Share on Facebook

Main News Page

ਡੱਡੂ ਅਤੇ ਗੱਧਾ
- ਗੁਰਦੇਵ ਸਿੰਘ ਸੱਧੇਵਾਲੀਆ

ਕਹਿੰਦੇ ਇੱਕ ਡੱਡੂ ਸੱਪ ਕੋਲੇ ਗਿਆ ਤੇ ਕਹਿਣ ਲੱਗਾ ਕਿ ਸੱਪ ਭਰਾ ਇਥੇ ਐਵੇਂ ਤੁੰ ਭੁੱਖ ਨਾਲ ਘੁਲਦਾ ਰਹਿੰਦਾ ਏਂ ਚਲ ਮੈ ਤੈਨੂੰ ਇੱਕ ਅਜਿਹੀ ਥਾਂ ਲੈ ਚਲਾਂ ਜਿਥੇ ਤੇਰੇ ਖਾਣ ਲਈ ਖੁਲ੍ਹਾ ਖਾਣਾ ਤੈਨੂੰ ਮਿਲ ਸਕਦਾ ਹੈ।

ਸੱਪ ਹੈਰਾਨ ਹੋਇਆ ਸੋਚਦਾ ਹੈ ਕਿ ਇਹ ਮੇਰੇ ਖਾਣ ਲਈ ਕੀ ਪ੍ਰਬੰਧ ਕਰੇਗਾ ਜਦ ਇਹ ਤਾਂ ਖੁਦ ਹੀ ਮੇਰਾ ਖਾਜਾ ਹੈ! ਸੱਪ ਨੇ ਪੁੱਛਿਆ ਕਿ ਡੱਡੂ ਭਾਣਜੇ ਤੈਨੂੰ ਮੇਰਾ ਇੰਨਾ ਫਿਕਰ ਕਿਉਂ ਹੋਇਆ ਤੇ ਉਹ ਕਿਹੜੀ ਥਾਂ ਹੈ ਜਿਥੇ ਮੇਰੇ ਖਾਣ ਲਈ ਖੁਲ੍ਹਾ ਭੋਜਨ ਮਿਲਣ ਦੀ ਆਸ ਹੈ। ਡੱਡੂ ਕਹਿਣ ਲੱਗਾ ਕਿ ਮਾਮਾ! ਦਰਅਸਲ ਤੇਰੇ ਨਾਲ ਵਾਲੇ ਖੂਹ ਵਿੱਚ ਮੈ ਰਹਿੰਨਾ ਪਰ ਉਥੇ ਸਾਡੀ ਸ਼ਰੀਕੇ ਨਾਲ ਬੜੀ ਵੱਡੀ ਦੁਸ਼ਮਣੀ ਚਲ ਰਹੀ ਹੈ ਪਰ ਉਹ ਕਬੀਲਾ ਸਾਡੇ ਨਾਲੋਂ ਤਗੜਾ ਹੈ ਤੇ ਉਨ੍ਹੀ ਸਾਡਾ ਜੀਣਾ ਹਰਾਮ ਕੀਤਾ ਪਿਆ ਹੈ। ਸੋ ਤੁੰ ਕ੍ਰਿਪਾ ਕਰਕੇ ਸਾਡੇ ਵਿਰੋਧੀਆਂ ਦਾ ਸਫਾਇਆ ਕਰ। ਇੱਕ ਤਾਂ ਤੇਰਾ ਭੋਜਨ ਤੁਰੇਗਾ ਦੂਜਾ ਸਾਡੇ ਗਲੋਂ ਬਲਾਅ ਲੱਥੇਗੀ। ਪਰ ਇੱਕ ਸ਼ਰਤ ਹੈ ਕਿ ਤੇਰਾ ਖਾਣਾ ਕੇਵਲ ਤੇ ਕੇਵਲ ਵਿਰੋਧੀ ਕਬੀਲੇ ਦਾ ਹੋਵੇਗਾ ਸਾਡੇ ਵਿਚੋਂ ਤੂੰ ਕਿਸੇ ਨੂੰ ਨਹੀਂ ਛੇੜਨਾ।

