Share on Facebook

Main News Page

ਦੁਸਹਿਰਾ
-
ਗੁਰਦੇਵ ਸਿੰਘ ਸੱਧੇਵਾਲੀਆ

ਦੁਸਹਿਰਾ! ਰਾਵਣ ਦੇ ਫੂਕਣ ਦਾ ਦਿਨ। ਸਦੀਆਂ ਤੋਂ ਕਿਸੇ ਨਹੀਂ ਪੁੱਛਿਆ ਕਿ ਰਾਵਣ ਦਾ ਕਸੂਰ ਕੀ ਸੀ। ਸੀਤਾ ਲੈ ਗਿਆ? ਪਰ ਪਹਿਲ ਕਿਸ ਕੀਤੀ? ਉਸ ਦੀ ਭੈਣ ਦਾ ਨੱਕ ਵੱਡਿਆ ਪਹਿਲਾਂ! ਕਿਸ? ਰਾਵਣ ਨੇ ਤਾਂ ਬਦਲਾ ਲਿਆ। ਰਾਵਣ ਜੇ ਚਾਹੁੰਦਾ ਤਾਂ ਸੀਤਾ ਦਾ ਬਲਾਤਕਾਰ ਕਰ ਸਕਦਾ ਸੀ, ਪਰ ਉਸ ਦਾ ਇਖਲਾਕੀ ਪੱਖ ਦੇਖੋ ਕਿ ਉਸ ਨੇ ਸੀਤਾ ਨੂੰ ਛੋਹਿਆ ਤੱਕ ਨਹੀਂ।

ਤਾਜੀ ਖ਼ਬਰ ਸੀ ਕਿ ਬਾਦਲ ਦੇ ਖੁਦ ਦੇ ਇਲਾਕੇ ਵਿਚ ਦੋ ਸਾਲਾਂ ਵਿੱਚ 42 ਬਲਾਤਕਾਰ ਹੋਏ ਹਨ, ਮਾਸੂਮ ਲੜਕੀਆਂ ਦੇ, ਪਰ 42 ਵਿਚੋਂ ਇਕ ਬੰਦੇ ਨੂੰ ਵੀ ਸਜ਼ਾ ਨਹੀਂ ਹੋਈ, ਕਿਉਂਕਿ ਉਹ ਉਪਰਲਿਆਂ ਵਿਚੋਂ ਸਨ ਕਿਸੇ ਦੇ! ਇਹ ਕੀ ਹੈ? ਹਾਲੇ ਹੁਣੇ 14 ਸਾਲ ਦੀ ਕੁੜੀ ਚੁੱਕ ਕੇ ਲੈ ਗਏ ਬਾਦਲਾਂ ਦੇ ਗੁੰਡੇ, ਤੇ ਆਖਰ ਕਈ ਚਿਰ ਬਲਾਤਕਾਰ ਹੋਈ ਕੁੜੀ ਨੇ ਹੀ ਸਟੇਟਮਿੰਟ ਦੇ ਦਿੱਤੀ ਕਿ ਮੈਂ ਅਪਣੀ ਮਰਜ਼ੀ ਨਾਲ ਗਈ ਸੀ! ਮਰਜ਼ੀ ਨਾਲ? ਕੋਈ ਮਰਜ਼ੀ ਨਾਲ ਗੁੰਡਿਆਂ ਦਾ ਬਲਾਤਕਾਰ ਹੋਣ ਜਾਵੇਗੀ?

ਰਾਵਣ ਦੀ ਕੀ ਗਲਤੀ ਸੀ? ਕੇਵਲ ਸੀਤਾ ਨੂੰ ਚੁੱਕ ਖੜਨਾ? ਪਰ ਪੰਡੀਏ ਨੂੰ ਕੋਈ ਪੁੱਛੇ ਕਿ ਧਰਮਾਤਮਾ ਜੀ ਸੀਤਾ ਨੂੰ ਚੁੱਕ ਖੜਨ ਵਾਲੇ ਰਾਵਣ ਨੂੰ ਤਾਂ ਤੂੰ ਹਾਲੇ ਤੱਕ ਫੂਕੀ ਤੁਰਿਆ ਆ ਰਿਹਾ ਹੈਂ, ਪਰ ਤੇਰੇ ਰਾਜ ਵਾਲੇ ਰਾਵਣ?

