Share on Facebook

Main News Page

ਭੂਤ-ਪ੍ਰੇਤ-ਬਾਬੇ - 1

ਹਾਂ ਬਈ ਗੁਰਮੁੱਖਾ? ਤੇਰੀ ਕੀ ਮੁਸ਼ਕਲ ਏ?

ਸੱਚੇ ਪਾਤਸ਼ਾਹ? ਤਿੰਨ ਕੁੜੀਆਂ ਮੁੰਡਾ ਕੋਈ ਨਹੀਂ!

ਲੈਣਾ ਮੁੰਡਾ ਫਿਰ?

ਜੀ ਕ੍ਰਿਪਾ ਕਰ ਦਿਓ।

ਠਹਿਰ ਜਰਾ! ਔਹ ਪਿੱਛੇ ਸਿਰ ਜਿਹਾ ਮਾਰੀ ਜਾਂਦਾ ਬਈ ਲਿਆਉਂ ਇਸ ਨੂੰ ਅੱਗੇ।

ਬਾਬਾ ਜੀ ਇਸ ਵਿਚ ਕੋਈ ਪਰੇਤ ਬੋਲਦਾ। ਮੁੰਡੇ ਦੀ ਜਾਨ ਬੜੀ ਤੰਗ ਕਰਦਾ ਮਿਹਰਾਂ ਕਰੋ।

ਹਾਂ ਬਈ ਕੌਣ ਤੇ ਤੂੰ? ਕੀ ਚਾਹੁੰਨਾ?

ਜੀ ਮੈਂ ਸੁਲੇਮਾਨ ਕਾਜੀ ਹਾਂ ਮੁਕਤੀ ਚਾਹੁੰਨਾ।

ਮੁਕਤੀ ਤਾਂ ਜੁਗਤੀ ਨਾਲ ਮਿਲੂ!

ਜੀ ਜੁਗਤੀ ਵੀ ਤਾਂ ਤੁਹਾਡੇ ਕੋਲੇ ਹੀ ਹੈ।

ਪਹਿਲਾਂ ਮਨੁੱਖਾ ਜਨਮ ਲੈਣਾ ਪਵੇਗਾ ਦੱਸ ਮਨਜੂਰ ਏ?

ਜੀ ਜਿਵੇਂ ਤੁਹਾਡਾ ਹੁਕਮ।

ਆ ਬਈ ਮੁੰਡੇ ਵਾਲਾ। ਦੱਸ ਬਈ ਸੁਲੇਮਾਨ ਕਾਜੀ ਨੂੰ ਘੱਲ ਦਈਏ ਤੇਰਾ ਮੁੰਡਾ ਬਣਾ ਕੇ?

ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਮੈਨੂੰ ਮਨਜੂਰ ਏ।

ਤੇ ਕਹਾਣੀ ਕਹਿੰਦੀ ਕਿ ਸੁਲੇਮਾਨ ਕਾਜੀ ਗੁਰਦੇਵ ਸਿੰਘ ਲਲਤੋਂ ਦੇ ਘਰ ਮੁੰਡਾ ਬਣ ਕੇ ਚਲਾ ਗਿਆ!! ਯਾਨੀ ਰੱਬ ਕੀ ਸ਼ੈਅ ਹੋਇਆ ਬਈ ਬਾਬਿਆਂ ਅਗੇ। ਇਹ ਜੀਹਨੂੰ ਜੀਅ ਕਰੇ ਜਿਥੇ ਮਰਜੀ ਭੇਜ ਦੇਣ ਸਭ ਕੁਝ ਰੱਬ ਦੇ ਨਹੀਂ ਇਨ੍ਹਾ ਦੇ ਹੱਥ ਰਿਹਾ। ਰਾੜੇਵਾਲੇ ਨਾਲ ਸਬੰਧਤ ਇਹ ਕਹਾਣੀ ਕੀ ਇਹੀ ਸਾਬਤ ਨਹੀਂ ਕਰਦੀ?

