Share on Facebook

Main News Page

ਸਿਦਕ ਦਾ ਕਤਲ?
-
ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੌਜਾ ਸਿੰਘ ਦੇ ਗੁਆਂਢੀ ਦਾ ਬਜ਼ੁਰਗ ਪਿੱਛਲੇ ਸਾਲ ਹਜੂਰ ਸਾਹਿਬ ਜਾ ਕੇ ਆਇਆ। ਜਦ ਉਹ ਟਰੇਨ ਤੇ ਜਾ ਰਿਹਾ ਸੀ ਤਾਂ ਪਹਿਲੇ ਦਰਜੇ ਵਿਚ ਸਫਰ ਕਰਦਿਆਂ ਉਸ ਦੀ ਟਿੱਕਟ ਵੇਖਣ ਜਦ ਟੀ-ਟੀ ਆਇਆ ਤਾਂ ਬਜ਼ੁਰਗ ਘਬਰਾ ਗਿਆ! ਕਿਉਂਕਿ ਉਸ ਦੀ ਜ੍ਹੇਬ ਵਿਚੋਂ ਉਸ ਦਾ ਤਾਂ ਪਰਸ ਹੀ ਸਾਫ ਹੋ ਗਿਆ ਸੀ? ਉਸ ਸੋਚਿਆ ਕਿ ਹੁਣ ਬੇਇੱਜਤੀ ਹੋਵੇਗੀ। ਕੀ ਕੀਤਾ ਜਾਵੇ। ਹਾਲੇ ਉਹ ਸੋਚ ਹੀ ਰਿਹਾ ਸੀ ਅਤੇ ਜਿਉਂ ਹੀ ਟੀ-ਟੀ ਨੇ ਆ ਕੇ ਟਿਕਟ ਪੁੱਛੀ, ਤਾਂ ਇਕ ਲੰਮਾ ਪਤਲਾ ਨੌਜਵਾਨ ਬਜ਼ੁਰਗ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਅਗੇ ਆ ਗਿਆ ਕਿ ਆਹ ਲਓ ਜੀ ਟਿਕਟ ਇਹ ਬਜ਼ੁਰਗ ਮੇਰੇ ਨਾਲ ਹੈ!!

ਆਖਰ ਸਾਰਾ ਸਫਰ ਉਹ ਨੌਜਵਾਨ ਬਜ਼ੁਰਗ ਦੇ ਨਾਲ ਰਿਹਾ ਤੇ ਸਾਰੀ ਯਾਤਰਾ ਉਸ ਨੇ ਉਸ ਦੇ ਨਾਲ ਕੀਤੀ ਅਤੇ ਬਜ਼ੁਰਗ ਦੀ ਸੇਵਾ ਕਰਦਾ ਰਿਹਾ। ਪਰ ਆਖਰ ਬਜ਼ੁਰਗ ਨੇ ਪੁੱਛ ਹੀ ਲਿਆ ਕਿ ਨੌਜਵਾਨ ਤੈਂ ਮੇਰੀ ਬੜੀ ਸੇਵਾ ਕੀਤੀ ਹੈ ਪਰ ਤੂੰ ਮੈਨੂੰ ਦੱਸ ਤਾਂ ਜਾਹ ਕਿ ਤੂੰ ਹੈ ਕੌਣ? ਬਹੁਤਾ ਜੋਰ ਦੇਣ ਤੇ ਉਹ ਕਹਿਣ ਲੱਗਾ ਕਿ ਮੈਂ ਭਾਈ ਜੋਗਾ ਸਿੰਘ ਹਾਂ! ਗੁਰੂ ਸਾਹਿਬ ਨੇ ਮੇਰੀ ਡਿਊਟੀ ਲਾਈ ਸੀ ਤੁਹਾਡੀ ਦੇਖ-ਭਾਲ ਕਰਨ ਦੀ। ਤੇ ਫਿਰ ਬਜ਼ੁਰਗ ਦੇ ਕਹਿਣ ਤੇ ਉਸ ਨੌਜਵਾਨ ਨੇ ਗੁਰੂ ਸਾਹਿਬ ਅਤੇ ਸਾਰੇ ਪਰਿਵਾਰ ਦੇ ਦਰਸ਼ਨ ਵੀ ਕਰਾਵੇ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ!!

