Share on Facebook

Main News Page

ਹਨੇਰਾ
-
ਗੁਰਦੇਵ ਸਿੰਘ ਸੱਧੇਵਾਲੀਆ

ਬੰਦੇ ਦੀ ਸਭ ਤੋਂ ਵੱਡੀ ਮੁਸੀਬਤ ਹਨੇਰਾ ਹੈ। ਸਦੀਆਂ ਤੋਂ ਮਨੁੱਖ ਹਨੇਰੇ ਵਿਰੁਧ ਜੂਝਦਾ ਰਿਹਾ ਹੈ ਤੇ ਆਖਰ ਇਸ ਨੇ ਚਾਨਣ ਲੱਭ ਹੀ ਲਿਆ। ਪਰ ਕਿਥੇ? ਬਾਹਰ ਸੜਕਾਂ ਤੇ! ਸੜਕਾਂ ਦੇ ਚਾਨਣ ਦੀ ਚਕਾਚੌਂਧ ਨੇ ਇਸ ਦੇ ਅੰਦਰਲਾ ਹਨੇਰਾ ਹੋਰ ਗਹਿਰਾ ਕਰ ਦਿਤਾ। ਉਹ ਤਾਂ ਉਂਝ ਦਾ ਉਂਝ ਹੀ ਕਾਇਮ ਹੈ ਜਿਵੇਂ ਪੱਥਰ ਜੁੱਗ ਵੇਲੇ ਜਾਂ ਕੁਝ ਉਸ ਤੋਂ ਬਾਅਦ ਦਾ ਹੋਵੇਗਾ।

ਮਨੁੱਖ ਜੰਗਲਾਂ ਵਿਚੋਂ ਨਿਕਲ ਕੇ ਸ਼ਹਿਰਾਂ ਵਲ ਜਰੂਰ ਆ ਗਿਆ, ਪਰ ਜੰਗਲ ਨਾਲ ਹੀ ਤਾਂ ਚੁੱਕ ਲਿਆਇਆ। ਉਹੀ ਨੰਗਪੁਣਾ, ਉਹੀ ਪਸ਼ੂਆਂ ਵਾਲੀਆਂ ਢੁੱਡਾਂ! ਬਦਲਿਆ ਕੀ? ਉਸ ਦੇ ਰੂਪ ਹੀ ਬਦਲੇ ਹਨ ਬਾਕੀ ਤਾਂ ਸਭ ਕੁਝ ਉਂਝ ਦਾ ਉਂਝ।

ਇਸ ਹਨੇਰੇ ਦਾ ਇਲਾਜ ਹੈ ਚਾਨਣ। ਚਾਨਣ ਕੀ ਹੈ? ਗਿਆਨ! ਖਰੜ ਗਿਆਨ ਨਹੀਂ। ਤੇ ਅਗਿਆਨ ਅੰਧੇਰਾ। ਇੰਝ ਹੀ ਹੈ ਨਾ। ਰਾਤ ਤੁਰੇ ਜਾਦਿਆਂ ਖੜਾ ਹੋਇਆ ਰੁੱਖ ਵੀ ਭੂਤ ਜਾਪਦਾ ਹੈ। ਕਿਉਂ? ਕਿਉਂਕਿ ਇਹ ਮੇਰੀ ਅਗਿਆਨਤਾ ਸੀ। ਮੇਰੀ ਅੱਖ ਹਨੇਰੇ ਵਾਲੇ ਪਾਸਿਓਂ ਦੇਖ ਰਹੀ ਸੀ। ਰੁੱਖ ਤਾਂ ਰੁੱਖ ਹੀ ਸੀ, ਪਰ ਹਨੇਰੇ ਨੇ ਉਸ ਨੂੰ ਮੇਰੀ ਅੱਖ ਅਗੇ ਭੂਤ ਬਣਾ ਕੇ ਪੇਸ਼ ਕਰ ਦਿੱਤਾ। ਬਿਲਕੁੱਲ ਉਵੇਂ ਜਿਵੇਂ ਸਾਧਾਂ ਨੂੰ ਕੌਮ ਮੇਰੀ ਨੇ ਭੂਤ ਮੰਨ ਲਿਆ ਕਿ ਜੇ ਕੁਝ ਬੋਲੇ ਤਾਂ ਗਏ?? ਜਿਹੜੀ ਚੀਜ ਅਪਣੇ ਅਸਲ ਰੂਪ ਵਿਚ ਨਹੀਂ ਦਿੱਸ ਰਹੀ ਇਹੀ ਭਰਮ ਹੈ। ਦਿੱਸਣ ਵਿਚ, ਬੋਲਣ ਵਿਚ, ਸੁਣਨ ਵਿਚ ਕਿਸੇ ਚੀਜ ਦੇ, ਗੱਲ ਦੇ ਅਰਥ ਬਦਲ ਜਾਣੇ ਇਹ ਹਨੇਰਾ ਹੈ, ਯਾਨੀ ਅਗਿਆਨਤਾ।