ਸੱਪ, ਲੀਡਰਾਂ ਵਾਲੇ ਸਾਰੇ ਵਾਅਦੇ ਕਰਕੇ ਡੱਡੂ ਦੀ ਅਗਵਾਈ ਹੇਠ ਖੂਹ ਵਿੱਚ ਜਾ ਉਤਰਿਆ। ਉਸ ਵਿਰੋਧੀ ਕਬੀਲੇ ਦੇ ਡੱਡੂ ਚੰਗੇ ਝਾਫੇ। ਸੱਪ ਨੂੰ ਲੈ ਕੇ ਆਉਂਣ ਵਾਲਾ ਡੱਡੂ ਅਤੇ ਉਸ ਦਾ ਕਬੀਲਾ ਵਿਰੋਧੀਆਂ ਦੇ ਤੁੜਕੇ ਲੱਗਦੇ ਦੇਖ ਬੜਾ ਬਾਗੋ ਬਾਗ ਹੋਇਆ ਫਿਰੇ। ਤੇ ਆਖਰ ਸੱਪ ਦੇ ਢਿੱਡ ਨੇ ਜਦ ਸਾਰੇ ਵਿਰੋਧੀ ਹਜਮ ਕਰ ਲਏ ਤਾਂ ਉਹ ਲਿਆਉਂਣ ਵਾਲਿਆ ਤੇ ਲੱਗਾ ਹੱਥ ਫੇਰਨ। ਡੱਡੂ ਨੂੰ ਪੈ ਭਾਜੜਾਂ ਗਈਆਂ ਕਿ ਹੁਣ ਕੀ ਬਣੇ। ਪਰ ਹੁਣ ਕੀ ਬਣਨਾ ਸੀ। ਉਸ ਸੱਪ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਵਿਰੋਧੀ ਮੁੱਕ ਗਏ ਨੇ ਹੁਣ ਤੂੰ ਜਾਹ!

ਸੱਪ ਅਗੋਂ ਹੱਸਿਆ! ਕਿਹੜੇ ਵਾਅਦੇ. . ? ਮੈਂ ਕਿਹੜਾ ਆਪੇ ਆਇਆ ਸੀ ਤੂੰ ਖੁਦ ਮੈਨੂੰ ਲੈ ਕੇ ਆਇਆ ਸੀ ਤੇ ਹੁਣ ਮੇਰੇ ਭੋਜਨ ਦਾ ਪ੍ਰਬੰਧ ਵੀ ਤੇਰੇ ਜਿੰਮੇਵਾਰੀ ਹੈ। ਮੁੱਕਦੀ ਗੱਲ ਕਿ ਨਾ ਸੱਪ ਨੇ ਜਾਣਾ ਸੀ ਤੇ ਨਾ ਸੱਪ ਗਿਆ ਉਸ ਸਾਰੇ ਇੱਕ ਇੱਕ ਕਰਕੇ ਡੱਡੂ ਦੇ ਨਾਲ ਵਾਲੇ ਵੀ ਜਦ ਝੱਫ ਲਏ ਤਾਂ ਡੱਡੂ ਕਹਿਣ ਲੱਗਾ ਕਿ ਦੇਖ ਮਾਮਾ! ਹੁਣ ਮੈ ਹੀ ਬੱਚਿਆ ਹਾਂ ਇਸ ਨਾਲ ਤਾਂ ਤੇਰਾ ਬਰੇਕਫਾਸਟ ਵੀ ਨਹੀਂ ਹੋਣਾ ਹੁਣ ਤੂੰ ਇੰਝ ਕਰ ਮੈਨੂੰ ਇਜਾਜਤ ਦੇਹ ਮੈ ਇੱਕ ਹੋਰ ਖੂਹ ਹੈ ਉਥੇ ਪਤਾ ਕਰਕੇ ਤੈਨੂੰ ਲੈ ਕੇ ਚਲਦਾ ਹਾਂ ਤੇਰੇ ਚਾਰ ਦਿਨ ਹੋਰ ਸੌਖੇ ਨਿਕਲ ਜਾਣਗੇ। ਕਹਾਣੀ ਕਹਿੰਦੀ ਕਿ ਡੱਡੂ ਮੁੜ ਨਹੀਂ ਆਇਆ।

ਬਾਬਾ ਫੌਜਾ ਸਿੰਘ ਨੇ ਹਜਾਰਾਂ ਸਾਲ ਪਹਿਲੇ ਲਿਖੀ ਇਹ ਪੰਚਤੰਤਰ ਦੀ ਕਹਾਣੀ ਪੜੀ ਤਾਂ ਉਸ ਨੂੰ ਜਾਪਿਆ ਜਿਵੇਂ ਇਹ ਮੇਰੀ ਹੀ ਕੌਮ ਦੀ ਕਹਾਣੀ ਹਜਾਰਾਂ ਸਾਲ ਪਹਿਲਾਂ ਹੀ ਲਿੱਖ ਗਿਆ ਹੈ।