ਮੈਂ ਹੁਣੇ ਸੁਣ ਰਿਹਾ ਸੀ। ਢੱਡਰੀ ਵਾਲਾ ਕਹਿ ਰਿਹਾ ਸੀ ਕਿ ਇੱਕ ਵਾਰ ਮਸਕੀਨ ਜੀ ਕਥਾ ਕਰ ਰਹੇ ਸਨ। ਕਥਾ ਦੌਰਾਨ ਇਕ ਬੀਬੀ ਸਿਰ ਮਾਰਨ ਲੱਗ ਪਈ। ਉਸ ਵਿਚ ਕੋਈ ਮੁਸਲਮਾਨ ਪ੍ਰੇਤ ਬੋਲ ਰਿਹਾ ਸੀ। ਮਸਕੀਨ ਜੀ ਕਹਿੰਦੇ ਕਿ ਤੈਨੂੰ ਕੀ ਹੋਇਆ? ਉਹ ਕਹਿੰਦੀ ਮੈਂ ਮੁਸਲਮਾਨ ਹਾਂ। ਮਸਕੀਨ ਜੀ ਕਹਿਣ ਲੱਗੇ ਕਿ ਜੇ ਤੂੰ ਮੁਸਲਮਾਨ ਹੈਂ ਤਾਂ ਨਿਮਾਜ ਪੜਕੇ ਸੁਣਾ। ਢੱਡਰੀ ਵਾਲੇ ਮੁਤਾਬਕ ਉਸ ਨੇ ਪੰਜੇ ਨਮਾਜਾਂ ਇੰਝ ਪੜੀਆਂ ਜਿਵੇਂ ਪੱਕਾ ਮੁਸਲਮਾਨ ਪੜ੍ਹਦਾ ਹੈ। ਮਸਕੀਨ ਜੀ ਕਹਿਣ ਲੱਗੇ ਤੂੰ ਭਟਕਦਾ ਫਿਰ ਰਿਹਾਂ ਹੈ ਕੋਈ ਸਰੀਰ ਧਾਰਨ ਕਰ ਲੈ। ਉਹ ਕਹਿਣ ਲੱਗਾ ਮੈਨੂੰ ਕੋਈ ਪਵਿੱਤਰ ਕੁੱਖ ਹੀ ਨਹੀਂ ਲੱਭ ਰਹੀ ਜਿਥੇ ਜਨਮ ਧਾਰਨ ਕਰਾਂ। ਢੱਡਰੀ ਵਾਲੇ ਦੀ ਗੱਪ ਸੁਣਕੇ ਦਿੱਲ ਕਰਦਾ ਸੀ ਉਸ ਨੂੰ ਕਹਾਂ ਕਿ ਜਿਸ ਕੁੱਖ ਵਿਚ ਤੇਰੇ ਵਰਗੀ ਝੂਠਾਂ ਨੂੰ ਸ਼ਰਮਿੰਦਾ ਕਰਨ ਵਾਲੀ ਮਹਾਨ ਆਤਮਾ ਪੈਦਾ ਹੋਈ ਪ੍ਰੇਤ ਨੇ ਵੀ ਉਹੀ ਕੁੱਖ ਕਿਉਂ ਨਾ ਲੱਭ ਲਈ ਨਾਲੇ ਦੋ ਪ੍ਰੇਤ ਭਾਈ ਭਾਈ ਹੋ ਜਾਂਦੇ! ਨਹੀਂ?

