Share on Facebook

Main News Page

ਸੂਆ ਪਿੰਜਰਿ, ਨਹੀਂ ਖਾਇ ਬਿਲਾਸੁ
-
ਗੁਰਦੇਵ ਸਿੰਘ ਸੱਧੇਵਾਲੀਆ

ਪਿੰਜਰੇ ਵਿਚਲੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ। ਪਿੰਜਰਾ ਉਸ ਦੀ ਰਖਵਾਲੀ ਕਰਦਾ ਹੈ। ਬਿੱਲੇ ਨੂੰ ਪਿੰਜਰਾ ਤੋਤੇ ਤੱਕ ਪਹੁੰਚਣ ਨਹੀਂ ਦਿੰਦਾ। ਪਿੰਜਰੇ ਦੀ ਵਾੜ ਤੋਤੇ ਨੂੰ ਬਚਾਈ ਰੱਖਦੀ ਹੈ। ਕੁੱਲ ਪਾ ਕੇ ਤੋਤਾ ਪਿੰਜਰੇ ਵਿਚ ਸੁਰੱਖਤ ਹੈ।

ਮੇਰੇ ਪਿੰਡ ਸਾਡੇ ਸਕਿਆਂ ਵਿਚਲੇ ਸਾਰੇ ਬਜ਼ੁਰਗ ਕੱਦ ਦੇ ਸਾਡੇ ਛੋਟੇ ਹੁੰਦਿਆਂ ਦੇ ਹੀ ਮਰ ਚੁੱਕੇ ਹੋਏ ਨੇ ਹਾਲੇ ਕਿ ਉਹ ਬਹੁਤ ਛੋਟੇ ਸਨ ਸਾਡੇ ਬਜ਼ੁਰਗਾਂ ਨਾਲੋਂ। ਸਗੋਂ ਸਾਡੇ ਬਜ਼ੁਰਗਾਂ ਦੇ ਉਹ ਚਾਚੇ ਲੱਗਦੇ ਸਨ, ਯਾਨੀ ਇੱਕ ਪੀਹੜੀ ਪਿੱਛੇ। ਮੇਰੇ ਪਿਤਾ ਜੀ ਦੀ ਉਮਰ ਕੋਈ 85 ਅਤੇ ਤਾਇਆ ਜੀ ਦੀ 90, ਹਾਲੇ ਸਿਹਤ ਦੋਹਾਂ ਦੀ ਚੰਗੀ ਹੈ। ਕਾਰਨ? ਸਕੇ ਪਿੰਜਰੇ ਚੋਂ ਬਾਹਰ ਆ ਗਏ। ਸ਼ਰਾਬ ਦਾ ਬਿੱਲਾ ਖਾ ਗਿਆ ਸਭ ਨੂੰ!