ਗਾਂਧੀ ਕਹਿੰਦਾ ਹੁੰਦਾ ਸੀ ਅਸੀਂ ਰਾਮ ਰਾਜ ਲੈ ਕੇ ਆਉਂਣਾ ਹੈ, ਪਰ ਗਾਂਧੀ ਨੂੰ ਕਬਰ ਵਿਚੋਂ ਕੱਢ ਕੇ ਪੁੱਛਣਾ ਬਣਦਾ ਕਿ ਇਹ ਰਾਮ ਰਾਜ ਏ ਜਾਂ ਰਾਵਣ ਰਾਜ? ਪਰ ਕੌਣ ਪੁੱਛੇ? ਉਸ ਨੂੰ ਤਾਂ ਜਿਉਂਦੇ ਨੂੰ ਕਿਸੇ ਨਾ ਪੁੱਛਿਆ। ਡਾਕਟਰ ਅੰਬੇਦਕਰ ਵਰਗਿਆਂ ਨੂੰ ਗਾਂਧੀ ਦੇ ਮਰਨ ਵਰਤਾਂ ਭੈਅ ਭੀਤ ਕਰ ਛੱਡਿਆ, ਆਮ ਬੰਦਾ ਕਿਸ ਦਾ ਵਿਚਾਰਾ ਸੀ।

ਪਿੱਛਲੀ ਸਦੀ ਦਾ ਰਾਵਣ! ਜੇ ਕਹਿਣਾ ਹੋਵੇ ਤਾਂ ਗਾਂਧੀ ਰਾਵਣ ਨਾਲੋਂ ਕਿਵੇਂ ਵੀ ਘੱਟ ਨਹੀਂ ਸੀ। ਉਹ ਜਿੰਮੇਵਾਰ ਸੀ ਇਸ ਗੱਲ ਦਾ ਕਿ ਸਮੁੱਚਾ ਰਾਜ-ਭਾਗ ਉਸ ਅਜਿਹੇ ਗੁੰਡਿਆਂ ਹੱਥ ਦਿੱਤਾ, ਜਿਸ ਵਿਚ ਕਿਸੇ ਦੀ ਧੀ-ਭੈਣ ਦੀ ਇੱਜਤ ਸੁਰੱਖਿਅਤ ਨਹੀਂ। ਹੈ ਤਾਂ ਕੋਈ ਦੱਸੇ! ਗਾਂਧੀ ਖੁਦ ਬਿਨਾ ਔਰਤ ਦੇ ਮੋਢੇ ਤੋਂ ਤੁਰਦਾ ਨਹੀਂ ਸੀ, ਉਹ ਮੁਲਕ ਨੂੰ ਇਖਲਾਕ ਦਾ ਸਬਕ ਕਿਥੋਂ ਪੜ੍ਹਾ ਜਾਂਦਾ।

ਮੈਂਨੂੰ ਲੱਗਦਾ ਕਿ ਰਾਵਣ ਦੇ ਨਾਲ ਗਾਂਧੀ ਦਾ ਪੁਤਲਾ ਵੀ ਫੂਕਿਆ ਜਾਣਾ ਬਣਦਾ ਹੈ, ਕਿਉਂਕਿ ਉਹ ਹਜ਼ਾਰਾਂ ਸੀਤਾਵਾਂ ਨੂੰ ਚੁੱਕ ਕੇ ਬਲਾਤਕਾਰ ਕੀਤੇ ਜਾਣ ਦਾ ਜਿੰਮੇਵਾਰ ਹੈ। ਉਸ ਭਗਤ ਸਿੰਘ ਵਰਗਿਆਂ ਨੂੰ ਫਾਹੇ ਲਵਾਇਆ। ਸ੍ਰ. ਕਰਤਾਰ ਸਿੰਘ ਸਰਾਭਾ, ਸ੍ਰ. ਊਧਮ ਸਿੰਘ ਵਰਗਿਆਂ ਨੂੰ ਉਹ ਦਿਲੋਂ ਨਫਰਤ ਕਰਦਾ ਸੀ। ਕਿਉਂਕਿ ਗਾਂਧੀ ਦੇ ਸਿਰ ਵਿਚ ਕੱਟੜ ਹਿੰਦੂ ਬੈਠਾ ਹੋਇਆ ਸੀ।