ਦੂਜੀ ਕਹਾਣੀ ਉਹ ਦੱਸਦਾ ਰਾੜੇ ਵਾਲੇ ਸਾਧ ਦੀ। ਜਿਸ ਨੇ ਸੁਲੇਮਾਨ ਕਾਜੀ ਦਾ ਉਧਾਰ ਕੀਤਾ ਸੀ। ਉਹ ਕਿਸੇ ਮੁੰਡੇ ਵਿਚ ਬੋਲਦਾ ਸੀ। ਢੱਡਰੀ ਵਾਲੇ ਮੁਤਾਬਕ ਸੁਲੇਮਾਨ ਪ੍ਰੇਤ ਸਰਾਪੀ ਹੋਈ ਰੂਹ ਸੀ। ਉਹ ਗਜਨਵੀ ਵੇਲੇ ਦਾ ਭਟਕ ਰਿਹਾ ਸੀ। ਗੁਰੂ ਨਾਨਕ ਸਾਹਿਬ ਵੇਲੇ ਵੀ ਭਟਕ ਰਿਹਾ ਸੀ। ਢੱਡਰੀ ਆਪੇ ਹੀ ਸਵਾਲ ਖੜਾ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਵੇਲੇ ਉਸ ਦਾ ਉਧਾਰ ਕਿਉਂ ਨਾ ਹੋਇਆ ਤਾਂ ਆਪ ਹੀ ਹਾਸੋ ਹੀਣਾ ਜਵਾਬ ਦਿੰਦਾ ਹੈ ਕਿ ਉਸ ਦਾ ਉਧਾਰ ਹੋਣਾ ਮਹਾਪੁਰਖ ਰਾੜੇ ਵਾਲਿਆਂ ਕੋਲੋਂ ਲਿਖਿਆ ਸੀ। ਹੁਣ ਪਤਾ ਨਹੀਂ ਉਧਾਰ ਹੋਣਾ ਲਿਖਣ ਵਾਲਾ ਢੱਡਰੀ ਸੀ ਜਾਂ ਪਖੰਡੀ ਰਾੜੇ ਵਾਲਾ ਜਿਸ ਸਿੱਖ ਕੌਮ ਦੀ ਮਾਨਸਿਕਤਾ ਨੂੰ ਬਿਮਾਰ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸ ਦੇ ਦਾਦੇ-ਬਾਬੇ, ਭਗਵਾਨ, ਗੁਰੂ-ਪੀਰ ਸਭ ਰਾਮ ਕ੍ਰਿਸ਼ਨ, ਵਿਸ਼ਨੂੰ ਤੇ ਬ੍ਰਹਮਾ ਹੀ ਸਨ। ਇਹ ਗੱਲ ਉਸ ਦੀਆਂ ਕਥਾਵਾਂ ਵਿਚੋਂ ਸਾਬਤ ਹੁੰਦੀ ਹੈ। ਪਰ ਕੌਮ ਮੇਰੀ ਦੀ ਬਦਕਿਸਮਤੀ ਰਹੀ ਜਿਸ ਨੂੰ ਉਸ ਦੀ ਚਿੱਟੀ ਪੱਗ ਹੇਠ ਬੋਦੀ ਨਹੀਂ ਦਿੱਸੀ।

ਜਦ ਉਸ ਇਹ ਕਹਾਣੀ ਦੱਸੀ ਤਾਂ ਮੈਨੂੰ ਕਈ ਚਿਰ ਪਹਿਲਾਂ ਸੁਲੇਮਾਨ ਵਾਲੀ ਕਹਾਣੀ ਦੀ ਸੁਣੀ ਹੋਈ ਕੈਸਿਟ ਯਾਦ ਆ ਗਈ ਜਿਹੜੀ ਮੈਨੂੰ ਕਿਸੇ ਨੇ ਬੜੇ ਚਾਅ ਨਾਲ ਇਹ ਕਹਿ ਕੇ ਦਿੱਤੀ ਸੀ ਕਿ ਮਹਾਂਪੁਰਖ ਕਿਵੇਂ ਭਟਕੀਆਂ ਰੂਹਾਂ ਦਾ ਪਾਰ-ਉਤਾਰਾ ਕਰਦੇ ਹਨ। ਇਸ ਗੱਲ ਨੂੰ ਕਈ ਚਿਰ ਹੋ ਗਿਆ ਕਰਕੇ ਮੈਨੂੰ ਬਹੁਤਾ ਯਾਦ ਨਹੀਂ ਸੀ ਪਰ ਜਦ ਮੈਂ ਗੁੱਗਲ ਤੇ ਜਾ ਕੇ ਸੁਲੇਮਾਨ ਪ੍ਰੇਤ ਪਾਇਆ ਤਾਂ ਉਹੀ ਕਹਾਣੀ ਉਥੇ ਪਈ ਹੋਈ ਸੀ। ਪਰ ਉਸੇ ਸੀ.ਡੀ. ਵਿਚ ਅਖੀਰ ਤੇ ਜਾ ਕੇ ਇੱਕ ਹੋਰ ਕਿਸੇ ਰਾੜੇਵਾਲੇ ਦੇ ਚੇਲੇ ਦੀ ਕਥਾ ਵੀ ਪਾਈ ਹੋਈ ਸੀ ਜਿਸ ਵਿਚ ਉਸ ਨੇ ਸੁਲੇਮਾਨ ਕਾਜੀ ਦਾ ਉਧਾਰ ਕਰਨ ਵਾਲੀ ਕਹਾਣੀ ਨੂੰ ਬੜਾ ਮਸਾਲਾ ਲਾ ਕੇ ਵਰਨਣ ਕੀਤਾ ਅਤੇ ਗੁਰਦੇਵ ਸਿੰਘ ਲਲਤੋਂ ਦੇ ਘਰ ਸੁਲੇਮਾਨ ਪ੍ਰੇਤ ਨੂੰ ਮੁੰਡਾ ਬਣਾ ਕੇ ਭੇਜਣ ਵਾਲੀ ਗੱਪ ਵੀ ਸੁਣਾਈ ਹੋਈ ਸੀ। ਉਹ ਹੋਰ ਵਧ ਕੇ ਗੱਪ ਮਾਰਦਾ ਕਹਿ ਰਿਹਾ ਸੀ ਸੁਲੇਮਾਨ ਪਹਿਲਾਂ ਕਈ ਹੋਰਾਂ ਮਹਾਂਪੁਰਖਾਂ ਕੋਲੇ ਗਿਆ ਸਭ ਨੂੰ ਉਸ ਨੇ ਮੁਕਤੀ ਬਾਰੇ ਕਿਹਾ ਤਾਂ ਉਹ ਚੁੱਪ ਕਰ ਗਏ। ਉਹ ਮਿਸਾਲ ਦਿੰਦਾ ਹੈ ਕਿ ਕਦੇ ਮਿੱਰਚ-ਮਸਾਲਿਆਂ ਦੀ ਦੁਕਾਨਾਂ ਤੋਂ ਵੀ ਕਸਤੂਰੀ ਮਿਲੀ ਹੈ। ਇਸ ਦਾ ਮੱਤਲਬ ਉਸ ਵੇਲੇ ਦੇ ਬਾਕੀ ਬ੍ਰਹਮਗਿਆਨੀ ਮਿਰਚ-ਮਸਾਲਿਆਂ ਦੀ ਦੁਕਾਨਾਂ ਹੀ ਸਨ ਪਰ ਰਾੜੇਵਾਲੇ ਦਾ ਕਸਤੂਰੀ ਦਾ ਸੁਪਰਸਟੋਰ ਜੋਰਾਂ ਤੇ ਚਲ ਰਿਹਾ ਸੀ?