ਮੈਨੂੰ ਯਾਦ ਏ ਯੂਨੀਵਰਸਿਟੀ ਪੜ੍ਹਦਾ ਮੇਰੇ ਤਾਇਆ ਜੀ ਦਾ ਲੜਕਾ ਚਲੇ ਰਿਵਾਜ ਕਾਰਨ ਦਾਹੜੀ ਵਿਚ ਛੱਲੇ ਪਵਾ ਆਇਆ ਸੀ, ਤਾਂ ਉਸ ਦੀ ਜੋ ਕੁੱਤੇ ਖਾਣੀ ਹੋਈ ਰੱਬ ਹੀ ਜਾਣਦਾ। ਉਸ ਨੂੰ ਉਨਾ ਚਿਰ ਘਰ ਸੀ ਨਹੀਂ ਵੜਨ ਦਿੱਤਾ ਗਿਆ ਜਿੰਨਾ ਚਿਰ ਉਹ ਧੋ ਧੋ ਕੇ ਦਾਹੜੀ ਵਿਚਲੇ ਛੱਲੇ ਨਹੀਂ ਕੱਢ ਆਇਆ! ਉਸ ਨੂੰ ਸਵਾਲ ਇਹ ਸੀ ਕਿ ਤੇਰੀ ਜੁਅਰਤ ਕਿਵੇਂ ਪਈ ਨਾਈ ਅਗੇ ਜਾ ਕੇ ਬੈਠਣ ਦੀ? ਬਜ਼ੁਰਗਾਂ ਦੀ ਇਸ ਪਹਿਰੇਦਾਰੀ ਕਾਰਨ ਸਾਰਾ ਪਿੰਡ ਅੱਜ ਨਾਈ ਅਗੇ ਜਾ ਬੈਠਿਆ ਪਰ ਮੇਰੇ ਤਾਏ, ਚਾਚੇ ਤੇ ਇਥੋਂ ਤੱਕ ਭੂਆ ਦੇ ਵੀ ਪੰਜੇ ਮੁੰਡਿਆਂ ਵਿਚੋਂ ਕਿਸੇ ਹੀਆ ਨਹੀਂ ਕੀਤਾ ਨਾਈ ਅਗੇ ਜਾ ਕੇ ਬੈਠਣ ਦਾ ਤੇ ਨਾ ਨਸ਼ਾ ਕਰਨ ਦਾ! ਇਹ ਕੁਝ ਗੱਲਾਂ ਹੁੰਦੀਆਂ ਜਿਹਨਾ ਦਾ ਬਜ਼ੁਰਗਾਂ ਖਿਆਲ ਰੱਖਣਾ ਹੁੰਦਾ, ਇਹ ਉਨ੍ਹਾਂ ਦੀ ਜਿੰਮੇਵਾਰੀ ਹੁੰਦੀ। ਪਰ ਜੇ ਹੁਣ ਬਜ਼ੁਰਗ ਹੀ ਪਿੰਜਰੇ ਤੋੜ ਤੋੜ ਭੱਜ ਰਹੇ ਅਤੇ ਵਿਆਹਾਂ ਵਿਚ ਖੁਦ ਸ਼ਰਾਬਾਂ ਪੀ ਕੇ ਕੰਜਰੀਆ ਨਾਲ ਨੱਚ ਰਹੇ ਨੇ ਤਾਂ ਪੰਜਾਬ ਦਾ ਹਾਲ ਵੀ ਤਾ ਦੇਖੋ ਨਾ?

ਮਨੁੱਖ ਉਹ ਤੋਤਾ ਹੈ ਜਿਸ ਦੇ ਦੁਆਲੇ ਕਿਸੇ ‘ਡਸਿਪਲਨ’ ਦਾ ਪਿੰਜਰਾ ਨਾ ਹੋਵੇ ਤਾਂ ਉਹ ਛੇਤੀ ਹੀ ਝੱਪਟਿਆ ਜਾਂਦਾ ਹੈ। ਝੱਪਟਿਆ ਗਿਆ ਨਾ ਪੰਜਾਬ? ਰਿਹਾ ਪੱਲੇ ਕੱਖ? ਨਾਈਆਂ ਦੇ ਭੀੜਾਂ ਤੇ ਦਸਤਾਰਾਂ ਵਾਲੀਆਂ ਦੁਕਾਨਾ ਖਾਲੀ? ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ, ਗਾਉਂਣ ਵਾਲੀਆਂ ਦੇ ਨਾਂ ਤੇ ਵੱਸਣ ਲੱਗ ਪਿਆ! ਨਿਆਣਿਆਂ ਦੇ ਨਾਂ ਵੀ ਫਿਲਮੀ!!