ਉਹ ਬਜ਼ੁਰਗ ਹਾਲੇ ਵੀ ਬਾਬਾ ਫੌਜਾ ਸਿੰਘ ਦੇ ਗੁਆਂਢ ਰਹਿੰਦਾ ਹੈ, ਚਾਹੇ ਤੁਸੀਂ ਉਸ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਬਾਬਾ ਉਸ ਦਾ ਨੰਬਰ ਦੇ ਸਕਦਾ ਹੈ।

ਸੋਚੋ! ਉਹ ਬਾਬੇ ਦਾ ਗੁਆਂਢੀ ਹੈ। ਤੁਸੀਂ ਜਦ ਫੋਨ ਕਰੋਂਗੇ ਤਾਂ ਉਹ ਕਹੇਗਾ ਕਿ ਹਾਂਅ ਇੰਝ ਹੋਇਆ ਸੀ। ਤੁਹਾਡੇ ਕੋਲੇ ਕਿਹੜਾ ਫਾਰਮੂਲਾ ਜਿਸ ਨੂੰ ਵਰਤ ਕੇ ਤੁਸੀਂ ਬਾਬਾ ਫੌਜਾ ਸਿੰਘ ਦੀ ਕਹਾਣੀ ਜਾਂ ਗੱਪ ਨੂੰ ਰੱਦ ਕਰ ਦਿਓ। ਹੈ ਕੋਈ?

ਪਰ ਬਾਬਾ ਇਸ ਵਿਚ ਨੁਕਸਾਨ ਕੀ ਏ? ਇਕ ਢੰਗ ਹੈ ਪ੍ਰਚਾਰ ਦਾ। ਲੋਕ ਜੁੜਦੇ ਹੀ ਹਨ ਟੁਟਦੇ ਤਾਂ ਨਹੀਂ। ਬਾਬੇ ਦਾ ਇਕ ਮਿੱਤਰ ਕਹਿਣ ਲੱਗਾ, ਜਿਸ ਨੂੰ ਕਹਾਣੀ ਤੋਂ ਪਤਾ ਸੀ ਕਿ ਇਹ ਠਾਕੁਰ ਸਿਓਂ ਦੀ ਕਹਾਣੀ ਦੀ ਨਕਲ ਕਰ ਰਿਹਾ ਹੈ।

ਓ ਭਰਾ ਇਹੀ ਤਾਂ ਭੁਲੇਖਾ ਨਹੀਂ ਜਾਂਦਾ ਸਾਡਾ ਕਿ ਜੁੜਦੇ ਹਨ। ਜੇ ਜੁੜਦੇ ਹੁੰਦੇ ਤਾਂ ਰਾਧਾ ਸੁਆਮੀ, ਨਰਕਧਾਰੀਏ, ਸੌਦਾ ਸਾਧ, ਭਨਿਆਰੇ ਵਾਲਾ, ਆਸ਼ੂਤੋਸ਼ ਭਈਆ ਤੇ ਤੇਰੇ ਬਾਕੀ ਡੇਰਿਆਂ ਵਲ ਵਹੀਰਾਂ ਕਿਉਂ ਘੱਤਦੇ, ਆਖੇ ਜਾਂਦੇ ਸਿੱਖ?