ਅਪਣੀ ਆਤਮ-ਕਥਾ ਸੁਣਾਉਂਦਾ ਪ੍ਰੇਤ ਗੱਲ ਭੁੱਲਣ ਵੇਲੇ ਜਦ ਜੋਰ ਦੀ ਸਮਝ ਗਏ ਵਾਰ ਵਾਰ ਕਹਿੰਦਾ ਹੈ ਤਾਂ ਪਿਹੋਵੇ ਵਾਲਾ ਪ੍ਰੇਤ ਯਾਦ ਆ ਜਾਂਦਾ ਹੈ ਜਿਹੜਾ ਗੱਲ ਭੁੱਲੀ ਤੋਂ ਜੋਰ ਦੀ ਕਹਿੰਦਾ ਕਹੋ ਵਾਹਿਗੁਰੂ! ਮੈਂ ਸੋਚਦਾ ਸੀ ਪ੍ਰੇਤ ਇੱਕ ਦੂਜੇ ਨਾਲ ਕਿੰਨੇ ਰਲਦੇ ਮਿਲਦੇ ਹੁੰਦੇ। ਇਤਫਾਕੀਆ ਦੋਵੇਂ ਪ੍ਰੇਤ ਰਾੜੇਵਾਲੇ ਦੇ ਹੀ ਚੇਲੇ ਸਨ। ਭਾੜੇ ਦਾ ਪ੍ਰੇਤ ਇਸ ਗੱਲ ਤੇ ਜੋਰ ਦੇ ਰਿਹਾ ਹੈ ਕਿ ਗੁਰੂ ਨਾਨਕ ਇਹੀ ਰਾੜੇਵਾਲਾ ਹੀ ਹੈ। ਇਸ ਉਪਰ ਅਜਮਤ ਰੱਖੋ ਇਹੀ ਗੁਰੂ ਨਾਨਕ ਹੈ। ਪਾਠਕਾਂ ਨੂੰ ਪਤਾ ਹੋਵੇ ਕਿ ਨਾਨਕਸਰੀਏ ਕਹਿੰਦੇ ਗੁਰੂ ਨਾਨਕ ਨੰਦ ਸਿੰਘ ਹੈ ਇਹ ਕਹਿੰਦੇ ਰਾੜੇਵਾਲਾ ਹੈ ਪਰ ਗੱਲ ਦੋਹਾਂ ਦੀ ਇਕ ਦੂਏ ਨਾਲ ਨਹੀਂ ਰਲਦੀ। ਯਾਨੀ ਗੁਰੂ ਨਾਨਕ ਖੁਦ ਹੀ ਅਪਣੇ ਵਿਰੋਧ ਵਿਚ? ਇਹ ਕੀ ਮਖੌਲ ਨਹੀਂ ਮੇਰੇ ਗੁਰੂ ਨਾਲ? ਕਿਥੇ ਰਾਜਾ ਭੋਜ ਤੇ ਕਿਥੇ ਇਹ ਗੰਗੂ ਤੇਲੀ? ਰੀਸਾਂ ਗੁਰੂ ਨਾਨਕ ਦੀਆਂ? ਭੋਰਾ ਸ਼ਰਮ ਨਹੀਂ ਇਨ੍ਹਾਂ ਸਾਧੜਿਆਂ ਨੂੰ ਗੁਰੂ ਨਾਨਕ ਨਾਲ ਤੁਲਣਾ ਕਰਦਿਆਂ।