ਗੁਰੂ ਸਾਹਿਬਾਨਾਂ ਸਿੱਖ ਦੇ ਦੁਆਲੇ ਤਾਰਾਂ ਵਲੀਆਂ ਸਨ ਕਿ ਇਹ ਵਿਕਾਰਾਂ, ਨਸ਼ਿਆਂ ਅਤੇ ਹੋਰ ਬਿਮਾਰੀਆਂ ਤੋਂ ਬਚਿਆ ਰਹੇ। ਇਸ ਨੂੰ ਜਾਪਿਆ ਕਿ ਨਵੇਂ ਜੁੱਗ ਲਈ ਇਹ ਸਭ ਪੁਰਾਣਾ ਹੋ ਚੁੱਕਾ। ਪਰ ਯਾਦ ਰਹੇ ਜਿੰਨਾ ਅੱਜ ਦੇ ਜੁੱਗ ਵਿਚ ਇਸ ਨੂੰ ਪਿੰਜਰੇ ਦੀ ਲੋੜ ਹੈ, ਸ਼ਾਇਦ ਕਦੇ ਵੀ ਨਾ ਰਹੀ ਹੋਵੇ। ਅੱਜ ਤਾਂ ਹਰੇਕ ਥਾਂ ਬਿੱਲਾ ਸ਼ਹਿ ਲਾਈ ਬੈਠਾ ਹੈ। ਬਾਹਰ ਤਾਂ ਕੀ, ਖੁਦ ਇਸ ਦੇ ਘਰ!

ਜਦ ਰਾਤ ਦੋ ਦੋ ਵਜੇ ਤੱਕ ਸਾਰਾ ਟੱਬਰ ਸਮੇਤ ਨਿਆਣਿਆਂ ਟੀ.ਵੀ. ਅਗੇ ਬੈਠਾ ਅੱਧ ਨੰਗੇ ਲੱਕ ਵਲ ਖਾਂਦੇ ਦੇਖਦਾ ਹੈ, ਤਾਂ ਕੀ ਏ? ਸੋਫੇ ਤੇ ਬੈਠ ਬੀਅਰਾਂ ਦੇ ਕੈਨ ਖਾਲੀ ਕਰਦਾ ਹੈ, ਤਾਂ ਕੀ ਹੈ ਇਹ? ਪਾਰਟੀਆਂ ਵਿਚ ਮੁਫਤੀ ਸ਼ਰਾਬ ਤੇ ਮੱਖੀਆਂ ਵਾਂਗ ਭਿਣ ਭਿਣ ਕਰਦਾ ਡਿੱਗਦਾ, ਤੇ ਮੁੜ ਮੂਧੇ ਮੂੰਹ ਹੋਇਆ ਘਰੇ ਪਹੁੰਚਦਾ ਹੈ, ਤਾਂ ਕੀ ਏ? ਆ ਗਿਆ ਨਾ ਬਾਹਰ ਪਿੰਜਰੇ ਚੋਂ? ਤੇ ਘਰਾਂ ਵਿਚ ਆਪਦਾ ਤੇ ਨਿਆਣਿਆਂ ਦਾ ਹਾਲ ਦੇਖਿਆ? ਨਿਆਣੇ ਸੰਘ ਪਾੜ ਕੇ ਡੈਅਅਅੜ ਇਵੇਂ ਕਹਿੰਦੇ, ਜਿਵੇਂ ਪਿਹੋਵੇ ਵਾਲਾ ਜੋਸ਼ ‘ਚ ਆਇਆ ਧਾਰਨਾ ਲਾਉਂਣ ਲੱਗਾ ਕੱਟੇ ਵਾਂਗ ਅੜਿੰਗਦਾ। ਕੋਈ ਅਦਬ ਸਤਕਾਰ ਰਿਹਾ ਘਰਾਂ ਵਿਚ ਕਿਸੇ ਦਾ? ਥੋੜੇ ਦਿਨ ਹੋਏ ਕਿਸੇ ਭਰਾ ਨੇ ਫੇਸਬੁਕ ਤੇ ਪਾਇਆ ਸੀ ਕਿ ਮਾਂ ਬੱਚੇ ਨੂੰ ਦੁੱਧ ਕੋਸਾ ਕਰਕੇ ਕਿਉਂ ਦਿੰਦੀ ਹੈ? ਤਾਂ ਕਿ ਤੰਦਰੁਸਤ ਰਹੇ! ਪਰ ਜਿਹੜੀਆਂ ਬਿਮਾਰੀਆਂ ਬੱਚੇ ਨੂੰ ਉਹ ਅੱਖਾਂ ਵਿਚਦੀ ਭੇਜ ਰਹੀ ਹੈ?