ਰਾਵਣ ਸੀਤਾ ਲੈ ਗਿਆ। ਰਾਮ ਉਸ ਨਾਲ ਲੜਕੇ ਵਾਪਸ ਲੈ ਆਇਆ। ਅਜਿਹੀਆਂ ਕਹਾਣੀਆਂ ਨਾਲ ਦੁਨੀਆਂ ਦਾ ਇਤਿਹਾਸ ਭਰਿਆ ਪਿਆ ਹੈ। ਇਕ ਹੈਲਨ ਖਾਤਰ ਟੋਰਾਏ ਦੀ ਜੰਗ ਵਿਚ ਪਤਾ ਨਹੀਂ ਕਿੰਨੀ ਦੁਨੀਆਂ ਖੱਪ ਗਈ, ਪਰ ਰਾਮ ਵਾਲੀ ਕਹਾਣੀ ਦੀ ਕੀ ਵਿਲੱਖਣਤਾ ਹੈ, ਕਿ ਰਾਵਣ ਨੂੰ ਹਰੇਕ ਸਾਲ ਫੂਕਿਆ ਜਾਂਦਾ ਹੈ। ਰਾਵਣ ਦੇ ਇਕ ਪੁਤਲੇ ਉਪਰ ਕੋਈ 40 ਤੋਂ 50 ਹਜਾਰ ਰੁਪਏ ਖਰਚ ਆਉਂਦਾ ਹੈ। ਤੁਸੀਂ ਸੋਚੋ ਕਿ ਸਾਰੇ ਮੁਲਕ ਵਿਚ ਕਿੰਨੇ ਰਾਵਣ ਫੂਕੇ ਜਾਂਦੇ ਹਨ ਅਤੇ ਉਨ੍ਹਾ ਦਾ ਬਜਟ? ਤੇ ਸੜਕਾਂ ਉਪਰ ਪਏ ਲੋਕ? ਭੁੱਖ ਨਾਲ ਮਰਦੇ ਲੋਕ? ਨੰਗੇ ਜਿਸਮਾਂ ਵਾਲੇ ਲੋਕ? ਸਰਦੀਆਂ ਵਿਚ ਠਰੂੰ ਠਰੂੰ ਕਰਦੇ ਲੋਕ? ਰਾਵਣ ਫੂਕਣਾ ਕੀ ਜ਼ਰੂਰੀ ਹੈ?

ਤੁਹਾਨੂੰ ਲੱਗਦਾ ਇਹ ਸਿਆਣਿਆਂ ਦਾ ਮੁਲਕ ਹੈ? ਜੇ ਰਾਵਣ ਬਹੁਤ ਮਾੜਾ ਸੀ, ਤਾਂ ਸਾਰਾ ਮੁਲਕ ਰਾਵਣਾਂ ਨਾਲ ਭਰਿਆ ਪਿਆ। ਧਾਰਮਿਕ ਲੋਕਾਂ ਤੋਂ ਲੈ ਕੇ ਰਾਜਨੀਤਕਾਂ ਤੱਕ! ਰਾਜਨੀਤਕ ਤਾਂ ਭੇੜੀਏ ਹਨ ਹੀ, ਧਾਰਮਿਕ ਆਖੇ ਜਾਂਦੇ ਰਾਵਣ ਪਤਾ ਨਹੀਂ ਕਿੰਨੀਆਂ ਸੀਤਾਵਾਂ ਨੂੰ ਲੁੱਟਦੇ ਹਨ। ਨਾਮ ਰਾਮ ਰਾਮ ਦਾ ਲੈਂਦੇ ਹਨ ਪਰ ਖੁਦ ਰਾਵਣ? ਟੀ.ਵੀ. ਉਪਰ ਕਥਾ ਕਰਦਿਆਂ ਦੀਆਂ ਸ਼ਕਲਾਂ ਤੋਂ ਹੀ ਨਹੀਂ ਲੱਗਦੇ? ਕਿਸ ਕਿਸ ਦੇ ਪੁਤਲੇ ਫੂਕੋਂਗੇ? ਸਭ ਤੋਂ ਪਹਿਲਾਂ ਤਾਂ ਪੰਡੀਏ ਦਾ ਪੁਤਲਾ ਫੂਕਿਆ ਜਾਣਾ ਚਾਹੀਦਾ, ਜਿਸ ਨੇ ਮਨੁੱਖ ਵਿਚਲੇ ਮਨੁੱਖ ਦਾ ਹੀ ਕਤਲ ਕਰ ਛੱਡਿਆ। ਉਸ ਦੇ ਇਖਲਾਕ ਨੂੰ ਹੀ ਫਾਹੇ ਟੰਗ ਦਿੱਤਾ।