ਚਲ ਤੈਨੂੰ ਇੱਕ ਗੱਲ ਦੱਸਦਾਂ ਸ਼ਾਇਦ ਤੇਰੀ ਸਮਝ ਆ ਜਾਏ। ਚੰਡੀਗੜ ਦੀ ਗੱਲ ਹੈ। ਇੱਕ ਬੰਦਾ ਠਾਠ ਨਾਨਕਸਰ ਆਉਂਦਾ ਹੁੰਦਾ ਸੀ। ਉਸ ਦੇ ਮਨ ਵਿਚ ਵੀ ਆਮ ਲੋਕਾਂ ਵਾਂਗ ਇਕ ਭਾਵਨਾ ਸੀ ਕਿ ਗੁਰੂ ਜੀ ਮੁੰਡੇ ਦਿੰਦੇ ਹਨ। ਉਸ ਦੀ ਪਤਨੀ ਜਦ ਪ੍ਰੈਗਨੈਂਟ ਹੋਈ ਤਾਂ ਉਨਹੀਂ ਤੜਕਿਓਂ ਹੀ ਆ ਜਾਣਾ ਜਿਉਂ ਲੱਗਣਾ ਝਾੜੂ-ਪੋਚਾ ਕਰਨ ਯਾਨੀ ਸੇਵਾ ਕਰਨ। ਬਾਣੀ ਵੀ ਬੜੀ ਪੜਨੀ। ਮੱਕਸਦ ਇਕੋ ਕਿ ਮੁੰਡਾ ਹੋ ਜਾਏ। ਪਰ ਹੁਣ ਕੌਣ ਸਮਝਾਏ ਕਿ ਗੁਰੂ ਜੀ ਜੇ ਇੰਝ ਮੁੰਡੇ ਦੇਣ ਲੱਗ ਜਾਣ ਤਾਂ ਕੁੜੀਆਂ ਤਾਂ ਰਹਿਣ ਹੀ ਨਾ। ਤੇ ਆਖਰ ਉਸ ਦੇ ਘਰ ਕੁੜੀ ਹੋ ਗਈ। ਤੇ ਭਰਾ ਯਕੀਨ ਕਰੀਂ ਮੈਂ ਅਪਣੇ ਕੰਨੀ ਸੁਣਿਆ ਉਸ ਨੂੰ ਰੱਬ ਨੂੰ ਤੇ ਵਿਚੇ ਗੁਰੂ ਸਾਹਿਬਾਨਾ ਨੂੰ ਬੁਰਾ ਭਲਾ ਕਹਿੰਦਿਆਂ। ਇਸ ਗਲੇ ਉਸ ਨਾਲ ਲੜਾਈ ਤੱਕ ਗੱਲ ਪਹੁੰਚੀ, ਇਹ ਇੱਕ ਵੱਖਰਾ ਵਿਸ਼ਾ ਹੈ।

ਪਰ ਇਸ ਦਾ ਅਰਥ ਕੀ ਨਿਕਲਿਆ? ਬਾਬਾ ਫੌਜਾ ਸਿੰਘ ਦੇ ਮਿੱਤਰ ਨੂੰ ਗੱਲ ਹਾਲੇ ਵੀ ਜਿਵੇਂ ਸਮਝ ਨਾ ਲੱਗੀ।

ਮੈਂ ਕੋਈ ਫਾਰਸੀ ਬੋਲੀ ਕਿ ਤੂੰ ਹਾਲੇ ਵੀ ਅਰਥ ਪੁੱਛ ਰਿਹੈਂ? ਇਸ ਦਾ ਅਰਥ ਕਿ ਬੰਦਾ ਪਰੀ ਕਹਾਣੀਆਂ ਸੁਣਦਾ ਹੈ, ਫਿਰ ਉਸ ਨੂੰ ਜਾਪਦਾ ਕਿ ਹਾਂਅ, ਇੰਝ ਹੋ ਜਾਂਦਾ ਹੈ, ਤੇ ਉਹ ਵੀ ਫਿਰ ਇੰਝ ਹੋਣ ਬਾਰੇ ਸੋਚਦਾ ਹੈ, ਪਰ ਜਦ ਇੰਝ ਨਹੀਂ ਹੁੰਦਾ, ਜੋ ਕਿ ਨਹੀਂ ਹੋਣਾ ਹੁੰਦਾ ਤਾਂ ਉਹ ਨਾਸਤਿਕ ਹੋ ਜਾਂਦਾ ਹੈ, ਜਾਂ ਕਿਸੇ ਡੇਰੇ ਚਲਾ ਜਾਂਦਾ ਹੈ।