ਢੱਡਰੀ ਵਾਲਾ ਤੀਜੀ ਗੱਪ ਸੁਣਾਉਂਦਾ ਹੈ। ਇੱਕ ਕਿਤਾਬ ਦਾ ਜ਼ਿਕਰ ਉਹ ਕਰਦਾ ਹੈ ਜਿਸ ਦਾ ਨਾਮ ਤੇਰ੍ਹਵਾਂ ਪੰਨਾ ਹੈ। ਜਤਿਦੰਰ ਸਿੰਘ ਕਰਮਜੋਗੀ ਦੀ ਲਿਖੀ ਹੋਈ ਹੈ। ਜੋਗੀ ਦੇ ਮਾਂ-ਬਾਪ ਹੇਮਕੁੰਡ ਦੇ ਦਰਸ਼ਨ ਕਰਨ ਜਾਂਦੇ ਹਨ । ਉਨ੍ਹਾਂ ਦੀ ਸੁਰਿੰਦਰ ਨਾਂ ਦਾ ਇੱਕ ਮੁੰਡਾ ਬੜੀ ਮਦਦ ਤੇ ਸੇਵਾ ਕਰਦਾ ਹੈ। ਵਾਪਸੀ ਤੇ ਉਹ ਅਪਣਾ ਬੰਬੇ ਦਾ ਐੱਡਰੈਸ ਦਿੰਦਾ ਹੈ ਤੇ ਅਪਣੀ ਭੈਣ ਦੇ ਵਿਆਹ ਤੇ ਆਉਂਣ ਨੂੰ ਕਹਿੰਦਾ ਹੈ। ਮਾਂ-ਬਾਪ ਕੋਲੋਂ ਜਾ ਨਹੀਂ ਹੁੰਦਾ ਉਹ ਮੁੰਡੇ ਆਵਦੇ ਰਾਹੀਂ ਚਿੱਠੀ ਅਤੇ ਸਗਨ ਭੇਜਦੇ ਹਨ ਨਾਲ ਸੁਰਿੰਦਰ ਕੋਲੋਂ ਨਾ ਆਉਂਣ ਦੀ ਮਾਫੀ ਮੰਗਦੇ ਹਨ। ਚਿੱਠੀ ਦਾ ਜਵਾਬ ਸੁਰਿੰਦਰ ਦਾ ਬਾਪ ਦਿੰਦਾ ਹੈ। ਸੁਰਿੰਦਰ ਦਾ ਬਾਪ ਦੱਸਦਾ ਹੈ ਕਿ ਤੁਹਾਡੇ ਵਲੋਂ ਭੇਜਿਆ ਸਗਨ ਮਿਲ ਗਿਆ ਹੈ ਵਿਆਹ ਵੀ ਹੋ ਗਿਆ ਹੈ ਪਰ ਸੁਰਿੰਦਰ ਮਰੇ ਨੂੰ ਤਾਂ ਦੱਸ ਸਾਲ ਹੋ ਗਏ ਹਨ???