ਗੱਲਾਂ ਦੇ ਅਰਥ ਦੇਖੋ ਕਿਵੇਂ ਬਦਲਦੇ ਹਨ।

ਕਹਾਣੀ ਹੈ ਕਿ ‘ਬਾਬਾ’ ਨੰਦ ਸਿੰਘ ਇੱਕ ਵਾਰੀ ਅਪਣੇ ‘ਵੱਡੇ ਬਾਬੇ’ ਹਰਨਾਮ ਸਿਓਂ ਭੁੱਚੋ-ਮੰਡੀ ਵਾਲੇ ਨੂੰ ਮਿਲਣ ਜਾ ਰਹੇ ਸਨ। ਕਾਰ ਉਪਰ ਜਾਦਿਆਂ ਉਨ੍ਹਾਂ ‘ਸ਼ਾਰਟ ਕੱਟ’ ਮਾਰੀ ਅਤੇ ਕਾਰ ਨਹਿਰ ਦੀ ਪਟੜੀਓ-ਪਟੜੀ ਪਾ ਲਈ। ਓਸ ਸਮੇਂ ਦੇ ਬੇਲਦਾਰ ਚੰਨਣ ਸਿੰਘ ਨੇ ਕਾਰ ਰੋਕ ਲਈ ਕਿ ਤੁਸੀਂ ਨਹਿਰੇ-ਨਹਿਰ ਨਹੀਂ ਜਾ ਸਕਦੇ ਇਹ ਕੋਈ ਕਾਰਾਂ ਦਾ ਰਸਤਾ ਨਹੀਂ। ਚੰਨਣ ਸਿੰਘ ਦੇ ਰੋਕਣ ਕਾਰਨ ‘ਬਾਬਾ’ ਨੰਦ ਸਿੰਘ ਹਰਨਾਮ ਸਿਓਂ ਕੋਲੇ ਪਹੁੰਚਣ ਲਈ ਲੇਟ ਹੋ ਗਏ।

ਹਰਨਾਮ ਸਿਓਂ ਨੇ ਲੇਟ ਦਾ ਜਦ ਕਾਰਨ ਪੁੱਛਿਆ ਤਾਂ ‘ਬਾਬਾ’ ਨੰਦ ਸਿਓਂ ਨੇ ਚੰਨਣ ਸਿੰਘ ਵਾਲੀ ਕਹਾਣੀ ਕਹਿ ਸੁਣਾਈ। ਕਹਿੰਦੇ ‘ਬਾਬਾ ਮਹਾਂ’(?) ਹਰਨਾਮ ਸਿੰਘ ਦੀਆਂ ਅੱਖਾਂ ਲਾਲ ਹੋ ਗਈਆਂ।

ਚੰਨਣ ਸਿੰਘ ਦੀ ਇਹ ਜੁਅਰਤ? ਤੇ ਕਹਿੰਦੇ ਚੰਨਣ ਸਿੰਘ ਦੇ ਉਸੇ ਵੇਲੇ ਢਿੱਡ ਵਿਚ ਸੂਲ ਨਿਕਲਣ ਲੱਗ ਪਿਆ। ਉਸ ਦੇ ਪਰਿਵਾਰ ਵਾਲੇ ਉਸ ਨੂੰ ‘ਬਾਬਾ’ ਹਰਨਾਮ ਸਿਓਂ ਕੋਲੇ ਲੈ ਕੇ ਆਏ। ਅੰਦਰ ਸੇਵਕ ਨੇ ਦੱਸਿਆ ਕਿ ਚੰਨਣ ਸਿੰਘ ਨੂੰ ਲੈ ਕੇ ਆਏ ਹਨ ਤਾਂ ਉਹ ਬੜੇ ਕ੍ਰੋਧ ਵਿਚ ਕਹਿਣ ਲੱਗੇ,

ਉਹ ਹਾਲੇ ਜਿਉਂਦਾ?

ਤੇ ਕਹਿੰਦੇ ਉਹ ਉਸੇ ਵੇਲੇ ਮਰ ਗਿਆ!!!