ਬਾਬਾ ਫੌਜਾ ਸਿੰਘ ਨੂੰ ਯਾਦ ਏ ਹਾਲੇ ਕੋਈ 3 ਕੁ ਸਾਲਾਂ ਦੀ ਗੱਲ ਹੈ। ਬਾਬੇ ਦੇ ਪਿੰਡ, ਉਸ ਦੇ ਗੁਆਂਢ, ਬਾਬੇ ਦੇ ਸਕਿਆਂ ਚੋਂ, ਉਸ ਦੇ ਤਿੰਨ ਕੁੜੀਆਂ ਤੇ ਇਕੋ ਇਕ ਮੁੰਡਾ। ਉਮਰ ਕੋਈ ਉਸ ਦੀ 9 ਤੋਂ 10 ਸਾਲ। ਉਸ ਨੂੰ ਕੈਂਸਰ ਨਿਕਲ ਆਈ। ਤੁਸੀਂ ਸੋਚੋ ਬੱਚਾ ਤੁਹਾਡਾ ਜਦ ਤੁਹਾਡੀਆਂ ਅੱਖਾਂ ਸਾਹਵੇਂ ਫਿਰ ਰਿਹਾ ਹੈ, ਤੇ ਡਾਕਟਰਾਂ ਉਮਰ ਉਸ ਦੀ ਕਰੀਬਨ ਮਿੱਥ ਹੀ ਦਿੱਤੀ ਹੈ ਕਿ ਸਾਲ ਡੇੜ ਸਾਲ? ਹੋਰ ਆਸਾਂ ਤਾਂ ਲੱਥ ਚੁੱਕੀਆਂ ਸਨ। ਗੁਆਂਢੀ ਨੇ ਕੀ ਕੀਤਾ ਕਿ ਸਵੇਰੇ ਚਾਰ ਵਜੇ ਹੀ ਸਾਰਾ ਟੱਬਰ ਦਰਬਾਰ ਸਾਹਿਬ ਚਲੇ ਜਾਇਆ ਕਰਨ। ਅਰਦਾਸਾਂ, ਕੀਰਤਨ, ਸੇਵਾ। ਕਾਹਦੇ ਲਈ? ਕਿ ਮੁੰਡਾ ਬਚ ਜਾਏ। ਪਰ ਹੁਕਮ ਤੋਂ ਬਾਹਰ ਜਦ ਕੋਈ ਗੱਲ ਹੀ ਨਹੀਂ ਤਾਂ ਬੱਚ ਕਿਵੇਂ ਜਾਂਦਾ। ਇੰਝ ਤਾਂ ਮਰੇ ਹੀ ਕੋਈ ਨਾ। ਮਰੇ? ਕੋਈ ਸਾਲ ਕੁ ਬਾਅਦ ਮੁੰਡਾ ਮਰ ਗਿਆ! ਤੇ ਉਸ ਦਾ ਬਾਪ ਅੱਜ ਜਾਕੇ ਦੇਖਿਆ ਜਾ ਸਕਦਾ ਹੈ ਕਿ ਸ਼ਰਾਬ ਪੀ ਪੀ ਉਸ ਦਾ ਬੁਰਾ ਹਾਲ ਹੈ, ਤੇ ਰੱਬ ਨੂੰ ਗਾਹਲਾਂ ਕੱਢਦਾ ਉਹ ਸਾਹ ਨਹੀਂ ਲੈਂਦਾ। ਕਿਉਂ ਹੋਇਆ ਇੰਝ?