ਧਮਰਕੋਟ ਦਾ ਇੱਕ ਮੁੰਡਾ ਸੀ। ਬ੍ਰਹਾਮਣਾ ਦਾ। ਉਸ ਜ਼ਿਦ ਕੀਤੀ ਕਿ ਉਸ ਨੇ ਅੰਮ੍ਰਤਿ ਛੱਕਣਾ ਹੈ। ਪਰ ਘਰਦੇ ਨਹੀਂ ਮੰਨੇ। ਉਹ ਐਕਸੀਡੈਂਟ ਨਾਲ ਮਰ ਗਿਆ ਤੇ ਕਿਸੇ ਸਿੱਖ ਦੇ ਘਰ ਜਨਮ ਲਿਆ। ਉਹ ਅੰਮ੍ਰਤਿਧਾਰੀ ਹੋ ਗਿਆ। ਪਰ ਉਸ ਦਾ ਪਿੱਛਲੇ ਜਨਮ ਦੇ ਮਾਂ-ਬਾਪ ਨਾਲ ਵੀ ਰਿਸ਼ਤਾ ਕਾਇਮ ਹੈ ਕਿਉਂਕਿ ਉਸਨੇ ਪਿਛੱਲੇ ਜਨਮ ਦੇ ਘਰ ਦੀਆਂ ਸਾਰੀਆਂ ਨਿਸ਼ਾਨੀਆਂ ਅਤੇ ਮਾਂ-ਬਾਪ ਦਾ ਨਾਂ ਪਤਾ ਦੱਸ ਦਿੱਤਾ ਸੀ। ਢੱਡਰੀ ਵਾਲੇ ਨੂੰ ਇੰਨੀ ਅਕਲ ਨਹੀਂ ਕਿ ਇਹ ਕਹਾਣੀਆਂ ਬਹੁਤ ਪੁਰਾਣੀਆਂ ਅਤੇ ਘੱਸ-ਪਿੱਟ ਗਈਆਂ ਹਨ ਅਤੇ ਚੈਲਿੰਜ ਹੋ ਚੁੱਕੀਆਂ ਹੋਈਆਂ। ਘੱਟੋ-ਘੱਟ ਗੱਪ ਮਾਰਨ ਲਈ ਕਹਾਣੀ ਤਾਂ ਕੋਈ ਨਵੀ ਘੜ ਲਵੇ। ਪਿੱਛਲੇ ਜਨਮ ਬ੍ਰਹਾਮਣਾ ਤੇ ਹੁਣ ਸਰਦਾਰਾਂ ਦਾ ਤੇਰਾਂ ਸਾਲ ਦਾ ਮੁੰਡਾ ਢੱਡਰੀ ਵਾਲੇ ਕੋਲੇ ਆਉਦਾ ਜਾਂਦਾ ਹੈ ਉਹ ਮਿਲਾ ਸਕਦਾ ਹੈ। ਕੋਈ ਤਰਕਸ਼ੀਲ ਜਾਂ ਕੋਈ ਸਿੱਖ ਕੀ ਉਸ ਮੁੰਡੇ ਨੂੰ ਮਿਲਣਾ ਚਾਹਵੇਗਾ?

ਯਾਦ ਰਹੇ ਕਿ ਅਜਿਹੀ ਹੀ ਰਲਦੀ-ਮਿਲਦੀ ਗੱਪ ਹਰੀ ਪ੍ਰਸ਼ਾਦ ਰੰਧਾਵਾ ਨੇ ਵੀ ਸੁਣਾਈ ਸੀ। ਪਰ ਇੱਕ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਕਿ ਜਿਥੇ ਅੰਮ੍ਰਤਿ ਛੱਕਣ ਦੀ ਜਾਂ ਸਿੱਖ ਸਜੱਣ ਦੀ ਗੱਲ ਹੁੰਦੀ ਹੈ ਉਥੇ ਮੁੰਡਾ ਹਿੰਦੂ ਦਾ ਹੁੰਦਾ ਪਰ ਜਿਥੇ ਕਿਸੇ ਪ੍ਰੇਤ ਜਾਂ ਭਟਕਦੀ ਮਾੜੀ ਰੂਹ ਦੀ ਗੱਲ ਹੋਵੇ ਉਥੇ ਹਮੇਸ਼ਾਂ ਮੁਸਲਮਾਨ ਹੁੰਦਾ। ਇਸ ਦਾ ਮੱਤਲਬ ਰੂਹਾਂ ਕੇਵਲ ਮੁਸਲਮਾਨਾ ਕੋਲੇ ਹੀ ਹਨ ਹਿੰਦੂ ਕੀ ਬਿਨਾ ਰੂਹਾਂ ਤੋਂ ਤੁਰੇ ਫਿਰਦੇ ਹਨ ? ਇਸ ਦਾ ਮੱਤਲਬ ਸਮਝੋ।

ਚਲਦਾ...

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top