ਸੂਰਬੀਰ ਸਿੱਖਾਂ ਦਾ ਬੇੜਾ ਗਰਕ ਕਰਨ ਵਾਲਾ ਮੋਢੀ ਬਾਬਾ

ਗੁਰਮੁੱਖ ਸਿੰਘ ਦਾ ਗੁਆਂਢੀ ਇਸ ਗਲੇ ਹੀ ਮੇਰੇ ਨਾਲ ਖਫਾ ਹੋ ਗਿਆ ਕਿ ਮੈਂ ਇਸ ਕਹਾਣੀ ਦੀ ਨਿੰਦਿਆ ਕਿਉਂ ਕਰਦਾ। ਇਸ ਵਿਚ ਗਲਤ ਕੀ ਹੈ। ਇਹ ਤਾਂ ਬਾਬਾ ਜੀ ਦਾ ਪ੍ਰਤਾਪ ਸੀ।

ਪ੍ਰਤਾਪ ਤਾਂ ਭਰਾ ਗੋਲੀ ਵਿਚ ਵੀ ਬੜਾ ਹੁੰਦਾ। ਉਹ ਵੀ ਬੰਦਾ ਮਾਰ ਦਿੰਦੀ। ਪਰ ਬੰਦੇ ਮਾਰਨ ਵਾਲੀ ਗੋਲੀ ਨੂੰ ਕਿਸੇ ਬ੍ਰਹਮਗਿਆਨੀ ਨਹੀਂ ਮੰਨਿਆ! ਕਿ ਮੰਨਿਆਂ?

ਦਰਅਸਲ ਉਹ ਕਹਾਣੀ ਨੂੰ ਪੁੱਠੇ ਪਾਸਿਓਂ ਦੇਖ ਰਿਹਾ ਹੈ। ਉਹ ਕਹਾਣੀ ਨੂੰ ਹਨੇਰੇ ਵਾਲੇ ਪਾਸਿਓਂ ਦੇਖਦਾ ਇਸ ਨੂੰ ਭੁੱਚੋ ਵਾਲੇ ਦੀ ਕਰਾਮਾਤ ਕਹਿ ਰਿਹਾ, ਪਰ ਜਦ ਇਸ ਕਹਾਣੀ ਨੂੰ ਤੁਸੀਂ ਚਾਨਣ ਵਿਚ ਦੇਖੋਂਗੇ ਤਾਂ ਤੁਸੀਂ ਹੈਰਾਨ ਹੋਵੋਂਗੇ ਕਿ ਇਹ ਕੀ ਗੱਲ ਹੋਈ ਕਿ ਇੱਕ ਬੰਦਾ ਅਪਣੀ ਡਿਊਟੀ ਦੇ ਰਿਹਾ ਹੈ। ਉਸ ਨੇ ਅਪਣੀ ਡਿਊਟੀ ਦਿੰਦੇ ਹੋਏ ‘ਬਾਬਾ’ ਨੰਦ ਸਿੰਘ ਨੂੰ ਓਸ ਰਸਤੇ ਜਾਣੋਂ ਰੋਕਿਆ ਜਿਧਰ ਦੀ ਕਨੂੰਨੀ ਜਾਣਾ ਨਹੀਂ ਸੀ ਬਣਦਾ। ਉਸ ਗਲਤ ਕੀ ਕੀਤਾ?

ਹਨੇਰਾ ਹਰੇਕ ਚੀਜ ਦੇ ਗਲਤ ਅਰਥ ਕਰਕੇ ਦੱਸਦਾ ਹੈ । ਹਨੇਰੇ ਦਾ ਦੂਜਾ ਨਾਮ ਭਰਮ ਹੈ। ਭਰਮ ਹੀ ਹੁੰਦਾ ਕਿ ਰਾਤ ਨੂੰ ਰੱਸੀ ਵੀ ਸੱਪ ਜਾਪਣ ਲੱਗ ਜਾਂਦੀ ਹੈ।