ਜੁੱਗ ਦੇਖੋ ਕਿੰਨਾ ਅਗਾਂਹ ਵਧ ਗਿਆ ਕਿ ਹੁਣ ਕਈ ‘ਵਿਦਵਾਨ’ ਵੀ ਕਹਿਣ ਲਗ ਪਏ ਕਿ ਲੋੜ ਨਹੀਂ ਵਾਲਾ-ਕੇਸਾਂ ਦੀ ਇਹ ਹੁਣ ਦੇ ਜੁੱਗ ਵਿਚ ‘ਸੂਟ’ ਨਹੀਂ ਕਰਦੇ? ਉਥੋਂ ਕੱਟ ਲਓ ਤੇ ਇਥੋਂ ਨਾ ਮੁੰਨੋ ਤੇ ਉਥੇ ਰੱਖ ਲਓ। ਖੰਡੇ ਦੀ ਪਹੁਲ ਕਿਹੜਾ ਗੁਰੂ ਗਰੰਥ ਸਾਹਿਬ ਵਿਚ ਲਿਖਿਆ। ਕੇਵਲ ਰੁੱਖੇ ਗਿਆਨ ਦੇ ਤਲ ਤੇ ਆ ਕੇ ਖੜ ਗਿਆ ਸਿੱਖ, ਤੇ ਸਿੱਖ ਕੇਵਲ ਗਿਆਨੀ ਹੋ ਕੇ ਰਹਿ ਗਿਆ ਹੈ, ਸਿੱਖ ਨਹੀਂ! ਉਸ ਨੂੰ ਹਰੇਕ ਗਲੇ ‘ਲਾਜਿਕ’ ਯਾਨੀ ਦਲੀਲ ਚਾਹੀਦੀ। ਉਹ ਇਤਿਹਾਸ ਜਾਂ ਗੁਰਬਾਣੀ ਤੋਂ ਕੁਝ ਸਿੱਖਣਾ ਨਹੀਂ ਚਾਹੁੰਦਾ ਬਲਕਿ ਅਪਣੀਆਂ ਖੁਦ ਦੀਆਂ ਹੀ ਦਲੀਲਾਂ ਉਸ ਉਪਰ ਭਾਰੂ ਹਨ।
ਦਲੀਲ ਕਹਿੰਦੀ ਕਿ ਡੱਲਿਆ ਬਿਨਾ ਵਜਾ ਜਾਨ ਕਿਉਂ ਦੇ ਰਿਹਾਂ ਬਈ। ਗੱਲ ਬਣਦੀ ਵੀ ਹੈ। ਲੜਾਈ ਜਾਂ ਜੰਗ ਹੋਵੇ ਤਾਂ ਬੰਦਾ ਲੜ ਮਰੇ, ਪਰ ਕੇਵਲ ਨਿਸ਼ਾਨਾ ਪਰਖਣ ਲਈ? ਪਰ ਜਦ ਵਾਰੀ ਆਈ ਸਿੰਘਾ ਦੀ ਤਾਂ ਕਿਹੜੀ ਰਾਈਫਲ, ਕਿਹੜਾ ਨਿਸ਼ਾਨਾ ਤੇ ਕਿਹੜੀ ਗੋਲੀ। ਉਥੇ ਕਾਹਲੀ ਹੈ, ਗੁਰੂ ਬਾਜਾਂ ਵਾਲਿਆਂ ਦੁਹਾਈ ਰੱਬ ਦੀ ਪਹਿਲਾਂ ਮੇਰੀ ਹੱਕ ਵਿਚ ਮਾਰ! ਉਹ ਕਿਤੋਂ ਪੁੱਛਣ ਗਏ ਸਨ ਕਿ ਕਿਥੇ ਲਿਖਿਆ ਕਿ ਮੈਂ ਗੋਲੀ ਖਾਵਾਂ?