ਤੁਸੀਂ ਸੜਕ ਤੇ ਚਾਹੇ ਅਪਣੀ ਸਕੀ ਭੈਣ ਨਾਲ ਤੁਰੇ ਜਾਂਦੇ ਹੋਵੋ, ਪਰ ਇਸ ਰਿਸ਼ੀਆਂ-ਮੁਨੀਆਂ ਦੇ ਦੇਸ਼ ਵਿਚਲੇ ਭਗਤਾਂ ਦੀਆਂ ਗੰਦੀਆਂ ਅੱਖਾਂ ਤੁਹਾਡਾ ਉਨਾਂ ਚਿਰ ਪਿੱਛਾ ਨਹੀਂ ਛੱਡਦੀਆਂ, ਜਿੰਨਾ ਚਿਰ ਜਾਂ ਤਾਂ ਅਗਲਾ ਅੱਖੋਂ ਓਹਲੇ ਨਹੀਂ ਹੋ ਜਾਂਦਾ, ਜਾਂ ਦੇਖਣ ਵਾਲਾ ਖੁਦ ਕਿਸੇ ਖੰਭੇ ਵਿਚ ਨਹੀਂ ਵੱਜ ਜਾਂਦਾ।

ਰਾਮ-ਰਾਵਣਾਂ ਤੋਂ ਉਪਰਲੀ ਗੱਲ ਕਰਕੇ ਗੁਰੂ ਸਾਹਿਬਾਨਾਂ ਪੰਜਾਬ ਦੇ ਸਿਰ ਹੱਥ ਰੱਖਿਆ ਤੇ ਪੰਜਾਬ ਦੇ ਸਿੱਖ ਸੂਰਬੀਰ ਜੋਧੇ ਤਲਵਾਰ ਦੇ ਹੀ ਧਨੀ ਨਾ ਹੋ ਨਿਬੜੇ, ਬਲਕਿ ਕ੍ਰੈਕਟਰ ਪੱਖੋਂ ਵੀ ਦੁਨੀਆਂ ਨੇ ਉਨ੍ਹਾਂ ਦਾ ਲੋਹਾ ਮੰਨਿਆ। ਪਰ ਹੁਣ ਰਿਸ਼ੀਆਂ-ਮੁਨੀਆਂ ਦੇ ਡਰਾਮੇ ਅਤੇ ਫਿਲਮਾਂ ਦੇਖ ਦੇਖ ਪੰਜਾਬ ਵੀ ਉਸੇ ਖੱਡ ਵਿਚ ਜਾ ਡਿੱਗਿਆ, ਜਿਥੋਂ ਗੁਰੂ ਸਾਹਿਬਾਨਾਂ 239 ਸਾਲ ਲਾ ਕੇ ਇਸ ਨੂੰ ਕੱਢਿਆ ਸੀ। ਪੰਡੀਏ ਮਗਰ ਲੱਗ ਰਾਵਣ ਦਾ ਪੁਤਲਾ ਤਾਂ ਇਹ ਫੂਕਣ ਤੁਰ ਪਿਆ, ਪਰ ਜਿਸ ਰਾਵਣ ਨੂੰ ਗੁਰੂ ਸਾਹਿਬਾਨਾਂ ਇਸ ਦੇ ਅੰਦਰੋਂ ਕੱਢ ਕੇ ਸੋਹਣਾ ਖੂਬਸੂਰਤ ਮਨੁੱਖ ਬਣਾਇਆ ਸੀ, ਉਸ ਗੱਲ ਵਲ ਇਹ ਵੀਰ ਮੇਰਾ ਧਿਆਨ ਦੇਣੋਂ ਹੀ ਉੱਕ ਗਿਆ ਅਤੇ ਰਾਵਣ ਦੇ ਬੁੱਤ ਦੇ ਚਲਦੇ ਪਟਾਕੇ ਦੇਖ ਦੇਖ ਇਸ ਦੇ ਅਪਣੇ ਹੀ ਪਟਾਕੇ ਚਲ ਗਏ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top