ਹਨੇਰੇ ਨੇ ਸਿੱਖ ਸੂਰਬੀਰਤਾ ਨਾਲ ਲਬਾ-ਲਬ ਇਤਿਹਾਸ ਦਾ ਮੁਹਾਂਦਰਾ ਹੀ ਵਿਗਾੜ ਦਿੱਤਾ। ਢੱਡਰੀ ਵਰਗਾ ਹਨੇਰਾ, ਭਾਈ ਬਚਿੱਤਰ ਸਿੰਘ ਨੂੰ ਬਹਿਰੂਪੀਆ ਕਹਿ ਗਿਆ। ਹਰੀ ਸਿਓਂ ਵਰਗੇ ਹਨੇਰੇ, ਸਿੰਘਾਂ ਨੂੰ ਸੁਰੰਗਾਂ ਵਿਚ ਵਾੜੀ ਬੈਠੇ ਹਨ। ਠਾਕੁਰ ਸਿਓਂ ਵਰਗੇ ਹਨੇਰੇ ਨੇ ਸ਼ਹੀਦ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਅਤੇ 20-20 ਫੁੱਟੇ ਕਾਰਟੂਨ ਬਣਾ ਕੇ ਪੇਸ਼ ਕਰ ਦਿੱਤਾ। ਹਨੇਰੇ ਨੇ ਬਾਬਾ ਜਰਨੈਲ ਸਿੰਘ ਵਰਗੇ ਖਾਲਸਈ ਚੜ੍ਹਤ ਵਾਲੇ ਸੂਰਬੀਰ ਨੂੰ ਵੀ ਭਗੌੜਾ ਕਰਾਰ ਦੇ ਦਿੱਤਾ। ਤੇ ਪਿਹੋਵੇ ਵਾਲੇ? ਉਸ ਨੰਗ ਜਿਹੇ ਸਾਧ ਦੇ ਥਾਪੜੇ ਨਾਲ ਕੁੱਤੀ ਨੂੰ ਹੀ ਇੰਗਲੈਂਡ ਦੀ ਰਾਣੀ ਬਣਾ ਦਿੱਤਾ। ਦੱਸੋ ਇਹ ਕੀ ਵਡਿਆਈ ਹੈ। ਤੁਸੀਂ ਹੈਰਾਨ ਹੋਵੋਂਗੇ ਕਿ ਉਸ ਡੇਰੇ ਵਿਚ ਗਰੀਬ ਤੇ ਕਿਰਤੀ ਲੋਕਾਂ ਦੀਆਂ ਰੋਟੀਆਂ ਤੇ ਹਰਨਾਮ ਸਿਓਂ ਵੇਲੇ ਦੀ ਕਤੀੜ ਪਾਲੀ ਜਾ ਰਹੀ ਹੈ ਅਤੇ ਉਤੋਂ ਹੋਰ ਹਾਸੋਹੀਣੀ ਗੱਲ ਇਹ ਕਿ ਉਸ ਕਤੀੜ ਵਿਚੋਂ ਕਈਆਂ ਨੂੰ ਸਾਧ ਇੰਗਲੈਂਡ ਦੀ ਰਾਣੀ ਕਹਿੰਦਾ ਰਿਹਾ ਤੇ ਕਿਸੇ ਕੁੱਤੇ ਨੂੰ ਕਿਸੇ ਮੁੱਲਖ ਦਾ ਰਾਜਾ।

ਭਲਾ ਸਾਧ ਦੀ ਕੁੱਤੀ ਇੰਗਲੈਂਡ ਜਾ ਕੇ ਹੀ ਰਾਣੀ ਕਿਉਂ ਬਣੀ ਦਿੱਲੀ ਜਾ ਕੇ ਇੰਦਰਾ ਕਿਉਂ ਨਾ ਬਣ ਗਈ ਜਿਹੜੀ ਹਰੇਕ ਨੂੰ ਵੱਡਦੀ ਰਹੀ। ਪਰ ਉਸ ਵਿਚ ਨੁਕਸਾਨ ਹੈ। ਸਾਧ ਨੂੰ ਪਤਾ ਸੀ ਕਿ ਜੇ ਗੱਲ ਦਿੱਲੀ ਵਲ ਗਈ ਤਾਂ ਪੁੜਿਆਂ ਤੇ ਪੈਣਗੀਆਂ ਇੰਗਲੈਂਡ ਤੋਂ ਕਿਹੜਾ ਕਿਸੇ ਪੁੱਛਣ ਆਉਂਣਾ। ਨਹੀਂ?

ਸਿੱਖ ਦੀ ਦੁਨੀਆਂ ਵਿਚ ਹਨੇਰਾ ਹੀ ਹਨੇਰਾ ਫੈਲ ਚੁੱਕਾ ਹੋਇਆ। ਇਸ ਲਈ ਉਸ ਨੂੰ ਲੁਟੇਰੇ ਅਤੇ ਗੱਪੀ ਸੰਤ-ਬ੍ਰਹਮਗਿਆਨੀ ਜਾਪ ਰਹੇ ਹਨ ਪਰ ਜਿਹੜੇ ਸੂਰਬੀਰ ਹਿੱਕਾਂ ਡਾਹ ਕੇ ਲੜਦੇ-ਮਰਦੇ ਰਹੇ ਉਹ ਭੁੱਲ ਰਹੇ ਹਨ। ਬਦਲ ਦਿੱਤੇ ਨਾ ਅਰਥ ਹਨੇਰੇ ਨੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top