਾਲ ਬੱਤੀਆਂ ਖਤਰੇ ਦੀ ਘੰਟੀ ਹਨ ਇਸ ਕਰਕੇ ਸਾਨੂੰ ਖਤਰੇ ਦੀ ਘੰਟੀ ਸੁਣ ਕੇ ਜਾਂ ਖਤਰੇ ਦਾ ਨਿਸ਼ਾਨ ਦੇਖ ਕੇ ਰੁਕਣਾ ਚਾਹੀਦਾ ਹੈ। ਜਿਵੇਂ ਡ੍ਰਾਈਵਰ ਟ੍ਰੈਫਕ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਤਾਂ ਖਤਰਿਆਂ ਤੋਂ ਬਚਿਆ ਰਹਿੰਦਾ ਹੈ ਨਹੀਂ ਤਾਂ ਨੁਕਸਾਨ ਕਰਵਾਂਦਾ ਰਹਿੰਦਾ ਹੈ। ਇਵੇਂ ਹੀ ਜੋ ਸਿੱਖ ਗੁਰੂ ਪ੍ਰਮੇਸ਼ਰ ਦੀ ਸਿਖਿਆ ਤੇ ਚਲਦਾ ਹੈ ਲਾਲ ਬੱਤੀਆਂ ਟੱਪਣ ਰੂਪੀ ਅਨਮਤੀ ਅਤੇ ਮਨਮੱਤੀ ਆਦਿਕ ਸਭ ਖਤਰਿਆਂ ਤੋਂ ਬਚਿਆ ਰਹਿ ਕੇ ਜ਼ਿੰਦਗੀ ਰੂਪੀ ਕਾਰ ਨੂੰ ਇੱਕ ਚੰਗੇ ਡ੍ਰਾਈਵਰ ਵਾਂਗ ਚਲਾ ਕੇ, ਗੁਰੂ ਦੀ ਸਿਖਿਆ ਰੂਪ ਹਰੀਆਂ ਬੱਤੀਆਂ ਹੀ ਪਾਰ ਕਰਦਾ ਹੈ, ਪੀਲੀਆਂ ਦੇਖ ਭਾਵ ਖਤਰੇ ਦਾ ਇਸ਼ਾਰਾ ਦੇਖ ਕੇ ਗੁਰਮਤਿ ਦੇ ਉਲਟ ਜਾਣ ਰੂਪ ਲਾਲ ਬੱਤੀਆਂ ਪਾਰ ਨਹੀਂ ਕਰਦਾ।

ਗੁਰਮਤਿ ਦੀ ਲਾਲ ਬੱਤੀ ਸਾਨੂੰ ਡੇਰੇਦਾਰ ਸਾਧਾਂ ਕੋਲ ਜਾਣ ਤੋਂ ਰੋਕਦੀ ਹੈ ਪਰ ਅਸੀਂ ਬਹੁਤ ਸਾਰੇ ਇਸ ਨੂੰ ਵਿਸਾਰ ਕੇ ਲੰਘੀ ਜਾ ਰਹੇ ਹਾਂ ਭਾਵ ਡੇਰੇਦਾਰ ਸਾਧਾਂ ਕੋਲ ਜਾਣ ਤੋਂ ਨਹੀਂ ਰੁਕਦੇ ਅਤੇ ਸਾਧ ਵੀ ਗੁਰਦੁਆਰਿਆਂ ਵਿੱਚ ਧੜਾ ਧੜ ਸਟੇਜਾਂ ਤੇ ਆ ਕੇ ਕੱਚੀ ਬਾਣੀ ਰਾਹੀਂ ਬ੍ਰਾਹਮਣਵਾਦ ਦਾ ਪ੍ਰਚਾਰ ਕਰੀ ਜਾ ਰਹੇ ਹਨ। ਇਨ੍ਹਾਂ ਸਾਧਾਂ ਨੂੰ ਰੋਕਣ ਲਈ ਵੀ ਲਾਲ ਬੱਤੀਆਂ, ਸਟਾਪ ਸਾਈਨਾਂ ਰੂਪ ਜਾਗਰੂਕ ਪਹਿਰੇਦਾਰ ਪਲੀਸ ਵਾਲੇ ਹੋਣੇ ਚਾਹੀਦੇ ਹਨ ਜੋ ਇਨ੍ਹਾਂ ਬੂਬਣੇ ਸਾਧਾਂ ਅਤੇ ਇਨ੍ਹਾਂ ਦੇ ਪਿਛਲੱਗ ਢੌਂਗੀ ਲੀਡਰਾਂ ਦਾ ਚਲਾਣ ਕੱਟ ਕੇ ਮਨਮਤਿ ਰੋਕਣ ਰੂਪ ਸਜਾ ਦੇ ਸੱਕਣ। ਗੁਰਸ਼ਬਦ ਦੀ ਖੋਜੀ ਬਿਰਤੀ ਨਾਲ ਵਿਚਾਰ ਕਰਕੇ ਅਮਲ ਕਰਨਾ ਹੀ ਸਿੱਖ ਲਈ ਹਰੀ ਬੱਤੀ ਹੈ-ਸਭ ਸੈ ਊਪਰਿ ਗੁਰ ਸ਼ਬਦੁ ਵੀਚਾਰੁ॥ (904) ਸਿੱਖ ਦੁਨੀਆਂ ਦੀ ਹਰੇਕ ਚੰਗੀ ਚੀਜ਼ ਤੋਂ ਸਿੱਖਿਆ ਲੈਂਦਾ ਹੈ ਇਵੇਂ ਹੀ ਇਸ ਲੇਖ ਵਿੱਚ ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ ਨੂੰ ਪ੍ਰਤੀਕ ਬਣਾ ਕੇ ਗੁਰਮਤਿ ਸਿਖਿਆ ਦੀ ਵੀਚਾਰ ਕੀਤੀ ਗਈ ਹੈ। ਸੋ ਸਾਨੂੰ ਗੁਰਸਿਖਿਆ ਰੂਪੀ ਹਰੀਆਂ, ਪੀਲੀਆਂ ਅਤੇ ਲਾਲ ਬੱਤੀਆਂ ਨੂੰ ਫਾਲੋ ਕਰਕੇ ਮਨੁੱਖਾ ਜੀਵਨ ਦੀ ਗੱਡੀ ਬੜੇ ਧਿਆਨ ਨਾਲ ਚਲਾਉਣੀ ਚਾਹੀਦੀ ਹੈ ਤਾਂ ਕਿ ਭੇਖੀ ਸਾਧਾਂ, ਨਕਲੀ ਗੁਰੂਆਂ, ਫਜ਼ੂਲ ਦੇ ਕਰਮਕਾਂਡਾਂ, ਵਹਿਮਾਂ-ਭਰਮਾਂ, ਜਾਤਾਂ-ਪਾਤਾਂ, ਛੂਆ-ਛਾਤਾਂ, ਧਰਮ ਦੇ ਨਾਂ ਤੇ ਧੰਦਿਆਂ, ਧੜੇਬੰਦੀਆਂ ਦੀ ਫੁੱਟ, ਭਰਾ ਮਾਰੂ ਜੰਗ, ਡੇਰਿਆਂ ਤੇ ਧੀਆਂ ਭੈਣਾ ਨੂੰ ਘੱਲਣ ਰੂਪ ਆਦਿਕ ਕੁਰਮਾਂ ਤੋਂ ਬਚਿਆ ਜਾ ਸੱਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top