ਚਮਕੌਰ ਦੀ ਗੜੀ ਵਿਚ ਗੁਰੂ ਨਾਲ ਘਿਰੇ ਚਾਲੀਆਂ ਨੂੰ ਪਤਾ ਸੀ ਕਿ ਲੜਾਈ ਸਾਵੀਂ ਨਹੀਂ। ਪਰ ਕਿਸੇ ਕਿਹਾ ਕਿ ਬਾਬਾ ਜੀ ਕਿਉਂ ਲੱਗੇ ਮਰਵਾਉਂਣ ਅੱਜ ਨਿਕਲ ਚਲਦੇ ਹਾਂ ਕਿਤੇ ਫਿਰ ਦੋ ਹੱਥ ਕਰ ਲਾਂਗੇ? ਗੁਰੂ ਨੂੰ ਮੈਂ ਤਾਂ ਸਮਝਿਆ ਹੀ ਨਾ। ਜੇ ਸਮਝਿਆ ਹੁੰਦਾ ਇਹ ਸਵਾਲ ਨਾ ਖੜੇ ਹੁੰਦੇ। ਮੈਂ ਪਿੰਜਰੇ ਤੋੜ ਘੱਤੇ ਕਿ ਮੈਂ ਅਜਾਦ ਹੋਣਾ ਚਾਹੁੰਦਾ। ਅਜ਼ਾਦੀ ਕਿਹੀ? ਆਹ ਬਾਲੀਵੁੱਡ ਵਾਲੇ ਨਾਚਿਆਂ ਵਰਗੀ? ਜੀਹਨਾਂ ਦੀ ਇਕ ਇਕ ਹਰਕਤ ਅਤੇ ਅਦਾ ਉਸ ਰੰਡੀ ਵਰਗੀ ਹੈ, ਜਿਹੜੀ ਪੈਸਿਆਂ ਖਾਤਰ ਕੋਠੇ ਉਪਰ ਨੱਚਦੀ ਹੈ?

ਕਿਹੜਾ ਮਾਡਰਨ ਜੁੱਗ ਆ ਗਿਆ ਯਾਰ? ਇਸ ਮਾਡਰਨ ਜੁੱਗ ਵਿਚ ਮਨੁੱਖ ਪਸ਼ੂ ਹੋ ਕੇ ਰਹਿ ਗਿਆ ਹੈ। 7 ਬਿਲੀਅਨ ਲੋਕਾਂ ਦੀ ਧਰਤੀ ਉਪਰ ਹੈਰਾਨ ਕਰਨ ਵਾਲੇ ਅੰਕੜੇ ਹਨ ਇਸ ਮਾਡਰਨ ਜੁੱਗ ਵਿਚ ਮਰਨ ਵਾਲਿਆਂ ਦੇ। ਮੋਟੇ ਜਿਹੇ ਅੰਕੜਿਆਂ ਮੁਤਾਬਕ ਇੱਕ ਲੱਖ ਚਾਲੀ ਹਜਾਰ ਲੋਕ ਤਾਂ ਡਿਪਰੈਸ਼ਨ ਨਾਲ ਹੀ ਮਰ ਜਾਂਦੇ ਹਨ, ਹਰ ਸਾਲ! ਯਾਨੀ ਹਰ ਚਾਰ ਮਿੰਟ ਬਾਅਦ ਇੱਕ ਬੰਦਾ ਸੂਅਸਾਈਡ ਕਰ ਜਾਂਦਾ ਹੈ। ਤੁਸੀਂ ਹੈਰਾਨ ਹੋਵੋਂਗੇ ਕਿ ਇਕ ਲੱਖ ਚਾਲੀ ਹਜਾਰ ਵਿਚੋਂ 24 ਹਜਾਰ ਉਹ ਲੋਕ ਹਨ ਜੀਹਨਾ ਦੀ ਉਮਰ 10 ਤੋਂ 19 ਸਾਲ ਦੀ ਹੈ!!! ਕਿੰਨਾ ਦਮ ਘੁਟ ਰਿਹਾ ਮਨੁੱਖਤਾ ਦਾ ਇਸ ਮਾਡਰਨ ਜੁੱਗ ਵਿਚ ਕਿ ਲੋਕਾਂ ਕੋਲੋਂ ਜੀਵਿਆ ਹੀ ਨਹੀਂ ਜਾ ਰਿਹਾ?