ਕਿਉਂਕਿ ਕਹਾਣੀਆਂ ਕੇਵਲ ਕਹਾਣੀਆਂ! ਪ੍ਰਚਾਰਕ ਜਾਂ ਲੁਟੇਰਾ ਨਿਜਾਮ ਦੱਸਦਾ ਗਿਆ, ਦੱਸਦਾ ਗਿਆ ਕਿ ਇੰਝ ਕਰਨ ਨਾਲ ਇੰਝ ਹੋ ਜਾਂਦਾ, ਉਂਝ ਕਰਨ ਨਾਲ ਉਝਂ ਹੋ ਜਾਂਦਾ, ਪਰ ਜਦ ਨਹੀਂ ਹੁੰਦਾ ਤਾਂ ਲੋਕ ਮਾਰੇ ਦੁੱਖਾਂ ਦੇ ਹੋਰ ਪਾਸੇ ਤੁਰ ਪੈਂਦੇ ਹਨ। ਗੱਪਾਂ ਨਾਲ ਤੁਸੀਂ ਬੰਦੇ ਨੂੰ ਵਕਤੀ ਤੌਰ ਤੇ ਤਾਂ ਰਾਹਤ ਦੇ ਸਕਦੇ ਪਰ ਇਲਾਜ ਸਦੀਵੀ ਨਹੀਂ। ਜੇ ਡੇਰਾ ਜਾਂ ਸਾਧ ਦੱਸਦਾ ਕਿ ਗੁਰਬਾਣੀ ਦਾ ਬੇਸ ਹੀ ਹੁਕਮ ਹੈ, ਹੁਕਮੀ ਹੋਣ ਵਿਚ ਹੀ ਸੁੱਖ ਹੈ। ਕਮਲਿਓ ਲੋਕੋ, ਖੁਦ ਗੁਰੂ ਸਾਹਿਬਾਨਾ ਨੂੰ ਕੀ ਦੁੱਖ ਆਏ ਨਾ ਸੀ? ਤਤੀਆਂ ਤਵੀਆਂ ਤੋਂ ਲੈ ਕੇ ਚਾਂਦਨੀ ਚੌਂਕ ਤੇ ਫਿਰ ਅਨੰਦਪੁਰ ਹੀ ਅਗਲਿਆਂ ਤਬਾਹ ਕਰ ਦਿੱਤਾ! ਕਿਥੇ ਚਮਕੌਰ ਦੀ ਗੜੀ ਵਿਚ ਘਿਰਿਆ ਗੁਰੂ ਕੇਵਲ ਚਾਲੀਆਂ ਨਾਲ? ਸਰਹੰਦ ਦੀਆ ਨੀਹਾਂ। ਇਹ ਕੀ ਦੁੱਖ ਨਹੀਂ ਸਨ? ਤੇ ਅਗੇ ਜਾ ਕੇ ਸਿੱਖ ਤਾਂ ਰਿਹਾ ਹੀ ਦੁੱਖਾਂ ਵਿਚ। ਛੋਲੇ ਚੱਬ ਕੇ ਵੀ ਜੈਕਾਰੇ ਛੱਡੀ ਜਾਂਦਾ ਸੀ। ਭਾਈ ਮਨੀ ਸਿੰਘ, 53 ਜੀ ਪਰਿਵਾਰ ਦੇ ਸ਼ਹੀਦ। ਹਰੇਕ ਆਏ ਦਿਨ ਘਰ ਵਿਚ ਲਾਸ਼ ਆਉਂਦੀ ਸੀ। ਤੇ ਖੁਦ? ਟੁੱਕ ਟੁੱਕ ਕੇ ਸੁੱਟ ਦਿੱਤਾ ਅਗਲਿਆਂ! ਪਰ ਕੀ ਉਸ ਦੁਹਾਈ ਪਾਈ ਕਿ ਗੁਰੂ ਬਚਾ ਮੈਨੂੰ, ਨਹੀਂ ਤਾਂ ਮੈਂ ਚਲਾ ਕਿਸੇ ਸਾਧ ਦੇ ਡੇਰੇ?