ਅਖੀਰ ਤੇ ਬੱਚਿਆ ਡੱਡੂ ਫਿਰ ਵੀ ਸਿਆਣਾ ਨਿਕਲਿਆ ਤੇ ਅਪਣਾ ਆਪ ਬਚਾ ਗਿਆ ਪਰ ਬਾਣੀਆਂ, ਸੱਪ ਵਰਗਾ ਮੂਰਖ ਨਹੀਂ ਕਿ ਆਖਰੀ ਡੱਡੂ ਨੂੰ ਵੀ ਅਪਣੇ ਪੰਜੇ ਚੋਂ ਬਾਹਰ ਨਿਕਲਣ ਦੇਵੇਗਾ। ਤੇ ਡੱਡੂ ਵੀ ਇੰਨੇ ਸਿਆਣੇ ਨਹੀਂ ਕਿ ਇੱਕ ਵਾਰ ਨਿਕਲੇ ਮੁੜ ਨਾ ਫਸਣ। ਇਹ ਨਿਕਲਦੇ ਨੇ ਮੁੜ ਫਸਣ ਲਈ। ਸ਼ੇਰਾਂ ਦੀ ਕੌਮ ਦੇ ਗੱਧੇ ਲੀਡਰ ਤਾਂ ਹੀ ਤਾਂ ਕਹਾਣੀ ਪ੍ਰਚਲਤ ਹੋਈ ਹੈ।

ਨਹੀਂ ਤਾਂ ਗੱਧਾ ਮੁੜ ਕਿਉਂ ਆਉਂਦਾ। ਸ਼ੇਰ ਦੇ ਇਰਾਦਿਆਂ ਦਾ ਜਦ ਪਤਾ ਲੱਗ ਹੀ ਗਿਆ ਤਾਂ ਲੂੰਬੜ ਦੇ ਆਖੇ ਲੱਗ ਫਿਰ ਜਾ ਫਸਿਆ। ਕਹਿੰਦੇ ਸ਼ੇਰ ਦੀ ਗੈਰ ਹਾਜਰੀ ਵਿੱਚ ਲੂੰਬੜ ਨੇ ਗੱਧੇ ਦਾ ਮੱਗਜ਼ ਕੱਢ ਕੇ ਖਾ ਲਿਆ। ਵਾਪਸ ਆ ਕੇ ਸ਼ੇਰ ਬੜਾ ਲਾਲ ਪੀਲਾ ਹੋਇਆ ਕਿ ਮਗਜ਼ ਕਹਾਂ ਹੈ? ਲੂੰਬੜ ਹੱਸ ਪਿਆ! ਬਾਦਸ਼ਾਹ ਸਲਾਮਤ! ਜੇ ਇਸ ਦੇ ਸਿਰ ਵਿੱਚ ਮਗਜ਼ ਹੁੰਦਾ ਤਾਂ ਇਹ ਦੁਬਾਰਾ ਕਿਉਂ ਫਸਣ ਆਉਂਦਾ?

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਜੇ ਗੱਧਿਆਂ ਦੇ ਸਿਰ ਵਿੱਚ ਮਗਜ਼ ਹੁੰਦਾ ਤਾਂ 47 ਵੇਲੇ ਹੀ ਕਿਉਂ ਫਸਦੇ? ਤੇ ਮੁੜ ਫਸਦੇ ਹੀ ਗਏ। ਪਾਣੀਆਂ ਦੇ ਮੁੱਦੇ ਤੇ ਫਸੇ, ਮੋਰਚਾ ਲਾ ਕੇ ਫਸੇ, ਪੰਜਾਬੀ ਸੂਬੇ ਵੇਲੇ ਫਸੇ, 2 ਲੱਖ ਬੰਦਾ ਮਰਵਾ ਕੇ ਵੀ ਫਸੇ। ਬਾਬਾ ਹਾਲੇ ਸੋਚ ਰਿਹਾ ਸੀ ਕਿ ਇੱਕ ਗਧਾ ਆ ਕੇ ਬਾਬੇ ਕੋਲੇ ਹੀਂਗਣ ਲੱਗ ਪਿਆ! ਬਾਬਾ ਹੈਰਾਨ ਕਿ ਇਸ ਗੱਧੇ ਨੂੰ ਕਾਹਦੀ ਟੈਂਸ਼ਨ ਹੋਈ ਬਈ! ਉਸ ਵਿਚਾਰੇ ਨੂੰ ਟੈਂਸ਼ਨ ਇਹ ਸੀ ਕਿ ਤੂੰ ਸਾਡੇ ਨਾਲ ਇਨਸਾਫ ਨਹੀਂ ਕਰ ਰਿਹਾ, ਨਹੀਂ ਯਕੀਨ ਤਾਂ ਤੀਜੀ ਵਾਰ ਸ਼ੇਰ ਨੂੰ ਕਹੋ ਮੈਨੂੰ ਫਸਾ ਕੇ ਦੇਖੇ ਪਰ ਤੇਰੇ ਵਾਲੇ ਤਾਂ ਫਸੀ ਹੀ ਜਾਂਦੇ ਨੇ ਤੇ ਤੂੰ ਇਨ੍ਹਾਂ ਨਾਲ ਮੇਰਾ ਨਾਮ ਜੋੜ ਕੇ ਮੇਰੀ ਕੀ ਬੇਇੱਜਤੀ ਨਹੀਂ ਕਰ ਰਿਹਾ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top