ਤੇ ਇਸ ਆਖੇ ਜਾਂਦੇ ਮਾਡਰਨ ਜੁੱਗ ਦੀ ਸਭ ਤੋਂ ਮਨਪਸੰਦ ਪੀਤੀ ਜਾਣ ਵਾਲੀ ਸ਼ਰਾਬ ਕਾਰਨ ਕੇਵਲ ਇੱਕਲੇ ਅਮਰੀਕਾ ਵਿਚ ਹੀ 75000 ਲੋਕ ਮਰ ਜਾਂਦੇ ਹਨ? ਜਿਸ ਵਿਚ 34 ਹਜਾਰ ਮਾਡਰਨ ਔਰਤਾਂ ਵੀ ਹਨ ਜੀ! ਕੁਲ ਦੁਨੀਆਂ ਵਿਚ 2.5 ਮਿਲੀਅਨ ਲੋਕ ਸ਼ਰਾਬ ਨਾਲ ਹਰੇਕ ਸਾਲ ਮਰਦੇ ਹਨ! 5.4 ਮਿਲੀਅਨ ਲੋਕ ਤੰਬਾਕੂ ਕਾਰਨ! ਜਿਸ ਵਿਚ 159,600 ਲੋਕ ਤੰਬਾਕੂ ਤੋਂ ਹੋਈ ਕੈਂਸਰ ਦੀ ਭੇਟ ਚ੍ਹੜ ਜਾਂਦੇ ਹਨ। ਇਸ ਤੰਬਾਕੂ ਕਾਰਨ ਆਏ ਦਿਨ 1200 ਲੋਕ ਮਰਦੇ ਹਨ, ਯਾਨੀ ਹਰੇਕ ਛੇ ਸੈਕੰਡ ਬਾਅਦ ਇਕ ਅਰਥੀ ਉੱਠਦੀ ਹੈ ਇਸ ਮਾਡਰਨ ਜੁੱਗ ਦੀ? ਤੇ 30 ਮਿਲੀਅਨ ਲੋਕ ਏਡਜ਼ ਕਾਰਨ ਹੁਣ ਤੱਕ ਮਰ ਚੁੱਕੇ ਹਨ? ਤੁਸੀਂ ਏਡਜ਼ ਦਾ ਮੱਲਤਬ ਸਮਝਦੇਂ? ਇਥੋਂ ਸਾਬਤ ਨਹੀਂ ਹੁੰਦਾ ਅੱਜ ਦੇ ਮਾਡਰਨ ਜੁੱਗ ਦੇ ਮਨੁੱਖ ਦਾ ਇਖਲਾਕ ਕਿੰਨਾ ਗਿਰ ਚੁੱਕਾ ਹੋਇਆ? ਇਹ ਅਗਾਂਹ ਵਧਿਆ ਕਿ ਪਿੱਛੇ ਗਿਆ? ਜੰਗਲੀ ਜੁੱਗ ਵਿਚ! ਉਦੋਂ ਵੀ ਨੰਗਾ ਸੀ ਅੱਜ ਵੀ! ਫਰਕ ਕੀ ਪਿਆ?