ਹੱਦ ਹੋ ਗਈ ਸਾਡਾ ਸਿਰ ਦੁੱਖੇ, ਤਾਂ ਚਲ ਸਾਧ ਦੇ! ਕਿਥੇ ਗਿਆ ਸਿਦਕ? ਕਿਥੇ ਗਿਆ ਹੁਕਮ? ਪਰ ਸਿਦਕ ਦੇਖੋ, ਉਨ੍ਹਾਂ ਦਾ ਜਿੰਨਾ ਅਗੇ ਦੁੱਖ ਮੁੱਕਦੇ ਹੋਣ ਦੀਆਂ ਅਰਦਾਸਾਂ ਕਰੀ ਜਾਨੇ ਆਂ। ਜਿਥੋਂ ਹੁਕਮ ਵਿਚ ਰਹਿਣ ਦਾ ਸਿਦਕ ਸਿੱਖਣਾ ਸੀ, ਉਥੇ ਹੀ ਸ਼ਰਤਾਂ ਲਾਈ ਜਾਂਦਾ ਸਿੱਖ ਕਿ ਦੇਹ ਮੁੰਡਾ ਨਹੀਂ ਤਾਂ ਮੈਂ ਚਲਿਆ ਕਿਸੇ ਪਿਹੋਵੇ ਵਾਲੇ ਕੋਲੇ। ਉਥੋਂ ਤਾਂ ਫਿਰ ਮਿਲ ਹੀ ਜਾਣਾ। ਅਗਲਾ ਕਹਿੰਦਾ ਸਵਾ ਮਹੀਨਾ ਬੀਬਾ ਸੇਵਾ ਕਰੇ ਰਹਿਕੇ? ਸਵਾ ਮਹੀਨੇ ਚ ਕੀ ਨਹੀਂ ਹੋ ਜਾਂਦਾ? ਚਲ ਕਿਧਰ ਪਿਆ ਸਿੱਖ!!

ਸਿਦਕੀਆਂ ਦੀਆਂ ਕਹਾਣੀਆਂ ਤਾਂ ਪਾਉਂਦਾ ਹੀ ਨਹੀਂ ਡੇਰੇਦਾਰ। ਕਿਉਂ? ਕਿਉਂਕਿ ਜੇ ਦੁੱਖ ਸੁੱਖ ਵਿਚ ਰਹਿਣ ਦੀ ਜਾਚ ਆ ਗਈ ਬੰਦੇ ਨੂੰ, ਤੇ ਉਹ ਸਿਦਕੀ ਹੋ ਗਿਆ ਤਾਂ ਬਾਬਿਆਂ ਦੀ ਤਾਂ ਕੋਈ ਮਕਾਣੇ ਵੀ ਨਾ ਜਾਊ। ਜਾਊ? ਤੇ ਵੱਡੀਆਂ ਗੱਡੀਆਂ ਤੇ ਠੰਡੇ ਭੋਰਿਆਂ ਦਾ ਕੀ ਬਣੂੰ?

ਇਥੇ ਟਰੰਟੋ ਦੀ ਹੀ ਗੱਲ ਹੈ। ਬਾਬਾ ਫੌਜਾ ਸਿੰਘ ਨੂੰ ਉਸ ਦੇ ਇਕ ਮਿੱਤਰ ਨੇ ਦੱਸਿਆ ਕਿ ਇੱਕ ਭਾਈ ਨੇ 50 ਹਜਾਰ ਡਾਲਰ ਦੀ ਨਵੀਂ ਕਾਰ ਲੈ ਕੇ ਗਰਾਜ ਵਿਚ ਖੜੀ ਕੀਤੀ ਹੋਈ ਹੈ। ਕਾਹਦੇ ਲਈ? ਅਪਣੇ ਇਕ ਬਾਬੇ ਲਈ, ਜਿਹੜਾ ਗਰਮੀਆਂ ਵਿਚ ਆਉਂਦਾ ਹੈ, ਤੇ ਉਸ ਕਾਰ ਨੂੰ ਕੇਵਲ ਉਹ ਉਦੋਂ ਕੱਢਦਾ ਹੈ??? ਦੇਹ ਗਈ ਕਿਥੋਂ ਬੰਦੇ ਵਿਚੋਂ। ਕਿਉਂਕਿ ਠਾਕੁਰ ਸਿਓਂ ਵਰਗੇ ਗੱਪੀ, ਸ਼ਬਦ ਦੀ ਤਾਂ ਗੱਲ ਹੀ ਨਹੀਂ ਹੀ ਕਰਦੇ। ਤੇ ਇਹੀ ਕਾਰਨ ਸਿੱਖ ਹੱਥੋਂ ਹੀ ਸਿਦਕ ਦਾ ਕਤਲ ਹੋ ਚੁੱਕਾ ਹੋਇਆ। ਪਤਨ ਵੀ ਤਾਂ ਤਾਂਹੀ ਹੋ ਰਿਹੈ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top