ਓ ਕਮਲਿਓ, ਅੱਜ ਹੀ ਤਾਂ ਲੋੜ ਸੀ, ਕਿ ਪਿੰਜਰੇ ਵਿਚ ਰਹਿੰਦੇ ਤਾਂ ਬਚ ਰਹਿੰਦੇ। ਅੱਜ ਦੇ ਮਾਂ-ਪੇ ਨੂੰ ਸਭ ਤੋਂ ਵੱਡਾ ਫਿਕਰ ਹੈ, ਕਿ ਮੇਰਾ ਬੱਚਾ ਨਸ਼ੇੜੀ ਨਾ ਨਿਕਲ ਆਵੇ। ਪੰਜਾਬ ਦੇ ਪਿੰਡ ਪਿੰਡ ਵਿੱਚ, ਘਰ ਘਰ ਵਿੱਚ ਅਰਥੀਆਂ ਉੱਠ ਰਹੀਆਂ ਹਨ! ਕਿਉਂ? ਕਿਉਂਕਿ ਮੈਂ ਪਿੰਜਰੇ ਵਿਚ ਨਾ ਰਿਹਾ। ਕੇਸ, ਕਕਾਰ, ਗੁਰਬਾਣੀ, ਬਾਣਾ ਇਹ ਸਭ ਮੇਰੇ ਹਿਫਾਜਤ ਲਈ ਪਿੰਜਰਾ ਸਨ, ਕਿ ਮੈਂ ਵਿਕਾਰਾਂ ਦੇ ਬਿੱਲਿਆਂ ਤੋਂ ਬਚ ਰਹਾਂ। ਇਹ ਸਿੱਖੀ ਕਿਸੇ ਵਿਦਵਾਨ ਦੀ, ਕਿਸੇ ਚੋਲੇ ਵਾਲੇ ਦੀ, ਕਿਸੇ ਗੁਰਦੁਆਰੇ ਦੇ ਚੌਧਰੀ ਦੀ, ਕਿਸੇ ਪ੍ਰਚਾਰਕ, ਕਥਾਵਾਚਕ ਤੇ ਕਿਸੇ ਮਸ਼ਹੂਰ ਕੀਰਤੀਨੇ ਦੀ ਮੁਥਾਜ ਨਹੀਂ ਕਿ ਉਹੀ ਆ ਕੇ ਤੁਹਾਨੂੰ ਦੱਸੇ ਕਿ ਇੰਝ ਨਹੀਂ ਇੰਝ ਜੀਣਾ ਹੈ, ਜਾਂ ਉਹ ਕਿਵੇਂ ਜਿਉਂਦੇ ਹਨ ਤੇ ਤੁਹਾਡਾ ‘ਲਾਜਿਕ’ ਬਣ ਗਿਆ! ਚੰਗਾ ਬਣਨ ਲਈ ਮਨੁੱਖ ਕਦੇ ਮਾੜੇ ਬੰਦੇ ਦੀ ਉਦਹਾਰਣ ਅਪਣੇ ਜੀਵਨ ਵਿਚ ਨਹੀਂ ਉਤਰਨ ਦਿੰਦਾ! ਕਿ ਦਿੰਦਾ? ਇਹ ਤੁਹਾਡਾ ਅਪਣਾ ਰਿਸ਼ਤਾ ਹੈ, ਗੁਰੂ ਨਾਲ ਕੇਵਲ ਅਪਣਾ। ਤੇ ਇਹ ਤੁਹਾਡੇ ਉਪਰ ਹੀ ਨਿਰਭਰ ਹੈ ਕਿ ਤੁਸੀਂ ਇਸ ਨੂੰ ‘ਲਾਜਿਕਾਂ’ ਨਾਲ ਨਿਭਾਉਂਦੇ ਹੋ ਜਾਂ ਸਿਦਕ ਨਾਲ। ਪਿੰਜਰੇ ਤੋੜ ਕੇ ਅੱਜ ਦੇ ਮਾਡਰਨ ਜੁੱਗ ਦੀਆਂ ਮਾਵਾਂ ਅਖੌਤੀ ਅਜ਼ਾਦੀ ਤਾਂ ਲੈ ਲੈਣਗੀਆਂ, ਪਰ ਪੰਜਾਬ ਦੀਆਂ ਮਾਵਾਂ ਨੂੰ ਅੱਜ ਜਰੂਰ ਪੁੱਛ ਲੈਣਾ ਬਣਦਾ, ਜਿਹੜੀਆਂ ਤੜਫਦੀਆਂ ਫਿਰ ਰਹੀਆਂ ਹਨ ਅਪਣੇ ਜਵਾਨ ਪੁੱਤਰਾਂ ਨੂੰ ਸਿਵਿਆਂ ਵਿਚ ਫੂਕ ਕੇ!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top